ਕੇਰਲ ਦੀ ਮਾਰਕਸਵਾਦੀ ਭੈੜੀ ਸੋਚ

Friday, Nov 18, 2022 - 10:33 PM (IST)

ਕੇਰਲ ਦੀ ਮਾਰਕਸਵਾਦੀ ਭੈੜੀ ਸੋਚ

ਡਾ. ਵੇਦਪ੍ਰਤਾਪ ਵੈਦਿਕ

ਕੇਰਲ ਦੀ ਮਾਰਕਸਵਾਦੀ ਸਰਕਾਰ ਦੀ ਭੈੜੀ ਸੋਚ ਆਪਣੀ ਸਿਖਰ ’ਤੇ ਪਹੁੰਚੀ ਹੋਈ ਹੈ। ਸੱਤਾਧਾਰੀ ਮਾਰਕਸਵਾਦੀ ਕਮਿਊਨਿਸਟ ਪਾਰਟੀ ਦੇ ਮੁੱਖ ਮੰਤਰੀ ਪਿਨਰਾਈ ਵਿਜਯਨ ਨੇ ਆਪਣੇ ਰਾਜਪਾਲ ਆਰਿਫ ਮੁਹੰਮਦ ਖਾਨ ਦੇ ਵਿਰੁੱਧ ਮੋਰਚਾ ਖੋਲ੍ਹ ਦਿੱਤਾ ਹੈ। ਉਨ੍ਹਾਂ ਨੇ ਰਾਜਪਾਲ ਨੂੰ ਕੇਰਲ ਦੀਆਂ ਯੂਨੀਵਰਸਿਟੀਆਂ ਦੇ ਕੁਲਪਤੀ ਦੇ ਅਹੁਦੇ ਤੋਂ ਹਟਾਉਣ ਦੇ ਲਈ ਇਕ ਆਰਡੀਨੈਂਸ ਤਿਆਰ ਕਰ ਲਿਆ ਹੈ ਅਤੇ ਹੁਣ ਵਿਧਾਨ ਸਭਾ ਦਾ ਸੈਸ਼ਨ ਸੱਦ ਕੇ ਉਹ ਆਪਣੇ ਟੀਚੇ ਦੀ ਪ੍ਰਾਪਤੀ ਲਈ ਮਤਾ ਵੀ ਪਾਸ ਕਰਨਾ ਚਾਹੁੰਦੇ ਹਨ।

ਉਨ੍ਹਾਂ ਕੋਲੋਂ ਕੋਈ ਪੁੱਛੇ ਕਿ ਰਾਜਪਾਲ ਦੇ ਦਸਤਖਤ ਦੇ ਬਿਨਾਂ ਕਿਹੜਾ ਤਜਵੀਜ਼ਤ ਆਰਡੀਨੈਂਸ ਲਾਗੂ ਕੀਤਾ ਜਾ ਸਕਦਾ ਹੈ ਅਤੇ ਉਨ੍ਹਾਂ ਦੇ ਦਸਤਖਤ ਦੇ ਬਿਨਾਂ ਕਿਹੜਾ ਬਿੱਲ ਕਾਨੂੰਨ ਬਣ ਸਕਦਾ ਹੈ, ਭਾਵ ਕੇਰਲ ਦੀ ਵਿਜਯਨ ਸਰਕਾਰ ਝੂਠ-ਮੂਠ ਦੀ ਡਰਾਮੇਬਾਜ਼ੀ ’ਚ ਆਪਣਾ ਸਮਾਂ ਬਰਬਾਦ ਕਰ ਰਹੀ ਹੈ। ਜਿੱਥੋਂ ਤੱਕ ਉਪ-ਕੁਲਪਤੀਆਂ ਦਾ ਸਵਾਲ ਹੈ, ਉਨ੍ਹਾਂ ਦੀਆਂ ਨਿਯੁਕਤੀਆਂ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਨਿਯਮਾਂ ਦੇ ਅਨੁਸਾਰ ਹੀ ਹੋਣੀਆਂ ਚਾਹੀਦੀਆਂ ਹਨ ਪਰ ਉਨ੍ਹਾਂ ਨਿਯਮਾਂ ਦੀ ਉਲੰਘਣਾ ਕਰ ਕੇ ਤੁਸੀਂ ਆਪਣੇ ਮਨਮਰਜ਼ੀ ਦੇ ਉਮੀਦਵਾਰਾਂ ਨੂੰ ਚੁਣ ਲਵੋ ਅਤੇ ਫਿਰ ਰਾਜਪਾਲ ਨੂੰ ਕਹੋ ਕਿ ਉਹ ਅੱਖਾਂ ਮੀਟ ਕੇ ਉਨ੍ਹਾਂ ’ਤੇ ਮੋਹਰ ਲਗਾ ਦੇਣ।

ਰਾਜਪਾਲ ਆਰਿਫ ਖਾਨ ਨੇ ਇਸ ਮਾਮਲੇ ’ਚ ਦ੍ਰਿੜ੍ਹਤਾ ਦਿਖਾਈ ਹੈ ਅਤੇ ਅਜਿਹੇ ਉਪ-ਕੁਲਪਤੀਆਂ ਨੂੰ ਅਸਤੀਫੇ ਦੇਣ ਲਈ ਕਿਹਾ ਹੈ। ਆਰਿਫ ਖਾਨ ਦੇ ਇਸ ਨਜ਼ਰੀਏ ਨੂੰ ਭਾਰਤ ਦੀ ਸੁਪਰੀਮ ਕੋਰਟ ਅਤੇ ਕੇਰਲ ਦੀ ਹਾਈ ਕੋਰਟ ਨੇ ਦੋ ਉਪ-ਕੁਲਪਤੀਆਂ ਦੇ ਮਾਮਲੇ ’ਚ ਬਿਲਕੁਲ ਸਹੀ ਠਹਿਰਾਇਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਜੇਕਰ ਸੂਬਿਆਂ ਦੀਆਂ ਯੂਨੀਵਰਸਿਟੀਆਂ ਨੂੰ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਦੀ ਮਾਨਤਾ ਅਤੇ ਵਿੱਤੀ ਸਹਾਇਤਾ ਮਿਲ ਰਹੀ ਹੈ ਤਾਂ ਉਨ੍ਹਾਂ ਨੂੰ ਨਿਯੁਕਤੀਆਂ ’ਚ ਉਸ ਦੇ ਨਿਯਮਾਂ ਦੀ ਪਾਲਣਾ ਕਰਨੀ ਲਾਜ਼ਮੀ ਹੈ। ਕੇਰਲ ਦੀਆਂ ਯੂਨੀਵਰਸਿਟੀਆਂ ਅਤੇ ਸਰਕਾਰੀ ਦਫਤਰਾਂ ’ਚ ਸਾਰੇ ਨਿਯਮਾਂ ਨੂੰ ਟਿਚ ਜਾਣ ਕੇ ਮਾਰਕਸਵਾਦੀ ਪਾਰਟੀ ਦੇ ਸਮਰਥਕਾਂ, ਵਰਕਰਾਂ ਅਤੇ ਨੇਤਾਵਾਂ ਦੇ ਰਿਸ਼ਤੇਦਾਰਾਂ ਨੂੰ ਭਰਿਆ ਜਾ ਰਿਹਾ ਹੈ।

ਅਦਾਲਤਾਂ ਨੇ ਮਾਰਕਸਵਾਦੀ ਨੇਤਾਵਾਂ ਦੀਆਂ ਪਤਨੀਆਂ ਨੂੰ ਦਿੱਤੀਆਂ ਗਈਆਂ ਕਈ ਵੱਡੀਆਂ ਨੌਕਰੀਆਂ ਨੂੰ ਗੈਰ-ਕਾਨੂੰਨੀ ਐਲਾਨ ਦਿੱਤਾ ਹੈ। ਕਈ ਅਪਰਾਧੀ ਪਾਰਟੀ ਵਰਕਰਾਂ ਨੂੰ ਸਰਕਾਰੀ ਨੌਕਰੀਆਂ ਫੜਾ ਦਿੱਤੀਆਂ ਗਈਆਂ ਹਨ ਤਾਂ ਜੋ ਉਨ੍ਹਾਂ ਦੇ ਸਹਾਰੇ ਉਹ ਕਾਨੂੰਨ ਦੀ ਨਦੀ ਪਾਰ ਕਰ ਜਾਣ ਅਤੇ ਦੋ ਸਾਲ ਦੀ ਨੌਕਰੀ ਦੇ ਬਾਅਦ ਜ਼ਿੰਦਗੀ ਭਰ ਪੈਨਸ਼ਨ ਦੇ ਮਜ਼ੇ ਲੁੱਟਦੇ ਰਹਿਣ। ਕੇਰਲ ਦੀ ਮਾਰਕਸਵਾਦੀ ਪਾਰਟੀ ’ਚ ਇਹ ਸਿਆਸੀ ਭ੍ਰਿਸ਼ਟਾਚਾਰ ਤਾਂ ਉਸ ਦਾ ਸ਼ਿਸ਼ਟਾਚਾਰ ਬਣ ਗਿਆ ਹੈ ਪਰ ਸਿਆਸੀ ਸ਼ਿਸ਼ਟਾਚਾਰ ਦੀਆਂ ਸਾਰੀਆਂ ਮਰਿਆਦਾਵਾਂ ਉਸ ਨੇ ਭੰਗ ਕਰ ਦਿੱਤੀਆਂ ਹਨ।

2019 ਵਿਚ ਕੰਨਰ ਦੇ ਸਮਾਗਮ ’ਚ ਰਾਜਪਾਲ ’ਤੇ ਹਮਲਾ ਕਰਨ ਵਾਲੇ ਪਾਰਟੀ ਵਰਕਰ ਨੂੰ ਸਜ਼ਾ ਦੇਣੀ ਤਾਂ ਦੂਰ ਰਹੀ, ਮੁੱਖ ਮੰਤਰੀ ਨੇ ਉਸ ਨੂੰ ਆਪਣੇ ਨਿੱਜੀ ਸਟਾਫ ਵਿਚ ਨਿਯੁਕਤ ਕਰ ਕੇ ਉਸ ਨੂੰ ਸੁਰੱਖਿਆ ਕਵਚ ਮੁਹੱਈਆ ਕਰ ਦਿੱਤਾ ਹੈ। ਮਰਿਆਦਾ ਭੰਗ ਦਾ ਅਜਿਹਾ ਹੀ ਕੰਮ ਇਕ ਮੰਤਰੀ ਨੇ ਵੀ ਕਰ ਦਿਖਾਇਆ ਹੈ। ਮੁੱਖ ਮੰਤਰੀ ਵਿਜਯਨ ਨੂੰ ਸ਼ਾਇਦ ਅੰਦਾਜ਼ਾ ਨਹੀਂ ਹੈ ਕਿ ਜੇਕਰ ਉਹ ਇਹੀ ਅੱਤਵਾਦੀ ਵਤੀਰਾ ਬਣਾਈ ਰੱਖਣਗੇ ਤਾਂ ਉਹ ਕੇਰਲ ਵਿਚ ਕਿਤੇ ਰਾਸ਼ਟਰਪਤੀ ਰਾਜ ਨੂੰ ਸੱਦਾ ਨਾ ਦੇ ਦੇਣ ਅਤੇ ਉਸ ਦੇ ਨਾਲ-ਨਾਲ ਮਾਰਕਸਵਾਦ ਦੀ ਮਿੱਟੀ ਵੀ ਕਿਤੇ ਪਲੀਤ ਨਾ ਕਰ ਦੇਣ।


author

Anmol Tagra

Content Editor

Related News