ਹੁਣ ਪਾਕਿ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੇ ਵੀ ਮੰਨਿਆ ‘ਅੱਤਵਾਦੀ ਬਣੇ ਦੇਸ਼ ਦੇ ਲਈ ਖਤਰਾ’

Wednesday, Feb 01, 2023 - 12:59 AM (IST)

ਹੁਣ ਪਾਕਿ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੇ ਵੀ ਮੰਨਿਆ ‘ਅੱਤਵਾਦੀ ਬਣੇ ਦੇਸ਼ ਦੇ ਲਈ ਖਤਰਾ’

ਪਾਕਿਸਤਾਨ ਇਸ ਸਮੇਂ ਹੋਂਦ ਵਿਚ ਆਉਣ ਦੇ ਬਾਅਦ ਦੇ ਆਪਣੇ ਸਭ ਤੋਂ ਬੁਰੇ ਦੌਰ ਵਿਚੋਂ ਲੰਘ ਰਿਹਾ ਹੈ। ਕੁਝ ਸਮਾਂ ਪਹਿਲਾਂ ਆਏ ਹੜ੍ਹ ਨਾਲ ਹੋਏ ਅਰਬਾਂ ਰੁਪਏ ਦੇ ਨੁਕਸਾਨ ਤੋਂ ਦੇਸ਼ ਅਜੇ ਤੱਕ ਉਭਰ ਨਹੀਂ ਸਕਿਆ ਹੈ ਅਤੇ ਪਹਿਲਾਂ ਤੋਂ ਹੀ ਖਜ਼ਾਨਾ ਖਾਲੀ ਹੋਣ ਦੇ ਕਾਰਨ ਇਸਦੇ ਹਾਕਮਾਂ ਦੀਆਂ ਮੁਸ਼ਕਲਾਂ ਹੋਰ ਵੀ ਵਧ ਗਈਆਂ ਹਨ।

ਇਸ ਤਰ੍ਹਾਂ ਦੇ ਹਾਲਾਤ ਦੇ ਦਰਮਿਆਨ ਇਕ ਪਾਸੇ ਪਾਕਿਸਤਾਨ ਦੀ ਸਰਕਾਰ ਨੂੰ ਗਰੀਬੀ ਅਤੇ ਮਹਿੰਗਾਈ ਵਰਗੀਆਂ ਸਮੱਸਿਆਵਾਂ ਅਤੇ ਦੂਜੇ ਪਾਸੇ ਆਪਣੇ ਹੀ ਪਾਲੇ ਹੋਏ ਅੱਤਵਾਦੀਆਂ ਦੇ ਲਗਾਤਾਰ ਵਧ ਰਹੇ ਹਮਲਿਆਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ।

ਵਰਣਨਯੋਗ ਹੈ ਕਿ 2007 ਵਿਚ ਵੱਖ-ਵੱਖ ਅੱਤਵਾਦੀ ਗਿਰੋਹਾਂ ਨੇ ਉਥੋਂ ਦੀ ਫੌਜ ਦਾ ਮੁਕਾਬਲਾ ਕਰਨ ਲਈ ‘ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ. ਟੀ. ਪੀ.) ਦਾ ਗਠਨ ਕੀਤਾ ਸੀ। ਇਹ ਅੱਤਵਾਦੀ ਸੰਗਠਨ ‘ਅਲ ਕਾਇਦਾ’ ਦਾ ਕਰੀਬੀ ਹੈ।

ਸਾਲ 2009 ’ਚ ਇਸ ਨੇ ਪਾਕਿਸਤਾਨ ਦੇ ਫੌਜੀ ਹੈੱਡਕੁਆਰਟਰ ’ਤੇ ਹਮਲਾ ਕਰ ਕੇ 9 ਫੌਜੀਅਾਂ ਅਤੇ 2 ਹੋਰ ਵਿਅਕਤੀਅਾਂ ਨੂੰ ਮਾਰ ਦਿੱਤਾ। ਫਿਰ 2014 ’ਚ ਇਸੇ ਸੰਗਠਨ ਨੇ ਪੇਸ਼ਾਵਰ ਦੇ ਫੌਜੀ ਸਕੂਲ ’ਤੇ ਹਮਲਾ ਕਰ ਕੇ 131 ਵਿਦਿਆਰਥੀਆਂ ਸਮੇਤ 150 ਵਿਅਕਤੀਆਂ ਦੀ ਜਾਨ ਲੈ ਲਈ ਸੀ ਅਤੇ ਬੀਤੇ ਸਾਲ ਪੇਸ਼ਾਵਰ ਦੇ ਹੀ ‘ਕੂਚਾ ਰਿਸਾਲਦਾਰ’ ’ਚ ਸਥਿਤ ਇਕ ਸ਼ੀਆ ਮਸਜਿਦ ’ਤੇ ਹਮਲਾ ਕਰ ਕੇ 63 ਵਿਅਕਤੀਆਂ ਨੂੰ ਮਾਰ ਦਿੱਤਾ ਸੀ।

ਅਜਿਹੇ ਮਾਹੌਲ ’ਚ 2021 ’ਚ ਅਫਗਾਨਿਸਤਾਨ ’ਤੇ ਕਬਜ਼ਾ ਕਰਨ ਦੇ ਬਾਅਦ ਅਫਗਾਨ ਤਾਲਿਬਾਨ, ਪਾਕਿਸਤਾਨ ਸਰਕਾਰ ਅਤੇ ਟੀ. ਟੀ. ਪੀ. ਦੇ ਦਰਮਿਆਨ ਸ਼ਾਂਤੀ ਵਾਰਤਾ ਦੇ ਬਾਅਦ ਪਾਕਿਸਤਾਨ ਸਰਕਾਰ ਅਤੇ ਟੀ. ਟੀ. ਪੀ. ’ਚ ਗੋਲੀਬੰਦੀ ਹੋਈ ਸੀ।

ਪਰ 28 ਨਵੰਬਰ, 2022 ਨੂੰ ਟੀ. ਟੀ. ਪੀ. ਨੇ ਪਾਕਿਸਤਾਨ ਸਰਕਾਰ ਦੇ ਨਾਲ ਗੋਲੀਬੰਦੀ ਖਤਮ ਕਰ ਕੇ ਦੇਸ਼ ’ਚ ਅੱਤਵਾਦੀ ਹਮਲੇ ਕਰਨ ਦੀ ਸਹੁੰ ਖਾਣ ਦੇ ਬਾਅਦ ਤੋਂ ਉਥੇ ਸਰਕਾਰੀ ਸੰਸਥਾਨਾਂ ’ਤੇ ਹਮਲੇ ਹੋਰ ਤੇਜ਼ ਕਰ ਿਦੱਤੇ :

* 06 ਜਨਵਰੀ, 2023 ਨੂੰ ਖੈਬਰ ਪਖਤੂਨਖਵਾ ਸੂਬੇ ਦੇ ਇਕ ਥਾਣੇ ਅਤੇ ਪੋਲੀਓ ਟੀਕਾਕਰਨ ਮੁਲਾਜ਼ਮਾਂ ਦੇ ਸੁਰੱਖਿਆ ਦਸਤੇ ’ਤੇ ਹਮਲਾ ਕਰ ਕੇ ਅੱਤਵਾਦੀਆਂ ਨੇ 3 ਵਿਅਕਤੀਆਂ ਦੀ ਹੱਤਿਆ ਅਤੇ ਕਈ ਹੋਰਨਾਂ ਨੂੰ ਜ਼ਖਮੀ ਕਰ ਦਿੱਤਾ।

* 11 ਜਨਵਰੀ, 2023 ਨੂੰ ਖੈਬਰ ਪਖਤੂਨਖਵਾ ਦੇ ‘ਡੇਰਾ ਇਸਮਾਈਲ ਖਾਂ’ ’ਚ ਅੱਤਵਾਦੀਆਂ ਨੇ ਬੰਦੂਕਾਂ ਅਤੇ ਮਿਜ਼ਾਈਲਾਂ ਨਾਲ ਹਮਲਾ ਕਰ ਦਿੱਤਾ।

* 14 ਜਨਵਰੀ, 2023 ਨੂੰ ਪੇਸ਼ਾਵਰ ਦੇ ਸਰਬੰਦ ਇਲਾਕੇ ’ਚ ਹੈਂਡ ਗ੍ਰਨੇਡ ਅਤੇ ਨਾਈਟ ਵਿਜ਼ਨ ਗਾਗਲਸ ਨਾਲ ਲੈਸ ਅੱਤਵਾਦੀਆਂ ਨੇ ਇਕ ਡੀ. ਐੱਸ. ਪੀ. ਅਤੇ 2 ਹੋਰ ਪੁਲਸ ਮੁਲਾਜ਼ਮਾਂ ਨੂੰ ਮਾਰ ਦਿੱਤਾ।

* 18 ਜਨਵਰੀ, 2023 ਨੂੰ ਬਲੋਚਿਸਤਾਨ ਸੂਬੇ ’ਚ ਅੱਤਵਾਦੀਆਂ ਨੇ ਪਾਕਿਸਤਾਨੀ ਸੁਰੱਖਿਆ ਬਲਾਂ ਦੇ ਕਾਫਲੇ ’ਤੇ ਹਮਲਾ ਕਰ ਕੇ 4 ਫੌਜੀਆਂ ਨੂੰ ਮਾਰ ਦਿੱਤਾ।

* 20 ਜਨਵਰੀ, 2023 ਨੂੰ ਬਲੋਚਿਸਤਾਨ ਦੇ ਬੋਲਾਨ ਜ਼ਿਲੇ ’ਚ ਇਕ ਰੇਲ ਪਟੜੀ ਦੇ ਨੇੜੇ ਧਮਾਕੇ ’ਚ 8 ਵਿਅਕਤੀ ਜ਼ਖਮੀ ਹੋ ਗਏ।

* 27 ਜਨਵਰੀ, 2023 ਨੂੰ ਬਲੋਚਿਸਤਾਨ ਦੇ ‘ਅਵਾਰਨ’ ਜ਼ਿਲੇ ਦੇ ‘ਕੋਲਵਾ’ ਸ਼ਹਿਰ ’ਚ ਅੱਤਵਾਦੀਆਂ ਦੇ ਹਮਲੇ ’ਚ 3 ਫੌਜੀ ਅਧਿਕਾਰੀ ਜ਼ਖਮੀ ਹੋ ਗਏ।

ਅਤੇ ਹੁਣ 30 ਜਨਵਰੀ ਨੂੰ ਖੈਬਰ ਪਖਤੂਨਖਵਾ ਸੂਬੇ ਦੇ ਪੇਸ਼ਾਵਰ ’ਚ 4 ਪੱਧਰੀ ਸੁਰੱਖਿਆ ਵਾਲੀ ਮਸਜਿਦ ’ਚ ਦੁਪਹਿਰ ਦੀ ਨਮਾਜ਼ ਦੇ ਸਮੇਂ ਟੀ. ਟੀ. ਪੀ. ਦੇ ਭਿਆਨਕ ਆਤਮਘਾਤੀ ਹਮਲੇ ’ਚ 100 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ ’ਚ ਵਧੇਰੇ ਪੁਲਸ ਵਿਭਾਗ ਦੇ ਅਧਿਕਾਰੀ, ਮੁਲਾਜ਼ਮ ਅਤੇ ਫੌਜੀ ਸ਼ਾਮਲ ਹਨ।

ਵਰਨਣਯੋਗ ਹੈ ਕਿ ਇਸ ਮਸਜਿਦ ਦੇ ਨੇੜੇ ਹੀ ਪੇਸ਼ਾਵਰ ਦੇ ਪੁਲਸ ਸੁਪਰਿੰਟੈਂਡੈਂਟ ਦੇ ਦਫਤਰ ਦੇ ਬਾਹਰ ਹੋਰ ਕਈ ਸਰਕਾਰੀ ਦਫਤਰ ਸਥਿਤ ਹਨ। ਅੱਤਵਾਦੀ ਪ੍ਰਭਾਵਿਤ ਇਲਾਕਾ ਹੋਣ ਕਾਰਨ ਉੱਥੇ ਸਖਤ ਸੁਰੱਖਿਆ ਰਹਿੰਦੀ ਹੈ।

ਅਜਿਹੇ ’ਚ ਸੁਰੱਖਿਆ ਬਲਾਂ ਦੇ ਅਧਿਕਾਰੀ ਹੈਰਾਨ ਹਨ ਕਿ ਆਤਮਘਾਤੀ ਹਮਲਾਵਰ ਚਾਰੇ ਸੁਰੱਖਿਆ ਘੇਰਿਆਂ ਨੂੰ ਪਾਰ ਕਰ ਕੇ ਅੰਦਰ ਤੱਕ ਪਹਿਲੀ ਲਾਈਨ ’ਚ ਕਿਵੇਂ ਪਹੁੰਚ ਗਿਆ।

ਬੀਤੇ ਸਾਲ ਅਗਸਤ ’ਚ ਅਫਗਾਨਿਸਤਾਨ ’ਚ ਮਾਰੇ ਗਏ ਟੀ. ਟੀ. ਪੀ. ਦੇ ਕਮਾਂਡਰ ਉਮਰ ਖਾਲਿਦ ਖੁਰਾਸਾਨੀ ਦੇ ਭਰਾ ਨੇ ਦਾਅਵਾ ਕੀਤਾ ਹੈ ਕਿ ਇਹ ਹਮਲਾ ਉਸ ਦੇ ਭਰਾ ਦੀ ਮੌਤ ਦਾ ਬਦਲਾ ਲੈਣ ਲਈ ਕੀਤਾ ਗਿਆ।

ਸਥਿਤੀ ਇੰਨੀ ਗੰਭੀਰ ਹੋ ਗਈ ਹੈ ਕਿ ਹੁਣ ਤਾਂ ਖੁਦ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਵੀ ਕੁਝ ਦਿਨ ਪਹਿਲਾਂ ਇਹ ਕਹਿਣ ਲਈ ਮਜਬੂਰ ਹੋ ਗਏ ਕਿ ਅੱਤਵਾਦ ਦੇਸ਼ ਦੇ ਲਈ ਫਿਰ ਤੋਂ ਖਤਰਾ ਬਣ ਗਿਆ ਹੈ।

ਇਸ ਘਟਨਾਕ੍ਰਮ ’ਚ ਪਾਕਿਸਤਾਨ ਦੇ ਹਾਕਮਾਂ ਦੇ ਲਈ ਸਪੱਸ਼ਟ ਸੰਦੇਸ਼ ਲੁਕਿਆ ਹੈ ਕਿ ਜਦੋਂ ਤੱਕ ਪਾਕਿਸਤਾਨ ਦੀ ਸਰਕਾਰ ਅਤੇ ਫੌਜ ਆਪਣੇ ਨਿੱਜੀ ਸਵਾਰਥਾਂ ਤੋਂ ਉੱਤੇ ਉੱਠ ਕੇ ਅੱਤਵਾਦੀਆਂ ਦੇ ਵਿਰੁੱਧ ਸਖਤ ਕਾਰਵਾਈ ਨਹੀਂ ਕਰੇਗੀ ਉਦੋਂ ਤੱਕ ਉੱਥੇ ਸ਼ਾਂਤੀ ਸਥਾਪਿਤ ਨਹੀਂ ਹੋ ਸਕਦੀ।

ਸਿਆਸਤਦਾਨਾਂ ਦੀ ਸਮਝ ’ਚ ਤਾਂ ਇਹ ਗੱਲ ਕੁਝ-ਕੁਝ ਆਉਣ ਲੱਗੀ ਹੈ ਪਰ ਕੀ ਪਾਕਿਸਤਾਨ ਦੀ ਫੌਜ ਦੇ ਆਕਾ ਵੀ ਇਸ ਹਕੀਕਤ ਨੂੰ ਪ੍ਰਵਾਨ ਕਰਨਗੇ ਕਿਉਂਕਿ ਅਸਲ ਸ਼ਕਤੀ ਤਾਂ ਉਨ੍ਹਾਂ ਦੇ ਹੱਥ ’ਚ ਹੀ ਹੈ!

-ਵਿਜੇ ਕੁਮਾਰ


author

Anmol Tagra

Content Editor

Related News