ਸਰਦਾਰ ਬਿਸ਼ਨ ਸਿੰਘ ਸਮੁੰਦਰੀ ਇਕ ਬਹੁ-ਪ੍ਰਤਿਭਾਸ਼ਾਲੀ ਸ਼ਖ਼ਸੀਅਤ

Sunday, Feb 26, 2023 - 03:09 PM (IST)

ਸਰਦਾਰ ਬਿਸ਼ਨ ਸਿੰਘ ਸਮੁੰਦਰੀ ਇਕ ਬਹੁ-ਪ੍ਰਤਿਭਾਸ਼ਾਲੀ ਸ਼ਖ਼ਸੀਅਤ

ਉੱਚ ਸਿੱਖਿਆ ਪ੍ਰਾਪਤ ਸ਼ਖ਼ਸੀਅਤਾਂ ਵਿਚੋਂ ਅਜਿਹੇ ਲੋਕ ਵਿਰਲੇ ਹੀ ਹੁੰਦੇ ਹਨ, ਜਿਨ੍ਹਾਂ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸੰਸਥਾਪਕ ਵਾਈਸ ਚਾਂਸਲਰ ਪ੍ਰੋ. ਬਿਸ਼ਨ ਸਿੰਘ ਸਮੁੰਦਰੀ ਵਰਗਾ ਸਨਮਾਨ ਅਤੇ ਪ੍ਰਸਿੱਧੀ ਹਾਸਲ ਹੋਈ ਹੋਵੇ। ਉਨ੍ਹਾਂ ਨੇ ਨੌਂ ਸਾਲ ਦੇ ਲੰਬੇ ਅਰਸੇ ਤਕ ਯੂਨੀਵਰਸਿਟੀ ਦੀ ਵਾਗਡੋਰ ਸੰਭਾਲੀ, ਜਿਸ ਦੌਰਾਨ, ਜਿਵੇਂ ਸਾਨੂੰ ਪਤਾ ਹੈ, ਉਨ੍ਹਾਂ ਨੇ ਯੂਨੀਵਰਸਿਟੀ ਨੂੰ ਮੁਲਕ ਦੀਆਂ ਸਿੱਖਿਆ ਸੰਸਥਾਵਾਂ ਦੀ ਮੋਹਰਲੀ ਕਤਾਰ ਵਿਚ ਲਿਆ ਖੜ੍ਹਾ ਕੀਤਾ।

ਉਹ ਲਾਇਲਪੁਰ ਜ਼ਿਲ੍ਹੇ (ਅਜੋਕਾ ਫੈਸਲਾਬਾਦ, ਪਾਕਿਸਤਾਨ) ਦੀ ਸਮੁੰਦਰੀ ਤਹਿਸੀਲ ਨੇੜੇ ਇਕ ਪਿੰਡ ਵਿਚ ਜੱਟ ਸਿੱਖ ਸੰਧੂ ਪਰਿਵਾਰ ਵਿਚ ਜਨਮੇ। ਪਿਤਾ ਸਰਦਾਰ ਤੇਜਾ ਸਿੰਘ ਸਮੁੰਦਰੀ ਦੀ ਸ਼ਖ਼ਸੀਅਤ ਵਿਰਾਸਤ ਵਿਚ ਮਿਲੀ, ਜੋ ਗੁਰਦੁਆਰਾ ਸੁਧਾਰ ਲਹਿਰ ਦੀ ਸਿਰਕੱਢ ਸ਼ਖ਼ਸੀਅਤ ਸਨ, ਜਿਸ ਨੇ ਅੰਗਰੇਜ਼ਾਂ ਦੇ ਸਾਮਰਾਜੀ ਦਮਨ ਦਾ ਸਾਹਮਣਾ ਕਰਦੇ ਹੋਏ ਧਾਰਮਿਕ ਆਜ਼ਾਦੀ ਦੇ ਹੱਕਾਂ ਲਈ ਕੁਰਬਾਨੀ ਦੇ ਦਿੱਤੀ। ਦਰਬਾਰ ਸਾਹਿਬ ਦੇ ਪਵਿੱਤਰ ਚੌਗਿਰਦੇ ਅੰਦਰ ਬਣਿਆ ਤੇਜਾ ਸਿੰਘ ਸਮੁੰਦਰੀ ਹਾਲ ਉਨ੍ਹਾਂ ਦੀ ਵਿਸ਼ਾਲ ਕੁਰਬਾਨੀ ਦੀ ਯਾਦ ਦਿਵਾਉਂਦਾ ਹੈ।

ਪ੍ਰੋਫੈਸਰ ਸਮੁੰਦਰੀ ਨੇ ਮੁੱਢਲੀ ਵਿੱਦਿਆ ਸਮੁੰਦਰੀ ਤਹਿਸੀਲ ਦੇ ਸਮੁੰਦਰੀ ਸਕੂਲ ਤੋਂ ਹਾਸਲ ਕੀਤੀ ਅਤੇ ਆਪਣੇ ਪੁਸ਼ਤੈਨੀ ਪਿੰਡ ਰਾਇ ਬੁਰਜ ਕਾ ਨੇੜਲੇ ਗੁਰੂ ਗੋਬਿੰਦ ਸਿੰਘ ਹਾਈ ਸਕੂਲ ਸਰਹਾਲੀ ਤੋਂ 10ਵੀਂ ਪਾਸ ਕੀਤੀ। ਖ਼ਾਲਸਾ ਕਾਲਜ ਅੰਮ੍ਰਿਤਸਰ ਤੋਂ ਉਨ੍ਹਾਂ ਨੇ ਐੱਫ. ਐੱਸ. ਸੀ. (ਐਗਰੀਕਲਚਰ) ਦੀ ਪੜ੍ਹਾਈ ਕਰਨ ਉਪਰੰਤ 1937 ਵਿਚ ਪੰਜਾਬ ਐਗਰੀਕਲਚਰ ਕਾਲਜ ਲਾਇਲਪੁਰ ਤੋਂ ਬੀ. ਏ. ਕੀਤੀ। 1948 ਵਿਚ ਐੱਮ. ਐੱਸ. ਸੀ. (ਐਗਰੀਕਲਚਰ) ਦੀ ਪੜ੍ਹਾਈ ਕਰਦਿਆਂ ਖੇਤੀ ਅਰਥਵਿਵਸਥਾ ਨੂੰ ਵਿਸ਼ੇਸ਼ ਅਧਿਐਨ ਦਾ ਵਿਸ਼ਾ ਬਣਾਇਆ। 

ਸੰਨ 1957 ਵਿਚ ਉਨ੍ਹਾਂ ਨੂੰ ਵਿਦੇਸ਼ ’ਚ ਪੜ੍ਹਾਈ ਕਰਨ ਲਈ ਵਜ਼ੀਫਾ ਮਿਲਿਆ ਅਤੇ ਐੱਮ. ਐੱਸ. ਸੀ. (ਐਜੂਕੇਸ਼ਨ) ਦੀ ਪੜ੍ਹਾਈ ਅਮਰੀਕਾ ਦੀ ਓਹੀਓ ਯੂਨੀਵਰਸਟੀ ਤੋਂ ਕਰਦਿਆਂ ਯੂਨੀਵਰਸਿਟੀ ਐਗਰੀਕਲਚਰ ਵਿਚ ਵਿਸ਼ੇਸ਼ ਉਪਲੱਬਧੀ ਹਾਸਲ ਕੀਤੀ। ਉਨ੍ਹਾਂ ਦੀ ਧਰਮ ਪਤਨੀ ਜੇ. ਕੇ. ਸੰਧੂ ਨੇ ਉਨ੍ਹਾਂ ਨਾਲ ਰਹਿੰਦਿਆਂ ਇਕ ਹੋਰ ਸਾਲ ਲਾ ਕੇ ਐਜੂਕੇਸ਼ਨ ਵਿਚ ਪੀ. ਐੱਚ. ਡੀ. ਮੁਕੰਮਲ ਕੀਤੀ। ਭਾਰਤ ਮੁੜ ਕੇ ਉਨ੍ਹਾਂ ਨੇ ਵੀ ਅਧਿਆਪਕ ਦਾ ਕਿੱਤਾ ਚੁਣਿਆ ਅਤੇ ਲੜਕੀਆਂ ਦੇ ਐੱਸ. ਆਰ. ਗੌਰਮਿੰਟ ਕਾਲਜ, ਅੰਮ੍ਰਿਤਸਰ ਤੋਂ ਰਿਟਾਇਰ ਹੋਏ।

ਪ੍ਰੋ. ਸਮੁੰਦਰੀ ਨੇ ਨੌਕਰੀ ਦੀ ਸ਼ੁਰੂਆਤ ਲਾਇਲਪੁਰ ਦੇ ਐਗਰੀਕਲਚਰ ਕਾਲਜ ਵਿਚ ਰਿਸਰਚ ਅਸਿਸਟੈਂਟ ਵਜੋਂ 1934 ਵਿਚ ਕੀਤੀ। ਉਪਰੰਤ 1938 ਵਿਚ ਪੰਜਾਬ ਐਗਰੀਕਲਚਰ ਕਾਲਜ ਲਾਹੌਰ ਵਿਚ ਨਿਯੁਕਤ ਹੋਏ। ਮੁਲਕ ਦੀ ਵੰਡ ਮਗਰੋਂ ਜਦੋਂ ਇਹ ਕਾਲਜ ਲੁਧਿਆਣਾ ਵਿਖੇ ਮੁੜ ਸਥਾਪਿਤ ਕੀਤਾ ਗਿਆ ਤਾਂ ਬਿਸ਼ਨ ਸਿੰਘ ਸਮੁੰਦਰੀ ਨੂੰ ਉੱਥੇ ਤਰੱਕੀ ਦੇ ਕੇ 1948 ਵਿਚ ਅਸਿਸਟੈਂਟ ਪ੍ਰੋਫੈਸਰ ਨਿਯੁਕਤ ਕੀਤਾ ਗਿਆ। ਸੰਨ 1957 ਵਿਚ ਉਨ੍ਹਾਂ ਨੂੰ ਐਗਰੀਕਲਚਰ ਐਕਸਟੈਂਸ਼ਨ (ਖੇਤੀ ਵਿਸਤਾਰ) ਵਜੋਂ ਬਾਕਾਇਦਾ ਪ੍ਰੋਫੈਸਰ ਦਾ ਅਹੁਦਾ ਦਿੱਤਾ ਗਿਆ ਅਤੇ ਮਗਰੋਂ ਇਸ ਵਿਭਾਗ ਦੇ 1962 ਵਿਚ ਮੁਖੀ ਨਿਯੁਕਤ ਕੀਤੇ ਗਏ। ਖੇਤੀ ਸੈਕਟਰ ਵਿਚ ਉਨ੍ਹਾਂ ਦੀ ਖੋਜ ਪ੍ਰਤਿਭਾ ਦੇ ਮੱਦੇਨਜ਼ਰ ਉਨ੍ਹਾਂ ਨੂੰ 1963 ਦਾ ਅੱਵਲ ਰਿਸਰਚਰ ਐਲਾਨਿਆ ਗਿਆ।

ਅਗਲੇ ਹੀ ਸਾਲ 1964 ਵਿਚ ਉਨ੍ਹਾਂ ਨੇ ਸਿੱਖਾਂ ਦੀ ਸਿਰਮੌਰ ਸੰਸਥਾ ਖਾਲਸਾ ਕਾਲਜ ਅੰਮ੍ਰਿਤਸਰ ਦੇ ਪ੍ਰਿੰਸੀਪਲ ਵਜੋਂ ਜ਼ਿੰਮੇਵਾਰੀ ਸੰਭਾਲੀ, ਜੋ ਉਸ ਸਮੇਂ ਬਦਤਰ ਹਾਲਾਤ ਵਿਚੋਂ ਗੁਜ਼ਰ ਰਿਹਾ ਸੀ। ਵਿਦਿਆਰਥੀਆਂ ਦੀ ਬੇਸਬਰੀ, ਬੇਚੈਨੀ ਅਤੇ ਪ੍ਰਬੰਧਕਾਂ ਦੀ ਅਣਗਹਿਲੀ ਦਾ ਭੈੜਾ ਅਸਰ ਪੈਣ ਕਰਕੇ ਹੇਠਲੀਆਂ ਕਲਾਸਾਂ ਤੱਕ ਵਿਦਿਆਰਥੀਆਂ ਦੀ ਗਿਣਤੀ ਘਟ ਕੇ 500 ਰਹਿ ਗਈ ਸੀ। ਸਮੁੰਦਰੀ ਸਾਹਿਬ ਦੇ ਪਰਿਵਾਰਕ ਮੈਂਬਰ ਦੱਸਦੇ ਹਨ ਕਿ ਉਨ੍ਹਾਂ ਦੀ ਪ੍ਰਿੰਸੀਪਲ ਵਜੋਂ ਨਿਯੁਕਤੀ ਬਾਰੇ ਸੁਣ ਕੇ ਕਾਲਜ ਦੇ ਟੀਚਰਾਂ ਦਾ ਇਕ ਵਫ਼ਦ ਉਨ੍ਹਾਂ ਕੋਲ ਆਇਆ ਅਤੇ ਨਿਮਰਤਾ ਸਹਿਤ ਬੇਨਤੀ ਕਰਦਿਆਂ ਖਬਰਦਾਰ ਕੀਤਾ ਕਿ ਪ੍ਰਿੰਸੀਪਲ ਬਣ ਕੇ ਉਹ ਕਿਹੋ ਜਿਹਾ ਖ਼ਤਰਾ ਮੁੱਲ ਲੈ ਰਹੇ ਹਨ ਅਤੇ ਇਸ ਤਰ੍ਹਾਂ ਉਨ੍ਹਾਂ ਦੀ ਕਮਾਈ ਹੋਈ ਸ਼ੋਹਰਤ ਵੀ ਮਿੱਟੀ ਵਿਚ ਮਿਲ ਸਕਦੀ ਹੈ ਪਰ ਪ੍ਰੋਫੈਸਰ 

ਸਮੁੰਦਰੀ ਦਾ ਦੋ-ਟੁੱਕ ਜਵਾਬ ਸੀ ਕਿ ਕਿਉਂਕਿ ਹੁਣ ਉਹ ਦਰਬਾਰ ਸਾਹਿਬ ਜਾ ਕੇ ਅਕਾਲ ਪੁਰਖ ਅਤੇ ਗੁਰੂ ਰਾਮਦਾਸ ਦਾ ਆਸ਼ੀਰਵਾਦ ਲੈ ਚੁੱਕੇ ਹਨ, ਇਸ ਲਈ ਫੈਸਲੇ ਤੋਂ ਪਿੱਛੇ ਮੁੜਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਉਨ੍ਹਾਂ ਦੀ ਨਿਡਰਤਾ, ਬੁਲੰਦ ਹੌਸਲਾ ਅਤੇ ਕਰਮਸ਼ੀਲਤਾ ਨੇ ਆਪਣਾ ਕ੍ਰਿਸ਼ਮਾ ਦਿਖਾਇਆ। ਜਿਵੇਂ ਕਿ ਤੱਥ ਗਵਾਹ ਹਨ, ਕਾਲਜ ਦੇ ਵਿਦਿਆਰਥੀਆਂ ਦੀ ਨਿਗੂਣੀ ਗਿਣਤੀ ਉਨ੍ਹਾਂ ਦੇ ਪ੍ਰਿੰਸੀਪਲ ਵਜੋਂ ਕਾਰਜਕਾਲ (ਮਾਰਚ 8, 1964 ਤੋਂ ਨਵੰਬਰ 1968) ਵਿਚ 500 ਤੋਂ ਵੱਧ ਕੇ ਹੈਰਾਨੀਜਨਕ ਵਾਧੇ ਨਾਲ 3600 ਹੋ ਗਈ।

ਦੂਜੀ ਵਿਲੱਖਣ ਗੱਲ ਇਹ ਸੀ ਕਿ ਖ਼ਾਲਸਾ ਕਾਲਜ ਇਨ੍ਹਾਂ ਸਾਲਾਂ ਵਿਚ ਪੜ੍ਹਾਈ ਅਤੇ ਖੇਡਾਂ ਦੇ ਖੇਤਰ ਵਿਚ ਮੋਹਰੀ ਬਣ ਗਿਆ। ਇਕ ਹੋਰ ਖਾਸ ਵਾਧਾ ਇਹ ਕਿ ਉਨ੍ਹਾਂ ਦੀ ਅਗਵਾਈ ਵਿਚ ਬਹੁਤ ਸਾਰੇ ਪੋਸਟ-ਗ੍ਰੈਜੂਏਟ ਕੋਰਸ ਸ਼ੁਰੂ ਕੀਤੇ ਗਏ। ਇਸ ਕਾਲਜ ਦੇ ਪ੍ਰਿੰਸੀਪਲ ਹੁੰਦਿਆਂ ਉਨ੍ਹਾਂ ਦੇ ਸ਼ਾਨਦਾਰ ਪ੍ਰਬੰਧਕੀ ਗੁਣਾਂ ਅਤੇ ਲਾਸਾਨੀ ਲੀਡਰਸ਼ਿਪ ਕੁਸ਼ਲਤਾ ਨੂੰ ਦੇਖਦਿਆਂ ਉਨ੍ਹਾਂ ਨੂੰ 1969 ਵਿਚ ਗੁਰੂ ਨਾਨਕ ਦੇਵ ਯੂਨੀਵਰਸਟੀ ਦਾ ਵਾਈਸ ਚਾਂਸਲਰ ਨਿਯੁਕਤ ਕੀਤਾ ਗਿਆ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪੰਜਵੀਂ ਜਨਮ ਸ਼ਤਾਬਦੀ ਸਮੇਂ ਹੋਂਦ ਵਿਚ ਆਈ ਇਸ ਯੂਨੀਵਰਸਿਟੀ ਨੂੰ ਉਨ੍ਹਾਂ ਨੇ ਮੁੱਢੋਂ-ਮੁੱਢ ਉਸਾਰਿਆ। ਪਹਿਲਾਂ ਯੂਨੀਵਰਸਿਟੀ ਲਈ ਜ਼ਮੀਨ ਹਾਸਲ ਕੀਤੀ, ਲੋੜੀਂਦਾ ਪੈਸਾ ਜੁਟਾਇਆ, ਬਿਲਡਿੰਗਾਂ ਦੀ ਉਸਾਰੀ ਕਰਵਾਈ ਅਤੇ ਸਟਾਫ ਦੀ ਭਰਤੀ ਕੀਤੀ। 

ਇਤਿਹਾਸ ਦੇ ਮੰਨੇ-ਪ੍ਰਮੰਨੇ ਪ੍ਰੋਫੈਸਰ ਜੇ. ਐੱਸ. ਗਰੇਵਾਲ ਨੂੰ ਪੰਜਾਬ ਯੂਨੀਵਰਸਿਟੀ ਛੱਡ ਕੇ ਇਥੇ ਆਉਣ ਲਈ ਪ੍ਰੇਰਿਆ। ਅਜਿਹੇ ਹੋਰ ਉੱਚਕੋਟੀ ਅਧਿਆਪਕਾਂ ਵਿਚ ਜੇ. ਐੱਸ. ਬੈਂਸ (ਪੋਲੀਟੀਕਲ ਸਾਇੰਸ) ਨੂੰ ਦਿੱਲੀ ਯੂਨੀਵਰਸਿਟੀ ਤੋਂ, ਡਾ. ਕੇ. ਐੱਸ. ਰਾਇ ਅਮਰੀਕਾ ਤੋਂ, ਡਾ. ਕਰਮ ਸਿੰਘ ਗਿੱਲ ਨੂੰ ਪਲੈਨਿੰਗ ਕਮਿਸ਼ਨ ਵਿਚੋਂ, ਡਾ. ਰਮੇਸ਼ ਕੁੰਤਲ (ਹਿੰਦੀ) ਅਤੇ ਡਾ. ਡੀ. ਆਰ. ਮੈਨੀ ਨੂੰ ਪੰਜਾਬ ਯੂਨੀਵਰਸਿਟੀ ਤੋਂ, ਡਾ. ਕੇ. ਆਰ. ਬੰਬਵਾਲ ਨੂੰ ਕੁਰੂਕਸ਼ੇਤਰ ਯੂਨੀਵਰਸਿਟੀ ਤੋਂ ਅਤੇ ਏ. ਸੀ. ਕਪੂਰ ਨੂੰ ਪੰਜਾਬ ਦੇ ਵਿੱਦਿਅਕ ਮਹਿਕਮੇ ਵਿਚੋਂ ਲੈ ਕੇ ਆਏ। ਉਨ੍ਹਾਂ ਦਾ ਵੱਡਾ ਗੁਣ ਵੱਡੋਂ ਤੋਂ ਵੱਡੇ ਸਿਆਸੀ ਦਬਾਅ ਅੱਗੇ ਨਾ ਝੁਕਣ ਦਾ ਸੀ। ਅਕਾਦਮਿਕ ਮਾਮਲਿਆਂ ਤੋਂ ਇਲਾਵਾ ਪ੍ਰੋਫੈਸਰ ਸਮੁੰਦਰੀ ਦੀ ਖੇਡਾਂ ਦੇ ਖੇਤਰ ਵਿਚ ਵੀ ਜ਼ਿਕਰਯੋਗ ਦੇਣ ਹੈ। ਆਪਣੇ ਵਿਦਿਆਰਥੀ ਹੁੰਦਿਆਂ ਉਨ੍ਹਾਂ ਨੇ ਕਾਲਜ ਅਤੇ ਪੰਜਾਬ ਦੀ ਯੂਨੀਵਰਸਿਟੀ ਵਿਚ ਹਾਕੀ ਦੀ ਨੁਮਾਇੰਦਗੀ ਕੀਤੀ।

ਉਹ ਪੰਜਾਬ ਹਾਕੀ ਐਸੋਸੀਏਸ਼ਨ ਦੇ 1940 ਤੋਂ 1956 ਤੱਕ ਕਾਰਜਕਾਰੀ ਮੈਂਬਰ ਰਹੇ। ਪੰਜਾਬ ਹਾਕੀ ਅੰਪਾਇਰ ਐਸੋਸੀਏਸ਼ਨ ਦੇ ਪਹਿਲਾਂ 1940 ਤੋਂ 1947 ਤੱਕ ਅਤੇ ਮਗਰੋਂ 1948 ਤੋਂ 1956 ਤੱਕ ਪ੍ਰਧਾਨ ਰਹੇ। ਹਾਕੀ ਦੇ ਕੋਚ ਅਤੇ ਅੰਪਾਇਰ ਵਜੋਂ ਉਨ੍ਹਾਂ ਦੀਆਂ ਸੇਵਾਵਾਂ ਨੂੰ ਵਿਸ਼ੇਸ਼ ਤੌਰ ’ਤੇ ਯਾਦ ਕੀਤਾ ਜਾਂਦਾ ਹੈ। ਉਨ੍ਹਾਂ ਦੇ ਚੰਡੇ ਹੋਏ ਸ਼ਾਗਿਰਦਾਂ ਵਿਚ ਓਲੰਪੀਅਨ ਕਰਨਲ ਏ. ਆਈ. ਐੱਸ. ਦਾਰਾ (ਜੋ ਪਾਕਿਸਤਾਨ ਹਾਕੀ ਐਸੋਸੀਏਸ਼ਨ ਦੇ ਪ੍ਰਧਾਨ ਵੀ ਰਹੇ), ਜ਼ਫ਼ਰ ਇਕਬਾਲ, ਗੁਲਾਮ ਰਸੂਲ, ਗੁਰਚਰਨ ਸਿੰਘ ਰੰਧਾਵਾ, ਚਰਨਜੀਤ ਸਿੰਘ ਅਤੇ ਪ੍ਰਿਥੀਪਾਲ ਸਿੰਘ ਜ਼ਿਕਰਯੋਗ ਹਨ। ਇਧਰ-ਉਧਰ ਦੋਵੇਂ ਪਾਸੇ ਪਾਕਿਸਤਾਨ ਅਤੇ ਭਾਰਤ ਦੀਆਂ ਹਾਕੀ ਟੀਮਾਂ ਦੇ ਕੈਪਟਨ ਗੁਲਾਮ ਰਸੂਲ ਅਤੇ ਚਰਨਜੀਤ ਸਿੰਘ ਉਨ੍ਹਾਂ ਦੇ ਸ਼ਾਗਿਰਦ ਰਹੇ, ਜਿਨ੍ਹਾਂ ਦੀ ਖੇਡ ਨੂੰ ਉਨ੍ਹਾਂ ਐਗਰੀਕਲਚਰ ਕਾਲਜ, ਲਾਹੌਰ ਵਿਚ ਰਹਿੰਦੇ ਹੋਏ ਤਰਾਸ਼ਿਆ।

ਗੁਰੂ ਨਾਨਕ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਹੁੰਦਿਆਂ ਉਹ ਐਸੋਸੀਏਸ਼ਨ ਆਫ਼ ਕਾਮਨਵੈਲਥ ਯੂਨੀਵਰਸਿਟੀ ਦੀ ਕਾਰਜਕਾਰਨੀ ਕਮੇਟੀ ਵਿਚ ਰਹੇ। ਰਿਟਾਇਰਮੈਂਟ ਉਪਰੰਤ ਉਨ੍ਹਾਂ ਨੂੰ ਜਵਾਹਰਲਾਲ ਨਹਿਰੂ ਯੂਨੀਵਰਸਿਟੀ ਦੀ ਕਾਰਜਕਾਰੀ ਕੌਂਸਲ ਲਈ ਨਾਮਜ਼ਦ ਕੀਤਾ ਗਿਆ ਅਤੇ ਇੰਡੀਅਨ ਕੌਂਸਲ ਆਫ਼ ਐਗਰੀਕਲਚਰ ਰਿਸਰਚ, ਸੈਂਟਰਲ ਆਇਰਲੈਂਡ ਮੱਛੀ ਪਾਲਣ ਰਿਸਰਚ ਇੰਸਟੀਚਿਊਟ ਬੈਰਕਪੁਰ ਅਤੇ ਪਟਸਨ ਟੈਕਨਾਲੋਜੀਕਲ ਰਿਸਚਰ ਲੈਬਾਰਟਰੀ, ਕਲਕੱਤਾ ਦੀਆਂ ਗਵਰਨਿੰਗ ਕੌਂਸਲਾਂ ਦੇ ਮੈਂਬਰ ਰਹੇ।

ਉਹ ਬੈਂਕ ਆਫ਼ ਪੰਜਾਬ ਦੇ ਬੋਰਡ ਆਫ਼ ਡਾਇਰੈਕਟਰਜ਼ ਦੇ ਮੈਂਬਰ ਹੋਣ ਤੋਂ ਇਲਾਵਾ ਰੋਟਰੀ ਇੰਟਰਨੈਸ਼ਨਲ ਅਤੇ ਭਗਤ ਪੂਰਨ ਸਿੰਘ ਦੇ ਪਿੰਗਲਵਾੜੇ ਨਾਲ ਸਰਗਰਮ ਹੋ ਕੇ ਜੁੜੇ ਰਹੇ। ਆਪਣੇ ਸੱਭਿਆਚਾਰਕ ਵਿਚਾਰਾਂ ਅਤੇ ਸੰਜਮੀ ਸੁਭਾਅ ਕਰਕੇ ਤਮਾਮ ਜ਼ਿੰਦਗੀ ਉਹ ਨੌਜਵਾਨਾਂ ਦੇ ਆਦਰਸ਼ ਬਣੇ ਰਹੇ। ਉਨ੍ਹਾਂ ਦੀ ਸ਼ਖ਼ਸੀਅਤ ਅਹੁਦੇ ਦੀ ਜ਼ਿੰਮੇਵਾਰੀ ਅਤੇ ਨੇਕ ਖਿਆਲਾਂ ਦਾ ਵਿਲੱਖਣ ਜੋੜ-ਮੇਲ ਸੀ। ਅਜਿਹਾ ਸ਼ਖ਼ਸ ਸੀ ਉਹ, ਜਿਸ ਨੂੰ ਸਭ ਲੋਕ, ਜਿਹੜੇ ਉਨ੍ਹਾਂ ਨੂੰ ਵਿੱਦਿਅਕ ਮਾਹਿਰ, ਨਰਮ ਦਿਲ, ਸ਼ਖ਼ਤ-ਅਨੁਸ਼ਾਸਨੀ ਪ੍ਰਬੰਧਕ ਅਤੇ ਦਿਆਲੂ ਸੁਭਾਅ ਵਾਲੇ ਇਨਸਾਨ ਵਜੋਂ ਅੱਜ ਵੀ ਯਾਦ ਕਰਦੇ ਹਨ। ਉਨ੍ਹਾਂ ਦੇ ਤੁਰ ਜਾਣ ਨਾਲ ਪੰਜਾਬ ਦਾ ਨਾਮਵਰ ਸਪੂਤ ਸਾਡੇ ਵਿਚਕਾਰ ਨਹੀਂ ਰਿਹਾ, ਜੋ ਸਾਰੀ ਉਮਰ ਪੰਜਾਬ ਦੇ ਨਾਂ ਨੂੰ ਇਤਿਹਾਸ ਵਿਚ ਸੁਨਹਿਰੀ ਬਣਾਉਣ ਲਈ ਯਤਨਸ਼ੀਲ ਰਿਹਾ।


author

Tanu

Content Editor

Related News