‘ਜ਼ਹਿਰੀਲੀ ਵੇਲ ਵਾਂਗ ਵਧ ਰਹੀ’ ਸਾਡੇ ਸਿਆਸੀ ‘ਨੇਤਾਵਾਂ ਦੀ ਧੱਕੇਸ਼ਾਹੀ’

07/02/2019 6:43:27 AM

ਦੇਸ਼ ’ਚ ਸਿਆਸੀ ਪਾਰਟੀਆਂ ਦੇ ਨੇਤਾਵਾਂ ਅਤੇ ਵਰਕਰਾਂ ਦੀ ਗੁੰਡਾਗਰਦੀ ਅਤੇ ਧੱਕੇਸ਼ਾਹੀ ਦਾ ਇਕ ਕੁਚੱਕਰ ਜਿਹਾ ਚੱਲ ਪਿਆ ਹੈ ਅਤੇ ਪ੍ਰਭਾਵਸ਼ਾਲੀ ਲੋਕਾਂ ਵਲੋਂ ਆਪਣੇ ਅਹੁਦੇ ਦੀ ਦੁਰਵਰਤੋਂ ਦਾ ਰੋਗ ਜ਼ਹਿਰੀਲੀ ਵੇਲ ਵਾਂਗ ਹੀ ਫੈਲਦਾ ਜਾ ਰਿਹਾ ਹੈ ਹੁਣੇ ਜਿਹੇ ਭਾਜਪਾ ਦੇ ਕੌਮੀ ਜਨਰਲ ਸਕੱਤਰ ਕੈਲਾਸ਼ ਵਿਜੇਵਰਗੀਯ ਦੇ ਵਿਧਾਇਕ ਬੇਟੇ ਆਕਾਸ਼ ਵਿਜੇਵਰਗੀਯ ਵਲੋਂ 26 ਜੂਨ ਨੂੰ ਇੰਦੌਰ ਨਗਰ ਨਿਗਮ ਦੇ ਅਧਿਕਾਰੀ ਨੂੰ ਕ੍ਰਿਕਟ ਬੈਟ ਨਾਲ ਕੁੱਟਣ ਕਾਰਣ ਪੈਦਾ ਹੋਏ ਵਿਵਾਦ ਦੀ ਸਿਆਹੀ ਸੁੱਕੀ ਵੀ ਨਹੀਂ ਸੀ ਕਿ ਸੱਤਾਧਾਰੀ ਪਾਰਟੀਆਂ ਦੇ ਨੇਤਾਵਾਂ ਦੀ ਧੱਕੇਸ਼ਾਹੀ ਦੇ ਸਿਰਫ 5 ਦਿਨਾਂ ਵਿਚ ਹੀ ਹੋਰ ਕਈ ਮਾਮਲੇ ਸਾਹਮਣੇ ਆ ਗਏ ਹਨ :

* 27 ਜੂਨ ਨੂੰ ਵਿਦਿਸ਼ਾ (ਮੱਧ ਪ੍ਰਦੇਸ਼) ਜ਼ਿਲੇ ਦੇ ‘ਗੰਜਬਾ ਸੌਦਾ’ ਤੋਂ ਭਾਜਪਾ ਵਿਧਾਇਕਾ ਲੀਨਾ ਜੈਨ ਇਕ ਅਧਿਕਾਰੀ ਨਾਲ ਇਸ ਲਈ ਨਾਰਾਜ਼ ਹੋ ਗਈ ਕਿਉਂਕਿ ਉਹ ਕਥਿਤ ਤੌਰ ’ਤੇ ਉਨ੍ਹਾਂ ਨੂੰ ਇਕ ਸਰਕਾਰੀ ਪ੍ਰੋਗਰਾਮ ’ਚ ਸੱਦਣਾ ਭੁੱਲ ਗਿਆ ਸੀ। ਲੀਨਾ ਜੈਨ ਨੇ ਉਸ ਨੂੰ ਧਮਕਾਉਂਦਿਆਂ ਕਿਹਾ, ‘‘ਚੌਧਰੀ ਜੀ, ਤੁਸੀਂ ਇਥੇ ਨੌਕਰੀ ਨਹੀਂ ਕਰ ਸਕੋਗੇ।’’

* 27 ਜੂਨ ਨੂੰ ਹੀ ਦਮੋਹ ‘ਭਾਜਯੁਮੋ’ ਦੇ ਜ਼ਿਲਾ ਉਪ-ਪ੍ਰਧਾਨ ਵਿਵੇਕ ਅਗਰਵਾਲ ਨੇ ਦਮੋਹ ਨਗਰ ਪਾਲਿਕਾ ਦੇ ਅਕਾਊਂਟੈਂਟ ਅਫਸਰ ਅਨਿਲ ਗੁਪਤਾ ਨੂੰ ਕ੍ਰਿਕਟ ਦਾ ਬੈਟ ਦਿਖਾ ਕੇ ਧਮਕੀ ਦਿੱਤੀ, ‘‘ਜੇ ਤੂੰ ਠੀਕ ਤਰ੍ਹਾਂ ਕੰਮ ਨਾ ਕੀਤਾ ਤਾਂ ਮੈਨੂੰ ਮਜਬੂਰ ਹੋ ਕੇ ਆਕਾਸ਼ ਵਿਜੇਵਰਗੀਯ ਵਾਂਗ ਬੈਟ ਦਾ ਇਸਤੇਮਾਲ ਕਰਨਾ ਪਵੇਗਾ।’’

* 28 ਜੂਨ ਨੂੰ ਮੱਧ ਪ੍ਰਦੇਸ਼ ਦੇ ਪਾਣੀ ਦੇ ਸੋਮਿਆਂ ਬਾਰੇ ਮੰਤਰੀ ਹੁਕਮ ਸਿੰਘ ਕਰਾੜਾ (ਕਾਂਗਰਸ) ਨੂੰ ਇਕ ਲੋਕ-ਅਦਾਲਤ ਦੌਰਾਨ ਲਗਾਤਾਰ ਸਿਗਰਟ ਦੇ ਕਸ਼ ਲਾਉਂਦੇ ਦੇਖਿਆ ਗਿਆ, ਜਦਕਿ ਦੇਸ਼ ’ਚ ਜਨਤਕ ਥਾਵਾਂ ’ਤੇ ਸਿਗਰਟਨੋਸ਼ੀ ’ਤੇ ਪਾਬੰਦੀ ਅਤੇ ਜੁਰਮਾਨੇ ਦੀ ਵਿਵਸਥਾ ਹੈ।

* 28 ਜੂਨ ਨੂੰ ਹੀ ਮੱਧ ਪ੍ਰਦੇਸ਼ ’ਚ ਸਤਨਾ ਦੀ ਰਾਮਨਗਰ ਪੰਚਾਇਤ ਦੇ ਪ੍ਰਧਾਨ ਰਾਮ ਸੁਸ਼ੀਲ ਪਟੇਲ ਨੇ ਸੀ. ਐੱਮ. ਓ. (ਚੀਫ ਮੈਡੀਕਲ ਅਫਸਰ) ਨਾਲ ਕਿਸੇ ਗੱਲ ਨੂੰ ਲੈ ਕੇ ਹੋਏ ਵਿਵਾਦ ’ਚ ਉਨ੍ਹਾਂ ਦੇ ਦਫਤਰ ਵਿਚ ਵੜ ਕੇ ਉਨ੍ਹਾਂ ਨਾਲ ਬੁਰਾ ਸਲੂਕ ਕਰਦਿਆਂ ਕੁੱਟਮਾਰ ਕਰ ਕੇ ਉਨ੍ਹਾਂ ਨੂੰ ਲਹੂ-ਲੁਹਾਨ ਕਰ ਦਿੱਤਾ।

* 28 ਜੂਨ ਨੂੰ ਹੀ ਕੋਟਕਪੂਰਾ ਪੁਲਸ ਨੇ ਕਾਂਗਰਸੀ ਨੇਤਾ ਰਵਿੰਦਰ ਸਿੰਘ ਵਲੋਂ ਸਰਕਾਰੀ ਕੰਮ ’ਚ ਅੜਿੱਕਾ ਡਾਹੁਣ ਅਤੇ ਹਵਾਈ ਫਾਇਰ ਕਰਨ ਦੇ ਕਥਿਤ ਦੋਸ਼ ’ਚ ਉਨ੍ਹਾਂ ਵਿਰੁੱਧ ਕੇਸ ਦਰਜ ਕੀਤਾ।

* 29 ਜੂਨ ਨੂੰ ਦਿੱਲੀ ਦੀ ਇਕ ਅਦਾਲਤ ਨੇ 2015 ’ਚ ਇਕ ਵਿਅਕਤੀ ਨੂੰ ਕੁੱਟਣ ਦੇ ਮਾਮਲੇ ’ਚ ‘ਆਮ ਆਦਮੀ ਪਾਰਟੀ’ ਦੇ ਵਿਧਾਇਕ ਸੋਮਦੱਤ ਨੂੰ ਦੋਸ਼ੀ ਕਰਾਰ ਦਿੱਤਾ।

* 29 ਜੂਨ ਨੂੰ ਹੀ ਤੇਲੰਗਾਨਾ ’ਚ ਸੱਤਾਧਾਰੀ ਪਾਰਟੀ ਟੀ. ਆਰ. ਐੱਸ. ਦੇ ਵਿਧਾਇਕ ‘ਕੋਨੇਰੂ ਕੋਨੱਪਾ’ ਦੇ ਭਰਾ ਕ੍ਰਿਸ਼ਨਾ ਦੀ ਅਗਵਾਈ ਹੇਠ ਪਾਰਟੀ ਵਰਕਰਾਂ ਨੇ ‘ਸਿਰਪੁਰ ਕਾਗਜ ਨਗਰ’ ਇਲਾਕੇ ’ਚ ਤਾਇਨਾਤ ਪੁਲਸ ਦੇ ਜਵਾਨਾਂ ਅਤੇ ਮਹਿਲਾ ਵਣ ਅਧਿਕਾਰੀ ਨੂੰ ਬੁਰੀ ਤਰ੍ਹਾਂ ਨਾਲ ਕੁੱਟਿਆ, ਜਿਸ ਨਾਲ ਉਹ ਜ਼ਖ਼ਮੀ ਹੋ ਗਈ।

* 30 ਜੂਨ ਨੂੰ ਜ਼ਮਾਨਤ ਮਿਲਣ ’ਤੇ ਜ਼ਿਲਾ ਜੇਲ ’ਚੋਂ ਛੁੱਟਣ ਦੀ ਖੁਸ਼ੀ ’ਚ ਆਕਾਸ਼ ਵਿਜੇਵਰਗੀਯ ਦੇ ਸਮਰਥਕ ਢੋਲ ਦੀ ਥਾਪ ’ਤੇ ਨੱਚੇ ਅਤੇ ਹਵਾ ’ਚ ਫਾਇਰਿੰਗ ਵੀ ਕੀਤੀ। ਇਸ ਮੌਕੇ ਆਕਾਸ਼ ਨੇ ਕਿਹਾ ਕਿ ਉਸ ਨੂੰ ਆਪਣੇ ਕੀਤੇ ਦਾ ਕੋਈ ਪਛਤਾਵਾ ਨਹੀਂ ਹੈ। ਸਾਹਮਣੇ ਆ ਰਹੇ ਸੱਤਾ ਅਦਾਰੇ ਨਾਲ ਜੁੜੀਆਂ ਮਾਣਯੋਗ ਹਸਤੀਆਂ ਦੀ ਧੱਕੇਸ਼ਾਹੀ ਦੇ ਇਹ ਮਾਮਲੇ ਸਰਕਾਰੀ ਅਹੁਦੇ ਦੀ ਦੁਰਵਰਤੋਂ ਦੀਆਂ ਮੂੰਹ-ਬੋਲਦੀਆਂ ਮਿਸਾਲਾਂ ਹਨ, ਜਿਨ੍ਹਾਂ ਤੋਂ ਸਪੱਸ਼ਟ ਹੈ ਕਿ ਇਹ ਲੋਕ ਸੱਤਾ ਦੇ ਨਸ਼ੇ ’ਚ ਕਿਸ ਤਰ੍ਹਾਂ ਆਪੇ ਤੋਂ ਬਾਹਰ ਹੋ ਜਾਂਦੇ ਹਨ ਅਤੇ ਅਜਿਹੇ ਲੋਕਾਂ ਦੀ ਦੇਖਾ-ਦੇਖੀ ਦੂਜੇ ਲੋਕਾਂ ’ਚ ਵੀ ਇਹ ਬੀਮਾਰੀ ਲਗਾਤਾਰ ਫੈਲਦੀ ਜਾ ਰਹੀ ਹੈ।

–ਵਿਜੇ ਕੁਮਾਰ
 


Bharat Thapa

Content Editor

Related News