ਸੁਰੱਖਿਆ ਪ੍ਰਬੰਧਾਂ ''ਤੇ ਸਵਾਲ ਉਠਾਉਂਦਾ ਖਾਲਿਸਤਾਨੀ ਨਾਅਰੇ ਲਿਖਣ ਦਾ ਰਿਵਾਜ

Wednesday, Jun 15, 2022 - 01:53 AM (IST)

ਸੁਰੱਖਿਆ ਪ੍ਰਬੰਧਾਂ ''ਤੇ ਸਵਾਲ ਉਠਾਉਂਦਾ ਖਾਲਿਸਤਾਨੀ ਨਾਅਰੇ ਲਿਖਣ ਦਾ ਰਿਵਾਜ

ਪਿਛਲੇ ਕੁਝ ਮਹੀਨਿਆਂ ਦੌਰਾਨ ਅਮਰੀਕਾ ਸਥਿਤ ਵੱਖਵਾਦੀ ਸੰਗਠਨ 'ਸਿੱਖਸ ਫਾਰ ਜਸਟਿਸ' (ਐੱਸ.ਐੱਫ.ਜੇ.) ਦੇ ਸਰਗਣਾ ਗੁਰਪਤਵੰਤ ਸਿੰਘ ਪੰਨੂੰ ਨੇ ਖਾਲਿਸਤਾਨੀ ਪ੍ਰਚਾਰ ਤੇਜ਼ ਕਰ ਰੱਖਿਆ ਹੈ। ਬੀਤੀ 11 ਅਪ੍ਰੈਲ ਨੂੰ ਹਿਮਾਚਲ ਦੇ ਊਨਾ ਜ਼ਿਲ੍ਹੇ 'ਚ ਖਾਲਿਸਤਾਨ ਦੇ ਬੈਨਰ ਲਗਾਏ ਜਾਣ ਤੋਂ ਬਾਅਦ 7 ਮਈ ਰਾਤ ਨੂੰ ਸੂਬੇ ਦੀ ਦੂਸਰੀ ਰਾਜਧਾਨੀ ਧਰਮਸ਼ਾਲਾ 'ਚ ਵਿਧਾਨ ਸਭਾ ਦੇ ਮੁੱਖ ਪ੍ਰਵੇਸ਼ ਦਵਾਰ 'ਤੇ ਖਾਲਿਸਤਾਨੀ ਝੰਡੇ ਟੰਗ ਕੇ ਕੰਧ 'ਤੇ ਹਰੇ ਰੰਗ ਨਾਲ 'ਖਾਲਿਸਤਾਨ' ਵੀ ਲਿਖਿਆ ਪਾਇਆ ਗਿਆ। ਉਨ੍ਹੀਂ ਦਿਨੀਂ ਪੰਨੂੰ ਨੇ ਹਿਮਾਚਲ 'ਚ ਆਪਣੀਆਂ ਸਰਗਰਮੀਆਂ ਵਧਾਉਣ ਦੇ ਲਈ 50 ਹਜ਼ਾਰ ਡਾਲਰ ਖਰਚ ਕਰਨ ਦਾ ਦਾਅਵਾ ਵੀ ਕੀਤਾ।

ਫਿਰ 11 ਜੂਨ  ਨੂੰ ਪੰਜਾਬ ਦੇ ਫਰੀਦਕੋਟ 'ਚ ਇਕ ਸੈਸ਼ਨ ਜੱਜ ਦੀ ਰਿਹਾਇਸ਼ ਦੇ ਬਾਹਰ ਖਾਲਿਸਤਾਨੀ ਨਾਅਰੇ ਲਿਖੇ ਪਾਏ ਗਏ ਤੇ ਪੰਨੂੰ ਦਾ ਜਾਰੀ ਕੀਤਾ ਇਕ ਵੀਡੀਓ ਸਾਹਮਣੇ ਆਇਆ ਤੇ ਹੁਣ 13 ਜੂਨ ਦੀ ਸਵੇਰ ਸਰਹੱਦੀ ਇਲਾਕੇ ਫਿਰੋਜ਼ਪੁਰ 'ਚ ਡਵੀਜ਼ਨਲ ਰੇਲਵੇ ਮੈਨੇਜਰ (ਡੀ. ਆਰ. ਐੱਮ.) ਦੇ ਦਫ਼ਤਰ ਦੀਆਂ ਕੰਧਾਂ 'ਤੇ 'ਖਾਲਿਸਤਾਨ ਜ਼ਿੰਦਾਬਾਦ', 'ਸਿੱਖਸ ਫਾਰ ਜਸਟਿਸ ਜ਼ਿੰਦਾਬਾਦ' ਤੇ '26 ਜਨਵਰੀ, 2023-ਐੱਸ. ਐੱਫ. ਜੇ.' ਦੇ ਨਾਅਰੇ ਲਿਖੇ ਮਿਲੇ। ਇਸ ਦੌਰਾਨ ਪੰਨੂੰ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਂ ਜਾਰੀ ਵੀਡੀਓ 'ਚ ਕਿਹਾ ਕਿ ਉਸ ਨੇ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਦੇ ਘਰ ਦੇ ਬਾਹਰ ਅਤੇ ਡੀ. ਆਰ. ਐੱਮ. ਦੇ ਦਫ਼ਤਰ ਦੀਆਂ ਕੰਧਾਂ 'ਤੇ 'ਖਾਲਿਸਤਾਨ ਜ਼ਿੰਦਾਬਾਦ' ਦੇ ਨਾਅਰੇ ਲਿਖਵਾਏ ਹਨ ਅਤੇ ਉਹ ਇਕ ਦਿਨ ਖਾਲਿਸਤਾਨ ਵੀ ਜ਼ਰੂਰ ਬਣਾਏਗਾ।

ਉਸ ਨੇ ਭਗਵੰਤ ਮਾਨ ਨੂੰ ਚਿਤਾਵਨੀ ਵੀ ਦਿੱਤੀ ਹੈ ਕਿ ''ਜੇਕਰ ਤੁਸੀਂ ਖਾਲਿਸਤਾਨ ਰੈਫਰੈਂਡਮ ਦੀ ਮੁਹਿੰਮ ਅਤੇ 26 ਜਨਵਰੀ 2023 ਨੂੰ ਪੈਣ ਵਾਲੀਆਂ ਵੋਟਾਂ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਇਹ ਨਾਅਰੇ ਗੋਲੀਆਂ 'ਚ ਬਦਲ ਜਾਣਗੇ। ਪੰਜਾਬ ਤੋਂ ਨਿਕਲਣ ਵਾਲੀ ਹਰ ਰੇਲ ਗੱਡੀ 'ਤੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਛਪਣਗੇ।'' ਇਨ੍ਹਾਂ ਘਟਨਾਵਾਂ ਦੇ ਪਿੱਛੇ ਯਕੀਨੀ ਤੌਰ 'ਤੇ ਦੇਸ਼-ਵਿਦੇਸ਼ ਤੋਂ ਹੋਣ ਵਾਲੀਆਂ ਕੁਝ ਸਾਜ਼ਿਸ਼ਾਂ ਹਨ। ਸੂਬਾ ਸਰਕਾਰ ਨੂੰ ਕੇਂਦਰੀ ਸੁਰੱਖਿਆ ਏਜੰਸੀਆਂ ਦੇ ਨੋਟਿਸ 'ਚ ਲਿਆ ਕੇ ਇਸ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣਾ ਚਾਹੀਦਾ ਹੈ ਤਾਂ ਕਿ ਸੂਬੇ ਦਾ ਮਾਹੌਲ ਖਰਾਬ ਨਾ ਹੋ ਸਕੇ।
-ਵਿਜੇ ਕੁਮਾਰ


author

Mukesh

Content Editor

Related News