ਜਸਵੰਤ ਸਿੰਘ ਦੇ ਰੂਪ ’ਚ ਭਾਰਤ ਨੇ ਗੁਆਇਆ ਇਕ ਹੋਰ ਜੁਝਾਰੂ ਆਗੂ

09/29/2020 2:43:50 AM

ਸਾਬਕਾ ਕੇਂਦਰੀ ਮੰਤਰੀ ਸ਼੍ਰੀ ਜਸਵੰਤ ਸਿੰਘ (82) ਦਾ ਲੰਬੀ ਬੀਮਾਰੀ ਦੇ ਬਾਅਦ 27 ਸਤੰਬਰ ਨੂੰ ਸਵੇਰੇ 6.55 ਵਜੇ ਸੈਨਿਕ ਹਸਪਤਾਲ ’ਚ ਦਿਹਾਂਤ ਹੋ ਗਿਆ, ਜਿਥੇ ਉਹ 25 ਜੂਨ ਤੋਂ ਇਲਾਜ ਅਧੀਨ ਸਨ। ਭਾਰਤੀ ਫੌਜ ’ਚ ਮੇਜਰ ਰਹੇ ਸ਼੍ਰੀ ਜਸਵੰਤ ਸਿੰਘ ਅਗਸਤ 2014 ’ਚ ਆਪਣੇ ਘਰ ਦੇ ਬਾਥਰੂਮ ’ਚ ਡਿੱਗਣ ਦੇ ਬਾਅਦ ਕੋਮਾ ’ਚ ਚਲੇ ਗਏ ਸਨ।

3 ਜਨਵਰੀ, 1938 ਨੂੰ ਬਾੜਮੇਰ ਦੇ ਜਸੌਲ ਪਿੰਡ ’ਚ ਜਨਮੇ ਅਤੇ ਭਾਜਪਾ ਦੇ ਸੰਸਥਾਪਕ ਮੈਂਬਰਾਂ ’ਚੋਂ ਇਕ ਸ਼੍ਰੀ ਜਸਵੰਤ ਸਿੰਘ ਉਨ੍ਹਾਂ ਗਿਣੇ-ਚੁਣੇ ਪਾਰਟੀ ਨੇਤਾਵਾਂ ’ਚੋਂ ਸਨ, ਜੋ ਆਰ.ਐੱਸ.ਐੱਸ. ਦੇ ਪਿਛੋਕੜ ਤੋਂ ਨਾ ਆਉਣ ਦੇ ਬਾਵਜੂਦ ਸ਼੍ਰੀ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ (1998-2004) ’ਚ ਵਿਦੇਸ਼, ਵਿੱਤ ਅਤੇ ਰੱਖਿਆ ਮੰਤਰੀ ਰਹੇ।

ਸ਼੍ਰੀ ਅਟਲ ਬਿਹਾਰੀ ਵਾਜਪਾਈ ਅਤੇ ਸ਼੍ਰੀ ਲਾਲ ਕ੍ਰਿਸ਼ਨ ਅਡਵਾਨੀ ਦੇ ਪਿਆਰੇ ਅਤੇ ਭਰੋਸੇਯੋਗ ਸ਼੍ਰੀ ਜਸਵੰਤ ਸਿੰਘ ਦੀ ਸ਼੍ਰੀ ਵਾਜਪਾਈ ਨਾਲ ਡੂੰਘੀ ਨੇੜਤਾ ਸੀ ਅਤੇ ਮੌਜੂਦਾ ਸਿਆਸਤਦਾਨਾਂ ’ਚ ਉਹ ਸ਼੍ਰੀ ਨਿਤਿਨ ਗਡਕਰੀ ਦੇ ਨੇੜੇ ਸਨ। ਪ੍ਰਭਾਵਸ਼ਾਲੀ ਸ਼ਖਸੀਅਤ ਅਤੇ ਹਸਮੁੱਖ ਸੁਭਾਅ ਦੇ ਮਾਲਕ ਸ਼੍ਰੀ ਜਸਵੰਤ ਸਿੰਘ 1980 ’ਚ ਸਰਗਰਮ ਸਿਆਸਤ ’ਚ ਦਾਖਲ ਹੋਣ ਦੇ ਬਾਅਦ 4 ਵਾਰ ਲੋਕ ਸਭਾ ਅਤੇ 5 ਵਾਰ ਰਾਜ ਸਭਾ ਦੇ ਮੈਂਬਰ ਚੁਣੇ ਗਏ।

ਸਪਸ਼ਟਵਾਦਿਤਾ ਦੇ ਲਈ ਜਾਣੇ ਜਾਂਦੇ ਸ਼੍ਰੀ ਜਸਵੰਤ ਸਿੰਘ ਨੂੰ ਮੁਹੰਮਦ ਅਲੀ ਜਿੱਨਾਹ ’ਤੇ ਕਿਤਾਬ ਲਿਖਣ ਦੇ ਕਾਰਨ 2009 ’ਚ ਭਾਜਪਾ ’ਚੋਂ ਕੱਢ ਦਿੱਤਾ ਗਿਆ ਸੀ ਪਰ 10 ਮਹੀਨੇ ਦੇ ਬਾਅਦ ਹੀ ਨਿਤਿਨ ਗਡਕਰੀ ਉਨ੍ਹਾਂ ਨੂੰ ਵਾਪਸ ਲੈ ਆਏ ਸਨ। ਤਦ ਜਸਵੰਤ ਸਿੰਘ ਨੇ ਕਿਹਾ ਸੀ ਕਿ, ‘‘ਭਾਜਪਾ ਚਾਪਲੂਸਾਂ ਦੀ ਪਾਰਟੀ ਬਣਦੀ ਜਾ ਰਹੀ ਹੈ।’’

ਦੂਜੇ ਪਾਸੇ ਜਸਵੰਤ ਸਿੰਘ ਨੂੰ 2014 ’ਚ ਪਾਰਟੀ ਤੋਂ ਕੱਢਿਆ ਗਿਆ ,ਜਦੋਂ ਬਾੜਮੇਰ ਤੋਂ ਲੋਕ ਸਭਾ ਚੋਣ ’ਚ ਟਿਕਟ ਨਾ ਮਿਲਣ ਦੇ ਕਾਰਨ ਉਨ੍ਹਾਂ ਨੇ ਪਾਰਟੀ ਨੂੰ ਅਲਵਿਦਾ ਕਹਿ ਕੇ ਆਜ਼ਾਦ ਚੋਣ ਲੜੀ ਅਤੇ ਹਾਰ ਗਏ।

ਸ਼੍ਰੀ ਜਸਵੰਤ ਸਿੰਘ ਦੀ ਮੌਤ ਦੀ ਖਬਰ ਪੜ੍ਹ ਕੇ ਮੈਨੂੰ 1991 ਦਾ ਉਹ ਦਿਨ ਯਾਦ ਆ ਰਿਹਾ ਹੈ ਜਦੋਂ ਉਹ ਸ਼੍ਰੀ ਅਟਲ ਬਿਹਾਰੀ ਵਾਜਪਾਈ ਦੇ ਕਹਿਣ ’ਤੇ ‘ਹਿੰਦ ਸਮਾਚਾਰ ਭਵਨ’ ’ਚ ਪੰਜਾਬ ਦੇ ਹਾਲਾਤ ਦੀ ਜਾਣਕਾਰੀ ਹਾਸਲ ਕਰਨ ਆਏ ਸਨ।

ਉਸ ਦਿਨ ਅਚਾਨਕ ਮੈਨੂੰ ਭਾਜਪਾ ਨੇਤਾ ਓਮ ਪ੍ਰਕਾਸ਼ ਦੱਤ, ਜੋ ਬਾਅਦ ’ਚ ਵਿਧਾਇਕ ਵੀ ਬਣੇ, ਦਾ ਫੋਨ ਆਇਆ ਅਤੇ ਉਨ੍ਹਾਂ ਕਿਹਾ ਕਿ, ‘‘ਜਸਵੰਤ ਸਿੰਘ ਜੀ ਤੁਹਾਨੂੰ ਮਿਲਣ ਅਤੇ ਪੰਜਾਬ ਦੇ ਹਾਲਾਤ ਦੀ ਜਾਣਕਾਰੀ ਹਾਸਲ ਕਰਨ ਆ ਰਹੇ ਹਾਂ ਅਤੇ ਅਸੀਂ ਭੋਜਨ ਵੀ ਤੁਹਾਡੇ ਇਥੇ ਹੀ ਕਰਾਂਗੇ। ਇਸ ਲਈ ਤੁਸੀਂ ਉਸਦਾ ਵੀ ਪ੍ਰਬੰਧ ਕਰ ਲੈਣਾ।’’

ਤੈਅ ਸਮੇਂ ’ਤੇ ਵੈਦ ਓਮ ਪ੍ਰਕਾਸ਼ ਦੱਤ ਅਤੇ ਹੋਰ ਕੁਝ ਕੁ ਲੋਕਾਂ ਦੇ ਨਾਲ ਜਸਵੰਤ ਸਿੰਘ ਜੀ ਸਾਡੇ ਇਥੇ ਪਧਾਰੇ। ਭੋਜਨ ਕੀਤਾ ਅਤੇ ਫਿਰ ਅਸੀਂ ਸਾਰੇ ਉਨ੍ਹਾਂ ਨੂੰ ਘੇਰ ਕੇ ਬੈਠ ਗਏ ਅਤੇ ਉਨ੍ਹਾਂ ਨਾਲ ਭਵਿੱਖ ਦੇ ਸੰਭਾਵਿਤ ਘਟਨਾਕ੍ਰਮ ’ਤੇ ਚਰਚਾ ਕਰਨ ਲੱਗੇ ਅਤੇ ਅਸੀਂ ਉਨ੍ਹਾਂ ਨੂੰ ਇਹ ਵੀ ਦੱਸਿਆ ਕਿ ਅੱਤਵਾਦ ਦੇ ਵਿਰੁੱਧ ਇਸ ਸੰਗ੍ਰਾਮ ’ਚ ਕਿੰਨੇ ਲੋਕ ਸ਼ਹੀਦ ਹੋ ਚੁੱਕੇ ਹਨ।

ਉਨ੍ਹਾਂ ਨੇ ਗੱਲਬਾਤ ਦੌਰਾਨ ਕਿਹਾ ਕਿ ਸ਼੍ਰੀ ਵਾਜਪਾਈ ਜੀ ਪੰਜਾਬ ਦੇ ਹਾਲਾਤ ਬਾਰੇ ਬਹੁਤ ਜ਼ਿਆਦਾ ਚਿੰਤਤ ਹਨ ਅਤੇ ਉਨ੍ਹਾਂ ਨੇ ਮੈਨੂੰ ਕਿਹਾ ਹੈ ਕਿ ਮੈਂ ਤੁਹਾਡੇ ਕੋਲੋਂ ਪੰਜਾਬ ਦੇ ਹਾਲਾਤ ਦੇ ਬਾਰੇ ’ਚ ਜਾਣਕਾਰੀ ਪ੍ਰਾਪਤ ਕਰ ਕੇ ਆਵਾਂ।

ਉਨ੍ਹੀਂ ਦਿਨੀਂ ਕੇਂਦਰ ਅਤੇ ਪੰਜਾਬ ’ਚ ਕਾਂਗਰਸ ਪਾਰਟੀ ਦਾ ਸਾਸ਼ਨ ਸੀ ਅਤੇ ਬੋਫੋਰਸ ਤੋਪ ਦੀ ਖਰੀਦ ’ਚ ਕਥਿਤ ਭ੍ਰਿਸ਼ਟਾਚਾਰ ਦਾ ਮੁੱਦਾ ਭਖਿਆ ਸੀ। ਅਸੀਂ ਉਨ੍ਹਾਂ ਤੋਂ ਬੋਫੋਰਸ ਤੋਪ ਖਰੀਦ ’ਚ ਕਥਿਤ ਘਪਲੇ ਬਾਰੇ ਜਾਣਨਾ ਚਾਹਿਆ ਤਾਂ ਉਨ੍ਹਾਂ ਨੇ ਕਿਹਾ ਕਿ, ‘‘ਭਾਵੇਂ ਇਸ ਤੋਪ ਦੀ ਖਰੀਦ ’ਚ ਕੁਝ ਪੈਸਾ ਖਾਧਾ ਗਿਆ ਹੋਵੇ ਜਾਂ ਨਾ ਖਾਧਾ ਗਿਆ ਹੋਵੇ, ਇਕ ਗੱਲ ਤਾਂ ਪੱਕੀ ਕਿ ਕੋਈ ਹੋਰ ਤੋਪ ਇਸ ਤੋਪ ਵਰਗੀ ਨਹੀਂ ਹੈ ਅਤੇ ਅਜਿਹੀ ਤੋਪ ਹਰ ਹਾਲਤ ’ਚ ਖਰੀਦੀ ਹੀ ਜਾਣੀ ਚਾਹੀਦੀ ਹੈ।’’

ਸ਼੍ਰੀ ਜਸਵੰਤ ਸਿੰਘ ਇਕਲੌਤੇ ਕਾਨੂੰਨ ਘਾੜੇ ਸਨ, ਜਿਨ੍ਹਾਂ ਨੂੰ ਫੌਜੀ ਯੰਤਰਾਂ ਦੇ ਨਾਲ-ਨਾਲ ਇਸ ਤੋਪ ਦੇ ਬਾਰੇ ’ਚ ਡੂੰਘੀ ਜਾਣਕਾਰੀ ਸੀ। ਕਾਂਗਰਸ ਵਲੋਂ ਆਯੋਜਿਤ ਇਸ ਤੋਪ ਦੇ ਟ੍ਰਾਇਲ ’ਚ ਇਸਦੀ ਪੜਤਾਲ ਕਰਨ ਦੇ ਬਾਅਦ ਜਸਵੰਤ ਸਿੰਘ ਜੀ ਨੇ ਉਸਦੀ ਖੁੱਲ੍ਹ ਕੇ ਸ਼ਲਾਘਾ ਕੀਤੀ ਸੀ, ਜਿਸਨੇ ਕਾਰਗਿਲ ਜੰਗ ਜਿੱਤਣ ’ਚ ਵੱਡੀ ਭੂਮਿਕਾ ਨਿਭਾਈ।

ਜਿਥੇ ਸ਼੍ਰੀ ਜਸਵੰਤ ਸਿੰਘ ਜੀ ਨੇ 1998 ’ਚ ਭਾਰਤ ਵਲੋਂ ਪੋਖਰਣ ਪਰਮਾਣੂ ਧਮਾਕੇ ਦੇ ਬਾਅਦ ਅਮਰੀਕੀ ਪਾਬੰਦੀਆਂ ਅਤੇ ਹੋਰ ਕੌਮਾਂਤਰੀ ਸਮੱਸਿਆਵਾਂ ਦਾ ਸਾਹਮਣਾ ਕੀਤਾ, ਉਥੇ ਉਸੇ ਸਾਲ ਹੋਈ ਕਾਰਗਿਲ ਜੰਗ ’ਚ ਭਾਰਤ ਦੀ ਜਿੱਤ ਅਤੇ 2001 ਦੇ ਆਗਰਾ ਸਿਖਰ ਸੰਮੇਲਨ ਆਦਿ ’ਚ ਮਹੱਤਵਪੂਰਨ ਭੂਮਿਕਾ ਨਿਭਾਈ।

ਫਿਲਹਾਲ ਵਿਦੇਸ਼, ਵਿੱਤ ਅਤੇ ਰੱਖਿਆ ਮੰਤਰੀ ਦੇ ਰੂਪ ’ਚ ਆਪਣੇ ਕਾਰਜਕਾਲ ਦੇ ਦੌਰਾਨ ਅਨੇਕ ਮਹੱਤਵਪੂਰਨ ਜ਼ਿੰਮੇਵਾਰੀਆਂ ਨਿਭਾਉਣ ਵਾਲੇ ਸ਼੍ਰੀ ਜਸਵੰਤ ਸਿੰਘ ਨੂੰ ਕੁਝ ਅਗਨੀ ਪ੍ਰੀਖਿਆਵਾਂ ’ਚੋਂ ਵੀ ਲੰਘਣਾ ਪਿਆ।

24 ਦਸੰਬਰ 1999 ਨੂੰ ਨਵੀਂ ਦਿੱਲੀ ਤੋਂ 150 ਮੁਸਾਫਰਾਂ ਨੂੰ ਲੈ ਕੇ ਕਾਠਮੰਡੂ ਜਾ ਰਹੇ ਏਅਰ ਇੰਡੀਆ ਦੇ ਜਹਾਜ਼ ਨੂੰ ਅਗਵਾ ਕਰ ਕੇ ਅੱਤਵਾਦੀ ਅਫਗਾਨਿਸਤਾਨ ਦੇ ਕੰਧਾਰ ਸ਼ਹਿਰ ’ਚ ਲੈ ਗਏ ਅਤੇ ਉਥੇ ਇਕ ਅਗਵਾ ਕੀਤੇ ਵਿਅਕਤੀ ਦੀ ਹੱਤਿਆ ਵੀ ਕਰ ਦਿੱਤੀ ਤੇ ਇਸਦੇ ਨਾਲ ਹੀ ਇਹ ਚੁਣੌਤੀ ਦੇ ਦਿੱਤੀ ਕਿ ਭਾਰਤ ’ਚ ਬੰਦ ਅੱਤਵਾਦੀ ਮਸੂਦ ਅਜ਼ਹਰ ਅਤੇ 2 ਹੋਰ ਅੱਤਵਾਦੀਆਂ ਨੂੰ ਰਿਹਾਅ ਕਰਨ ਦੇ ਬਾਅਦ ਹੀ ਜਹਾਜ਼ ਛੱਡਿਆ ਜਾਵੇਗਾ।

ਅਗਵਾ ਕੀਤੇ ਮੁਸਾਫਰਾਂ ਦੇ ਪਰਿਵਾਰਕ ਮੈਂਬਰਾਂ ਵਲੋਂ ਸ਼੍ਰੀ ਵਾਜਪਾਈ ਜੀ ਕੋਲ ਸਹਾਇਤਾ ਦੀ ਅਪੀਲ ਕਰਨ ’ਤੇ ਅਗਵਾ ਹੋਇਆਂ ਦੇ ਵਾਰਿਸਾਂ ਦੇ ਦਰਦ ਨੂੰ ਮਹਿਸੂਸ ਕਰਦੇ ਹੋਏ ਸ਼੍ਰੀ ਵਾਜਪਾਈ ਨੇ ਅੱਤਵਾਦੀਆਂ ਦੀ ਮੰਗ ਪ੍ਰਵਾਨ ਕਰਨ ਦਾ ਫੈਸਲਾ ਕਰ ਲਿਆ।

ਸ਼੍ਰੀ ਜਸਵੰਤ ਸਿੰਘ, ਜੋ ਉਸ ਸਮੇਂ ਵਿਦੇਸ਼ ਮੰਤਰੀ ਸਨ, ਨੇ ਸ਼੍ਰੀ ਵਾਜਪਾਈ ਜੀ ਦੀ ਗੱਲ ਦਾ ਵਿਰੋਧ ਕੀਤਾ ਪਰ ਆਖਿਰਕਾਰ ਉਨ੍ਹਾਂ ਨੂੰ ਸ਼੍ਰੀ ਵਾਜਪਾਈ ਜੀ ਦੀ ਗੱਲ ਮੰਨਦੇ ਹੋਏ ਅਗਵਾ ਕੀਤੇ ਜਹਾਜ਼ ਨੂੰ ਛੁਡਵਾਉਣ ਲਈ ਉਕਤ ਤਿੰਨਾਂ ਅੱਤਵਾਦੀਅਾਂ ਨੂੰ ਨਾਲ ਲੈ ਕੇ ਕੰਧਾਰ ਜਾਣਾ ਪਿਆ। ਹਾਲਾਂਕਿ ਇਸਦੇ ਲਈ ਉਨ੍ਹਾਂ ਨੂੰ ਵਿਰੋਧੀ ਪਾਰਟੀਆਂ ਦੀ ਭਾਰੀ ਆਲੋਚਨਾ ਦਾ ਸਾਹਮਣਾ ਵੀ ਕਰਨਾ ਪਿਆ ਸੀ। ਇਸ ਲਈ ਉਨ੍ਹਾਂ ਦੇ ਅਕਸ ਨੂੰ ਧੱਕਾ ਵੀ ਲੱਗਾ।

ਰੋਅਬ ਵਾਲੀ ਸ਼ਖਸੀਅਤ ਦੇ ਮਾਲਕ ਹੋਣ ਦੇ ਇਲਾਵਾ ਸ਼੍ਰੀ

ਜਸਵੰਤ ਸਿੰਘ ਦੀ ਹਾਸੇ ਦੀ ਭਾਵਨਾ ਵੀ ਗਜ਼ਬ ਦੀ ਸੀ। ਜਿਸਦਾ ਇਕ ਨਮੂਨਾ ਉਨ੍ਹਾਂ ਨੇ ਜੁਲਾਈ 2009 ’ਚ ਸੰਸਦ ’ਚ ਬਜਟ ’ਤੇ ਬਹਿਸ ਕਰਦੇ ਹੋਏ ਇਹ ਕਹਿ ਕੇ ਪੇਸ਼ ਕੀਤਾ ਸੀ ਕਿ, ‘‘ ਸੀਨੀਅਰ ਨਾਗਰਿਕਾਂ ਨੂੰ ਇਨਕਮ ਟੈਕਸ ’ਚ ਛੋਟ ਦੀ ਰਕਮ ਇੰਨੀ ਵੀ ਨਹੀਂ ਹੈ ਕਿ ਉਸ ਨਾਲ ਵ੍ਹਿਸਕੀ ਦੀ ਇਕ ਬੋਤਲ ਵੀ ਖਰੀਦੀ ਜਾ ਸਕੇ।’’

ਇਹ ਤ੍ਰਾਸਦੀ ਹੀ ਹੈ ਕਿ ਭਾਰਤ ਨੇ ਪਿਛਲੇ ਕੁਝ ਸਾਲਾਂ ਦੌਰਾਨ ਖਰੀ ਸੋਚ ਵਾਲੇ ਅਤੇ ਦੇਸ਼ ਨੂੰ ਜੋੜ ਕੇ ਰੱਖਣ ਵਾਲੇ ਸਰਵਸ਼੍ਰੀ ਅਟਲ ਬਿਹਾਰੀ ਵਾਜਪਾਈ, ਜਾਰਜ ਫਰਨਾਂਡੀਜ਼, ਮਦਨ ਲਾਲ ਖੁਰਾਣਾ, ਸੁਸ਼ਮਾ ਸਵਰਾਜ, ਸ਼ੀਲਾ ਦੀਕਸ਼ਿਤ ਅਤੇ ਅਰੁਣ ਜੇਤਲੀ ਵਰਗੇ ਅਨੇਕਾਂ ਨੇਤਾਵਾਂ ਨੂੰ ਗੁਆ ਦਿੱਤਾ ਹੈ।

ਦੇਸ਼ ਅਤੇ ਜਨਤਾ ਨੂੰ ਨਾਲ ਕੇ ਚੱਲਣ ਵਾਲੀ ਲੜੀ ’ਚ ਹੁਣ ਸ਼੍ਰੀ ਜਸਵੰਤ ਸਿੰਘ ਦਾ ਵਿਛੜਣਾ ਦੇਸ਼ ਦੀ ਸਾਫ-ਸੁਥਰੀ ਸਿਆਸਤ ਲਈ ਨਾ-ਪੂਰਿਆ ਜਾਣ ਵਾਲਾ ਘਾਟਾ ਹੈ ਅਤੇ ਉਨ੍ਹਾਂ ਦੇ ਦਿਹਾਂਤ ਨਾਲ ਦੇਸ਼ ਨੇ ਇਕ ਹੋਰ ਕਰਮਸ਼ੀਲ ਪ੍ਰਤੀਬੱਧ ਅਤੇ ਜੁਝਾਰੂ ਆਗੂ ਗੁੁਆ ਦਿੱਤਾ ਹੈ।

-ਵਿਜੇ ਕੁਮਾਰ


Bharat Thapa

Content Editor

Related News