ਸੀਨੀਅਰ ਪੱਤਰਕਾਰ ਸ਼੍ਰੀ ਕੁਲਦੀਪ ਨਈਅਰ ਦਾ ਦਿਹਾਂਤ
Friday, Aug 24, 2018 - 03:38 AM (IST)

ਦੇਸ਼ ਲਈ ਇਹ ਸਾਲ ਕਈ ਬੁਰੀਆਂ ਖ਼ਬਰਾਂ ਵਾਲਾ ਰਿਹਾ ਹੈ। ਸਿਰਫ ਇਸੇ ਮਹੀਨੇ ਅਸੀਂ ਡੀ. ਐੱਮ. ਕੇ. ਦੇ ਨੇਤਾ ਐੱਮ. ਕਰੁਣਾਨਿਧੀ, ਲੋਕ ਸਭਾ ਦੇ ਸਾਬਕਾ ਸਪੀਕਰ ਸੋਮਨਾਥ ਚੈਟਰਜੀ, ਸੀਨੀਅਰ ਭਾਜਪਾ ਨੇਤਾ ਅਤੇ ਛੱਤੀਸਗੜ੍ਹ ਦੇ ਰਾਜਪਾਲ ਬਲਰਾਮਜੀ ਦਾਸ ਟੰਡਨ, ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਅਟਲ ਬਿਹਾਰੀ ਵਾਜਪਾਈ ਅਤੇ ਕਾਂਗਰਸੀ ਨੇਤਾ ਗੁਰੂ ਦਾਸ ਕਾਮਤ ਨੂੰ ਗੁਆ ਲਿਆ।
ਅਤੇ ਹੁਣ 'ਪੰਜਾਬ ਕੇਸਰੀ ਗਰੁੱਪ' ਦੇ ਜਾਣੇ-ਪਛਾਣੇ ਲੇਖਕ ਅਤੇ ਸੀਨੀਅਰ ਪੱਤਰਕਾਰ, ਸੋਸ਼ਲ ਵਰਕਰ ਅਤੇ ਡਿਪਲੋਮੈਟ ਸ਼੍ਰੀ ਕੁਲਦੀਪ ਨਈਅਰ ਦਾ ਬੁੱਧਵਾਰ 22 ਅਗਸਤ ਨੂੰ ਦੇਰ ਰਾਤ 95 ਸਾਲ ਦੀ ਉਮਰ ਵਿਚ ਸੰਖੇਪ ਬੀਮਾਰੀ ਤੋਂ ਬਾਅਦ ਦਿਹਾਂਤ ਹੋ ਗਿਆ।
14 ਅਗਸਤ 1923 ਨੂੰ ਸਿਆਲਕੋਟ (ਪਾਕਿਸਤਾਨ) ਦੇ ਟਰੰਕ ਬਾਜ਼ਾਰ ਵਿਚ ਜਨਮੇ ਕੁਲਦੀਪ ਨਈਅਰ ਨੇ ਸਕੂਲੀ ਸਿੱਖਿਆ ਸਿਆਲਕੋਟ ਵਿਚ ਹਾਸਿਲ ਕੀਤੀ ਅਤੇ ਲਾਹੌਰ ਤੋਂ ਕਾਨੂੰਨ ਦੀ ਡਿਗਰੀ ਲੈ ਕੇ ਇਕ ਸਕਾਲਰਸ਼ਿਪ ਮਿਲਣ 'ਤੇ ਅਮਰੀਕਾ ਦੀ ਨਾਰਥ ਵੈਸਟਰਨ ਯੂਨੀਵਰਸਿਟੀ ਤੋਂ ਪੱਤਰਕਾਰੀ ਦੀ ਡਿਗਰੀ ਲੈਣ ਤੋਂ ਇਲਾਵਾ ਦਰਸ਼ਨ ਸ਼ਾਸਤਰ ਵਿਚ ਪੀ. ਐੱਚ. ਡੀ. ਕੀਤੀ।
ਉਨ੍ਹਾਂ ਨੇ ਆਪਣਾ ਕੈਰੀਅਰ ਲਾਹੌਰ ਵਿਚ ਉਰਦੂ ਅਖ਼ਬਾਰ 'ਅੰਜਾਮ' ਤੋਂ ਬਤੌਰ ਉਰਦੂ ਪ੍ਰੈੱਸ ਰਿਪੋਰਟਰ ਸ਼ੁਰੂ ਕੀਤਾ ਸੀ। 13 ਸਤੰਬਰ 1947 ਨੂੰ ਇਨ੍ਹਾਂ ਦਾ ਪਰਿਵਾਰ ਦੋ ਕੱਪੜਿਆਂ ਵਿਚ ਦਿੱਲੀ ਦੇ ਸ਼ਰਨਾਰਥੀ ਕੈਂਪ ਵਿਚ ਆ ਗਿਆ ਅਤੇ ਉਸ ਤੋਂ ਬਾਅਦ ਇਹ ਜਲੰਧਰ ਆ ਗਏ।
ਜਲੰਧਰ ਵਿਚ ਉਹ ਭਾਰਤ ਸਰਕਾਰ ਦੇ ਪੱਤਰ ਸੂਚਨਾ ਦਫਤਰ ਵਿਚ ਕਈ ਸਾਲ ਸੂਚਨਾ ਅਧਿਕਾਰੀ ਰਹੇ ਤੇ ਬਾਅਦ ਵਿਚ ਸੰਵਾਦ ਸਮਿਤੀ 'ਯੂ. ਐੱਨ. ਆਈ.', ਅੰਗਰੇਜ਼ੀ ਅਖ਼ਬਾਰ 'ਸਟੇਟਸਮੈਨ' (ਦਿੱਲੀ) ਅਤੇ 'ਇੰਡੀਅਨ ਐਕਸਪ੍ਰੈੱਸ' ਨਾਲ ਵੀ ਲੰਮੇ ਸਮੇਂ ਤਕ ਜੁੜੇ ਰਹੇ। ਉਹ 25 ਸਾਲਾਂ ਤਕ 'ਦਿ ਟਾਈਮਜ਼ ਲੰਡਨ' ਦੇ ਪੱਤਰਕਾਰ ਵੀ ਰਹੇ।
ਉਹ 1985 ਤੋਂ 'ਬਿਟਵੀਨ ਦਿ ਲਾਈਨਜ਼' ਸਿਰਲੇਖ ਨਾਲ ਆਪਣਾ ਕਾਲਮ ਲਿਖ ਰਹੇ ਸਨ, ਜੋ 'ਪੰਜਾਬ ਕੇਸਰੀ ਗਰੁੱਪ' ਦੇ ਅਖ਼ਬਾਰਾਂ ਸਮੇਤ 14 ਭਾਸ਼ਾਵਾਂ ਵਿਚ ਦੇਸ਼-ਵਿਦੇਸ਼ ਦੀਆਂ 80 ਅਖ਼ਬਾਰਾਂ ਵਿਚ ਛਪਦਾ ਸੀ। ਉਹ ਭਾਰਤ ਦੇ ਪਹਿਲੇ ਪੱਤਰਕਾਰ ਸਨ, ਜਿਨ੍ਹਾਂ ਦਾ ਸਿੰਡੀਕੇਟਿਡ ਕਾਲਮ ਸ਼ੁਰੂ ਹੋਇਆ। ਉਨ੍ਹਾਂ ਨੇ ਫੀਚਰ ਏਜੰਸੀ 'ਮੰਦਿਰਾ ਪਬਲੀਕੇਸ਼ਨਜ਼' ਸ਼ੁਰੂ ਕੀਤੀ ਤੇ ਕਈ ਲੇਖਕਾਂ ਨੂੰ ਅਖ਼ਬਾਰਾਂ ਨਾਲ ਜੋੜਿਆ, ਜਿਨ੍ਹਾਂ ਵਿਚ ਪਾਕਿਸਤਾਨੀ ਪੱਤਰਕਾਰ ਵੀ ਸ਼ਾਮਿਲ ਸਨ।
ਉਨ੍ਹਾਂ ਦਾ ਆਖਰੀ ਕਾਲਮ 'ਜਗ ਬਾਣੀ' ਵਿਚ 22 ਅਗਸਤ ਨੂੰ 'ਉੱਤਰ-ਪੂਰਬ 'ਚ ਚੰਗੇ ਸ਼ਾਸਨ ਤੇ ਵਿਕਾਸ ਵੱਲ ਧਿਆਨ ਦੇਵੇ ਸਰਕਾਰ' ਸਿਰਲੇਖ ਨਾਲ ਛਪਿਆ, ਜਿਸ ਵਿਚ ਉਨ੍ਹਾਂ ਨੇ ਦੇਸ਼ ਦੇ ਉੱਤਰ-ਪੂਰਬੀ ਹਿੱਸੇ ਵੱਲ ਧਿਆਨ ਦਿਵਾਇਆ ਸੀ।
ਉਨ੍ਹਾਂ ਨੇ 15 ਕਿਤਾਬਾਂ ਵੀ ਲਿਖੀਆਂ, ਜਿਨ੍ਹਾਂ ਵਿਚ 'ਇੰਡੀਆ ਆਫਟਰ ਨਹਿਰੂ', 'ਵਾਲ ਐਟ ਵਾਹਗਾ', 'ਇੰਡੀਆ-ਪਾਕਿਸਤਾਨ ਰਿਲੇਸ਼ਨਸ਼ਿਪ', 'ਇੰਡੀਆ ਹਾਊਸ' ਆਦਿ ਮੁੱਖ ਹਨ। ਉਨ੍ਹਾਂ ਨੇ ਆਪਣੀ ਪਹਿਲੀ ਕਿਤਾਬ ਤੋਂ ਪ੍ਰਾਪਤ ਆਮਦਨ ਦੀ ਰਕਮ ਤਿਰੁਪਤੀ ਦੇਵਸਥਾਨਮ ਨੂੰ ਦਾਨ ਵਿਚ ਦੇ ਦਿੱਤੀ ਸੀ।
ਆਪਣੀਆਂ ਕਿਤਾਬਾਂ ਵਿਚ ਉਨ੍ਹਾਂ ਨੇ ਸੱਤਾ ਦੇ ਗਲਿਆਰਿਆਂ ਦੀ ਹਲਚਲ ਨਾਲ ਜੁੜੇ ਕਈ ਖੁਲਾਸੇ ਕੀਤੇ। ਆਪਣੀ ਸਵੈ-ਜੀਵਨੀ 'ਬਿਓਂਡ ਦਿ ਲਾਈਨਜ਼' ਵਿਚ ਕੁਲਦੀਪ ਨਈਅਰ ਨੇ ਲਿਖਿਆ ਹੈ ਕਿ ਜਵਾਹਰ ਲਾਲ ਨਹਿਰੂ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਦਿੱਤੇ ਹੋਏ 'ਸਕੂਪ' ਨੇ ਲਾਲ ਬਹਾਦਰ ਸ਼ਾਸਤਰੀ ਨੂੰ ਪ੍ਰਧਾਨ ਮੰਤਰੀ ਬਣਵਾਇਆ ਸੀ ਅਤੇ ਜਦੋਂ ਸ਼ਾਸਤਰੀ ਜੀ ਪਾਰਟੀ ਦੇ ਨੇਤਾ ਚੁਣੇ ਗਏ ਤਾਂ ਉਨ੍ਹਾਂ ਨੇ ਸਭ ਦੇ ਸਾਹਮਣੇ ਉਨ੍ਹਾਂ ਨੂੰ ਗਲ ਨਾਲ ਲਾ ਲਿਆ ਸੀ।
ਉਨ੍ਹਾਂ ਨੇ ਇੰਦਰਾ ਗਾਂਧੀ ਵਲੋਂ ਲਾਈ ਗਈ ਐਮਰਜੈਂਸੀ ਦਾ ਖੁੱਲ੍ਹ ਕੇ ਵਿਰੋਧ ਕੀਤਾ ਅਤੇ 'ਮੀਸਾ' ਦੇ ਤਹਿਤ ਜੇਲ ਵਿਚ ਵੀ ਰਹੇ। 1990 ਵਿਚ ਉਨ੍ਹਾਂ ਨੂੰ ਬ੍ਰਿਟੇਨ ਵਿਚ ਹਾਈ ਕਮਿਸ਼ਨਰ ਨਿਯੁਕਤ ਕੀਤਾ ਗਿਆ, 1996 ਵਿਚ ਸੰਯੁਕਤ ਰਾਸ਼ਟਰ ਵਿਚ ਭਾਰਤੀ ਵਫ਼ਦ ਦੇ ਮੈਂਬਰ ਵਜੋਂ ਸ਼ਾਮਿਲ ਕੀਤਾ ਗਿਆ ਤੇ ਅਗਸਤ 1997 ਵਿਚ ਰਾਜ ਸਭਾ ਵਿਚ ਨਾਮਜ਼ਦ ਕੀਤਾ ਗਿਆ।
ਉਨ੍ਹਾਂ ਨੇ ਇਕ ਭਾਰਤ-ਪਾਕਿ ਮਿੱਤਰਤਾ ਸਮੂਹ ਬਣਾਇਆ ਸੀ ਅਤੇ ਭਾਰਤ-ਪਾਕਿਸਤਾਨ (ਅਟਾਰੀ-ਵਾਹਗਾ) ਬਾਰਡਰ 'ਤੇ ਸੰਨ 2000 ਤੋਂ ਉਹ ਹਰ ਸਾਲ 14 ਅਗਸਤ ਨੂੰ ਦੋਹਾਂ ਦੇਸ਼ਾਂ ਵਿਚਾਲੇ ਸ਼ਾਂਤੀ ਬਣਾਈ ਰੱਖਣ ਦੇ ਉਦੇਸ਼ ਨਾਲ ਆਪਣੇ ਸਾਥੀਆਂ ਸਮੇਤ ਮੋਮਬੱਤੀਆਂ ਜਗਾਉਂਦੇ ਸਨ। ਇਹ ਸਿਲਸਿਲਾ ਇਕ ਦਹਾਕੇ ਤੋਂ ਜ਼ਿਆਦਾ ਚੱਲਿਆ। ਉਨ੍ਹਾਂ ਨੂੰ ਉਮੀਦ ਸੀ ਕਿ ਇਕ ਦਿਨ ਦੱਖਣੀ ਏਸ਼ੀਆ ਦੇ ਲੋਕ ਸ਼ਾਂਤੀ, ਸਦਭਾਵਨਾ ਅਤੇ ਸਹਿਯੋਗ ਨੂੰ ਸਮਝਣਗੇ ਅਤੇ ਮੁਹੱਬਤ ਦੀ ਲੋਅ ਜਗੇਗੀ।
'ਪੰਜਾਬ ਕੇਸਰੀ' ਪਰਿਵਾਰ ਦੇ ਸ਼੍ਰੀ ਕੁਲਦੀਪ ਨਈਅਰ ਦੇ ਪਰਿਵਾਰ ਨਾਲ ਸ਼ੁਰੂ ਤੋਂ ਹੀ ਨਿੱਜੀ ਅਤੇ ਪਰਿਵਾਰਕ ਰਿਸ਼ਤੇ ਸਨ। ਉਨ੍ਹਾਂ ਦੇ ਪਿਤਾ ਡਾ. ਗੁਰਬਖਸ਼ ਸਿੰਘ ਨਈਅਰ ਬੱਚਿਆਂ ਦੇ ਰੋਗਾਂ ਦੇ ਡਾਕਟਰ ਸਨ ਅਤੇ ਜਦੋਂ ਵੀ ਪਰਿਵਾਰ ਦਾ ਕੋਈ ਬੱਚਾ ਬੀਮਾਰ ਹੁੰਦਾ ਸੀ ਤਾਂ ਅਸੀਂ ਉਸ ਨੂੰ ਡਾ. ਗੁਰਬਖਸ਼ ਸਿੰਘ ਨਈਅਰ ਕੋਲ ਹੀ ਲੈ ਕੇ ਜਾਂਦੇ ਅਤੇ ਉਹ ਉਸ ਦਾ ਇਲਾਜ ਕਰਦੇ।
'ਪੰਜਾਬ ਕੇਸਰੀ ਗਰੁੱਪ' ਵਲੋਂ ਅੱਤਵਾਦ ਪੀੜਤਾਂ ਦੀ ਸਹਾਇਤਾ ਲਈ ਸ਼ੁਰੂ ਕੀਤੇ ਗਏ 'ਸ਼ਹੀਦ ਪਰਿਵਾਰ ਫੰਡ' ਦੇ ਤਹਿਤ ਆਯੋਜਿਤ ਸਹਾਇਤਾ ਵੰਡ ਸਮਾਗਮਾਂ ਵਿਚ ਹਿੱਸਾ ਲੈਣ ਲਈ ਉਹ ਤਿੰਨ ਵਾਰ ਜਲੰਧਰ ਆਏ।
ਵੱਡੇ ਭਰਾ ਸ਼੍ਰੀ ਰਮੇਸ਼ ਜੀ ਨਾਲ ਉਨ੍ਹਾਂ ਦਾ ਬਹੁਤ ਪਿਆਰ ਸੀ ਤੇ ਜਦੋਂ ਕਦੇ ਰਮੇਸ਼ ਜੀ ਦਿੱਲੀ ਜਾਂਦੇ ਸਨ ਤਾਂ ਉਨ੍ਹਾਂ ਨੂੰ ਜ਼ਰੂਰ ਮਿਲਦੇ ਸਨ। ਇਸੇ ਤਰ੍ਹਾਂ ਪੰਜਾਬ ਕੇਸਰੀ ਦਿੱਲੀ ਐਡੀਸ਼ਨ ਦਾ ਪ੍ਰਕਾਸ਼ਨ ਸ਼ੁਰੂ ਕਰਨ ਸਮੇਂ ਹੋਏ ਵਿਚਾਰ-ਵਟਾਂਦਰੇ ਵਿਚ ਉਨ੍ਹਾਂ ਨੇ ਹਾਂ-ਪੱਖੀ ਯੋਗਦਾਨ ਅਤੇ ਸਹਿਯੋਗ ਦਿੱਤਾ।
ਆਪਣੇ ਜੀਵਨ ਦੇ ਆਖਰੀ ਪਲ ਤਕ ਸਰਗਰਮ ਰਹੇ ਸ਼੍ਰੀ ਕੁਲਦੀਪ ਨਈਅਰ ਦੇਸ਼ ਦੇ ਪੁਰਾਣੀ ਪੰ੍ਰਪਰਾ ਦੇ ਸਭ ਤੋਂ ਸੀਨੀਅਰ ਪੱਤਰਕਾਰਾਂ ਅਤੇ ਕੂਟਨੀਤਕਾਂ 'ਚੋਂ ਇਕ ਸਨ, ਜਿਨ੍ਹਾਂ ਦੀ ਕਮੀ ਹਮੇਸ਼ਾ ਮਹਿਸੂਸ ਕੀਤੀ ਜਾਵੇਗੀ।
—ਵਿਜੇ ਕੁਮਾਰ