ਪਾਕਿਸਤਾਨ ਦੀਆਂ ਮੁਸੀਬਤਾਂ ਲਈ ਨਵਾਜ਼ ਸ਼ਰੀਫ ਨੇ ਫੌਜ ਅਤੇ ਨਿਆਪਾਲਿਕਾ ਨੂੰ ਠਹਿਰਾਇਆ ਜ਼ਿੰਮੇਵਾਰ

Thursday, Dec 21, 2023 - 05:57 AM (IST)

ਪਾਕਿਸਤਾਨ ਦੀਆਂ ਮੁਸੀਬਤਾਂ ਲਈ ਨਵਾਜ਼ ਸ਼ਰੀਫ ਨੇ ਫੌਜ ਅਤੇ ਨਿਆਪਾਲਿਕਾ ਨੂੰ ਠਹਿਰਾਇਆ ਜ਼ਿੰਮੇਵਾਰ

4 ਸਾਲ ਲੰਡਨ ’ਚ ਰਹੇ ਸਾਬਕਾ ਪ੍ਰਧਾਨ ਮੰਤਰੀ ਅਤੇ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ. ਐੱਮ. ਐੱਲ.-ਐੱਨ.) ਸੁਪਰੀਮੋ ਨਵਾਜ਼ ਸ਼ਰੀਫ ਦੀ ਬੀਤੇ ਅਕਤੂਬਰ ਮਹੀਨੇ ’ਚ ਸਵਦੇਸ਼ ਵਾਪਸੀ ਅਤੇ ਉੱਥੇ 8 ਫਰਵਰੀ, 2024 ਨੂੰ ਹੋਣ ਵਾਲੀਆਂ ਆਮ ਚੋਣਾਂ ਨੂੰ ਧਿਆਨ ’ਚ ਰੱਖਦਿਆਂ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ।

ਅਜਿਹੇ ਮਾਹੌਲ ਦਰਮਿਆਨ ਸ਼ੁਰੂ ਤੋਂ ਹੀ ਭਾਰਤ ਨਾਲ ਚੰਗੇ ਸਬੰਧਾਂ ਦੇ ਹਮਾਇਤੀ ਅਤੇ ਚੌਥੀ ਵਾਰ ਪਾਕਿਸਤਾਨ ਦਾ ਪ੍ਰਧਾਨ ਮੰਤਰੀ ਬਣਨ ਲਈ ਯਤਨਸ਼ੀਲ ਨਵਾਜ਼ ਸ਼ਰੀਫ ਆਪਣੇ ਭਾਸ਼ਣਾਂ ’ਚ ਦੇਸ਼ ਨੂੰ ਦਰਪੇਸ਼ ਭਾਰੀ ਆਰਥਿਕ ਸੰਕਟ ਅਤੇ ਹੋਰਨਾਂ ਸਮੱਸਿਆਵਾਂ ਲਈ ਸਿੱਧੇ ਤੌਰ ’ਤੇ ਆਪਣੇ ਦੇਸ਼ ਦੀ ਸ਼ਕਤੀਸ਼ਾਲੀ ਫੌਜ ’ਤੇ ਨਿਸ਼ਾਨਾ ਵਿੰਨ੍ਹ ਰਹੇ ਹਨ।

ਇਸੇ ਸਿਲਸਿਲੇ ’ਚ 9 ਦਸੰਬਰ ਨੂੰ ਨਵਾਜ਼ ਸ਼ਰੀਫ ਨੇ ਕਿਹਾ ਕਿ ਕਾਰਗਿਲ ਦਾ ਵਿਰੋਧ ਕਰਨ ਅਤੇ ਇਹ ਮੰਨਣ ਕਾਰਨ ਕਿ ਪਾਕਿਸਤਾਨ ਨੂੰ ਭਾਰਤ ਨਾਲ ਵਧੀਆ ਸਬੰਧਾਂ ਦੀ ਲੋੜ ਹੈ, ਸਾਬਕਾ ਫੌਜ ਮੁਖੀ ਪ੍ਰਵੇਜ਼ ਮੁਸ਼ੱਰਫ ਨੇ 1999 ’ਚ ਉਨ੍ਹਾਂ ਨੂੰ ਸਰਕਾਰ ਤੋਂ ਬਾਹਰ ਕਰ ਦਿੱਤਾ ਸੀ।

ਨਵਾਜ਼ ਸ਼ਰੀਫ ਨੇ ਕਿਹਾ, ‘‘ਜਦੋਂ ਮੈਂ ਕਾਰਗਿਲ ਯੋਜਨਾ ਦਾ ਵਿਰੋਧ ਕਰਦੇ ਹੋਏ ਕਿਹਾ ਸੀ ਕਿ ਅਜਿਹਾ ਨਹੀਂ ਹੋਣਾ ਚਾਹੀਦਾ ਤਾਂ ਮੈਨੂੰ (ਪ੍ਰਵੇਜ਼ ਮੁਸ਼ੱਰਫ ਨੇ) ਸਰਕਾਰ ਤੋਂ ਬਾਹਰ ਕਰ ਦਿੱਤਾ ਅਤੇ ਬਾਅਦ ’ਚ ਮੈਂ ਜੋ ਕੁਝ ਕਿਹਾ ਉਹ ਠੀਕ ਸਾਬਤ ਹੋਇਆ। ਪ੍ਰਧਾਨ ਮੰਤਰੀ ਵਜੋਂ ਮੇਰੇ ਕਾਰਜਕਾਲ ਦੌਰਾਨ 2 ਭਾਰਤੀ ਪ੍ਰਧਾਨ ਮੰਤਰੀਆਂ ਨੇ ਪਾਕਿਸਤਾਨ ਦਾ ਦੌਰਾ ਕੀਤਾ। ਮੋਦੀ ਸਾਹਿਬ ਅਤੇ ਵਾਜਪਾਈ ਸਾਹਿਬ ਲਾਹੌਰ ਆਏ।’’

ਇਸ ਦੇ ਨਾਲ ਹੀ ਨਵਾਜ਼ ਸ਼ਰੀਫ ਨੇ 2017 ’ਚ ਉਨ੍ਹਾਂ ਦੀ ਸਰਕਾਰ ਨੂੰ ਡੇਗ ਕੇ ਦੇਸ਼ ਬਰਬਾਦ ਕਰਨ ਲਈ ਫੌਜ ਦੇ ਸਾਬਕਾ ਜਨਰਲਾਂ ਅਤੇ ਜੱਜਾਂ ’ਤੇ ਦੋਸ਼ ਲਾਏ ਅਤੇ ਕਿਹਾ, ‘‘ਸਾਬਕਾ ਫੌਜੀ ਜਨਰਲਾਂ ਅਤੇ ਸਾਬਕਾ ਜੱਜਾਂ ਦੀ ਜਵਾਬਦੇਹੀ ਤੈਅ ਕਰਨੀ ਚਾਹੀਦੀ ਹੈ, ਜੋ ਦੇਸ਼ ਨੂੰ ਇਸ ਦਰਜੇ ’ਤੇ ਲੈ ਆਏ।’’

ਉਨ੍ਹਾਂ ਅੱਗੇ ਕਿਹਾ ਕਿ, ‘‘ਦੇਸ਼ਭਗਤ ਲੋਕ ਆਪਣੇ ਦੇਸ਼ ਨਾਲ ਅਜਿਹਾ ਨਹੀਂ ਕਰ ਸਕਦੇ। ਅਸੀਂ ਲਗਜ਼ਰੀ ਕਾਰਾਂ ’ਚ ਘੁੰਮਣ ਲਈ ਸੱਤਾ ’ਚ ਨਹੀਂ ਆਉਣਾ ਚਾਹੁੰਦੇ ਸਗੋਂ ਅਸੀਂ ਉਨ੍ਹਾਂ ਲੋਕਾਂ ਦੀ ਜਵਾਬਦੇਹੀ ਚਾਹੁੰਦੇ ਹਾਂ ਜਿਨ੍ਹਾਂ ਨੇ ਇਸ ਦੇਸ਼ ਨੂੰ ਬਰਬਾਦ ਕੀਤਾ ਅਤੇ ਸਾਡੇ ਵਿਰੁੱਧ ਝੂਠੇ ਮਾਮਲੇ ਬਣਾਏ।’’

ਅਤੇ ਹੁਣ 19 ਦਸੰਬਰ ਨੂੰ ਉਨ੍ਹਾਂ ਨੇ ਇਕ ਵਾਰ ਮੁੜ ਆਪਣੇ ਦੋਸ਼ ਦੁਹਰਾਉਂਦੇ ਹੋਏ ਕਿਹਾ ਹੈ ਕਿ ‘‘ਆਰਥਿਕ ਸੰਕਟ ਨਾਲ ਜੂਝ ਰਹੇ ਸਾਡੇ ਦੇਸ਼ ਦੀਆਂ ਪ੍ਰੇਸ਼ਾਨੀਆਂ ਲਈ ਨਾ ਤਾਂ ਭਾਰਤ ਜ਼ਿੰਮੇਵਾਰ ਹੈ ਅਤੇ ਨਾ ਹੀ ਅਮਰੀਕਾ, ਸਗੋਂ ਅਸੀਂ ਆਪਣੇ ਪੈਰਾਂ ’ਤੇ ਖੁਦ ਕੁਹਾੜੀ ਮਾਰੀ ਹੈ।’’

ਉਨ੍ਹਾਂ ਕਿਹਾ, ‘‘ਫੌਜ ਨੇ 2018 ਦੀਆਂ ਚੋਣਾਂ ’ਚ ਧਾਂਦਲੀ ਕਰ ਕੇ ਆਪਣੀ ਇਕ ਚੁਣੀ ਹੋਈ (ਪਸੰਦ ਵਾਲੀ) ਸਰਕਾਰ ਦੇਸ਼ ’ਤੇ ਠੋਸ ਦਿੱਤੀ ਜਿਸ ਕਾਰਨ ਆਮ ਲੋਕ ਪ੍ਰੇਸ਼ਾਨ ਹੋਏ ਅਤੇ ਦੇਸ਼ ਦੀ ਅਰਥਵਿਵਸਥਾ ਦੀ ਸਥਿਤੀ ਖਰਾਬ ਹੋਈ।’’

ਨਵਾਜ਼ ਸ਼ਰੀਫ ਨੇ ਫੌਜੀ ਤਾਨਾਸ਼ਾਹਾਂ ਦੇ ਰਾਜ ਨੂੰ ਜਾਇਜ਼ ਠਹਿਰਾਉਣ ਲਈ ਆਪਣੇ ਦੇਸ਼ ਦੇ ਸਾਬਕਾ ਜੱਜਾਂ ਦੀ ਆਲੋਚਨਾ ਕਰਦੇ ਹੋਏ ਕਿਹਾ, ‘‘ਜਦੋਂ ਉਹ ਸੰਵਿਧਾਨ ਤੋੜਦੇ ਸਨ ਤਾਂ ਸਾਬਕਾ ਜੱਜ ਉਨ੍ਹਾਂ (ਫੌਜੀ ਤਾਨਾਸ਼ਾਹਾਂ) ਨੂੰ ਮਾਲਾ ਪਹਿਨਾਉਂਦੇ ਰਹੇ ਅਤੇ ਉਨ੍ਹਾਂ ਦੇ ਰਾਜ ਨੂੰ ਜਾਇਜ਼ ਠਹਿਰਾਉਂਦੇ ਸਨ ਅਤੇ ਜਦੋਂ ਗੱਲ ਪ੍ਰਧਾਨ ਮੰਤਰੀ ਦੀ ਆਉਂਦੀ ਸੀ ਤਾਂ ਉਹ ਉਸ ਨੂੰ ਅਹੁਦੇ ਤੋਂ ਹਟਾਉਣ ’ਤੇ ਮੋਹਰ ਲਾ ਦਿੰਦੇ ਸਨ। ਸਾਬਕਾ ਜੱਜ ਸੰਸਦ ਨੂੰ ਭੰਗ ਕਰਨ ਦੇ ਕੰਮ ਨੂੰ ਵੀ ਪ੍ਰਵਾਨਗੀ ਦਿੰਦੇ ਰਹੇ...ਕਿਉਂ?’’

ਨਵਾਜ਼ ਸ਼ਰੀਫ ਨੇ ਕਿਹਾ ਕਿ ਉਨ੍ਹਾਂ ਨੂੰ 1993, 1999 ਅਤੇ 2017 ’ਚ ਸੱਤਾ ਤੋਂ ਬੇਦਖਲ ਕੀਤਾ ਗਿਆ। ਉਨ੍ਹਾਂ ਦੋਸ਼ ਲਾਇਆ ਕਿ ‘‘2014-17 ਤੱਕ ਫੌਜ ਦੀ ਕਮਾਨ ਸੰਭਾਲਣ ਵਾਲਿਆਂ ਨੇ ਦੇਸ਼ ਦੇ ਸੀਨੀਅਰ ਜੱਜਾਂ ਨੂੰ ਮਜਬੂਰ ਕੀਤਾ ਸੀ। ਫੌਜ ਨੇ ਸੀਨੀਅਰ ਜੱਜਾਂ ਦੇ ਨਿਵਾਸ ਅਸਥਾਨਾਂ ਦਾ ਦੌਰਾ ਕੀਤਾ ਅਤੇ ਉਨ੍ਹਾਂ ਨੂੰ ਧਮਕਾ ਕੇ ਜ਼ਬਰਦਸਤੀ ਮੇਰੇ ਵਿਰੁੱਧ ਜ਼ਰੂਰੀ ਅਦਾਲਤੀ ਫੈਸਲੇ ਹਾਸਲ ਕੀਤੇ।’’

ਨਵਾਜ਼ ਸ਼ਰੀਫ ਦੇ ਉਕਤ ਬਿਆਨਾਂ ਤੋਂ ਸਪੱਸ਼ਟ ਹੈ ਕਿ ਜਿੱਥੇ ਪਾਕਿਸਤਾਨ ਦੇ ਹੁਕਮਰਾਨਾਂ ਦਾ ਇਕ ਵਰਗ ਫੌਜ ਦੀ ਕਠਪੁਤਲੀ ਬਣ ਕੇ ਸਮਾਜ ਅਤੇ ਦੇਸ਼ ਵਿਰੋਧੀ ਕੰਮ ਕਰਨ ਤੋਂ ਅਜੇ ਵੀ ਬਾਜ਼ ਨਹੀਂ ਆ ਰਿਹਾ, ਉੱਥੇ ਸਮੱਸਿਆਵਾਂ ਨਾਲ ਘਿਰੇ ਇਸ ਦੇਸ਼ ’ਚ ਅਜਿਹੇ ਨੇਤਾ (ਨਵਾਜ਼ ਸ਼ਰੀਫ) ਅਜੇ ਮੌਜੂਦ ਹਨ ਜੋ ਦੇਸ਼ ਨੂੰ ਮੌਜੂਦਾ ਸੰਕਟ ’ਚੋਂ ਕੱਢ ਕੇ ਇਸ ਨੂੰ ਖੁਸ਼ਹਾਲ ਦੇਸ਼ ਬਣਾਉਣਾ ਚਾਹੁੰਦੇ ਹਨ। 

- ਵਿਜੇ ਕੁਮਾਰ


author

Anmol Tagra

Content Editor

Related News