‘ਉੱਤਰ ਪ੍ਰਦੇਸ਼’ ਵਿਚ ਫਿਰੌਤੀ ਲਈ ਅਗਵਾ ਦੀਆਂ ‘ਘਟਨਾਵਾਂ ਵਧੀਆਂ’

Thursday, Jul 30, 2020 - 03:34 AM (IST)

‘ਉੱਤਰ ਪ੍ਰਦੇਸ਼’ ਵਿਚ ਫਿਰੌਤੀ ਲਈ ਅਗਵਾ ਦੀਆਂ ‘ਘਟਨਾਵਾਂ ਵਧੀਆਂ’

ਦੇਸ਼ ਦੇ ਸਭ ਤੋਂ ਵੱਡੇ ਸੂਬੇ ਉੱਤਰ ਪ੍ਰਦੇਸ਼ ’ਚ ਅਪਰਾਧੀ ਤੱਤਾਂ ਵਲੋਂ ਫਿਰੌਤੀ ਲਈ ਲੋਕਾਂ ਦੇ ਅਗਵਾ ਦਾ ਸਿਲਸਿਲਾ ਜ਼ੋਰਾਂ ’ਤੇ ਹੈ, ਜੋ ਇਕ ‘ਉਦਯੋਗ’ ਦਾ ਰੂਪ ਧਾਰਨ ਕਰ ਗਿਆ ਜਾਪਦਾ ਹੈ।

* 24 ਜੁਲਾਈ ਨੂੰ ਕਾਨਪੁਰ ’ਚ ਅਗਵਾ ਕੀਤੇ ਲੈਬ ਤਕਨੀਸ਼ੀਅਨ ਸੰਜੀਤ ਯਾਦਵ ਦੀ ਰਿਹਾਈ ਲਈ ਮਾਪਿਆਂ ਵਲੋਂ 30 ਲੱਖ ਰੁਪਏ ਦੀ ਫਿਰੌਤੀ ਰਕਮ ਦਿੱਤੇ ਜਾਣ ਦੇ ਬਾਵਜੂਦ ਪੁਲਸ ਉਸ ਨੂੰ ਬਚਾਉਣ ’ਚ ਅਸਫਲ ਰਹੀ। ਇਸ ਸਬੰਧ ’ਚ 11 ਪੁਲਸ ਮੁਲਾਜ਼ਮਾਂ ਨੂੰ ਮੁਅੱਤਲ ਕੀਤਾ ਗਿਆ ਹੈ।

* 24 ਜੁਲਾਈ ਨੂੰ ਗੋਂਡਾ ’ਚ ਮਾਸਕ ਤੇ ਸੈਨੇਟਾਈਜ਼ਰ ਵੰਡਣ ਦੇ ਬਹਾਨੇ ਇਕ ਕਰਿਆਨਾ ਵਪਾਰੀ ਦੇ 8 ਸਾਲ ਦੇ ਲੜਕੇ ਆਰੂਸ਼ ਨੂੰ ਅਗਵਾ ਕਰ ਲਿਆ ਗਿਆ। ਅਗਵਾਕਾਰਾਂ ਨੇ ਉਸ ਨੂੰ ਰਿਹਾਅ ਕਰਨ ਲਈ 4 ਕਰੋਡ਼ ਰੁਪਏ ਦੀ ਫਿਰੌਤੀ ਮੰਗੀ ਸੀ।

* 26 ਜੁਲਾਈ ਨੂੰ ਗੋਰਖਪੁਰ ਜ਼ਿਲੇ ਦੇ ਪਿਪਰਾਇਚ ਇਲਾਕੇ ਤੋਂ ਇਕ ਕਰੋਡ਼ ਰੁਪਏ ਦੀ ਫਿਰੌਤੀ ਲਈ ਅਗਵਾ ਪ੍ਰਚੂਨ ਅਤੇ ਪਾਨ ਦੀ ਦੁਕਾਨ ਚਲਾਉਣ ਵਾਲੇ ਮਹਾਜਨ ਗੁਪਤਾ ਦੇ 14 ਸਾਲ ਦੇ ਬੇਟੇ ਬਲਰਾਮ ਗੁਪਤਾ ਦੀ ਲਾਸ਼ 27 ਜੁਲਾਈ ਨੂੰ ਬਰਾਮਦ ਹੋਈ।

* 28 ਜੁਲਾਈ ਨੂੰ ਏਟਾ ਜ਼ਿਲੇ ਦੇ ਜੈਥਰਾ ਥਾਣਾ ਅਧੀਨ ਪੈਂਦੇ ਇਲਾਕੇ ਤੋਂ ਅਗਵਾ 3 ਸਾਲਾਂ ਦੀ ਬੱਚੀ ਦੀ ਲਾਸ਼ ਖੇਤ ’ਚ ਪਈ ਮਿਲੀ।

* 28 ਜੁਲਾਈ ਨੂੰ ਕਾਨਪੁਰ ਦਿਹਾਤੀ ਇਲਾਕੇ ’ਚੋਂ 20 ਲੱਖ ਰੁਪਏ ਦੀ ਫਿਰੌਤੀ ਲਈ 15 ਜੁਲਾਈ ਨੂੰ ਅਗਵਾ ਧਰਮਕੰਡਾ ਮੁਲਾਜ਼ਮ ਬ੍ਰਜੇਸ਼ ਪਾਲ ਦੀ ਲਾਸ਼ ‘ਕਾਲਹਾਖੇੜਾ’ ਨਾਂ ਦੇ ਇਕ ਪਿੰਡ ਦੇ ਇਕ ਸੁੱਕੇ ਖੂਹ ’ਚੋਂ ਬਰਾਮਦ ਹੋਈ।

ਮ੍ਰਿਤਕ ਦੇ ਵਾਰਿਸਾਂ ਦਾ ਦੋਸ਼ ਹੈ ਕਿ ਅਗਵਾ ਦੇ ਅਗਲੇ ਹੀ ਦਿਨ ਅਗਵਾਕਾਰਾਂ ਵਲੋਂ ਬ੍ਰਜੇਸ਼ ਪਾਲ ਦੇ ਮੋਬਾਇਲ ਨੰਬਰ ’ਤੇ ਫਿਰੌਤੀ ਮੰਗਣ ਦਾ ਫੋਨ ਆਇਆ ਸੀ ਪਰ ਪੁਲਸ ਉਸ ਦੀ ਲੋਕੇਸ਼ਨ ਤਕ ਦਾ ਪਤਾ ਨਾ ਲਗਾ ਸਕੀ। ਮ੍ਰਿਤਕ ਦੇ ਭਰਾ ਨੇ ਇਸ ਮਾਮਲੇ ’ਚ ਪੁਲਸ ’ਤੇ ਲਾਪਰਵਾਹੀ ਵਰਤਣ ਦਾ ਦੋਸ਼ ਲਗਾਇਆ ਹੈ।

ਇਸੇ ਦਰਮਿਆਨ 24 ਜੁਲਾਈ ਨੂੰ ਗੋਂਡਾ ਦੇ ਆਰੂਸ਼ ਅਗਵਾਕਾਂਡ ’ਚ ਉੱਤਰ ਪ੍ਰਦੇਸ਼ ਪੁਲਸ ਨੇ ਪਤੀ-ਪਤਨੀ ਸਮੇਤ 6 ਅਗਵਾਕਾਰਾਂ ਨੂੰ ਗ੍ਰਿਫਤਾਰ ਕਰ ਕੇ ਅਗਵਾ ਕੀਤੇ ਗਏ ਬੱਚੇ ਨੂੰ ਛੁਡਵਾਉਣ ’ਚ ਸਫਲਤਾ ਹਾਸਲ ਕੀਤੀ ਹੈ, ਜਿਸ ਦੇ ਲਈ ਪੁਲਸ ਅਤੇ ਐੱਸ. ਟੀ. ਐੱਫ. ਦੀ ਸਾਂਝੀ ਟੀਮ ਨੂੰ 2 ਲੱਖ ਰੁਪਏ ਦੇ ਇਨਾਮ ਦਾ ਸੂਬਾ ਸਰਕਾਰ ਨੇ ਐਲਾਨ ਕੀਤਾ ਹੈ।

10 ਜੁਲਾਈ ਨੂੰ ਖਤਰਨਾਕ ਗੈਂਗਸਟਰ ਵਿਕਾਸ ਦੁਬੇ ਦੇ ਪੁਲਸ ਮੁਕਾਬਲੇ ’ਚ ਮਾਰੇ ਜਾਣ ਦੇ ਬਾਵਜੂਦ ਸੂਬੇ ’ਚ ਅਪਰਾਧ ਲਗਾਤਾਰ ਜਾਰੀ ਰਹਿਣ ਤੋਂ ਸਪੱਸ਼ਟ ਹੈ ਕਿ ਅਪਰਾਧੀਆਂ ਦੇ ਹੌਸਲੇ ਕਿੰਨੇ ਵਧੇ ਹੋਏ ਹਨ।

ਇਸ ਲਈ ਸਥਿਤੀ ’ਤੇ ਰੋਕ ਲਗਾਉਣ ਲਈ ਫਰਜ਼ ਨਿਭਾਉਣ ’ਚ ਲਾਪਰਵਾਹੀ ਵਰਤਣ ਵਾਲੇ ਪੁਲਸ ਮੁਲਾਜ਼ਮਾਂ ਨੂੰ ਸਖਤ ਤੋਂ ਸਖਤ ਸਜ਼ਾ ਦੇਣ ਅਤੇ ਫਰਜ਼ਾਂ ਦੀ ਪਾਲਣਾ ਕਰਨ ਵਾਲੇ ਮੁਲਾਜ਼ਮਾਂ ਨੂੰ ਇਨਾਮ ਦੇਣ ਦੀ ਲੋੜ ਹੈ ਤਾਂ ਕਿ ਵਧ ਚੁੱਕੇ ਅਪਰਾਧਾਂ ’ਚ ਕਮੀ ਆਵੇ ਅਤੇ ਦੂਸਰੇ ਪੁਲਸ ਮੁਲਾਜ਼ਮਾਂ ਨੂੰ ਫਰਜ਼ਾਂ ਦੀ ਪਾਲਣਾ ਕਰਨ ਲਈ ਪ੍ਰੇਰਣਾ ਮਿਲੇ।

—ਵਿਜੇ ਕੁਮਾਰ\\\


author

Bharat Thapa

Content Editor

Related News