‘ਪੜ੍ਹੋ ਅਤੇ ਹੱਸੋ’ ਇਹ ਹਨ ਸਾਡੇ ਕੁਝ ਨੇਤਾਵਾਂ ਦੇ ਬਿਆਨ

09/16/2022 3:17:49 AM

ਸਾਡੇ ਕੁਝ ਨੇਤਾ ਅੱਜ ਦੇ ਤਣਾਅਪੂਰਨ ਮਾਹੌਲ ’ਚ ਵਾਤਾਵਰਣ ਸ਼ਾਂਤ ਕਰਨ ਵਾਲੇ ਬਿਆਨ ਦੇਣ ਦੀ ਬਜਾਏ ਪੁੱਠੇ-ਸਿੱਧੇ ਬਿਆਨ ਦੇ ਕੇ ਮਾਹੌਲ ਨੂੰ ਹੋਰ ਵਿਗਾੜ ਰਹੇ ਹਨ, ਜੋ ਪਿਛਲੇ ਕੁਝ ਦਿਨਾਂ ਦੀਆਂ ਹੇਠ ਲਿਖੀਆਂ ਉਦਾਹਰਣਾਂ ਤੋਂ ਸਪੱਸ਼ਟ ਹੈ:

* 1 ਸਤੰਬਰ ਨੂੰ ਬਲਰਾਮਪੁਰ (ਛੱਤੀਸਗੜ੍ਹ) ’ਚ ਸੂਬੇ ਦੇ ਸਿੱਖਿਆ ਮੰਤਰੀ ਪ੍ਰੇਮ ਸਾਈਂ ਸਿੰਘ ਟੇਕਾਮ ਨੇ ਨਸ਼ਾਮੁਕਤੀ ਪ੍ਰੋਗਰਾਮ ’ਚ ਭਾਸ਼ਣ ਦਿੰਦੇ ਹੋਏ ਫਰਮਾਇਆ, ‘‘ਸ਼ਰਾਬ ਲੋਕਾਂ ਨੂੰ ਇਕਜੁੱਟ ਕਰਦੀ ਹੈ। ਇਸ ਦੀ ਵਰਤੋਂ ਕੰਟ੍ਰੋਲਡ ਢੰਗ ਨਾਲ ਕਰਨੀ ਚਾਹੀਦੀ ਹੈ ਅਤੇ ਇਸ ’ਚ ਸਹੀ ਮਾਤਰਾ ’ਚ ਪਾਣੀ ਮਿਲਾ ਕੇ ਪੀਣ ਨਾਲ ਬੀਮਾਰੀਆਂ ਖਤਮ ਹੁੰਦੀਆਂ ਹਨ।’’ 
ਇਸੇ ਤਰ੍ਹਾਂ ਇਕ ਹੋਰ ਬਿਆਨ ’ਚ ਉਨ੍ਹਾਂ ਨੇ ਕਿਹਾ, ‘‘ਸਾਡੇ ਕੋਲ ਸੜਕ ਦੀ ਖਰਾਬ ਸਥਿਤੀ ਨੂੰ ਲੈ ਕੇ ਲੋਕਾਂ ਦੇ ਫੋਨ ਆਉਂਦੇ ਹਨ ਪਰ ਜਿੱਥੋਂ ਦੀਆਂ ਸੜਕਾਂ ਖਰਾਬ ਹੁੰਦੀਆਂ ਹਨ, ਉੱਥੇ ਦੁਰਘਟਨਾਵਾਂ ਘੱਟ ਹੁੰਦੀਆਂ ਹਨ ਅਤੇ ਲੋਕ ਘੱਟ ਮਰਦੇ ਹਨ।’’
ਉਨ੍ਹਾਂ ਦੇ ਇਸ ਬਿਆਨ ’ਤੇ ਟਿੱਪਣੀ ਕਰਦੇ ਹੋਏ ਵਿਰੋਧੀ ਪਾਰਟੀ ਭਾਜਪਾ ਨੇ ਕਿਹਾ ਹੈ ਕਿ ਛੱਤੀਸਗੜ੍ਹ ਦੀ ਕਾਂਗਰਸ ਸਰਕਾਰ ’ਚ ਕਾਰਟੂਨਾਂ ਦੀ ਕਮੀ ਨਹੀਂ ਹੈ। 
* 9 ਸਤੰਬਰ ਨੂੰ ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਕਲਿਆਣ ਬੈਨਰਜੀ ਨੇ ਮਮਤਾ ਬੈਨਰਜੀ ਦੀ ਮੌਜੂਦਗੀ ’ਚ ਇਤਰਾਜ਼ਯੋਗ ਭਾਸ਼ਣ ਦਿੰਦੇ ਹੋਏ ਕਿਹਾ, ‘‘ਜੇਕਰ ਭਾਜਪਾ ਦੇ ਵਰਕਰ ਸਾਡੇ ਵੱਲ ਉਂਗਲੀ ਚੁੱਕਣਗੇ ਜਾਂ ਫਿਰ ਸਾਨੂੰ ਧਮਕੀ ਦੇਣਗੇ ਤਾਂ ਤ੍ਰਿਣਮੂਲ ਕਾਂਗਰਸ ਦੇ ਵਰਕਰ ਉਨ੍ਹਾਂ ਨੂੰ ਵੱਢ ਦੇਣਗੇ।’’
* 10 ਸਤੰਬਰ ਨੂੰ ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨੇ ਕਿਹਾ, ‘‘ਬਿਹਾਰ ’ਚ ਤਾਂ ਅਸੀਂ ਲੋਕਾਂ ਨੇ ਕਈ ਤਰ੍ਹਾਂ ਦੇ ਜੋੜਾਂ ਨੂੰ ਬਣਦੇ ਅਤੇ ਵਿਗੜਦੇ ਹੋਏ ਦੇਖਿਆ ਹੈ। ਸਿਰਫ ਇਕ ਹੀ ਜੋੜ ਨਹੀਂ ਟੁੱਟਾ ਅਤੇ ਉਹ ਮੁੱਖ ਮੰਤਰੀ ਦੀ ਕੁਰਸੀ ਅਤੇ ਨਿਤੀਸ਼ ਕੁਮਾਰ ਦੇ ਦਰਮਿਆਨ ਦਾ ਹੈ।’’ 
‘‘ਅਜਿਹੀ ਬਾਜ਼ੀਗਰੀ ਸਿਰਫ ਨਿਤੀਸ਼ ਕੁਮਾਰ ਹੀ ਕਰ ਸਕਦੇ ਹਨ। ਇਸ ਲਈ ਮੈਂ ਕਿਹਾ ਕਿ ਫੇਵੀਕੋਲ ਨੂੰ ਇਨ੍ਹਾਂ ਨੂੰ ਆਪਣਾ ਬ੍ਰਾਂਡ ਅੰਬੈਸਡਰ ਬਣਾ ਲੈਣਾ ਚਾਹੀਦਾ ਹੈ ਕਿਉਂਕਿ ਕੁਰਸੀ ਦੇ ਨਾਲ ਉਨ੍ਹਾਂ ਦਾ ਜੋੜ ਟੁੱਟਦਾ ਹੀ ਨਹੀਂ ਹੈ।’’
* 13 ਸਤੰਬਰ ਨੂੰ ਆਲ ਇੰਡੀਆ ਇਮਾਮ ਸੰਘ ਦੇ ਪ੍ਰਧਾਨ ਮੌਲਾਨਾ ਸਾਜਿਦ ਰਸ਼ੀਦੀ ਨੇ ਮਦਰੱਸਿਆਂ ਦੇ ਸਰਵੇ ਨੂੰ ਲੈ ਕੇ ਭੜਕਾਊ ਬਿਆਨ ਦਿੰਦੇ ਹੋਏ ਕਿਹਾ, ‘‘ਪ੍ਰਾਈਵੇਟ ਮਦਰੱਸਿਆਂ ਦਾ ਸਰਵੇ ਕਰਨ ਵਾਲੀ ਟੀਮ  ਨੂੰ ਚੱਪਲਾਂ ਨਾਲ ਕੁੱਟੋ।’’
* 13 ਸਤੰਬਰ ਨੂੰ ਹੀ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਅਤੇ ‘ਹਿੰਦੁਸਤਾਨ ਅਵਾਮ ਪਾਰਟੀ’ (ਹਮ) ਦੇ ਪ੍ਰਧਾਨ ਜੀਤਨ ਰਾਮ ਮਾਂਝੀ ਨੇ ਜਬਰ-ਜ਼ਨਾਹ ਵਰਗੀ ਘਿਨੌਣੀ ਘਟਨਾ ’ਤੇ ਸ਼ਰਮਨਾਕ  ਬਿਆਨ ਦਿੰਦੇ ਹੋਏ ਕਿਹਾ : 
‘‘ਬਿਹਾਰ ਵੱਡਾ ਸੂਬਾ ਹੈ। ਅਜਿਹੀਆਂ ਘਟਨਾਵਾਂ ਹੁੰਦੀਆਂ ਰਹਿੰਦੀਆਂ ਹਨ। ਹੋ ਸਕਦਾ ਹੈ ਕਿ ਇਹ ਨਿਤੀਸ਼ ਸਰਕਾਰ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਹੋਵੇ। ਇੱਥੇ 1 ਕਰੋੜ ਜਾਂ ਅੱਧੇ ਕਰੋੜ ਦੀ ਆਬਾਦੀ ਨਹੀਂ ਹੈ।’’
‘‘ਉਂਝ ਵੀ ਕਿਹਾ ਜਾਂਦਾ ਹੈ ਕਿ ਜਿੱਥੇ ਜ਼ਿਆਦਾ ਭਾਂਡੇ ਰਹਿੰਦੇ ਹਨ ਉੱਥੇ ਆਪਸ ’ਚ ਟਕਰਾਉਂਦੇ ਹੀ ਹਨ। ਬਿਹਾਰ ਦੀ ਆਬਾਦੀ 18 ਕਰੋੜ ਹੈ। ਕੁਝ ਨਾ ਕੁਝ ਇਸ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਰਹਿੰਦੀਆਂ ਹਨ।’’ 
* 14 ਸਤੰਬਰ ਨੂੰ ਏ. ਆਈ. ਐੱਮ. ਆਈ. ਐੱਮ. ਦੇ ਪ੍ਰਧਾਨ ਅਸਦੁਦੀਨ ਓਵੈਸੀ ਪ੍ਰਧਾਨ ਮੰਤਰੀ ਮੋਦੀ ’ਤੇ ਟਕੋਰ ਕਰਦੇ ਹੋਏ ਬੋਲੇ, ‘‘ਦੇਸ਼ ’ਚ ਜਦੋਂ ਵੀ ਮਹਿੰਗਾਈ ਅਤੇ ਬੇਰੋਜ਼ਗਾਰੀ ਵਰਗੇ ਮੁੱਦੇ ਚੁੱਕੇ ਜਾਂਦੇ ਹਨ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚੀਤੇ ਨਾਲੋਂ ਵੀ ਤੇਜ਼ ਭੱਜਦੇ ਹਨ। ਅਜਿਹੇ ਮਾਮਲਿਆਂ ’ਚ ਉਹ ਕਾਫੀ ਤੇਜ਼ ਹਨ। ਅਸੀਂ ਕਹਿ ਰਹੇ ਹਾਂ ਕਿ ਥੋੜ੍ਹਾ ਹੌਲੀ ਹੋ ਜਾਣ।’’
* 14 ਸਤੰਬਰ ਨੂੰ ਤਾਮਿਲਨਾਡੂ ਦੀ ਸੱਤਾਧਾਰੀ ਪਾਰਟੀ ਦ੍ਰਮੁਕ ਦੇ ਸੰਸਦ ਮੈਂਬਰ ਏ. ਰਾਜਾ ਨੇ ਕਥਿਤ ਤੌਰ ’ਤੇ ਇਕ ਵਰਗ ਵਿਸ਼ੇਸ਼ ਦੀ ਤੁਲਨਾ ਵੇਸਵਾਵਾਂ ਨਾਲ ਕਰਦੇ ਹੋਏ ਉਨ੍ਹਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕੀਤੀ। 
* 14 ਸਤੰਬਰ ਨੂੰ ਹੀ ਹਿੰਦੀ ਦਿਵਸ ’ਤੇ ਕਰਨਾਟਕ ’ਚ ਜਦ (ਐੱਸ) ਦੇ ਸੂਬਾ ਪ੍ਰਧਾਨ ਸੀ. ਐੱਮ. ਇਬ੍ਰਾਹਿਮ ਨੇ ਹਿੰਦੀ ਬੋਲਣ ਵਾਲਿਆਂ ਦੀ ਤੁਲਨਾ ਗੋਲਗੱਪੇ ਵੇਚਣ ਵਾਲਿਆਂ ਨਾਲ ਕੀਤੀ ਅਤੇ ਮੁੱਖ ਮੰਤਰੀ ਬੋਮਈ ’ਤੇ ਕੇਂਦਰ ਸਰਕਾਰ ਦੇ ਇਸ਼ਾਰੇ ’ਤੇ ਸੂਬੇ ’ਚ ਹਿੰਦੀ ਭਾਸ਼ਾ ਥੋਪਣ ਦਾ ਦੋਸ਼ ਲਾਉਂਦੇ ਹੋਏ ਕਿਹਾ, ‘‘ਸਾਨੂੰ ਹਿੰਦੀ ਸਿੱਖਣ ਅਤੇ ਗੋਲਗੱਪੇ ਵੇਚਣ ਲਈ ਉੱਤਰ ਪ੍ਰਦੇਸ਼ ਜਾਣ ਦੀ ਲੋੜ ਨਹੀਂ ਹੈ। ਗੁਜਰਾਤ ਅਤੇ ਹਿੰਦੀ ਭਾਸ਼ੀ ਸੂਬਿਆਂ ਦੇ ਇਹ ਸਾਰੇ ਲੋਕ ਇੱਥੇ ਪਾਨੀਪੂਰੀ ਵੇਚਣ ਆਉਂਦੇ ਹਨ।’’ 
* 15 ਸਤੰਬਰ ਨੂੰ ਉੱਤਰ ਪ੍ਰਦੇਸ਼ ’ਚ ਮੰਤਰੀ ਅਤੇ ਨਿਸ਼ਾਦ ਪਾਰਟੀ ਦੇ ਪ੍ਰਧਾਨ ਡਾ. ਸੰਜੇ ਨਿਸ਼ਾਦ ਬਾਗਪਤ ’ਚ ਬੋਲੇ, ‘‘ਦੇਸ਼ ’ਚ ਮੰਦਿਰਾਂ ਦੇ ਨੇੜੇ ਜਿੰਨੀਆਂ ਮਸਜਿਦਾਂ ਬਣੀਆਂ ਹਨ, ਉਨ੍ਹਾਂ ਸਾਰੀਆਂ ਨੂੰ ਹਟਾ ਦਿੱਤਾ ਜਾਵੇ।’’

ਇਸ ਦੇ ਜਵਾਬ ’ਚ ਦੇਵਬੰਦੀ ਉਲੇਮਾ ਮੌਲਾਨਾ ਕਾਰੀ ਮੁਸਤਫਾ ਦੇਹਲਵੀ ਨੇ ਕਿਹਾ ਹੈ, ‘‘ਅਜਿਹੇ ਲੋਕਾਂ ਦਾ ਦਿਮਾਗ ਖਰਾਬ ਹੋ ਚੁੱਕਾ ਹੈ। ਉਨ੍ਹਾਂ ਨੂੰ ਆਪਣੇ ਦਿਮਾਗ ਦਾ ਇਲਾਜ ਕਰਵਾਉਣਾ ਚਾਹੀਦਾ ਹੈ, ਅਜਿਹੇ ਮੰਤਰੀ ਨੂੰ ਤੁਰੰਤ ਬਰਖਾਸਤ ਕਰਕੇ ਜੇਲ੍ਹ ਭੇਜ ਦੇਣਾ ਚਾਹੀਦਾ ਹੈ।’’ 
ਯਕੀਨਨ ਹੀ ਇਸ ਤਰ੍ਹਾਂ ਦੀ ਬਿਆਨਬਾਜ਼ੀ ਨੂੰ ਕਿਸੇ ਵੀ ਤਰ੍ਹਾਂ ਉਚਿਤ ਨਹੀਂ ਕਿਹਾ ਜਾ ਸਕਦਾ। ਇਸ ਦੇ ਲਈ ਜ਼ਿੰਮੇਵਾਰ ਲੋਕਾਂ ਨੂੰ ਅਜਿਹਾ ਕਰਨ ਤੋਂ ਰੋਕਣ ਦੇ ਲਈ ਸਖਤ ਕਾਨੂੰਨੀ ਵਿਵਸਥਾ ਕਰਨ ਦੀ ਲੋੜ ਹੈ।

-ਵਿਜੇ ਕੁਮਾਰ


Mukesh

Content Editor

Related News