‘ਸਿਨੇਮਾ ਦੇ ਪਰਦੇ ’ਤੇ ਫਿਰ ਨਜ਼ਰ ਆਉਣਗੇ’‘ਧਰਤੀ ਦੇ ਸਵਰਗ’ ਕਸ਼ਮੀਰ ਦੇ ਨਜ਼ਾਰੇ

02/01/2021 2:35:58 AM

‘ਧਰਤੀ ਦਾ ਸਵਰਗ’ ਅਖਵਾਉਣ ਵਾਲਾ ਕਸ਼ਮੀਰ ਸ਼ੁਰੂ ਤੋਂ ਹੀ ਦੇਸ਼ ਦੀ ਫਿਲਮ ਇੰਡਸਟਰੀ ਲਈ ਹਮੇਸ਼ਾ ਤੋਂ ਖਿੱਚ ਦਾ ਕੇਂਦਰ ਰਿਹਾ ਹੈ। 1990 ਦੇ ਦਹਾਕੇ ’ਚ ਅੱਤਵਾਦ ਸ਼ੁਰੂ ਹੋਣ ਤੋਂ ਪਹਿਲਾਂ ਤਕ ਇਥੇ ਵੱਡੀ ਗਿਣਤੀ ’ਚ ਫਿਲਮਾਂ ਦੀ ਸ਼ੂਟਿੰਗ ਹੁੰਦੀ ਰਹੀ ਹੈ ਪਰ ਬਾਅਦ ’ਚ ਇਹ ਸਿਲਸਿਲਾ ਰੁਕ ਗਿਆ। ਹਾਲਾਂਕਿ 1960 ਦੇ ਦਹਾਕੇ ਦੇ ਬਾਅਦ ਤੋਂ ਇਥੇ ਲਗਭਗ 50 ਫਿਲਮਾਂ ਦੀ ਸ਼ੂਟਿੰਗ ਹੋ ਚੁੱਕੀ ਹੈ। ਇਨ੍ਹਾਂ ’ਚ ‘ਜੰਗਲੀ’ (1961), ‘ਕਸ਼ਮੀਰ ਕੀ ਕਲੀ’ (1964), ‘ਹਕੀਕਤ’ (1964) ਆਦਿ ਸ਼ਾਮਲ ਹਨ।

ਅਸਲ ’ਚ ਇਹ ਦੌਰ ਵਿਸ਼ੇਸ਼ ਤੌਰ ’ਤੇ ਭਾਰਤੀ ਸਿਨੇਮਾ ਲਈ ਖਾਸ ਰਿਹਾ ਜਦੋਂ ਸਾਡੇ ਫਿਲਮ ਨਿਰਮਾਤਾ ਆਪਣੀਆਂ ਫਿਲਮਾਂ ਦੀ ਸ਼ੂਟਿੰਗ ਦੇ ਲਈ ਸਵਿਟਜ਼ਰਲੈਂਡ ਅਤੇ ਦੂਸਰੇ ਪੱਛਮੀ ਦੇਸ਼ਾਂ ’ਚ ਨਾ ਜਾ ਕੇ ਕਸ਼ਮੀਰ ਹੀ ਆਉਂਦੇ ਸਨ।

90 ਦੇ ਦਹਾਕੇ ’ਚ ਜਦੋਂ ਕਸ਼ਮੀਰ ’ਚ ਅੱਤਵਾਦ ਵਧਣ ਲੱਗਾ ਉਦੋਂ ਸਭ ਤੋਂ ਪਹਿਲਾਂ ਇਥੋਂ ਦੇ ਸਿਨੇਮਾਘਰ ਇਸ ਦਾ ਸ਼ਿਕਾਰ ਬਣੇ ਅਤੇ ਫਿਰ ਇਥੇ ਸ਼ੂਟਿੰਗ ਲਈ ਫਿਲਮ ਨਿਰਮਾਤਾਵਾਂ ਨੇ ਆਉਣਾ ਬੰਦ ਕਰ ਦਿੱਤਾ ਅਤੇ ਵਿਦੇਸ਼ਾਂ ਦਾ ਰੁਖ ਕੀਤਾ। ਸਿਨੇਮਾਘਰ ਬੰਦ ਹੋ ਗਏ ਅਤੇ ਉਥੇ ਅੱਤਵਾਦੀਆਂ ਨੇ ਅੱਡੇ ਬਣਾ ਲਏ।

2010 ਤੋਂ ਬਾਅਦ ਕਸ਼ਮੀਰ ’ਚ ਸਥਿਰਤਾ ਆਉਣੀ ਸ਼ੁਰੂ ਹੋਣ ਦੇ ਨਾਲ ਹੀ ਬਾਲੀਵੁੱਡ ਨੇ ਇਕ ਵਾਰ ਫਿਰ ਤੋਂ ਕਸ਼ਮੀਰ ਵੱਲ ਰੁਖ ਕਰਨਾ ਸ਼ੁਰੂ ਕੀਤਾ ਹੈ। ਇਸੇ ਲੜੀ ’ਚ ਇਥੇ ਪਿਛਲੇ ਸਾਲਾਂ ’ਚ ‘ਹੈਦਰ’ (2014), ‘ਬਜਰੰਗੀ ਭਾਈਜਾਨ’ (2015) ਅਤੇ ‘ਫਿਤੂਰ’ (2016) ਵਰਗੀਆਂ ਫਿਲਮਾਂ ਨੇ ਇਸ ਅੜਿੱਕੇ ਨੂੰ ਤੋੜਿਆ। ਜੰਮੂ-ਕਸ਼ਮੀਰ ’ਚ ਧਾਰਾ 370 ਦੇ ਰੱਦ ਹੋਣ ਅਤੇ ਕੋਵਿਡ-19 ਮਹਾਮਾਰੀ ਕਾਰਨ ਘਾਟੀ ਲੰਬੇ ਸਮੇਂ ਤੋਂ ਬੰਦ ਪਈ ਹੈ।

ਹੁਣ ਇਹ ਸਿਲਸਿਲਾ ਇਕ ਵਾਰ ਫਿਰ ਤੇਜ਼ ਹੋਣ ਦੀ ਆਸ ਬੱਝੀ ਹੈ ਅਤੇ ਇਥੇ ਇਕੋ ਵਾਰੀ 15 ਤੋਂ ਵੱਧ ਫਿਲਮਾਂ, ਵੀਡੀਓ ਐਲਬਮ, ਵੈੱਬ ਸੀਰੀਜ਼ ਅਤੇ ਇਸ਼ਤਿਹਾਰੀ ਫਿਲਮਾਂ ਦੀ ਸ਼ੂਟਿੰਗ ਵੱਖ-ਵੱਖ ਲੋਕੇਸ਼ਨਾਂ ’ਤੇ ਹੋਣ ਦੇ ਨਾਲ ਹੀ ਆਪਣੀਆਂ ਨਿਰਮਾਣ ਅਧੀਨ ਬਾਲੀਵੁੱਡ ਫਿਲਮਾਂ ਦੀ ਸ਼ੂਟਿੰਗ ਦੇ ਲਈ ਸੰਭਾਵਨਾਵਾਂ ਦੀ ਭਾਲ ਲਈ ਹਾਲ ਹੀ ’ਚ ਬਾਲੀਵੁੱਡ ਤੋਂ 24 ਮੈਂਬਰਾਂ ਦੇ ਇਕ ਵਫਦ ਨੇ ਕਸ਼ਮੀਰ ਦਾ ਦੌਰਾ ਵੀ ਕੀਤਾ ਹੈ ਜੋ 2615 ਕਰੋੜ ਦੇ ਮਾਲੀਏ ਦੇ ਘਾਟੇ ਦਾ ਸਾਹਮਣਾ ਕਰ ਰਿਹਾ ਹੈ ਅਤੇ ਕੇਂਦਰ ਵਲੋਂ ਅਗਸਤ 2019 ’ਚ ਜੰਮੂ-ਕਸ਼ਮੀਰ ਦੇ ਵਿਸ਼ੇਸ਼ ਦਰਜੇ ਨੂੰ ਖਤਮ ਕਰਨ ਤੋਂ ਬਾਅਦ ਤੋਂ 65000 ਨੌਕਰੀਆਂ ਦਾ ਨੁਕਸਾਨ ਵੀ ਉਠਾ ਰਿਹਾ ਹੈ।

ਇਸ ਵਫਦ ’ਚ ਅਜੇ ਦੇਵਗਨ ਫਿਲਮਸ, ਸੰਜੇ ਦੱਤ ਪ੍ਰੋਡਕਸ਼ਨਸ, ਰਿਲਾਇੰਸ ਐਂਟਰਟੇਨਮੈਂਟ, ਰੋਹਿਤ ਸ਼ੈੱਟੀ ਫਿਲਮਸ, ਜ਼ੀ ਸਟੂਡੀਓਜ਼, ਅਧਿਕਾਰੀ ਬ੍ਰਦਰਸ, ਰਾਜ ਕੁਮਾਰ ਹਿਰਾਨੀ, ਐਕਸੇਲ ਐਂਟਰਟੇਨਮੈਂਟ ਆਦਿ ਤੋਂ ਇਲਾਵਾ ਕਈ ਹੋਰ ਵੱਡੇ ਫਿਲਮ ਨਿਰਮਾਤਾਵਾਂ ਦੇ ਪ੍ਰਤੀਨਿਧੀ ਸ਼ਾਮਲ ਸਨ। ਇਸ ਵਫਦ ਦੇ ਮੈਂਬਰ ਪਹਿਲਗਾਮ, ਗੁਲਮਰਗ ਅਤੇ ਸ਼੍ਰੀਨਗਰ ’ਚ ਫਿਲਮਾਂ ਦੀ ਸ਼ੂਟਿੰਗ ਦੇ ਲਈ ਲੋਕੇਸ਼ਨਾਂ ਦੇਖਣ ਵੀ ਗਏ।

ਜੰਮੂ-ਕਸ਼ਮੀਰ ਸੈਰ-ਸਪਾਟਾ ਵਿਭਾਗ ਦੇ ਨਿਰਦੇਸ਼ਕ ਜੀ. ਐੱਨ. ਇਤੂ ਦੇ ਅਨੁਸਾਰ, ‘‘ਇਹ ਪ੍ਰੋਗਰਾਮ ਇਕ ਵਾਰ ਫਿਰ ਕਸ਼ਮੀਰ ਦਾ ਭਾਰਤ ਦੀ ਫਿਲਮ ਇੰਡਸਟਰੀ ਦੇ ਨਾਲ ਟੁੱਟਾ ਹੋਇਆ ਰਿਸ਼ਤਾ ਬਹਾਲ ਕਰਨ ਲਈ ਆਯੋਜਿਤ ਕੀਤਾ ਗਿਆ। ਅਸੀਂ ਅਤੀਤ ਦੇ ਵਾਂਗ ਹੀ ਸੂਬੇ ’ਚ ਫਿਲਮਾਂ ਦੇ ਰਾਹੀਂ ਸੈਰ-ਸਪਾਟੇ ਨੂੰ ਹੁੰਗਾਰਾ ਦੇਣਾ ਚਾਹੁੰਦੇ ਹਾਂ।’’

ਇਸ ਮੌਕੇ ’ਤੇ ਕਸ਼ਮੀਰ ’ਚ ਸੈਰ-ਸਪਾਟੇ ਨੂੰ ਪ੍ਰਮੋਟ ਕਰਨ ’ਚ ਮੁੱਖ ਭੂਮਿਕਾ ਨਿਭਾਉਂਦੇ ਰਹੇ ‘ਰਾਜਾ ਰਾਨੀ ਟ੍ਰੈਵਲਸ’ ਦੇ ਚੇਅਰਮੈਨ ਅਭਿਜੀਤ ਪਾਟਿਲ ਨੇ ਕਿਹਾ, ‘‘ਅਗਲੇ 6 ਮਹੀਨਿਆਂ ਦੌਰਾਨ ਇਥੇ ‘ਡਬਲਯੂ ਆਈ. ਸੀ. ਐੱਫ.’ (ਵੈਸਟਰਨ ਇੰਡੀਆ ਸਿਨੇ ਆਰਟਿਸਟਸ ਫੈਡਰੇਸ਼ਨ) ਦੇ ਅਹੁਦੇਦਾਰ ਨੌਜਵਾਨਾਂ ਨੂੰ ਫੋਟੋਗ੍ਰਾਫੀ ਅਤੇ ਨ੍ਰਿਤ ਕਲਾ ਆਦਿ ਦੀ ਸਿੱਖਿਆ ਦੇਣਗੇ। ਇਸ ਨਾਲ ਇਥੇ ਆਉਣ ਵਾਲੇ ਫਿਲਮ ਨਿਰਮਾਤਾਵਾਂ ਨੂੰ ਆਪਣੇ ਨਾਲ ਘੱਟ ਸਟਾਫ ਲਿਆਉਣ ਦੀ ਲੋੜ ਪਵੇਗੀ ਅਤੇ ਸਥਾਨਕ ਲੋਕਾਂ ਨੂੰ ਰੋਜ਼ਗਾਰ ਮਿਲਣ ਦੇ ਨਾਲ-ਨਾਲ ਭਾਈਚਾਰਾ ਵੀ ਵਧੇਗਾ।’’

ਜੀ. ਐੱਨ. ਇਤੂ ਨੇ ਇਹ ਵੀ ਕਿਹਾ ਕਿ ਕਸ਼ਮੀਰ ਫਿਲਮ ਨਿਰਮਾਤਾਵਾਂ ਲਈ ਸੈਰ-ਸਪਾਟਾ ਵਿਭਾਗ ਉਨ੍ਹਾਂ ਨੂੰ ਆਪਣੀਆਂ ਫਿਲਮਾਂ ਦੀ ਸ਼ੂਟਿੰਗ ਦੀ ਇਜਾਜ਼ਤ ਦੇਣ ਦੇ ਨਿਯਮਾਂ ਨੂੰ ਆਸਾਨ ਕਰ ਰਿਹਾ ਹੈ।

ਸ਼੍ਰੀਨਗਰ ਦੀ ਡਲ ਝੀਲ ਦੇ ਇਲਾਵਾ ਮੁਗਲ ਗਾਰਡਨ ਵੀ ਬਾਲੀਵੁੱਡ ਦੇ ਫਿਲਮ ਨਿਰਮਾਤਾਵਾਂ ਦੀ ਮਨਪਸੰਦ ਥਾਂ ਰਹੀ ਹੈ ਅਤੇ ਕਈ ਫਿਲਮ ਨਿਰਮਾਤਾਵਾਂ ਨੇ ਆਪਣੀਆਂ ਫਿਲਮਾਂ ਦੀ ਸ਼ੂਟਿੰਗ ਇਥੇ ਕੀਤੀ ਹੈ।

ਅਜਿਹੇ ’ਚ ਬਾਲੀਵੁੱਡ ਦੇ ਵਫਦ ਦਾ ਕਸ਼ਮੀਰ ’ਚ ਮੁੜ ਫਿਲਮਾਂ ਦੀ ਸ਼ੂਟਿੰਗ ਦੀ ਸੰਭਾਵਨਾ ਲੱਭਣ ਲਈ ਆਉਣਾ ਆਪਣੇ ਆਪ ’ਚ ਸੁਖਦਾਈ ਖਬਰ ਹੈ ਅਤੇ ਆਸ ਹੈ ਕਿ ਸਿਨੇਮਾ ਦੇ ਪਰਦੇ ’ਤੇ ਕਸ਼ਮੀਰ ਦੀ ਖੂਬਸੂਰਤੀ ਇਕ ਵਾਰ ਫਿਰ ਪਰਤੇਗੀ।

ਸੂਬੇ ਦੀ ਸਿਆਸੀ ਸਥਿਤੀ ਅਤੇ ਧਾਰਾ 370 ਆਦਿ ਦੇ ਵਿਸ਼ੇ ’ਚ ਸੂਬੇ ਦੇ ਲੋਕਾਂ ਦੇ ਭਾਵੇਂ ਜੋ ਵੀ ਵਿਚਾਰ ਹੋਣ, ਸੂਬੇ ’ਚ ਇਕ ਵਾਰ ਫਿਲਮਾਂ ਦੀ ਸ਼ੂਟਿੰਗ ਸ਼ੁਰੂ ਹੋਣ ਨਾਲ ਇਥੋਂ ਦੀ ਅਰਥਵਿਵਸਥਾ ਨੂੰ ਬਲ ਮਿਲੇਗਾ ਜਿਸ ਨਾਲ ਸਰਕਾਰ ਦਾ ਮਾਲੀਆ ਵਧੇਗਾ ਅਤੇ ਸਥਾਨਕ ਲੋਕਾਂ ਨੂੰ ਰੋਜ਼ਗਾਰ ਮਿਲਣ ਨਾਲ ਉਨ੍ਹਾਂ ’ਚ ਖੁਸ਼ਹਾਲੀ ਵੀ ਆਵੇਗੀ।
 


Bharat Thapa

Content Editor

Related News