‘ਪੁਲਸ ਹਿਰਾਸਤ ਤੋਂ ਫਰਾਰ ਹੋ ਰਹੇ ਕੈਦੀ’ ਪੁਲਸ ਪਿੱਛੇ-ਪਿੱਛੇ
Thursday, Feb 08, 2024 - 05:35 AM (IST)
ਵੱਖ-ਵੱਖ ਅਪਰਾਧਾਂ ’ਚ ਫੜੇ ਗਏ ਅਪਰਾਧੀਆਂ ਦੇ ਪੁਲਸ ਨੂੰ ਚਕਮਾ ਦੇ ਕੇ ਉਨ੍ਹਾਂ ਦੇ ਹਿਰਾਸਤ ਤੋਂ ਛੁੱਟ ਕੇ ਭੱਜ ਜਾਣ ਦੀਆਂ ਘਟਨਾਵਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ, ਜੋ ਹੇਠਾਂ ਕੁਝ ਉਦਾਹਰਣਾਂ ਤੋਂ ਸਪੱਸ਼ਟ ਹੈ :
* 14 ਅਪ੍ਰੈਲ, 2023 ਨੂੰ ਭੋਪਾਲ (ਮੱਧ ਪ੍ਰਦੇਸ਼) ’ਚ ਸਾਈਬਰ ਕ੍ਰਾਈਮ ਦੇ ਮਾਮਲੇ ’ਚ ਗ੍ਰਿਫਤਾਰ ਇਕ ਦੋਸ਼ੀ ਅਦਾਲਤ ’ਚ ਪੇਸ਼ ਕਰਨ ਤੋਂ ਬਾਅਦ ਵਾਪਸ ਜੇਲ ਲਿਜਾਂਦੇ ਸਮੇਂ ਹੱਥਕੜੀ ਲਾਹ ਕੇ ਪੁਲਸ ਹਿਰਾਸਤ ’ਚੋਂ ਨਿਕਲ ਕੇ ਫਰਾਰ ਹੋ ਗਿਆ, ਜਦੋਂ ਉਸ ਨੂੰ ਲਿਜਾ ਰਹੀ ਸਰਕਾਰੀ ਜੀਪ ਰੈੱਡ ਲਾਈਟ ’ਤੇ ਖੜ੍ਹੀ ਸੀ।
* 21 ਅਪ੍ਰੈਲ, 2023 ਨੂੰ ਗਵਾਲੀਅਰ (ਮੱਧ ਪ੍ਰਦੇਸ਼) ’ਚ ਅਗਵਾ ਦੇ ਮਾਮਲੇ ’ਚ ਪ੍ਰੋਡਕਸ਼ਨ ਵਾਰੰਟ ’ਤੇ ‘ਥਾਟੀਪੁਰ’ ਪੁਲਸ ਥਾਣੇ ਲਿਆਂਦਾ ਗਿਆ ਕੈਦੀ ਵਾਪਸ ਜਾਂਦੇ ਸਮੇਂ ਬੀਨਾ ਰੇਲਵੇ ਸਟੇਸ਼ਨ ’ਤੇ ਪੁਲਸ ਮੁਲਾਜ਼ਮਾਂ ਦੀ ਝਪਕੀ ਦਾ ਲਾਭ ਉਠਾ ਕੇ ਹੱਥਕੜੀ ਸਮੇਤ ਫਰਾਰ ਹੋ ਗਿਆ।
* 19 ਮਈ, 2023 ਨੂੰ ਨਵਾਦਾ (ਬਿਹਾਰ) ਦੇ ਥਾਣਾ ‘ਭੋਜਪੁਰ’ ’ਚ ਪੁਲਸ ਵੱਲੋਂ ਸੈਕਸ ਸ਼ੋਸ਼ਣ ਦੇ ਮਾਮਲੇ ’ਚ ਮੱਧ ਪ੍ਰਦੇਸ਼ ਦੇ ਸ਼ਿਵਪੁਰੀ ਤੋਂ ਗ੍ਰਿਫਤਾਰ ਕਰ ਕੇ ਕਾਰ ਰਾਹੀਂ ਬਿਹਾਰ ਲਿਆਂਦਾ ਜਾ ਰਿਹਾ ਦੋਸ਼ੀ ‘ਅਪੂਰਵਾ’ ਉਰਫ ‘ਦੀਪਕ’ ਰਸਤੇ ’ਚ ਟ੍ਰੈਫਿਕ ਜਾਮ ਦੇ ਦੌਰਾਨ ਗੱਡੀ ਤੋਂ ਉਤਰੇ 2 ਸਿਪਾਹੀਆਂ ਨੂੰ ਚਕਮਾ ਦੇ ਕੇ ਹੱਥਕੜੀ ਸਮੇਤ ਹੀ ਭੱਜ ਗਿਆ।
* 3 ਜੂਨ, 2023 ਨੂੰ ਸਹਿਰਸਾ (ਬਿਹਾਰ) ਦੇ ਪੁਲਸ ਥਾਣੇ ’ਚ ਬੰਦ ਇਕ ਦੋਸ਼ੀ ‘ਪ੍ਰਮੋਦ ਸਾਹ’ ਹੱਥਕੜੀ ਸਮੇਤ ਫਰਾਰ ਹੋ ਗਿਆ।
* 1 ਸਤੰਬਰ, 2023 ਨੂੰ ਮੁਰੈਨਾ (ਮੱਧ ਪ੍ਰਦੇਸ਼) ’ਚ ਅਦਾਲਤ ’ਚ ਪੇਸ਼ੀ ਦੇ ਬਾਅਦ ਟ੍ਰੇਨ ਰਾਹੀਂ ਧੌਲਪੁਰ ਵਾਪਸ ਲਿਆਂਦਾ ਜਾ ਰਿਹਾ ‘ਬਨੀਆ ਗੁੱਜਰ’ ਉਰਫ ‘ਅਜੀਤ’ ਗੱਡੀ ਹੌਲੀ ਹੋਣ ’ਤੇ ਆਪਣੀ ਸੁਰੱਖਿਆ ’ਚ ਤਾਇਨਾਤ ਸਿਪਾਹੀਆਂ ਨੂੰ ਉਲਟੀ ਆਉਣ ਦਾ ਨਾਟਕ ਕਰ ਕੇ ਇਕ ਸਿਪਾਹੀ ਨਾਲ ਵਾਸ਼ਬੇਸਿਨ ਤੱਕ ਗਿਆ ਅਤੇ ਫਿਰ ਉਸ ਨੂੰ ਚੱਲਦੀ ਗੱਡੀ ਤੋਂ ਹੇਠਾਂ ਧੱਕਾ ਦੇ ਕੇ ਖੁਦ ਵੀ ਹੱਥਕੜੀ ਸਮੇਤ ਛਾਲ ਮਾਰ ਕੇ ਫਰਾਰ ਹੋ ਗਿਆ।
* 30 ਨਵੰਬਰ, 2023 ਨੂੰ ਹਾਜੀਪੁਰ (ਬਿਹਾਰ) ’ਚ ਸ਼ਰਾਬਬੰਦੀ ਦੇ ਸਿਲਸਿਲੇ ’ਚ ਗ੍ਰਿਫਤਾਰ ਕੀਤਾ ਗਿਆ ਇਕ ਕੈਦੀ ‘ਇੰਦਰਜੀਤ ਕੁਮਾਰ’ ਪੁਲਸ ਨੂੰ ਧੱਕਾ ਦੇ ਕੇ ਹੱਥਕੜੀ ਸਮੇਤ ਫਰਾਰ ਹੋ ਗਿਆ ਅਤੇ ਪਿੱਛਾ ਕਰਨ ਦੇ ਬਾਵਜੂਦ ਪੁਲਸ ਉਸ ਨੂੰ ਫੜ ਨਹੀਂ ਸਕੀ।
* 30 ਨਵੰਬਰ, 2023 ਨੂੰ ਹੀ ਛਿੰਦਵਾੜਾ (ਮੱਧ ਪ੍ਰਦੇਸ਼) ’ਚ ਅਦਾਲਤ ਤੋਂ ਪੇਸ਼ੀ ਦੇ ਬਾਅਦ ਵਾਪਸ ਜੇਲ ਲਿਜਾਣ ਦੇ ਦੌਰਾਨ ਇਕ ਕੈਦੀ ਮੋਨੂੰ ਹੱਥਕੜੀ ਛੁਡਾ ਕੇ ਫਰਾਰ ਹੋ ਗਿਆ.
* 24 ਦਸੰਬਰ, 2023 ਨੂੰ ਰੋਹਤਾਸ ਨਗਰ (ਬਿਹਾਰ) ਥਾਣੇ ’ਚ ਹੱਤਿਆ ਤੇ ਹੋਰ ਕਈ ਅਪਰਾਧਿਕ ਮਾਮਲਿਆਂ ’ਚ ਬੰਦ ‘ਬਬਲੂ ਫਾਰੂਕੀ’ ਉਰਫ ‘ਬਬਲੀ’ ਪੁਲਸ ਨੂੰ ਚਕਮਾ ਦੇ ਕੇ ਥਾਣੇ ਦੀ ਚਾਰਦੀਵਾਰੀ ਟੱਪ ਕੇ ਹੱਥਕੜੀ ਸਮੇਤ ਭੱਜ ਗਿਆ।
* 26 ਜਨਵਰੀ, 2024 ਨੂੰ ਹਰਦਾ (ਛੱਤੀਸਗੜ੍ਹ) ’ਚ ਅਦਾਲਤ ’ਚ ਪੇਸ਼ੀ ਤੋਂ ਬਾਅਦ ਮੋਟਰਸਾਈਕਲ ’ਤੇ ਜ਼ਿਲਾ ਜੇਲ ਲਿਜਾਇਆ ਜਾ ਰਿਹਾ ਜਬਰ-ਜ਼ਨਾਹ ਦਾ ਦੋਸ਼ੀ ਪੁਲਸ ਨੂੰ ਚਕਮਾ ਦੇ ਕੇ ਹੱਥਕੜੀ ਸਮੇਤ ਚੱਲਦੇ ਮੋਟਰਸਾਈਕਲ ਤੋਂ ਛਾਲ ਮਾਰ ਕੇ ਭੱਜ ਗਿਆ।
* 31 ਜਨਵਰੀ, 2024 ਨੂੰ ਇੰਦੌਰ (ਮੱਧ ਪ੍ਰਦੇਸ਼) ਜ਼ਿਲਾ ਅਦਾਲਤ ’ਚ ਪੇਸ਼ੀ ਲਈ ਲਿਆਂਦਾ ਿਗਆ ਚੋਰੀ ਦੇ ਮਾਮਲੇ ’ਚ ਗ੍ਰਿਫਤਾਰ ‘ਫੈਜ਼ਲ’ ਨਾਂ ਦਾ ਦੋਸ਼ੀ ਅਦਾਲਤ ਵੱਲੋਂ ਉਸ ਦਾ ਜੇਲ ਵਾਰੰਟ ਕੱਟੇ ਜਾਣ ਦੀ ਗੱਲ ਸੁਣਦੇ ਹੀ ਆਪਣੀ ਨਿਗਰਾਨੀ ’ਚ ਤਾਇਨਾਤ ਪੁਲਸ ਜਵਾਨਾਂ ਨੂੰ ਧੱਕਾ ਮਾਰ ਕੇ ਹੱਥਕੜੀ ਸਮੇਤ ਭੱਜ ਗਿਆ।
* 5 ਫਰਵਰੀ, 2024 ਨੂੰ ਜ਼ੀਰਾ (ਪੰਜਾਬ) ਦੀ ਅਦਾਲਤ ’ਚ ਪੇਸ਼ੀ ਪਿੱਛੋਂ ਥਾਣੇ ’ਚ ਵਾਪਸ ਲਿਆਂਦੇ ਗਏ ਚੋਰੀ ਦੇ ਦੋਸ਼ੀ ਨਵਜੋਤ ਉਰਫ ਕਾਲੂ ਨੂੰ ਹੱਥਕੜੀ ਲਾ ਕੇ ਮੈੱਸ ਦੇ ਨਾਲ ਬਣੇ ਕਮਰੇ ’ਚ ਬਿਠਾਇਆ ਗਿਆ ਸੀ, ਜਿੱਥੋਂ ਉਹ ਹੱਥਕੜੀ ਲਾਹ ਕੇ ਪੌੜੀਆਂ ਰਾਹੀਂ ਛੱਤ ਦੇ ਰਸਤੇ ਫਰਾਰ ਹੋ ਗਿਆ।
* 6 ਫਰਵਰੀ, 2024 ਨੂੰ ਬਠਿੰਡਾ (ਪੰਜਾਬ) ਦੀ ਥਾਣਾ ਕੋਤਵਾਲੀ ’ਚ ਚੋਰੀ ਦੇ ਮਾਮਲੇ ’ਚ ਬੰਦ ਇਕ ਚੋਰ ਪੁਲਸ ਨੂੰ ਚਕਮਾ ਦੇ ਕੇ ਹੱਥਕੜੀ ਸਮੇਤ ਕੋਤਵਾਲੀ ਤੋਂ ਭੱਜ ਨਿਕਲਿਆ ਅਤੇ ਸ਼ਹਿਰ ਦੀਆਂ ਤੰਗ ਗਲੀਆਂ ’ਚ ਪੁਲਸ ਦੀ ਦੌੜ ਲਗਵਾਉਂਦਾ ਰਿਹਾ।
ਮਸੀਤ ਵਾਲੀ ਗਲੀ ’ਚ ਆਪਣੇ ਕੁਝ ਸਾਥੀਆਂ ਨਾਲ ਮਿਲ ਕੇ ਬਾਵਾ ਨਾਂ ਦੇ ਇਕ ਦੁਕਾਨਦਾਰ ਨੇ ਹਿੰਮਤ ਕਰ ਕੇ ਉਸ ਨੂੰ ਫੜ ਕੇ ਪੁਲਸ ਦੇ ਹਵਾਲੇ ਕਰ ਦਿੱਤਾ।
* 7 ਫਰਵਰੀ, 2024 ਨੂੰ ਭੋਪਾਲ (ਮੱਧ ਪ੍ਰਦੇਸ਼) ਦੀ ਅਦਾਲਤ ’ਚ ਪੇਸ਼ੀ ਤੋਂ ਬਾਅਦ ਹਸਪਤਾਲ ’ਚ ਡਾਕਟਰੀ ਜਾਂਚ ਲਈ ਲਿਆਂਦਾ ਗਿਆ ਜਬਰ-ਜ਼ਨਾਹ ਦਾ ਦੋਸ਼ੀ ‘ਵਿਸ਼ਨੂੰ ਅਹਿਰਵਾਰ’ ਪੁਲਸ ਮੁਲਾਜ਼ਮਾਂ ਨੂੰ ਚਕਮਾ ਦੇ ਕੇ ਹੱਥਕੜੀ ਸਮੇਤ ਭੱਜ ਗਿਆ।
ਇਨ੍ਹਾਂ ਦੇ ਇਲਾਵਾ ਵੀ ਪਤਾ ਨਹੀਂ ਅਜਿਹੀਆਂ ਕਿੰਨੀਆਂ ਘਟਨਾਵਾਂ ਹੋਈਆਂ ਹੋਣਗੀਆਂ ਜੋ ਸਾਹਮਣੇ ਨਹੀਂ ਆਈਆਂ। ਹਾਲਾਂਕਿ ਅਜਿਹੀ ਹਰ ਘਟਨਾ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਸੁਰੱਖਿਆ ਪ੍ਰਬੰਧ ਪਹਿਲਾਂ ਤੋਂ ਹੀ ਵੱਧ ਮਜ਼ਬੂਤ ਕਰਨ ਦੇ ਦਾਅਵੇ ਕੀਤੇ ਜਾਂਦੇ ਹਨ ਪਰ ਉਨ੍ਹਾਂ ਦਾ ਕੋਈ ਨਤੀਜਾ ਨਜ਼ਰ ਨਹੀਂ ਆਉਂਦਾ।
ਇਨ੍ਹਾਂ ਮਾਮਲਿਆਂ ’ਚ ਪੁਲਸ ਦੀ ਗੰਭੀਰ ਲਾਪ੍ਰਵਾਹੀ ਤਾਂ ਸਾਹਮਣੇ ਆਉਂਦੀ ਹੀ ਹੈ, ਇਹ ਮਾਮਲੇ ਅਪਰਾਧੀਆਂ ਦੀ ਸੁਰੱਖਿਆ ’ਚ ਤਾਇਨਾਤ ਪੁਲਸ ਮੁਲਾਜ਼ਮਾਂ ਦੀ ਕਾਰਗੁਜ਼ਾਰੀ ’ਤੇ ਵੀ ਸਵਾਲੀਆ ਨਿਸ਼ਾਨ ਲਾਉਂਦੇ ਹਨ। ਇਸ ਲਈ ਪੁਲਸ ਵਿਭਾਗ ਅੰਦਰ ਆਈਆਂ ਕਮਜ਼ੋਰੀਆਂ ਨੂੰ ਤੁਰੰਤ ਦੂਰ ਕਰਨ ਦੀ ਲੋੜ ਹੈ।
- ਵਿਜੇ ਕੁਮਾਰ