ਮਮਤਾ ਚੁਣੀ ਗਈ ਵਿਧਾਇਕ ਦਲ ਦੀ ਨੇਤਾ, ਤੀਸਰੀ ਵਾਰ ਬਣੇਗੀ ਪੱਛਮੀ ਬੰਗਾਲ ਦੀ ਮੁੱਖ ਮੰਤਰੀ
Tuesday, May 04, 2021 - 03:25 AM (IST)

ਪੱਛਮੀ ਬੰਗਾਲ ’ਤੇ ਖੱਬੇ-ਪੱਖੀਆਂ ਦਾ 34 ਸਾਲ ਦਾ ਸ਼ਾਸਨ ਸਮਾਪਤ ਕਰ ਕੇ ਮਮਤਾ ਬੈਨਰਜੀ ਪਹਿਲੀ ਵਾਰ 20 ਮਈ 2011 ਨੂੰ ਮੁੱਖ ਮੰਤਰੀ ਬਣੀ ਅਤੇ ਹੁਣ 10 ਸਾਲ ਬਾਅਦ ਜਦੋਂ ਕੇਂਦਰ ’ਚ ਸੱਤਾਧਾਰੀ ਭਾਜਪਾ ਸਰਕਾਰ ਵਲੋਂ ਉਨ੍ਹਾਂ ਨੂੰ ਸੱਤਾ ਤੋਂ ਹਟਾਉਣ ਲਈ ਸਾਰੇ 8 ਪੜਾਵਾਂ ਦੇ ਚੋਣ ਪ੍ਰਚਾਰ ਦੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੈਬਨਿਟ ਮੰਤਰੀਆਂ ਅਤੇ ਹੋਰਨਾਂ ਪਾਰਟੀ ਨੇਤਾਵਾਂ ਨੂੰ ਮੈਦਾਨ ’ਚ ਉਤਾਰ ਕੇ ਆਪਣੀ ਪੂਰੀ ਤਾਕਤ ਝੋਕ ਦੇਣ ਦੇ ਬਾਵਜੂਦ ਮਮਤਾ ਨੇ ਸ਼ਾਨਦਾਰ ਜਿੱਤ ਦਰਜ ਕਰ ਕੇ ਇਕ ਵਾਰ ਫਿਰ ਇਤਿਹਾਸ ਰਚ ਦਿੱਤਾ ਹੈ।
ਮਮਤਾ ਬੈਨਰਜੀ ਨੂੰ ਇਸ ਵਾਰ ਪਿਛਲੀ ਵਾਰ ਦੀਆਂ 211 ਸੀਟਾਂ ਦੇ ਮੁਕਾਬਲੇ 2 ਸੀਟਾਂ ਵੱਧ ਮਿਲੀਆਂ ਹਨ ਅਤੇ 2016 ’ਚ ਮਿਲੀਆਂ 43 ਫੀਸਦੀ ਵੋਟਾਂ ਦੇ ਮੁਕਾਬਲੇ ’ਚ ਇਸ ਵਾਰ 47.96 ਫੀਸਦੀ ਵੋਟਾਂ ਮਿਲੀਆਂ ਹਨ।
ਮਮਤਾ ਬੈਨਰਜੀ ਦੀ ਇਸੇ ਸਫਲਤਾ ਨੂੰ ਦੇਖਦੇ ਹੋਏ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਰਾਜਨੀਤੀ ਅਧਿਐਨ ਕੇਂਦਰ ’ਚ ਐਸੋਸੀਏਟ ਪ੍ਰੋਫੈਸਰ ਮਣੀਂਦਰ ਨਾਥ ਠਾਕੁਰ ਨੇ ਉਨ੍ਹਾਂ ਨੂੰ ਇੰਦਰਾ ਗਾਂਧੀ ਦੇ ਬਾਅਦ ਉੱਭਰੀ ਸਭ ਤੋਂ ਵੱਧ ਸ਼ਕਤੀਸ਼ਾਲੀ ਮਹਿਲਾ ਸਿਆਸਤਦਾਨ ਕਰਾਰ ਦਿੱਤਾ।
ਹਾਲਾਂਕਿ ਮਮਤਾ ਨੰਦੀ ਗ੍ਰਾਮ ਤੋਂ ਸ਼ੁਭੇਂਦੂ ਅਧਿਕਾਰੀ ਦੇ ਵਿਰੁੱਧ ਚੋਣ ਹਾਰ ਗਈ ਪਰ ਆਪਣੀ ਪਾਰਟੀ ਨੂੰ 213 ਸੀਟਾਂ ਜਿਤਾ ਕੇ ਉਨ੍ਹਾਂ ਨੇ ਪੱਛਮੀ ਬੰਗਾਲ ਦੀ ਸੱਤਾ ’ਤੇ ਕਬਜ਼ਾ ਕਰਨ ’ਚ ਮੁੜ ਸਫਲਤਾ ਹਾਸਲ ਕਰ ਲਈ।
ਉਨ੍ਹਾਂ ਨੂੰ 3 ਮਈ ਨੂੰ ਸਰਵਸੰਮਤੀ ਨਾਲ ਵਿਧਾਇਕ ਦਲ ਦੀ ਨੇਤਾ ਚੁਣ ਲਏ ਜਾਣ ਦੇ ਬਾਅਦ ਤੀਸਰੀ ਵਾਰ ਉਨ੍ਹਾਂ ਦੇ ਮੁੱਖ ਮੰਤਰੀ ਬਣਨ ਦਾ ਰਸਤਾ ਸਾਫ ਹੋ ਗਿਆ ਅਤੇ ਉਹ 5 ਮਈ ਨੂੰ ਸਹੁੰ ਚੁੱਕੇਗੀ।
ਵਿਧਾਇਕ ਦਲ ਦੀ ਨੇਤਾ ਚੁਣੇ ਜਾਣ ਤੋਂ ਬਾਅਦ ਮਮਤਾ ਨੇ ਰਾਜਪਾਲ ਜਗਦੀਪ ਧਨਖੜ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਨੂੰ ਆਪਣਾ ਅਸਤੀਫਾ ਸੌਂਪਿਆ, ਜਿਨ੍ਹਾਂ ਨੇ ਬਦਲਵੀਂ ਵਿਵਸਥਾ ਹੋਣ ਤਕ ਉਨ੍ਹਾਂ ਨੂੰ ਅਹੁਦੇ ’ਤੇ ਬਣੇ ਰਹਿਣ ਲਈ ਕਿਹਾ।
ਇਸ ਤੋਂ ਪਹਿਲਾਂ ਇਕ ਪ੍ਰੈੱਸ ਕਾਨਫਰੰਸ ’ਚ ਮਮਤਾ ਨੇ ਇਸ ਜਿੱਤ ਨੂੰ ਬੰਗਾਲ ਦੇ ਲੋਕਾਂ ਦੀ ਜਿੱਤ ਦੱਸਿਆ ਅਤੇ ਨੰਦੀਗ੍ਰਾਮ ’ਚ ਆਪਣੀ ਹਾਰ ’ਤੇ ਬੋਲੀ, ‘‘ਮੈਂ ਇਸ ਦੇ ਵਿਰੁੱਧ ਸੁਪਰੀਮ ਕੋਰਟ ’ਚ ਜਾਵਾਂਗੀ। ਈ.ਵੀ.ਐੱਮ. ’ਚ ਗੜਬੜੀ ਕਰ ਕੇ ਧੋਖਾਦੇਹੀ ਕੀਤੀ ਗਈ ਹੈ।’’
‘‘ਹਾਲਾਂਕਿ ਭਾਜਪਾ ਨੇ 77 ਸੀਟਾਂ ਜਿੱਤੀਆਂ ਹਨ ਪਰ ਜੇਕਰ ਚੋਣ ਕਮਿਸ਼ਨ ਉਸ ਦੀ ਮਦਦ ਨਾ ਕਰਦਾ ਤਾਂ ਉਹ 50 ਸੀਟਾਂ ਵੀ ਨਹੀਂ ਜਿੱਤ ਸਕਦੀ ਸੀ। ਚੋਣ ਕਮਿਸ਼ਨ ਵਲੋਂ ਪਹਿਲਾਂ ਐਲਾਨੇ ਨਤੀਜੇ ’ਚ ਮੈਨੂੰ ਜੇਤੂ ਐਲਾਨ ਕੀਤੇ ਜਾਣ ਦੇ ਬਾਅਦ ਰਾਜਪਾਲ ਨੇ ਮੈਨੂੰ ਵਧਾਈ ਵੀ ਦੇ ਦਿੱਤੀ ਸੀ। ਫਿਰ ਸਭ ਬਦਲ ਕਿਵੇਂ ਗਿਆ?’’
‘‘ਸਰਵਰ 4 ਘੰਟੇ ਡਾਊਨ ਕਿਉਂ ਸੀ ਅਤੇ ਚੋਣ ਕਮਿਸ਼ਨ ਦੇ ਰਸਮੀ ਤੌਰ ’ਤੇ ਐਲਾਨ ਦੇ ਬਾਅਦ ਨੰਦੀ ਗ੍ਰਾਮ ਦਾ ਨਤੀਜਾ ਕਿਵੇਂ ਉਲਟ ਸਕਦਾ ਹੈ?’’
ਚੋਣ ਕਮਿਸ਼ਨ ਵਲੋਂ ਦੁਬਾਰਾ ਵੋਟਾਂ ਦੀ ਗਿਣਤੀ ਨਾ ਕਰਵਾਉਣ ਦੇ ਫੈਸਲੇ ’ਤੇ ਮਮਤਾ ਬੈਨਰਜੀ ਨੇ ਕਿਹਾ, ‘‘ਆਖਿਰ ਨੰਦੀ ਗ੍ਰਾਮ ’ਚ ਮੁੜ ਤੋਂ ਵੋਟਾਂ ਦੀ ਗਿਣਤੀ ਕਰਵਾਉਣ ’ਚ ਦਿੱਕਤ ਕੀ ਹੈ? ਚੋਣ ਕਮਿਸ਼ਨ ਮੈਨੂੰ ਲਿਖ ਕੇ ਦੇਵੇ ਕਿ ਚੋਣਾਂ ’ਚ ਗੜਬੜ ਨਹੀਂ ਹੋਈ।’’
‘‘ਮੈਂ ਵੋਟਾਂ ਦੀ ਗਿਣਤੀ ਦੀ ਫੋਰੈਂਸਿਕ ਜਾਂਚ ਕਰਵਾਉਣ ਦੀ ਮੰਗ ਕਰਾਂਗੀ। ਨਾਰੀ ਸ਼ਕਤੀ ਹੀ ਭਾਜਪਾ ਨੂੰ ਰੋਕ ਸਕਦੀ ਹੈ।’’
ਮਮਤਾ ਬੈਨਰਜੀ ਨੇ ਸਨਸਨੀਖੇਜ਼ ਦੋਸ਼ ਲਗਾਇਆ ਕਿ ‘‘ਕਿਸੇ ਨੇ ਮੈਨੂੰ ਐੱਸ. ਐੱਮ. ਐੱਸ ਭੇਜਿਆ ਕਿ ਕਿਸੇ ਨੇ ਰਿਟਰਨਿੰਗ ਅਫ਼ਸਰ ਨੂੰ ਕਿਹਾ ਹੈ ਕਿ ਜੇਕਰ ਨੰਦੀਗ੍ਰਾਮ ’ਚ ਦੋਬਾਰਾ ਵੋਟਾਂ ਦੀ ਗਿਣਤੀ ਕੀਤੀ ਗਈ ਤਾਂ ਉਸ ਦੀ ਜ਼ਿੰਦਗੀ ਸੁਰੱਖਿਅਤ ਨਹੀਂ ਰਹੇਗੀ ਅਤੇ ਉਸ ਨੂੰ ਖੁਦਕੁਸ਼ੀ ਵੀ ਕਰਨੀ ਪੈ ਸਕਦੀ ਹੈ।’’
ਸਾਰਿਆਂ ਨੂੰ ਹਿੰਸਾ ਨਾ ਕਰਨ ਅਤੇ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕਰਦੇ ਹੋਏ ਮਮਤਾ ਬੈਨਰਜੀ ਨੇ ਕਿਹਾ ਕਿ ਉਹ ਬਦਲੇ ਦੀ ਭਾਵਨਾ ਨਾਲ ਕਾਰਵਾਈ ਕਰਨ ’ਚ ਯਕੀਨ ਨਹੀਂ ਰੱਖਦੀ। ਉਨ੍ਹਾਂ ਨੇ ਹਿੰਸਾ ਕਰਨ ਵਾਲਿਆਂ ’ਤੇ ਕਾਰਵਾਈ ਕਰਨ ਦੀ ਚਿਤਾਵਨੀ ਦਿੱਤੀ ਅਤੇ ਕਿਹਾ ਕਿ ਭਾਜਪਾ ਵਾਲੇ ਤ੍ਰਿਣਮੂਲ ਕਾਂਗਰਸ ਦੇ ਵਰਕਰਾਂ ’ਤੇ ਹਮਲੇ ਕਰ ਰਹੇ ਹਨ।
ਉਨ੍ਹਾਂ ਨੇ ਭਾਜਪਾ ’ਤੇ ਹੋਛੀ ਰਾਜਨੀਤੀ ਕਰਨ ਦਾ ਦੋਸ਼ ਲਗਾਇਆ ਹੈ ਅਤੇ ਬੋਲੀ, ‘‘ਸਾਡੇ ਪਿੱਛੇ ਜਾਂਚ ਏਜੰਸੀਆਂ ਲਗਾਈਆਂ ਗਈਆਂ, ਜਿਸ ਦਾ ਜਨਤਾ ਨੇ ਭਾਜਪਾ ਨੂੰ ਕਰਾਰਾ ਜਵਾਬ ਦਿੱਤਾ। ਭਾਜਪਾ ਕੋਈ ਸ਼ਹਿਨਸ਼ਾਹ ਨਹੀਂ ਹੈ ਅਤੇ ਚੋਣਾਂ ’ਚ ਹਾਰ-ਜਿੱਤ ਤਾਂ ਹੁੰਦੀ ਹੀ ਰਹਿੰਦੀ ਹੈ।’’
ਮਮਤਾ ਨੇ ਪੱਤਰਕਾਰਾਂ ਨੂੰ ‘ਕੋਰੋਨਾ ਵਾਰੀਅਰ’ ਕਰਾਰ ਦਿੱਤਾ ਅਤੇ ਕਿਹਾ ਕਿ ਸਭ ਦਾ ਮੁਫਤ ਟੀਕਾਕਰਨ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ, ‘‘ਆਪਣੀ ਜਿੱਤ ਦਾ ਜਸ਼ਨ ਅਸੀਂ ਕੋਰੋਨਾ ਨੂੰ ਹਰਾਉਣ ਦੇ ਬਾਅਦ ਹੀ ਮਨਾਵਾਂਗੇ।’’
‘‘ਅਸੀਂ ਕੇਂਦਰ ਸਰਕਾਰ ਕੋਲੋਂ 3 ਕਰੋੜ ਵੈਕਸੀਨ ਮੰਗੀ ਹੈ ਅਤੇ ਕਿਹਾ ਹੈ ਕਿ ਕੋਰੋਨਾ ਵੈਕਸੀਨ ਸਾਰਿਆਂ ਨੂੰ ਮੁਫਤ ਦਿੱਤੀ ਜਾਵੇ। ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਅਸੀਂ ਇਸ ਦੇ ਵਿਰੁੱਧ ਅੰਦੋਲਨ ਕਰਾਂਗੇ।’’
ਫਿਲਹਾਲ ਹੁਣ ਜਦਕਿ ਮਮਤਾ ਬੈਨਰਜੀ ਜਿੱਤ ਹਾਸਲ ਕਰਨ ਤੋਂ ਬਾਅਦ ਇਕ ਵਾਰ ਫਿਰ ਆਪਣੀ ਅਗਵਾਈ ’ਚ ਸਰਕਾਰ ਬਣਾਉਣ ਦੀ ਤਿਆਰੀ ’ਚ ਜੁਟ ਗਈ ਹੈ, ਕੇਂਦਰ ’ਚ ਸੱਤਾਧਾਰੀ ਭਾਜਪਾ ਲੀਡਰਸ਼ਿਪ ਅਤੇ ਮਮਤਾ ਬੈਨਰਜੀ ਦੋਵਾਂ ਨੂੰ ਹੀ ਆਪਣੀਆਂ ਚੋਣਾਂ ਵਾਲੀਆਂ ਕੁੜੱਤਣਾਂ ਭੁੱਲ ਕੇ ਨਵੇਂ ਸਿਰੇ ਤੋਂ ਰਲਮਿਲ ਕੇ ਕੰਮ ਕਰਨ ਦੀ ਸ਼ੁਰੂਆਤ ਕਰਨੀ ਚਾਹੀਦੀ ਹੈ। ਕੇਂਦਰੀ ਲੀਡਰਸ਼ਿਪ ਵੀ ਹੋਰਨਾਂ ਸੂਬਿਆਂ ਦੇ ਵਾਂਗ ਪੱਛਮੀ ਬੰਗਾਲ ਦੇ ਨਾਲ ਸਮਾਨਤਾਪੂਰਨ ਸਲੂਕ ਕਰੇ ਤਾਂ ਕਿ ਦੇਸ਼ ਅਤੇ ਸੂਬਾ ਦੋਵਾਂ ਦਾ ਭਲਾ ਹੋਵੇ।
–ਵਿਜੇ ਕੁਮਾਰ