ਮਹਿੰਗਾਈ ਉੱਚੇ ਪੱਧਰ ’ਤੇ ਕਿੱਥੇ ਹੈ? ਰੇਲ ਰਾਜ ਮੰਤਰੀ ਦਾ ਸਵਾਲ

11/17/2019 1:11:06 AM

ਸਮੇਂ-ਸਮੇਂ ’ਤੇ ਸੱਤਾ ਨਾਲ ਜੁੜੇ ਸਾਡੇ ਜ਼ਿੰਮੇਵਾਰ ਨੇਤਾ ਆਪਣੇ ਬਿਆਨਾਂ ਵਿਚ ਅਜਿਹੀਆਂ ਗੱਲਾਂ ਕਹਿ ਦਿੰਦੇ ਹਨ ਕਿ ਉਨ੍ਹਾਂ ਦੀ ਜਾਣਕਾਰੀ ’ਤੇ ਹੈਰਾਨੀ ਹੁੰਦੀ ਹੈ ਕਿ ਉਹ ਹਕੀਕਤ ਤੋਂ ਕਿੰਨਾ ਦੂਰ ਹਨ।

ਕਰਨਾਟਕ ਦੇ ਸੰਸਦ ਮੈਂਬਰ ਅਤੇ ਕੇਂਦਰੀ ਰੇਲ ਰਾਜ ਮੰਤਰੀ ਸੁਰੇਸ਼ ਅੰਗੜੀ ਨੇ ਦੇਸ਼ ਦੀ ਅਰਥ ਵਿਵਸਥਾ ਬਾਰੇ 11 ਨਵੰਬਰ ਨੂੰ ਵਿਰੋਧੀ ਦਲਾਂ ਦੀਆਂ ਆਲੋਚਨਾਵਾਂ ਨੂੰ ਰੱਦ ਕਰਦਿਆਂ ਅਜਿਹਾ ਹੀ ਇਕ ਬਿਆਨ ਦਿੰਦਿਆਂ ਕਿਹਾ ਕਿ :

‘‘ਜਹਾਜ਼ ਖਚਾਖਚ ਭਰ-ਭਰ ਕੇ ਉੱਡ ਰਹੇ ਹਨ, ਏਅਰਪੋਰਟ ਫੁੱਲ ਹਨ...ਕੋਈ ਸੀਟ ਨਹੀਂ ਮਿਲਦੀ, ਰੇਲਵੇ ਸਟੇਸ਼ਨ ’ਤੇ ਟਿਕਟ ਨਹੀਂ ਮਿਲਦੀ...ਉਹ ਫੁੱਲ ਹਨ, ਰੇਲ ਗੱਡੀਆਂ ਯਾਤਰੀਆਂ ਨਾਲ ਖੂਬ ਭਰੀਆਂ ਚੱਲ ਰਹੀਆਂ ਹਨ, ਕਿਸੇ ਦਾ ਕੋਈ ਕੰਮ ਅਤੇ ਵਿਆਹ ਨਹੀਂ ਰੁਕਦਾ ਹੈ, ਲੋਕ ਖ਼ੂਬ ਵਿਆਹ-ਸ਼ਾਦੀਆਂ ਕਰ ਰਹੇ ਹਨ। ਅਜਿਹੀ ਹਾਲਤ ਵਿਚ ਮੰਦੀ ਕਿੱਥੇ ਹੈ?’’

‘‘ਆਮ ਲੋਕ ਬਹੁਤ ਖੁਸ਼ ਹਨ। ਇਹ ਸਭ ਅਰਥ ਵਿਵਸਥਾ ਦੇ ਠੀਕ ਹੋਣ ਦਾ ਸੰਕੇਤ ਹੈ, ਜੋ ਇਹ ਦੱਸਦਾ ਹੈ ਕਿ ਦੇਸ਼ ਦੀ ਅਰਥ ਵਿਵਸਥਾ ਚੰਗੀ ਚੱਲ ਰਹੀ ਹੈ। ਕੀਮਤਾਂ ਨਹੀਂ ਵਧੀਆਂ ਹਨ।’’

‘‘ਤੁਸੀਂ ਮੈਨੂੰ ਦੱਸੋ ਕਿ ਸਮੱਸਿਆ ਕਿੱਥੇ ਹੈ? ਸਿਰਫ ਕੁਝ ਲੋਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਜੋ ਦੁਨੀਆ ਵਿਚ ਜ਼ਿਆਦਾ ਲੋਕਪ੍ਰਿਯ ਹਨ, ਦਾ ਅਕਸ ਖਰਾਬ ਕਰਨ ਲਈ ਅਜਿਹਾ ਬੋਲ ਰਹੇ ਹਨ।’’

ਕੇਂਦਰੀ ਰੇਲ ਰਾਜ ਮੰਤਰੀ ਦਾ ਦੇਸ਼ ਵਿਚ ਮੰਦੀ ਅਤੇ ਮਹਿੰਗਾਈ ਨਾ ਹੋਣ ਬਾਰੇ ਉਕਤ ਬਿਆਨ ਅਜਿਹੇ ਸਮੇਂ ਵਿਚ ਆਇਆ ਹੈ, ਜਦੋਂ ਦੇਸ਼ ਵਿਕਾਸ ਦਰ ਵਿਚ ਪਿਛਲੇ 6 ਸਾਲਾਂ ਦੀ ਸਭ ਤੋਂ ਵੱਡੀ ਗਿਰਾਵਟ ਨਾਲ ਜੂਝ ਰਿਹਾ ਹੈ।

ਕੋਲਾ, ਕੱਚਾ ਤੇਲ, ਕੁਦਰਤੀ ਗੈਸ, ਸੀਮੈਂਟ ਅਤੇ ਬਿਜਲੀ ਉਦਯੋਗ ਵਿਚ ਭਾਰੀ ਸੁਸਤੀ ਕਾਰਣ ਕੋਰ ਸੈਕਟਰ ਦੇ ਪ੍ਰਮੁੱਖ ਉਦਯੋਗਾਂ ਦੇ ਉਤਪਾਦਨ ਵਿਚ ਅਗਸਤ ਮਹੀਨੇ ’ਚ 0.50 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ, ਜੋ ਪਿਛਲੇ 45 ਮਹੀਨਿਆਂ ਵਿਚ ਉਦਯੋਗਿਕ ਉਤਪਾਦਨ ਵਿਚ ਆਉਣ ਵਾਲੀ ਸਭ ਤੋਂ ਵੱਡੀ ਗਿਰਾਵਟ ਹੈ।

ਦੇਸ਼ ’ਚ ਖੁਦਰਾ ਮਹਿੰਗਾਈ ਅਕਤੂਬਰ ’ਚ 16 ਮਹੀਨਿਆਂ ਦੇ ਉੱਚੇ ਪੱਧਰ ’ਤੇ ਪਹੁੰਚ ਕੇ 4.6% ਹੋ ਗਈ ਹੈ ਅਤੇ ਹਰੇਕ ਖੁਰਾਕੀ ਵਸਤੂ ਮਹਿੰਗੀ ਹੋਈ ਹੈ। ਖੁਰਾਕ ਮਹਿੰਗਾਈ 5.11% ਤੋਂ ਵਧ ਕੇ ਅਕਤੂਬਰ ’ਚ 7.89% ਹੋ ਗਈ।

ਸਬਜ਼ੀਆਂ 26.10%, ਫਲ 4.8%, ਅਨਾਜ 2.16%, ਦੁੱਧ ਅਤੇ ਦੁੱਧ ਉਤਪਾਦ 3.10%, ਤੇਲ ਅਤੇ ਫੈਟ 1.98%, ਦਾਲਾਂ ਅਤੇ ਸਬੰਧਤ ਉਤਪਾਦ 11.72%, ਖੰਡ 1.33%, ਕੋਲਡਡ੍ਰਿੰਕ 2.58% ਮਹਿੰਗੇ ਹੋਏ ਹਨ, ਜਦਕਿ ਮਾਹਿਰਾਂ ਨੇ ਆਉਣ ਵਾਲੇ ਮਹੀਨਿਆਂ ਵਿਚ ਮਹਿੰਗਾਈ ਹੋਰ ਵਧਣ ਦਾ ਖਦਸ਼ਾ ਜਤਾਇਆ ਹੈ।

ਜੇ ਸੱਤਾ ਸੰਸਥਾਨ ਨਾਲ ਜੁੜੇ ਸਾਡੇ ਨੇਤਾਵਾਂ ਨੂੰ ਹੀ ਦੇਸ਼ ਦੀ ਹਾਲਤ ਦੀ ਸਹੀ ਜਾਣਕਾਰੀ ਨਹੀਂ ਹੈ ਤਾਂ ਸਹਿਜੇ ਹੀ ਸਮਝਿਆ ਜਾ ਸਕਦਾ ਹੈ ਕਿ ਉਹ ਹਕੀਕਤ ਤੋਂ ਕਿੰਨਾ ਦੂਰ ਹਨ, ਜੋ ਯਕੀਨਨ ਹੀ ਮੰਦਭਾਗਾ ਹੈ।

–ਵਿਜੇ ਕੁਮਾਰ


Bharat Thapa

Content Editor

Related News