ਛਾਪੇ ਮਾਰੇ ਜਾਂਦੇ ਰਹਿਣੇ ਚਾਹੀਦੇ ਸਰਕਾਰੀ ਦਫਤਰਾਂ, ਹਸਪਤਾਲਾਂ ਅਤੇ ਸਕੂਲਾਂ ''ਚ
Saturday, Dec 21, 2019 - 01:46 AM (IST)

ਅਸੀਂ ਸ਼ੁਰੂ ਤੋਂ ਹੀ ਲਿਖਦੇ ਆ ਰਹੇ ਹਾਂ ਕਿ ਸਾਡੇ ਮੰਤਰੀਆਂ, ਨੇਤਾਵਾਂ ਅਤੇ ਅਧਿਕਾਰੀਆਂ ਨੂੰ ਆਪਣੇ ਸੂਬਿਆਂ 'ਚ ਸੜਕ ਮਾਰਗ ਰਾਹੀਂ ਯਾਤਰਾ ਕਰਨੀ ਚਾਹੀਦੀ ਹੈ ਅਤੇ ਮਾਰਗ ਵਿਚ ਪੈਣ ਵਾਲੇ ਸਕੂਲਾਂ, ਹਸਪਤਾਲਾਂ ਅਤੇ ਸਰਕਾਰੀ ਦਫਤਰਾਂ ਵਿਚ ਅਚਾਨਕ ਛਾਪੇ ਮਾਰਨੇ ਚਾਹੀਦੇ ਹਨ ਤਾਂ ਕਿ ਉਨ੍ਹਾਂ ਨੂੰ ਉਨ੍ਹਾਂ ਦੀ ਅਸਲੀ ਸਥਿਤੀ ਦਾ ਪਤਾ ਲੱਗ ਸਕੇ।
ਅਸੀਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਅਪੀਲ ਕੀਤੀ ਸੀ ਕਿ ਉਹ ਸੂਬੇ ਵਿਚ ਕਿਤੇ ਆਉਂਦੇ-ਜਾਂਦੇ ਸਮੇਂ ਸੜਕ ਮਾਰਗ ਰਾਹੀਂ ਯਾਤਰਾ ਕਰਨ ਅਤੇ ਇਸ ਦੌਰਾਨ ਉਹ ਕਿਸੇ ਸਕੂਲ, ਹਸਪਤਾਲ ਜਾਂ ਸਰਕਾਰੀ ਦਫਤਰ ਵਿਚ ਬਿਨਾਂ ਅਗਾਊਂ ਸੂਚਨਾ ਦੇ ਅਚਾਨਕ ਪਹੁੰਚ ਜਾਣ ਤਾਂ ਉਨ੍ਹਾਂ ਨੂੰ ਉਥੋਂ ਦੀਆਂ ਸਮੱਸਿਆਵਾਂ ਦਾ ਪਤਾ ਲੱਗੇਗਾ ਅਤੇ ਨਾਲ ਹੀ ਉਸ ਇਲਾਕੇ ਦੇ ਹੋਰਨਾਂ ਸਰਕਾਰੀ ਅਦਾਰਿਆਂ ਦੇ ਕੰਮ ਵਿਚ ਆਪਣੇ ਆਪ ਹੀ ਕੁਝ ਸੁਧਾਰ ਹੋ ਜਾਵੇਗਾ।
ਸਾਡੇ ਸੁਝਾਅ 'ਤੇ 2010 ਵਿਚ ਇਹ ਸਿਲਸਿਲਾ ਸ਼ੁਰੂ ਤਾਂ ਕੀਤਾ ਗਿਆ ਪਰ ਵਿਸ਼ੇਸ਼ ਤੇਜ਼ੀ ਨਹੀਂ ਫੜ ਸਕਿਆ। ਹੁਣ ਕੁਝ ਸਮੇਂ ਤੋਂ ਇਸ ਵਿਚ ਕੁਝ ਤੇਜ਼ੀ ਆਈ ਹੈ। ਹੁਣ ਅਨੇਕ ਸੂਬਿਆਂ ਦੀਆਂ ਸਰਕਾਰਾਂ ਨੇ ਆਪਣੇ ਮੰਤਰੀਆਂ ਅਤੇ ਅਧਿਕਾਰੀਆਂ ਨੂੰ ਸਰਕਾਰੀ ਦਫਤਰਾਂ, ਪੁਲਸ ਥਾਣਿਆਂ, ਹਸਪਤਾਲਾਂ ਆਦਿ ਦੇ ਅਚਾਨਕ ਨਿਰੀਖਣ ਦੇ ਨਿਰਦੇਸ਼ ਦਿੱਤੇ ਹਨ, ਜਿਨ੍ਹਾਂ ਦੇ ਸਾਰਥਕ ਨਤੀਜੇ ਮਿਲ ਰਹੇ ਹਨ। ਇਸ ਕੜੀ ਵਿਚ ਲੱਗਭਗ 1 ਮਹੀਨੇ ਵਿਚ :
* 16 ਨਵੰਬਰ ਨੂੰ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਦਿੱਲੀ ਜਾਂਦੇ ਹੋਏ ਅਚਾਨਕ ਪਾਨੀਪਤ ਸਿਟੀ ਥਾਣੇ ਵਿਚ ਪਹੁੰਚ ਕੇ ਥਾਣੇ ਦੇ ਰਿਕਾਰਡ ਆਦਿ ਨੂੰ ਦੇਖਿਆ। ਉਨ੍ਹਾਂ ਨੇ ਇਕ ਮਹਿਲਾ ਸਬ-ਇੰਸਪੈਕਟਰ ਨਿਰਮਲਾ ਨੂੰ ਗੈਰ-ਹਾਜ਼ਰ ਪਾਉਣ 'ਤੇ ਉਸ ਨੂੰ ਮੁਅੱਤਲ ਕਰਨ ਦਾ ਹੁਕਮ ਦਿੱਤਾ ਅਤੇ ਹੋਰਨਾਂ ਪੁਲਸ ਅਧਿਕਾਰੀਆਂ ਦੀ ਹਾਜ਼ਰੀ ਲਈ।
* 09 ਦਸੰਬਰ ਨੂੰ ਹਰਿਆਣਾ ਦੇ ਟਰਾਂਸਪੋਰਟ ਮੰਤਰੀ ਮੂਲਚੰਦ ਸ਼ਰਮਾ ਨੇ ਪਲਵਲ ਸਥਿਤ ਰੋਡਵੇਜ਼ ਦੀ ਵਰਕਸ਼ਾਪ ਦਾ ਅਚਾਨਕ ਨਿਰੀਖਣ ਕੀਤਾ ਅਤੇ ਗੈਰ-ਹਾਜ਼ਰ ਪਾਏ ਜਾਣ ਵਾਲੇ 4 ਮੁਲਾਜ਼ਮਾਂ ਨੂੰ ਮੁਅੱਤਲ ਕਰਨ ਦੇ ਹੁਕਮ ਦਿੱਤੇ।
* 11 ਦਸੰਬਰ ਨੂੰ ਫਿਰੋਜ਼ਪੁਰ 'ਚ ਸਹਾਇਕ ਕਮਿਸ਼ਨਰ ਰਣਜੀਤ ਸਿੰਘ ਨੇ ਸਰਕਾਰੀ ਦਫਤਰਾਂ ਦੇ ਅਚਾਨਕ ਨਿਰੀਖਣ ਦੌਰਾਨ ਗੈਰ-ਹਾਜ਼ਰ ਪਾਏ ਜਾਣ ਵਾਲੇ 35 ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਕਾਰਣ ਦੱਸੋ ਨੋਟਿਸ ਜਾਰੀ ਕੀਤੇ।
* 13 ਦਸੰਬਰ ਨੂੰ ਛੱਤੀਸਗੜ੍ਹ ਦੇ ਕਵਰਧਾ ਵਿਚ ਕਬੀਰਧਾਮ ਦੇ ਕਲੈਕਟਰ ਨੇ ਵੱਖ-ਵੱਖ ਝੋਨਾ ਖਰੀਦ ਕੇਂਦਰਾਂ ਦੇ ਅਚਾਨਕ ਨਿਰੀਖਣ ਦੌਰਾਨ ਘਟੀਆ ਝੋਨਾ ਖਰੀਦਣ 'ਤੇ 'ਕੋਦਵਾਗੋਡਾਨ' ਖਰੀਦ ਕੇਂਦਰ ਦੇ ਨੋਡਲ ਅਧਿਕਾਰੀ ਜੀਵਨ ਸਿੰਘ ਨੂੰ ਮੁਅੱਤਲ ਕੀਤਾ।
* 13 ਦਸੰਬਰ ਨੂੰ ਰਾਜੌਰੀ ਦੇ ਜ਼ਿਲਾ ਕਮਿਸ਼ਨਰ ਮੁਹੰਮਦ ਨਜ਼ੀਰ ਸ਼ੇਖ ਨੇ ਆਪਣੇ ਅਧਿਕਾਰੀਆਂ ਦੇ ਨਾਲ ਟੀ. ਬੀ. ਹਸਪਤਾਲ ਦਾ ਅਚਾਨਕ ਨਿਰੀਖਣ ਕੀਤਾ ਅਤੇ 7 ਮੈਡੀਕਲ ਕਰਮਚਾਰੀਆਂ ਨੂੰ ਗੈਰ-ਹਾਜ਼ਰ ਪਾਏ ਜਾਣ 'ਤੇ ਮੁਅੱਤਲ ਕਰ ਦਿੱਤਾ।
ਇਸੇ ਤਰ੍ਹਾਂ ਉਨ੍ਹਾਂ ਨੇ ਮੁੱਢਲੇ ਸਿਹਤ ਕੇਂਦਰ 'ਲਾਹ' ਵਿਚ ਗੈਰ-ਹਾਜ਼ਰ ਪਾਏ ਜਾਣ 'ਤੇ ਇਕ ਡਾਕਟਰ ਅਤੇ ਹੋਰ ਕਰਮਚਾਰੀਆਂ ਨੂੰ ਮੁਅੱਤਲ ਕਰਨ ਤੋਂ ਇਲਾਵਾ ਉਨ੍ਹਾਂ ਦੀ ਤਨਖਾਹ ਰੋਕਣ ਦੇ ਹੁਕਮ ਵੀ ਜਾਰੀ ਕੀਤੇ।
* 13 ਦਸੰਬਰ ਨੂੰ ਹੀ ਬਿਹਾਰ ਦੇ ਨਵਾਦਾ ਵਿਚ ਪੁਲਸ ਸੁਪਰਡੈਂਟ ਹਰੀਪ੍ਰਸਾਦ ਵਲੋਂ ਮੁੱਖ ਮੰਤਰੀ ਨਿਤੀਸ਼ ਕੁਮਾਰ ਦੇ ਪ੍ਰੋਗਰਾਮ ਸਥਾਨ ਦੇ ਸੁਰੱਖਿਆ ਪ੍ਰਬੰਧਾਂ ਦੀ ਜਾਂਚ ਲਈ ਅਚਾਨਕ ਨਿਰੀਖਣ ਕੀਤਾ ਗਿਆ ਅਤੇ 1 ਦਰੋਗਾ, 4 ਹੌਲਦਾਰਾਂ ਅਤੇ 16 ਪੁਲਸ ਕਰਮਚਾਰੀਆਂ ਨੂੰ ਡਿਊਟੀ ਤੋਂ ਗਾਇਬ ਪਾਏ ਜਾਣ 'ਤੇ ਉਨ੍ਹਾਂ ਨੂੰ ਮੁਅੱਤਲ ਕਰਨ ਦੇ ਹੁਕਮ ਦਿੱਤੇ।
* 14 ਦਸੰਬਰ ਨੂੰ ਰਾਜਸਥਾਨ ਦੇ ਸਵਾਈ ਮਾਧੋਪੁਰ ਵਿਚ ਜ਼ਿਲਾ ਸਿੱਖਿਆ ਅਧਿਕਾਰੀ ਮਾਧਿਅਮਿਕ 'ਰਾਮ ਖਿਲਾੜੀ ਬੈਰਵਾ' ਨੇ ਅਨੇਕ ਸਰਕਾਰੀ ਸਕੂਲਾਂ ਦੇ ਨਿਰੀਖਣ ਦੌਰਾਨ 'ਬਾੜੋਲਾਸ' ਸਥਿਤ ਸਰਕਾਰੀ ਸਕੂਲ ਦੇ ਅਧਿਆਪਕ ਪੂਨਮ ਚੰਦ ਕੋਲੀ ਨੂੰ ਸ਼ਰਾਬ ਪੀ ਕੇ ਸਕੂਲ ਆਉਣ 'ਤੇ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ।
* 16 ਦਸੰਬਰ ਨੂੰ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਕੁਝ ਲੋਕਾਂ ਵਲੋਂ ਕੀਤੇ ਗੲੇ ਭ੍ਰਿਸ਼ਟਾਚਾਰ ਅਤੇ ਰਜਿਸਟਰੀ ਦੇ ਇਵਜ਼ ਵਿਚ ਪੈਸੇ ਮੰਗਣ ਆਦਿ ਦੀਆਂ ਸ਼ਿਕਾਇਤਾਂ ਦਾ ਨੋਟਿਸ ਲੈਂਦੇ ਹੋਏ ਅਚਾਨਕ ਮਿੰਨੀ ਸਕੱਤਰੇਤ ਕਰਨਾਲ ਸਥਿਤ ਤਹਿਸੀਲ ਦਫਤਰ ਦਾ ਨਿਰੀਖਣ ਕੀਤਾ ਅਤੇ ਤਹਿਸੀਲਦਾਰ ਰਵਿੰਦਰ, ਨਾਇਬ ਤਹਿਸਲੀਦਾਰ ਹਵਾ ਸਿੰਘ, ਰਜਿਸਟਰੀ ਕਲਰਕ ਰਾਜਬੀਰ ਅਤੇ ਪਟਵਾਰੀ ਸਲਮਾ ਨੂੰ ਮੁਅੱਤਲ ਕਰ ਦਿੱਤਾ।
* 16 ਦਸੰਬਰ ਨੂੰ ਉੱਤਰ ਪ੍ਰਦੇਸ਼ ਦੇ ਲਖੀਮਪੁਰ ਵਿਚ ਮੁੱਖ ਵਿਕਾਸ ਅਧਿਕਾਰੀ ਅਰਵਿੰਦ ਸਿੰਘ ਨੇ ਸਦਰ ਬਲਾਕ ਦਫਤਰ ਦਾ ਅਚਾਨਕ ਨਿਰੀਖਣ ਕੀਤਾ ਤਾਂ ਸਹਾਇਕ ਵਿਕਾਸ ਅਧਿਕਾਰੀ (ਪੰਚਾਇਤ) ਅਜੈ ਪ੍ਰਕਾਸ਼ ਅਤੇ ਕੰਪਿਊਟਰ ਆਪ੍ਰੇਟਰ ਆਦਿ ਡਿਊਟੀ ਤੋਂ ਗਾਇਬ ਪਾਏ ਗਏ, ਜਿਸ 'ਤੇ ਉਨ੍ਹਾਂ ਨੂੰ ਮੌਕੇ 'ਤੇ ਹੀ ਮੁਅੱਤਲ ਕਰ ਦਿੱਤਾ ਗਿਆ।
ਸਾਨੂੰ ਖੁਸ਼ੀ ਹੈ ਕਿ ਜੋ ਗੱਲ ਅਸੀਂ ਸਾਲਾਂ ਤੋਂ ਕਹਿੰਦੇ ਆ ਰਹੇ ਸੀ, ਉਸ ਵੱਲ ਹੁਣ ਧਿਆਨ ਦਿੱਤਾ ਜਾਣਾ ਸ਼ੁਰੂ ਹੋਇਆ ਹੈ। ਸਰਕਾਰੀ ਵਿਭਾਗਾਂ ਵਿਚ ਬੇਨਿਯਮੀਆਂ ਦਾ ਪਤਾ ਲਾਉਣ ਲਈ ਛਾਪੇਮਾਰੀ ਦਾ ਸਿਲਸਿਲਾ ਸ਼ਲਾਘਾਯੋਗ ਹੈ।
ਇਸ ਲਈ ਇਕ ਨਿਸ਼ਚਿਤ ਕਾਰਜਸ਼ੈਲੀ ਨਿਰਧਾਰਤ ਕਰ ਕੇ ਯੋਜਨਾਬੱਧ ਢੰਗ ਨਾਲ ਇਨ੍ਹਾਂ ਨੂੰ ਤੇਜ਼ ਕਰਨ ਅਤੇ ਨਿਯਮਿਤ ਤੌਰ 'ਤੇ ਜਾਰੀ ਰੱਖਣ ਦੀ ਲੋੜ ਹੈ। ਜਿੰਨੇ ਜ਼ਿਆਦਾ ਛਾਪੇ ਮਾਰੇ ਜਾਣਗੇ, ਸਰਕਾਰੀ ਸਟਾਫ ਵਿਚ ਓਨੀ ਹੀ ਮੁਸਤੈਦੀ ਆਵੇਗੀ ਅਤੇ ਆਮ ਲੋਕਾਂ ਤੇ ਜਨਤਾ ਨੂੰ ਰਾਹਤ ਅਤੇ ਸਹੂਲਤ ਹਾਸਿਲ ਹੋਵੇਗੀ।
—ਵਿਜੇ ਕੁਮਾਰ