ਅਦਾਲਤਾਂ ’ਚ ਕੁਝ ਵਕੀਲਾਂ ਦੇ ਗਲਤ ਵਤੀਰੇ ਤੋਂ - ਜੱਜ ਗੁੱਸੇ ’ਚ

Thursday, Jan 25, 2024 - 06:44 AM (IST)

ਅਦਾਲਤਾਂ ’ਚ ਕੁਝ ਵਕੀਲਾਂ ਦੇ ਗਲਤ ਵਤੀਰੇ ਤੋਂ - ਜੱਜ ਗੁੱਸੇ ’ਚ

ਵਕਾਲਤ ਇਕ ਆਦਰਸ਼ ਪੇਸ਼ਾ ਹੈ, ਜਿਸ ’ਚ ਪੀੜਤ ਨੂੰ ਨਿਆਂ ਦਿਵਾਉਣ ਲਈ ਵਕੀਲਾਂ ਕੋਲੋਂ ਤਰਕਸੰਗਤ ਢੰਗ ਨਾਲ ਆਪਣਾ ਪੱਖ ਰੱਖਣ ਦੀ ਉਮੀਦ ਕੀਤੀ ਜਾਂਦੀ ਹੈ ਪਰ ਚੰਦ ਵਕੀਲ ਇਹ ਗੱਲ ਭੁੱਲ ਕੇ ਅਦਾਲਤ ’ਚ ਉੱਚੀ ਆਵਾਜ਼ ’ਚ ਬੋਲਣ ਅਤੇ ਮੋਬਾਈਲ ’ਤੇ ਗੱਲ ਕਰਨ ਜਾਂ ਕਿਸੇ ਗੱਲ ਨੂੰ ਲੈ ਕੇ ਜੱਜ ’ਤੇ ਦਬਾਅ ਪਾਉਣ ਤੋਂ ਇਲਾਵਾ ਕਦੀ-ਕਦੀ ਇਸ ਤੋਂ ਵੀ ਅੱਗੇ ਵਧ ਕੇ ਮਾਣਯੋਗ ਜੱਜਾਂ ’ਤੇ ਇਤਰਾਜ਼ਯੋਗ ਚੀਜ਼ ਸੁੱਟਣ ਤੋਂ ਵੀ ਸੰਕੋਚ ਨਹੀਂ ਕਰਦੇ :

* 2 ਮਾਰਚ, 2023 ਨੂੰ ਚੀਫ ਜਸਟਿਸ ਡੀ. ਵਾਈ. ਚੰਦਰਚੂੜ ’ਤੇ ਜਦ ਇਕ ਸੀਨੀਅਰ ਵਕੀਲ ਨੇ ਸੁਪਰੀਮ ਕੋਰਟ ਦੇ ਵਕੀਲਾਂ ਲਈ ਭੂਮੀ ਵੰਡ ਕੇਸ ਦੀ ਛੇਤੀ ਸੁਣਵਾਈ ਕਰਨ ਲਈ ਜ਼ਿਆਦਾ ਜ਼ੋਰ ਪਾਇਆ ਤਾਂ ਉਨ੍ਹਾਂ ਨੇ ਉਸ ਨੂੰ ਚੁੱਪ ਰਹਿਣ ਦੀ ਨਸੀਹਤ ਦਿੰਦੇ ਹੋਏ ਉਸ ਨੂੰ ਤੁਰੰਤ ਅਦਾਲਤ ’ਚੋਂ ਬਾਹਰ ਜਾਣ ਲਈ ਕਹਿ ਦਿੱਤਾ।

* 24 ਮਈ, 2023 ਨੂੰ ਜਬਲਪੁਰ ਹਾਈ ਕੋਰਟ ’ਚ ਦਾਇਰ ਇਕ ਜਨਹਿੱਤ ਪਟੀਸ਼ਨ ’ਤੇ ਸੁਣਵਾਈ ਦੌਰਾਨ ਜਸਟਿਸ ਵਿਵੇਕ ਅਗਰਵਾਲ ਨੇ ਪਟੀਸ਼ਨਕਰਤਾ ਦੇ ਵਕੀਲ ਨੂੰ ਕੁਝ ਸਵਾਲ ਪੁੱਛੇ ਤਾਂ ਵਕੀਲ ਦੇ ਜਵਾਬ ਦੇਣ ਦੇ ਬੇਹੂਦਾ ਤਰੀਕੇ ’ਤੇ ਜੱਜ ਨੇ ਉਸ ਨੂੰ ਸਹੀ ਤਰੀਕੇ ਨਾਲ ਗੱਲ ਕਰਨ ਦੀ ਹਦਾਇਤ ਕੀਤੀ ਅਤੇ ਕਿਹਾ, ‘‘ਮੈਂ ਤੁਹਾਨੂੰ ਜੇਲ ਭਿਜਵਾ ਦੇਵਾਂਗਾ।’’

* 16 ਅਕਤੂਬਰ, 2023 ਨੂੰ ਚੀਫ ਜਸਟਿਸ ਡੀ. ਵਾਈ. ਚੰਦਰਚੂੜ ਨੇ ਅਦਾਲਤ ’ਚ ਜਦ ਇਕ ਵਕੀਲ ਨੂੰ ਮੋਬਾਈਲ ’ਤੇ ਗੱਲ ਕਰਦਿਆਂ ਦੇਖਿਆ ਤਾਂ ਉਨ੍ਹਾਂ ਨੇ ਕਾਰਵਾਈ ਰੋਕ ਕੇ ਵਕੀਲ ਦਾ ਫੋਨ ਜ਼ਬਤ ਕਰਨ ਦਾ ਹੁਕਮ ਦੇ ਦਿੱਤਾ ਅਤੇ ਉਸ ਨੂੰ ਇੰਝ ਝਾੜ ਪਾਈ :

‘‘ਕੀ ਇਹ ਬਾਜ਼ਾਰ ਹੈ ਜੋ ਤੁਸੀਂ ਫੋਨ ’ਤੇ ਗੱਲ ਕਰ ਰਹੇ ਹੋ? ਭਵਿੱਖ ’ਚ ਸਾਵਧਾਨ ਰਹਿਣਾ। ਜੱਜ ਸਭ ਕੁਝ ਦੇਖਦੇ ਹਨ। ਭਾਵੇਂ ਹੀ ਅਸੀਂ ਕਾਗਜ਼ ਦੇਖ ਰਹੇ ਹੋਈਏ ਪਰ ਸਾਡੀ ਨਜ਼ਰ ਅਤੇ ਕੰਨ ਹਰ ਥਾਂ ਹਨ।’’

* 2 ਜਨਵਰੀ, 2024 ਨੂੰ ਇਕ ਪਟੀਸ਼ਨ ਦੀ ਲਿਸਟਿੰਗ ਨੂੰ ਲੈ ਕੇ ਜਦੋਂ ਇਕ ਵਕੀਲ ਚੀਫ ਜਸਟਿਸ ਡੀ. ਵਾਈ. ਚੰਦਰਚੂੜ ਨਾਲ ਉੱਚੀ ਅਤੇ ਤੇਜ਼ ਆਵਾਜ਼ ’ਚ ਬੋਲਿਆ ਤਾਂ ਉਨ੍ਹਾਂ ਨੇ ਉਸ ਨੂੰ ਕਿਹਾ, ‘‘ਤੁਸੀਂ ਜਾਂ ਤਾਂ ਆਪਣੀ ਆਵਾਜ਼ ਨੀਵੀਂ ਕਰੋ ਜਾਂ ਕੋਰਟ ਤੋਂ ਬਾਹਰ ਚਲੇ ਜਾਓ। ਤੁਸੀਂ ਸੁਪਰੀਮ ਕੋਰਟ ’ਚ ਖੜ੍ਹੇ ਹੋ। ਜੇ ਤੁਹਾਨੂੰ ਲੱਗਦਾ ਹੈ ਕਿ ਉੱਚੀ ਆਵਾਜ਼ ’ਚ ਗੱਲ ਕਰ ਕੇ ਤੁਸੀਂ ਅਦਾਲਤ ਨੂੰ ਡਰਾ ਸਕਦੇ ਹੋ ਤਾਂ ਤੁਸੀਂ ਗਲਤ ਹੋ। ਮੇਰੇ 23 ਸਾਲ ਦੇ ਕਰੀਅਰ ’ਚ ਕਿਸੇ ਨੇ ਮੇਰੇ ਨਾਲ ਇਸ ਤਰ੍ਹਾਂ ਗੱਲ ਨਹੀਂ ਕੀਤੀ।’’

* ਅਤੇ ਹੁਣ 23 ਜਨਵਰੀ, 2024 ਨੂੰ ‘ਆਗਰ’ ਅਤੇ ‘ਸ਼ਾਜਾਪੁਰ’ (ਮੱਧ ਪ੍ਰਦੇਸ਼) ਜ਼ਿਲਿਆਂ ’ਚ ਪ੍ਰੈਕਟਿਸ ਕਰਨ ਵਾਲੇ ਵਕੀਲ ਨਿਤਿਨ ਅਟਲ ਨੇ ‘ਆਗਰ’ ’ਚ ਇਕ ਕੇਸ ਦੀ ਸੁਣਵਾਈ ਦੌਰਾਨ ਆਪਣੇ ਵਤੀਰੇ ਨਾਲ ਮਰਿਆਦਾ ਦੀਆਂ ਸਾਰੀਆਂ ਹੱਦਾਂ ਟੱਪ ਦਿੱਤੀਆਂ।

ਹੋਇਆ ਇੰਝ ਕਿ ‘ਆਗਰ’ ਦੀ ਜ਼ਿਲਾ ਅਦਾਲਤ ’ਚ ਇਕ ਮਾਮਲੇ ਦੀ ਸੁਣਵਾਈ ਦੌਰਾਨ 2 ਵੱਖ-ਵੱਖ ਧਿਰਾਂ ਦੀ ਪ੍ਰਤੀਨਿਧਤਾ ਕਰਨ ਵਾਲੇ 2 ਵਕੀਲਾਂ ’ਚ ਤਿੱਖੀ ਬਹਿਸ ਹੋ ਗਈ, ਜਿਸ ’ਤੇ ਪ੍ਰਥਮ ਜ਼ਿਲਾ ਅਤੇ ਐਡੀਸ਼ਨਲ ਜੱਜ ਪ੍ਰਦੀਪ ਕੁਸ਼ਵਾਹਾ ਨੇ ਇਤਰਾਜ਼ ਪ੍ਰਗਟਾਇਆ।

ਇਸ ’ਤੇ ਦੂਜੀ ਧਿਰ ਦੇ ਵਕੀਲ ਨਾਲ ਬਹਿਸ ’ਚ ਉਲਝੇ ਵਕੀਲ ਨਿਤਿਨ ਅਟਲ ਨੇ ਗੁੱਸੇ ’ਚ ਆ ਕੇ ਆਪਣਾ ਜੁੱਤਾ ਉਤਾਰ ਕੇ ਸ਼੍ਰੀ ਪ੍ਰਦੀਪ ਕੁਸ਼ਵਾਹਾ ਨੂੰ ਨਿਸ਼ਾਨਾ ਬਣਾ ਕੇ ਉਨ੍ਹਾਂ ਵੱਲ ਸੁੱਟ ਦਿੱਤਾ ਪਰ ਸਮਾਂ ਰਹਿੰਦੇ ਝੁਕ ਕੇ ਸ਼੍ਰੀ ਕੁਸ਼ਵਾਹਾ ਨੇ ਖੁਦ ਨੂੰ ਬਚਾ ਲਿਆ।

ਇਹੀ ਨਹੀਂ, ਨਿਤਿਨ ਅਟਲ ਨੇ ‘ਡਾਇਸ’ ’ਤੇ ਚੜ੍ਹ ਕੇ ਦੂਜੇ ਪੱਖ ਦੇ ਵਕੀਲ ਕੋਲੋਂ ਕੇਸ ਦੀ ਫਾਈਲ ਅਤੇ ਵਕਾਲਤਨਾਮਾ ਖੋਹਣ ਦੀ ਵੀ ਕੋਸ਼ਿਸ਼ ਕੀਤੀ। ਇਸ ਤੋਂ ਪਹਿਲਾਂ ਕਿ ਅਦਾਲਤ ’ਚ ਮੌਜੂਦ ਲੋਕ ਕੁਝ ਸਮਝ ਸਕਦੇ, ਨਿਤਿਨ ਅਟਲ ਉੱਥੋਂ ਖਿਸਕ ਗਿਆ।

ਦੱਸਿਆ ਜਾਂਦਾ ਹੈ ਕਿ ਸਿਆਸੀ ਆਗੂਆਂ ਨਾਲ ਕਰੀਬੀ ਰਿਸ਼ਤਾ ਰੱਖਣ ਵਾਲਾ ਨਿਤਿਨ ਅਟਲ ਜੱਜਾਂ ਦੇ ਇਲਾਵਾ ਕੋਰਟ ਦੇ ਮੁਲਾਜ਼ਮਾਂ ਨਾਲ ਵੀ ਅਕਸਰ ਦੁਰਵਿਹਾਰ ਕਰਦਾ ਰਹਿੰਦਾ ਹੈ।

ਇਸ ਤਰ੍ਹਾਂ ਦੇ ਵਤੀਰੇ ਨਾਲ ਨਾ ਸਿਰਫ ਅਦਾਲਤੀ ਕਾਰਵਾਈ ਹੀ ਰੁਕਦੀ ਹੈ ਸਗੋਂ ਮਾਣਯੋਗ ਨਿਆਂਪਾਲਿਕਾ ਅਤੇ ਜੱਜ ਦਾ ਨਿਰਾਦਰ ਵੀ ਹੁੰਦਾ ਹੈ।

ਅਜਿਹੇ ’ਚ ਚੀਫ ਜਸਟਿਸ ਵੱਲੋਂ ਦਿੱਤੀ ਗਈ ਅਦਾਲਤ ਦੇ ਅੰਦਰ ਮਰਿਆਦਤ ਵਤੀਰਾ ਕਰਨ ਦੀ ਸਲਾਹ ਵਕਾਲਤ ਦੇ ਪੇਸ਼ੇ ਨਾਲ ਜੁੜੇ ਸਾਰੇ ਲੋਕਾਂ ਲਈ ਮਾਅਨੇ ਰੱਖਦੀ ਹੈ। ਅਦਾਲਤਾਂ ’ਚ ਅਜਿਹਾ ਆਚਰਨ ਕਰ ਕੇ ਕੁਝ ਵਕੀਲ ਨਾ ਸਿਰਫ ਅਦਾਲਤਾਂ ਦਾ ਕੀਮਤੀ ਸਮਾਂ ਨਸ਼ਟ ਕਰ ਰਹੇ ਹਨ ਸਗੋਂ ਆਪਣੇ ਅਤੇ ਵਕਾਲਤ ਦੇ ਪੇਸ਼ੇ ਦੇ ਵੱਕਾਰ ਨੂੰ ਵੀ ਘੱਟ ਕਰ ਰਹੇ ਹਨ।

- ਵਿਜੇ ਕੁਮਾਰ


author

Anmol Tagra

Content Editor

Related News