ਪਾਕਿਸਤਾਨ ’ਚ ਰਹਿਣ ਵਾਲੇ ਅਫਗਾਨ ਸ਼ਰਨਾਰਥੀਆਂ ਦੀ ਵਿਦਾਇਗੀ ਦਾ ਅਸਲ ਕਾਰਨ

11/06/2023 1:27:07 AM

ਪਿਛਲੇ ਮਹੀਨੇ ਪਾਕਿਸਤਾਨ ਸਰਕਾਰ ਨੇ ਆਪਣੇ ਦੇਸ਼ ਦੇ 10.70 ਲੱਖ ਦੇ ਲਗਭਗ ਆਬਾਦੀ ਵਾਲੇ ਪ੍ਰਵਾਸੀ ਅਫਗਾਨਾਂ ਸਮੇਤ ਸਭ ਗੈਰ-ਦਸਤਾਵੇਜ਼ੀ ਵਿਦੇਸ਼ੀਆਂ ਨੂੰ 1 ਨਵੰਬਰ ਤੱਕ ਦੇਸ਼ ’ਚੋਂ ਚਲੇ ਜਾਣ ਲਈ ਕਿਹਾ ਸੀ ਅਤੇ ਹੁਣ 3 ਨਵੰਬਰ ਨੂੰ ਸਰਕਾਰ ਨੇ ਉਨ੍ਹਾਂ ਅਫਗਾਨਾਂ ਨੂੰ ਦੇਸ਼ ’ਚੋਂ ਕੱਢਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ, ਜੋ ਦੇਸ਼ ਛੱਡ ਕੇ ਨਹੀਂ ਗਏ ਹਨ।

ਹਾਲਾਂਕਿ ਬੀਤੇ ਸਮੇਂ ’ਚ ਵੀ ਅਫਗਾਨਾਂ ਨੂੰ ਪਾਕਿਸਤਾਨ ਤੋਂ ਜਬਰੀ ਵਤਨ ਵਾਪਸੀ ਦਾ ਸਾਹਮਣਾ ਕਰਨਾ ਪਿਆ ਹੈ ਪਰ ਇੰਨੇ ਵੱਡੇ ਪੱਧਰ ’ਤੇ ਨਹੀਂ। ਪੜਾਅਵਾਰ ਢੰਗ ਨਾਲ ਲਾਗੂ ਕੀਤੀ ਜਾਣ ਵਾਲੀ ਇਸ ਪ੍ਰਕਿਰਿਆ ਬਾਰੇ ਪਾਕਿਸਤਾਨ ਦੇ ਹੁਕਮਰਾਨਾਂ ਦਾ ਕਹਿਣਾ ਹੈ ਕਿ ਇਹ ਕਦਮ ਪਾਕਿਸਤਾਨ ਦੇ ਲੋਕਾਂ ਦੇ ਹਿੱਤ ਅਤੇ ਇਸ ਦੀ ਸੁਰੱਖਿਆ ਲਈ ਚੁੱਕਿਆ ਜਾ ਰਿਹਾ ਹੈ ਪਰ ਅਸਲੀਅਤ ਕੁਝ ਹੋਰ ਹੀ ਹੈ।

ਸਿਆਸੀ ਆਬਜ਼ਰਵਰਾਂ ਦਾ ਕਹਿਣਾ ਹੈ ਕਿ ਸ਼ਾਇਦ ਇਹ ਕਦਮ ਪਾਕਿਸਤਾਨ ਦੀ ਕਾਰਜਵਾਹਕ ਸਰਕਾਰ ਆਪਣੀ ਘਰੇਲੂ ਸਿਆਸਤ ਅਤੇ ਤਾਲਿਬਾਨ ਦੀ ਅਗਵਾਈ ਵਾਲੇ ਅਫਗਾਨਿਸਤਾਨ ਦੇ ਹੁਕਮਰਾਨਾਂ ਨਾਲ ਸਬੰਧਾਂ ਦੇ ਵਿਗੜ ਜਾਣ ਕਾਰਨ ਉਠਾ ਰਹੀ ਹੈ।

ਪਿਛਲੇ ਸਾਲ ਤੋਂ ਪਾਕਿਸਤਾਨ ’ਚ ਭੋਜਨ, ਤੇਲ, ਬਿਜਲੀ ਦੀ ਭਾਰੀ ਕਮੀ ਹੈ। ਕਾਰਜਵਾਹਕ ਸਰਕਾਰ ਜਿਸ ਕੋਲ ਕੋਈ ਸ਼ਕਤੀਆਂ ਨਹੀਂ ਹਨ, ਕੁਝ ਨਹੀਂ ਕਰ ਪਾ ਰਹੀ। ਅਸਲ ’ਚ ਇਹ ਫੌਜ ਹੈ ਜੋ ਲੋਕਾਂ ਦਾ ਧਿਆਨ ਭਟਕਾਉਣ ਲਈ ਇਹ ਸਭ ਕਰ ਰਹੀ ਹੈ।

ਤਾਲਿਬਾਨ ਅਧੀਨ ਅਫਗਾਨਿਸਤਾਨ ਦੇ ਹੁਕਮਰਾਨ ਇੰਨੀ ਵੱਡੀ ਗਿਣਤੀ ’ਚ ਵਾਪਸ ਵਤਨ ਆਉਣ ਵਾਲਿਆਂ ਨੂੰ ਲੈਣ ਲਈ ਤਿਆਰ ਨਹੀਂ ਹਨ ਕਿਉਂਕਿ ਪਹਿਲਾਂ ਹੀ ਲਗਭਗ ਡੇਢ ਕਰੋੜ ਅਫਗਾਨ ਨਾਗਰਿਕ ਭੁੱਖਮਰੀ ਦਾ ਸ਼ਿਕਾਰ ਹਨ ਅਤੇ ਉਨ੍ਹਾਂ ਦੀਆਂ ਮੁਸ਼ਕਲਾਂ ਨੂੰ ਸੋਕੇ, ਹੜ੍ਹ ਅਤੇ ਭੂਚਾਲਾਂ ਨੇ ਹੋਰ ਵੀ ਵਧਾ ਦਿੱਤਾ ਹੈ।

ਤਾਲਿਬਾਨੀ ਰਾਜ ਦੀਆਂ ਨੀਤੀਆਂ ਕਾਰਨ ਕੌਮਾਂਤਰੀ ਰਾਹਤ ਗਰੁੱਪਾਂ ਵੱਲੋਂ ਅਫਗਾਨਿਸਤਾਨ ਨੂੰ ਮਦਦ ’ਚ ਭਾਰੀ ਕਟੌਤੀ ਕੀਤੀ ਗਈ। ਮਜਬੂਰ ਹੋ ਕੇ 2021 ਦੇ ਬਾਅਦ ਤੋਂ ਵਧੇਰੇ ਅਫਗਾਨੀਆਂ ਕੋਲ ਪਾਕਿਸਤਾਨ ’ਚ ਸ਼ਰਨ ਲੈਣੀ ਹੀ ਇਕੋ-ਇਕ ਚੰਗਾ ਬਦਲ ਪ੍ਰਤੀਤ ਹੋ ਰਿਹਾ ਸੀ।

ਇਕ ਤੱਥ ਇਹ ਵੀ ਹੈ ਕਿ ਪਾਕਿਸਤਾਨ ਨੇ ਹੀ ਤਾਂ ਤਾਲਿਬਾਨ ਨੂੰ ਸਿਖਲਾਈ ਅਤੇ ਹੋਰ ਸਭ ਸਹੂਲਤਾਂ ਦਿੱਤੀਆਂ ਸਨ। ਹਾਲਾਂਕਿ ਹੁਣ ਹਿੰਸਕ ਸਰਗਰਮੀਆਂ ’ਚ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ. ਟੀ. ਪੀ.) ਵੱਲੋਂ ਪਖਤੂਨ ਅਤੇ ਬਲੋਚਿਸਤਾਨ ਬਾਰਡਰ ’ਤੇ ਕਈ ਪੁਲਸ ਮੁਲਾਜ਼ਮਾਂ ਅਤੇ ਫੌਜੀਆਂ ਨੂੰ ਮਾਰ ਦਿੱਤਾ ਗਿਆ ਸੀ।

ਕੁੜੀਆਂ ਅਤੇ ਔਰਤਾਂ ਨੂੰ ਵਿਸ਼ੇਸ਼ ਤੌਰ ’ਤੇ ਰੂੜੀਵਾਦੀ ਪ੍ਰੰਪਰਾਵਾਂ ’ਚ ਜਕੜਿਆ ਗਿਆ ਹੈ। ਨਾ ਉਹ ਪੜ੍ਹਾਈ ਕਰ ਸਕਦੀਆਂ ਹਨ ਅਤੇ ਔਰਤਾਂ ਪ੍ਰਤੀ ਗੈਰ-ਮਨੁੱਖੀ ਅਤੇ ਵਿਤਕਰੇ ਭਰੇ ਵਤੀਰੇ ਕਾਰਨ ਨਾ ਹੀ ਉਹ ਘਰਾਂ ’ਚੋਂ ਬਾਹਰ ਨਿਕਲ ਸਕਦੀਆਂ ਹਨ।

ਪਾਕਿਸਤਾਨੀ ਫੌਜ ਦਾ ਕਹਿਣਾ ਹੈ ਕਿ ਟੀ. ਟੀ. ਪੀ. ਇਮਰਾਨ ਖਾਨ ਦੀ ਤਹਿਰੀਕ-ਏ-ਇਨਸਾਫ ਪਾਰਟੀ (ਪੀ. ਟੀ. ਆਈ.) ਦੇ ਬੇਹੱਦ ਨੇੜੇ ਹੈ। ਇਹ ਦਿਖਾਉਣ ਨਾਲ ਵਿਰੋਧੀ ਧਿਰ ਦੇ ਜਿੱਤਣ ਦੀਆਂ ਸੰਭਾਵਨਾਵਾਂ ਵਧਦੀਆਂ ਹਨ ਪਰ ਅਫਗਾਨ ਪੱਤਰਕਾਰਾਂ, ਗਾਇਕਾਂ, ਕਲਾਕਾਰਾਂ ਅਤੇ ਮਹਿਲਾ ਵਰਕਰਾਂ ਨੂੰ ਅਫਗਾਨਿਸਤਾਨ ਵਾਪਸ ਭੇਜਣ ’ਤੇ ਲੋਕਾਂ ’ਚ ਗੁੱਸਾ ਵਧ ਸਕਦਾ ਹੈ ਅਤੇ ਅਜਿਹਾ ਘਟਨਾਚੱਕਰ ਆਉਣ ਵਾਲੀਆਂ ਚੋਣਾਂ ’ਚ ਇਮਰਾਨ ਖਾਨ ਦੀ ਮਦਦ ਕਰ ਸਕਦਾ ਹੈ। ਯਕੀਨੀ ਤੌਰ ’ਤੇ ਖੇਡ ਅਜੇ ਵੀ ਖੁੱਲ੍ਹੀ ਹੈ।


Mukesh

Content Editor

Related News