ਪੈਟ੍ਰੋਲ-ਡੀਜ਼ਲ ਦੀਆਂ ਕੀਮਤਾਂ ''ਚ ਕਮੀ ‘ਊਠ ਦੇ ਮੂੰਹ ’ਚ ਜੀਰੇ’ ਦੇ ਬਰਾਬਰ

03/16/2024 3:50:34 AM

ਛੇਤੀ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਦੇ ਕਾਰਨ ਕੁੱਝ ਸਮੇਂ ਤੋਂ ਕੇਂਦਰ ਅਤੇ ਸੂਬਿਆਂ ਦੀਆਂ ਸਰਕਾਰਾਂ ‘ਲੋਕ ਲੁਭਾਉਣੇ ਮੋਡ' 'ਚ ਆਈਆਂ ਹੋਈਆਂ ਹਨ। ਇਸੇ ਲੜੀ 'ਚ ਜਿੱਥੇ ਹਿਮਾਚਲ ਸਰਕਾਰ ਨੇ ਔਰਤਾਂ ਨੂੰ 1500 ਰੁਪਏ ਮਹੀਨਾ ਪੈਨਸ਼ਨ ਦੇਣ ਦਾ ਐਲਾਨ ਕੀਤਾ ਹੈ, ਉੱਥੇ ਹੀ ਦਿੱਲੀ ਦੀ ‘ਆਪ’ ਸਰਕਾਰ ਨੇ ਵੀ 2024-25 ਦੇ ਬਜਟ 'ਚ 18 ਸਾਲ ਅਤੇ ਇਸ ਤੋਂ ਵੱਧ ਉਮਰ ਦੀਆਂ ਸਾਰੀਆਂ ਔਰਤਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਦੇਣ ਦਾ ਐਲਾਨ ਕੀਤਾ ਹੈ। 

ਇਸੇ ਤਰ੍ਹਾਂ ਕੇਂਦਰ ਸਰਕਾਰ ਨੇ ਵੀ ਆਪਣੇ ਮੁਲਾਜ਼ਮਾਂ ਦੇ ਮਹਿੰਗਾਈ ਭੱਤੇ ਅਤੇ ਗ੍ਰੈਚੁਅਟੀ ਹੱਦ 'ਚ ਵਾਧੇ ਤੋਂ ਇਲਾਵਾ ‘ਉੱਜਵਲਾ ਯੋਜਨਾ' ਤਹਿਤ ਗਰੀਬ ਔਰਤਾਂ ਨੂੰ 300 ਰੁਪਏ ਪ੍ਰਤੀ ਸਿਲੰਡਰ ਦੀ ਸਬਸਿਡੀ ਇਕ ਸਾਲ ਲਈ ਵਧਾਉਣ ਤੋਂ ਇਲਾਵਾ ਆਮ ਵਰਗ ਦੇ ਘਰੇਲੂ ਰਸੋਈ ਗੈਸ ਸਿਲੰਡਰਾਂ ਦੀ ਕੀਮਤ ਵੀ 100 ਰੁਪਏ ਪ੍ਰਤੀ ਸਿਲੰਡਰ ਘੱਟ ਕਰ ਦਿੱਤੀ ਹੈ। ਅਤੇ ਹੁਣ ਚੋਣ ਕਮਿਸ਼ਨ ਵਲੋਂ ਲੋਕ ਸਭਾ ਚੋਣਾਂ ਦੀਆਂ ਤਰੀਕਾਂ ਤੋਂ ਠੀਕ ਪਹਿਲਾਂ ਜਨਤਕ ਖੇਤਰ ਦੀਆਂ ਪੈਟ੍ਰੋਲੀਅਮ ਕੰਪਨੀਆਂ ਨੇ ਪੈਟ੍ਰੋਲ ਅਤੇ ਡੀਜ਼ਲ ਦੀਆਂ ਕੀਮਤਾਂ 2-2 ਰੁਪਏ ਪ੍ਰਤੀ ਲੀਟਰ ਘਟਾਉਣ ਦਾ ਐਲਾਨ ਕਰ ਦਿੱਤਾ ਹੈ। 

ਕੇਂਦਰੀ ਪੈਟ੍ਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਅਨੁਸਾਰ ਅਜਿਹੇ ਸਮੇਂ 'ਚ ਜਦ ਵਿਕਸਿਤ ਅਤੇ ਵਿਕਾਸਸ਼ੀਲ ਦੇਸ਼ਾਂ 'ਚ ਪੈਟ੍ਰੋਲ ਦੀਆਂ ਕੀਮਤਾਂ 50-72 ਫੀਸਦੀ ਤੱਕ ਵਧੀਆਂ ਹਨ ਅਤੇ ਸਾਡੇ ਕਈ ਗੁਆਂਢੀ ਦੇਸ਼ਾਂ 'ਚ ਪੈਟ੍ਰੋਲ ਮਿਲਣਾ ਹੀ ਬੰਦ ਹੋ ਗਿਆ ਹੈ, ਭਾਰਤ 'ਚ ਪੈਟ੍ਰੋਲ ਦੀਆਂ ਕੀਮਤਾਂ ਪਿਛਲੇ ਢਾਈ ਸਾਲਾਂ 'ਚ 4.65 ਫੀਸਦੀ ਘੱਟ ਹੋਈਆਂ ਅਤੇ ਇਨ੍ਹਾਂ 'ਚ ਹੁਣ ਕੀਤੀ ਗਈ ਕਮੀ ਨਾਲ ਡੀਜ਼ਲ 'ਤੇ ਚੱਲਣ ਵਾਲੇ 58 ਲੱਖ ਵਾਹਨਾਂ, 6 ਕਰੋੜ ਕਾਰਾਂ ਅਤੇ 27 ਕਰੋੜ ਦੋਪਹੀਆ ਵਾਹਨਾਂ ਨੂੰ ਚਲਾਉਣ ਦੀ ਲਾਗਤ 'ਚ ਕਮੀ ਆਏਗੀ। 

ਜਾਣਕਾਰਾਂ ਅਨੁਸਾਰ ਕੇਂਦਰ ਸਰਕਾਰ ਨੇ ਪੈਟ੍ਰੋਲ-ਡੀਜ਼ਲ ਦੀਆਂ ਕੀਮਤਾਂ ਨੂੰ 23 ਮਹੀਨਿਆਂ ਤੱਕ ਸਥਿਰ ਰੱਖਣ ਪਿੱਛੋਂ ਹੁਣ ਇਨ੍ਹਾਂ 'ਚ 2 ਰੁਪਏ ਪ੍ਰਤੀ ਲੀਟਰ ਦੀ ਕਟੌਤੀ ਕਰ ਕੇ ਉਪਭੋਗਤਾਵਾਂ ਨੂੰ ਕੁੱਝ ‘ਰਾਹਤ’ ਜ਼ਰੂਰ ਦਿੱਤੀ ਹੈ ਪਰ ਇਹ ਬਹੁਤ ਘੱਟ ਭਾਵ ਊਠ ਦੇ ਮੂੰਹ 'ਚ ਜੀਰੇ ਦੇ ਬਰਾਬਰ ਹੀ ਹੈ। ਇੰਨਾ ਹੀ ਨਹੀਂ ਲੋਕ ਤਾਂ ਇਹ ਖਦਸ਼ਾ ਵੀ ਪ੍ਰਗਟ ਕਰ ਰਹੇ ਹਨ ਕਿ ਫਿਲਹਾਲ ਤਾਂ ਕੇਂਦਰ ਸਰਕਾਰ ਨੇ ਪੈਟ੍ਰੋਲ- ਡੀਜ਼ਲ ਦੀਆਂ ਕੀਮਤਾਂ ਘਟਾ ਦਿੱਤੀਆਂ ਹਨ ਪਰ ਚੋਣਾਂ ਸੰਪੰਨ ਹੋਣ ਪਿੱਛੋਂ ਇਨ੍ਹਾਂ ਨੂੰ ਫਿਰ ਵਧਾ ਦਿੱਤਾ ਜਾਵੇਗਾ। 
-ਵਿਜੇ ਕੁਮਾਰ


Inder Prajapati

Content Editor

Related News