ਭਾਰਤੀ ਰੇਲ ਗੱਡੀਅਾਂ ’ਚ ਹੱਤਿਆ ਤੇ ਲੁੱਟਮਾਰ ਦੀਅਾਂ ਘਟਨਾਵਾਂ ’ਚ ਭਾਰੀ ਵਾਧਾ

01/19/2019 7:33:46 AM

ਸਾਡੀ ਸਭ ਦੀ ਜੀਵਨ ਰੇਖਾ ਅਖਵਾਉਣ ਵਾਲੀਅਾਂ ਭਾਰਤੀ ਰੇਲਾਂ ’ਚ ਸਫਰ ਕਰਨਾ ਹੁਣ ਖਤਰੇ ਤੋਂ ਖਾਲੀ ਨਹੀਂ ਰਿਹਾ। ਬੁੱਧਵਾਰ-ਵੀਰਵਾਰ ਦੀ ਰਾਤ ਨੂੰ ਜਿਸ ਤਰ੍ਹਾਂ ਟਾਟਾ ਮੂਰੀ-ਜੰਮੂ ਤਵੀ ਅਤੇ ਦੁਰੰਤੋ ’ਚ ਲੁੱਟਮਾਰ ਦੀਅਾਂ ਘਟਨਾਵਾਂ ਹੋਈਅਾਂ ਹਨ, ਉਸ ਨਾਲ ਘੱਟੋ-ਘੱਟ ਇਸ ਗੱਲ ਦੀ ਪੁਸ਼ਟੀ ਹੁੰਦੀ ਹੈ ਕਿ ਹੁਣ ਭਾਰਤੀ ਰੇਲਾਂ ’ਚ ਸਫਰ ਕਰਨਾ ਖਤਰੇ ਤੋਂ ਖਾਲੀ ਨਹੀਂ ਹੈ। 
ਰੇਲਾਂ ’ਚ ਵੱਡੀ ਗਿਣਤੀ ’ਚ ਸਾਹਮਣੇ ਆ ਰਹੇ ਲੁੱਟਮਾਰ, ਹੱਤਿਆ, ਡਕੈਤੀ ਅਤੇ ਬਲਾਤਕਾਰ ਦੇ ਮਾਮਲਿਅਾਂ ’ਚ ਰੇਲਵੇ ਅਤੇ ਸੁਰੱਖਿਆ ਬਲਾਂ ਦੇ ਮੈਂਬਰਾਂ ਦੀ ਲਾਪਰਵਾਹੀ ਵੀ ਸਾਹਮਣੇ ਆ ਰਹੀ ਹੈ, ਜਿਸ ਦੀਅਾਂ ਸਿਰਫ 3 ਹਫਤਿਅਾਂ ਦੀਅਾਂ ਮਿਸਾਲਾਂ ਹੇਠਾਂ ਦਰਜ ਹਨ :
* 28 ਦਸੰਬਰ 2018 ਨੂੰ ਸਿਲੀਗੁੜੀ ਰੇਲਵੇ ਸਟੇਸ਼ਨ ’ਤੇ ਖੜ੍ਹੀ ਡੀ. ਐੱਮ. ਯੂ. ਪੈਸੰਜਰ ਗੱਡੀ ’ਚ ਬਦਮਾਸ਼ਾਂ ਨੇ ਇਕ ਮੁਸਾਫਿਰ ਤੋਂ ਮੋਬਾਇਲ ਅਤੇ ਨਕਦੀ ਖੋਹਣ ਤੋਂ ਬਾਅਦ ਉਸ ਨਾਲ ਬੁਰੀ ਤਰ੍ਹਾਂ ਮਾਰ-ਕੁਟਾਈ ਕੀਤੀ। 
* 30 ਦਸੰਬਰ ਨੂੰ ਛਪਰਾ-ਵਾਰਾਨਸੀ ਰੇਲ ਡਵੀਜ਼ਨ ਦੇ ਰੇਵਤੀ ਸਟੇਸ਼ਨ ਨੇੜੇ ਦੁਰਗ ਤੋਂ ਛਪਰਾ ਜਾ ਰਹੀ ਸਾਰਨਾਥ ਐਕਸਪ੍ਰੈੱਸ ’ਚ ਹਥਿਆਰਬੰਦ ਡਾਕੂਅਾਂ ਨੇ ਸਲੀਪਰ ਬੋਗੀ ’ਚ ਵੜ ਕੇ ਮੁਸਾਫਿਰਾਂ ਤੋਂ ਲੁੱਟਮਾਰ ਕੀਤੀ ਅਤੇ ਵਿਰੋਧ ਕਰਨ ’ਤੇ ਅੱਧਾ ਦਰਜਨ ਮੁਸਾਫਿਰਾਂ ਨੂੰ ਮਾਰ-ਕੁਟਾਈ ਕਰ ਕੇ ਜ਼ਖ਼ਮੀ ਕਰ ਦਿੱਤਾ।
* 5 ਜਨਵਰੀ 2019 ਨੂੰ ਜੀਂਦ ਜਾ ਰਹੀ ਪੈਸੰਜਰ ਟਰੇਨ ’ਚ ਭੈਂਸਵਾਨ ਸਟੇਸ਼ਨ ਤੋਂ ਗੱਡੀ ’ਚ ਸਵਾਰ ਹੋਏ 7-8 ਨੌਜਵਾਨਾਂ ਨੇ ਮੁਸਾਫਿਰਾਂ ਨਾਲ ਮਾਰ-ਕੁਟਾਈ ਅਤੇ ਲੁੁੱਟਮਾਰ ਸ਼ੁਰੂ ਕਰ ਦਿੱਤੀ। ਉਨ੍ਹਾਂ ਨੇ ਇਕ ਮੁਸਾਫਿਰ ਉੱਤੇ ਬਰਫ ਤੋੜਨ ਵਾਲੇ ਸੂਏ ਨਾਲ ਵਾਰ ਕਰ ਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ ਤੇ ਇਕ ਔਰਤ ਦੇ ਗਹਿਣੇ ਖੋਹਣ ਤੋਂ ਬਾਅਦ ਉਸ ਨੂੰ ਚੱਲਦੀ ਗੱਡੀ ’ਚੋਂ ਧੱਕਾ ਦੇ ਦਿੱਤਾ। ਮੁਸਾਫਿਰਾਂ ਨੂੰ ਲੁੱਟਣ ਤੋਂ ਬਾਅਦ ਉਹ ਗੋਹਾਨਾ ਸਟੇਸ਼ਨ ’ਤੇ ਉਤਰ ਕੇ ਫਰਾਰ ਹੋ ਗਏ।
* 8 ਜਨਵਰੀ ਨੂੰ ਭੁਜ-ਦਾਦਰ ਸਾਯਾਜੀ ਨਗਰੀ ਐਕਸਪ੍ਰੈੱਸ ਰਾਹੀਂ ਅਹਿਮਦਾਬਾਦ ਜਾ ਰਹੇ ਗੁਜਰਾਤ ਭਾਜਪਾ ਦੇ ਸਾਬਕਾ ਉਪ-ਪ੍ਰਧਾਨ ਜੈਅੰਤੀ ਭਾਨੂਸ਼ਾਲੀ ਦੀ ਅਣਪਛਾਤੇ ਨਕਾਬਪੋਸ਼ ਹਮਲਾਵਰਾਂ ਨੇ ਟਰੇਨ ’ਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। 
* 9 ਜਨਵਰੀ ਨੂੰ ਨਵੀਂ ਦਿੱਲੀ ਤੋਂ ਭਾਗਲਪੁਰ ਜਾ ਰਹੀ ਵੀਕਲੀ ਐਕਸਪ੍ਰੈੱਸ ਨੂੰ ਲੱਗਭਗ 24 ਡਾਕੂਅਾਂ ਨੇ ਦੈਤਾ ਡੈਮ ਨੇੜੇ ਚੇਨ ਖਿੱਚ ਕੇ ਰੋਕ ਲਿਆ ਅਤੇ ਡਰਾਈਵਰ ਤੇ ਗਾਰਡ  ਨੂੰ ਕਬਜ਼ੇ ’ਚ ਲੈ ਕੇ ਲੱਗਭਗ ਅੱਧਾ ਦਰਜਨ ਬੋਗੀਅਾਂ ’ਚ 40 ਮਿੰਟਾਂ ਤਕ ਲੁੱਟਮਾਰ ਕਰਦਿਅਾਂ ਮੁਸਾਫਿਰਾਂ ਤੋਂ ਲੱਗਭਗ 30 ਲੱਖ ਰੁਪਏ ਦਾ ਸਾਮਾਨ ਲੁੱਟ ਲਿਆ। ਇਸ ਨੂੰ ਹੁਣ ਤਕ ਦੀ ਸਭ ਤੋਂ ਵੱਡੀ ਰੇਲ ਡਕੈਤੀ ਮੰਨਿਆ ਜਾ ਰਿਹਾ ਹੈ। ਉਨ੍ਹਾਂ ਨੇ 5 ਮੁਸਾਫਿਰਾਂ ਨੂੰ ਕੁੱਟ ਕੇ ਜ਼ਖ਼ਮੀ ਕਰ ਦਿੱਤਾ ਤੇ ਔਰਤਾਂ ਨਾਲ ਬੁਰਾ ਸਲੂਕ ਕੀਤਾ।
* 13 ਜਨਵਰੀ ਨੂੰ ਅਣਪਛਾਤੇ ਅਪਰਾਧੀਅਾਂ ਨੇ ਬਿਹਾਰ ਦੇ ਮਧੇਪੁਰਾ ’ਚ ਕੋਸ਼ੀ ਐਕਸਪ੍ਰੈੱਸ ’ਚ ਸਫਰ ਕਰ ਰਹੇ ਇਕ ਮੁਸਾਫਿਰ ਨੂੰ ਲੁੱਟ ਲਿਆ ਤੇ ਵਿਰੋਧ ਕਰਨ ’ਤੇ ਚੱਲਦੀ ਟਰੇਨ ’ਚੋਂ ਧੱਕਾ ਦੇ ਕੇ ਹੇਠਾਂ ਸੁੱਟ ਦਿੱਤਾ, ਜਿਸ ਨਾਲ ਉਹ ਗੰਭੀਰ ਜ਼ਖ਼ਮੀ ਹੋ ਗਿਆ।
ਅਸਲ ’ਚ 17 ਜਨਵਰੀ ਨੂੰ ਹੋਈਅਾਂ ਘਟਨਾਵਾਂ ਭਿਆਨਕ ਹੀ ਸਨ। ਪਹਿਲੀ ਘਟਨਾ ’ਚ ਰਾਤ 2 ਵਜੇ ਬਦਮਾਸ਼ਾਂ ਨੇ ਤੇਜ਼ਧਾਰ ਹਥਿਆਰ ਤੇ ਪਿਸਤੌਲ ਦਿਖਾ ਕੇ ਬਾਦਲੀ-ਹੋਲੰਬੀ ਕਲਾਂ ਰੇਲਵੇ ਸਟੇਸ਼ਨ ਦਰਮਿਆਨ ਟਾਟਾ ਮੂਰੀ-ਜੰਮੂ ਤਵੀ ਟਰੇਨ ਦੇ ਮੁਸਾਫਿਰਾਂ ਨੂੰ ਨਿਸ਼ਾਨਾ ਬਣਾਇਆ ਅਤੇ ਉਨ੍ਹਾਂ ਤੋਂ ਨਕਦੀ, ਮੋਬਾੲਿਲ ਫੋਨ, ਗਹਿਣੇ ਆਦਿ ਖੋਹ ਲਏ। 
ਦੂਜੀ ਘਟਨਾ ’ਚ ਲੁਟੇਰੇ ਤੜਕੇ ਸਾਢੇ ਚਾਰ ਵਜੇ ਸਮਾਏਪੁਰ ਬਾਦਲੀ ਰੇਲਵੇ ਸਟੇਸ਼ਨ ਨੇੜੇ ਸਿਗਨਲ ਫੇਲ ਕਰ ਕੇ ਜੰਮੂ-ਦਿੱਲੀ ਦੁਰੰਤੋ ਟਰੇਨ ਦੇ ਕੋਚ ਬੀ-3 ਦੇ ਘੱਟੋ-ਘੱਟ 12 ਮੁਸਾਫਿਰਾਂ ਦੇ ਮੋਬਾਇਲ, ਨਕਦੀ ਅਤੇ ਗਹਿਣੇ-ਕੱਪੜੇ ਆਦਿ ਲੁੱਟ ਕੇ ਫਰਾਰ ਹੋ ਗਏ। ਗੱਡੀ ਰੋਕ ਕੇ ਜਿਸ ਜਗ੍ਹਾ ਇਹ ਵਾਰਦਾਤ ਕੀਤੀ ਗਈ, ਉਥੋਂ ਰੇਲਵੇ ਦੀ ਪੁਲਸ ਚੌਕੀ ਕੁਝ ਹੀ ਦੂਰੀ ’ਤੇ ਹੈ। ਲੋਕਾਂ ਨੇ ਦੱਸਿਆ ਕਿ ਘਟਨਾ ਦੌਰਾਨ ਮੁਸਾਫਿਰ ਚਿੱਲਾਉਂਦੇ ਰਹੇ ਪਰ ਕੋਈ ਵੀ ਸੁਰੱਖਿਆ ਮੁਲਾਜ਼ਮ ਸਹਾਇਤਾ ਲਈ ਨਹੀਂ ਪਹੁੰਚਿਆ।
ਰੇਲਵੇ ’ਚ ਪੁਲਸ ਦੀ ਸੁਰੱਖਿਆ ਵਿਵਸਥਾ ਨੂੰ ਚੁਣੌਤੀ ਦੇਣ ਵਾਲੀਅਾਂ ਇਹ ਤਾਂ ਉਹ ਘਟਨਾਵਾਂ ਹਨ, ਜੋ ਜਾਣਕਾਰੀ ’ਚ ਆਈਅਾਂ ਹਨ, ਇਨ੍ਹਾਂ ਤੋਂ ਇਲਾਵਾ ਵੀ ਪਤਾ ਨਹੀਂ ਕਿੰਨੀਅਾਂ ਘਟਨਾਵਾਂ ਹੋਈਅਾਂ ਹੋਣਗੀਅਾਂ। ਤੈਅ ਹੈ ਕਿ ਰਾਤ ਨੂੰ ਚੱਲਣ ਵਾਲੀਅਾਂ ਗੱਡੀਅਾਂ ’ਚ ਸੁਰੱਖਿਆ ਦੇ ਖਾਸ ਪ੍ਰਬੰਧ ਨਾ ਕੀਤੇ ਗਏ ਤਾਂ ਅਜਿਹੀਅਾਂ ਘਟਨਾਵਾਂ ਹੁੰਦੀਅਾਂ ਹੀ ਰਹਿਣਗੀਅਾਂ। ਜ਼ਿਆਦਾਤਰ ਘਟਨਾਵਾਂ ਕਿਉਂਕਿ ਰਾਤ ਨੂੰ ਹੀ ਹੋਈਅਾਂ ਹਨ, ਇਸ ਲਈ ਰਾਤ ਨੂੰ ਚੱਲਣ ਵਾਲੀਅਾਂ ਗੱਡੀਅਾਂ ’ਚ ਸੁਰੱਖਿਆ ਦੇ ਖਾਸ ਪ੍ਰਬੰਧ ਕੀਤੇ ਜਾਣ ਦੀ ਲੋੜ ਹੈ। 
ਹੈਰਾਨੀ ਤਾਂ ਇਹ ਵੀ ਹੈ ਕਿ 17 ਜਨਵਰੀ ਵਾਲੀ ਘਟਨਾ ਤੋਂ ਇਕ ਦਿਨ ਪਹਿਲਾਂ ਹੀ ਇਹ ਸੁਝਾਅ ਆਇਆ ਸੀ ਕਿ ਰੇਲ ਗੱਡੀਅਾਂ ’ਚ ਹੋਣ ਵਾਲੀਅਾਂ ਘਟਨਾਵਾਂ ਦੀ ਸ਼ਿਕਾਇਤ ‘ਆਨਲਾਈਨ’ ਦਰਜ ਕਰਨ ਦਾ ਪ੍ਰਬੰਧ ਹੋਵੇ ਤਾਂ ਕਿ ਪੀੜਤ ਮੁਸਾਫਿਰਾਂ ਨੂੰ ਆਪਣੀ ਸ਼ਿਕਾਇਤ ਦਰਜ ਕਰਵਾਉਣ ਲਈ ਰੇਲਵੇ  ਪੁਲਸ ਦੇ ਥਾਣੇ ’ਚ ਨਾ ਜਾਣਾ ਪਵੇ।
ਗ੍ਰਹਿ ਮੰਤਰੀ ਰਾਜਨਾਥ ਸਿੰਘ ਦੀ ਸਹਿਮਤੀ ਤੋਂ ਬਾਅਦ ਰੇਲਵੇ ਸੁਰੱਖਿਆ ਬਲ ਦੇ ਮਹਾਨਿਰਦੇਸ਼ਕ ਅਰੁਣ ਕੁਮਾਰ ਮਿਸ਼ਰ ਨੇ ਇਸ ’ਤੇ ਕੰਮ ਵੀ ਸ਼ੁਰੂ ਕਰ ਦਿੱਤਾ ਹੈ ਪਰ ਯੋਜਨਾ ਨੂੰ ਅਮਲੀ ਜਾਮਾ ਪਹਿਨਾਉਣ ਲਈ ਅਜੇ ਰੇਲਵੇ ਨੂੰ ਕਾਫੀ ਕੁਝ ਕਰਨਾ ਪਵੇਗਾ ਅਤੇ ਹਰ ਹਾਲ ’ਚ ਵੀ. ਵੀ. ਆਈ. ਪੀ. ਗੱਡੀਅਾਂ ਤੋਂ ਇਲਾਵਾ ਹੋਰ ਅਹਿਮ ਗੱਡੀਅਾਂ ’ਚ ਵੀ ਚੌਕਸ ਪੁਲਸ ਮੁਲਾਜ਼ਮਾਂ ਦੀ ਤਾਇਨਾਤੀ ਕਰਨੀ ਪਵੇਗੀ, ਜੋ ਸਿਰਫ ਡੱਬਿਅਾਂ ’ਚ ਆਰਾਮ ਨਾਲ ਸੌਣ ਦੀ ਬਜਾਏ ਰੇਲਾਂ ’ਚ ਗਸ਼ਤ ਕਰ ਕੇ ਆਪਣੀ ਡਿਊਟੀ ਪੂਰੀ ਵਫ਼ਾਦਾਰੀ ਨਾਲ ਨਿਭਾਉਣ।                                         –ਵਿਜੇ ਕੁਮਾਰ


Related News