ਚੰਦਰਯਾਨ-3 ਬਾਰੇ ‘ਚੰਦ ਆਗੂਆਂ ਦੇ ਬਿਆਨ’, ਪੜ੍ਹੋ ਅਤੇ ਹੱਸੋ!
Saturday, Aug 26, 2023 - 05:19 AM (IST)
ਚੰਦਰਮਾ ਦੀ ਬਨਾਵਟ, ਉਸ ਦੀਆਂ ਥਰਮਲ ਪ੍ਰਾਪਰਟੀਜ਼ (ਤਾਪ ਗੁਣ), ਉਸ ਦੀ ਸਤ੍ਹਾ ਦੇ ਹੇਠਾਂ ਦੀ ਹਲਚਲ, ਉੱਥੇ ਪਾਣੀ ਦੀ ਤਲਾਸ਼ ਆਦਿ ਦੀ ਜਾਣਕਾਰੀ ਲੈਣ ਲਈ ਭੇਜੇ ਗਏ ‘ਚੰਦਰਯਾਨ-3’ ਮਿਸ਼ਨ ਦੀ 23 ਅਗਸਤ ਨੂੰ ਚੰਦਰਮਾ ਦੇ ਦੱਖਣੀ ਧਰੁਵ ’ਤੇ ਸਫਲ ਲੈਂਡਿੰਗ ’ਤੇ ਜਿੱਥੇ ਦੇਸ਼ ’ਚ ਜਸ਼ਨ ਦਾ ਮਾਹੌਲ ਹੈ, ਉੱਥੇ ਹੀ ਇਸ ਮਿਸ਼ਨ ਬਾਰੇ ਸਾਡੇ ਚੰਦ ਆਗੂਆਂ ਦਾ ਅਧੂਰਾ ਗਿਆਨ ਅਤੇ ਉਨ੍ਹਾਂ ਦੇ ਬਿਆਨ ਲੋਕਾਂ ’ਚ ਮਜ਼ਾਕ ਦਾ ਵਿਸ਼ਾ ਬਣੇ ਹੋਏ ਹਨ।
ਭਾਜਪਾ ਦੀ ਸਹਿਯੋਗੀ ‘ਸੁਹੇਲ ਦੇਵ ਭਾਰਤੀ ਸਮਾਜ ਪਾਰਟੀ’ ਦੇ ਪ੍ਰਧਾਨ ਓਮ ਪ੍ਰਕਾਸ਼ ਰਾਜਭਰ ਨੇ ਕਿਹਾ, ‘‘ਜੋ (ਵਿਗਿਆਨਕ) ਚੰਦਰਯਾਨ ’ਚ ਬੈਠ ਕੇ ਗਏ ਹਨ ਉਨ੍ਹਾਂ ਦੇ ਕੱਲ ਰਾਜ਼ੀ-ਖੁਸ਼ੀ ਧਰਤੀ ’ਤੇ ਵਾਪਸ ਆਉਣ ’ਤੇ ਪੂਰੇ ਦੇਸ਼ ਨੂੰ ਉਨ੍ਹਾਂ ਦਾ ਸਵਾਗਤ ਕਰਨਾ ਚਾਹੀਦਾ ਹੈ। ਅਸੀਂ ‘ਇਸਰੋ’ ਦੇ ਉਨ੍ਹਾਂ ਸਾਰੇ ਵਿਗਿਆਨੀਆਂ ਦਾ ਧੰਨਵਾਦ ਕਰਦੇ ਹਾਂ ਜਿਹੜੇ ਦਿਨ-ਪ੍ਰਤੀਦਿਨ ਇਕ ਨਵੀਂ ਖੋਜ ਕਰਦੇ ਹਨ।’’
ਰਾਜਸਥਾਨ ਦੇ ਖੇਡ ਮੰਤਰੀ ਅਸ਼ੋਕ ਚਾਂਦਨਾ (ਕਾਂਗਰਸ) ਨੇ ਕਿਹਾ, ‘‘ਅਸੀਂ ਕਾਮਯਾਬ ਹੋਏ ਹਾਂ ਅਤੇ ਸੇਫ ਲੈਂਡਿੰਗ ਹੋਈ ਹੈ। ਸਾਡੇ ਜੋ ਯਾਤਰੀ ਗਏ ਹਨ, ਮੈਂ ਉਨ੍ਹਾਂ ਨੂੰ ਸਲਾਮ ਕਰਦਾ ਹਾਂ। ਸਾਡਾ ਦੇਸ਼ ਸਾਇੰਸ ਰਿਸਰਚ ’ਚ ਇਕ ਕਦਮ ਅੱਗੇ ਵਧਿਆ ਹੈ।’’
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ (ਟੀ. ਐੱਮ. ਸੀ.) ਤਾਂ ਇਕ ਪ੍ਰੋਗਰਾਮ ’ਚ ਦੇਸ਼ ਦੇ ਪਹਿਲੇ ਪੁਲਾੜ ਯਾਤਰੀ ਰਾਕੇਸ਼ ਸ਼ਰਮਾ ਦਾ ਨਾਂ ਤਕ ਭੁੱਲ ਗਈ ਅਤੇ ਉਨ੍ਹਾਂ ਦੇ ਸਥਾਨ ’ਤੇ ਬਾਲੀਵੁੱਡ ਦੇ ਫਿਲਮ ਨਿਰਮਾਤਾ ਰਾਕੇਸ਼ ਰੋਸ਼ਨ ਦਾ ਨਾਂ ਲੈਂਦੇ ਹੋਏ ਬੋਲੀ :
‘‘ਜਦ ਰਾਕੇਸ਼ ਰੋਸ਼ਨ ਚੰਦ ’ਤੇ ਉਤਰੇ ਤਾਂ ਇੰਦਰਾ ਗਾਂਧੀ ਨੇ ਉਨ੍ਹਾਂ ਕੋਲੋਂ ਪੁੱਛਿਆ ਕਿ ‘ਭਾਰਤ ਉੱਥੋਂ ਕਿਹੋ ਜਿਹਾ ਦਿਖਾਈ ਦਿੰਦਾ ਹੈ?’ ਤਾਂ ਉਨ੍ਹਾਂ ਨੇ ਜਵਾਬ ਿਦੱਤਾ ‘ਸਾਰੇ ਜਹਾਂ ਸੇ ਅੱਛਾ’।’’(ਯਾਦ ਰਹੇ ਕਿ ਰਾਕੇਸ਼ ਸ਼ਰਮਾ ਚੰਨ ’ਤੇ ਨਹੀਂ ਉਤਰੇ ਸਨ, ਉਨ੍ਹਾਂ ਨੇ ਪੁਲਾੜ ’ਚ 8 ਦਿਨ ਹੀ ਬਿਤਾਏ ਸਨ ਜਦਕਿ ਮਮਤਾ ਦਾ ਗਲਤੀ ਨਾਲ ਮੰਨਣਾ ਸੀ ਕਿ ਰਾਕੇਸ਼ ਸ਼ਰਮਾ ਚੰਨ ’ਤੇ ਉਤਰੇ ਸਨ)।
ਮਮਤਾ ਬੈਨਰਜੀ ਦੀ ਪਾਰਟੀ ਦੇ ਵਿਧਾਇਕ ਇਦਰੀਸ ਅਲੀ ਨੇ ਵੀ ਕਿਹਾ, ‘‘ਚੰਦਰਯਾਨ-3 ਮਿਸ਼ਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇਕ ਸਟੰਟ ਅਤੇ ਦਿਖਾਵੇ ਤੋਂ ਇਲਾਵਾ ਕੁਝ ਨਹੀਂ ਹੈ। ਇਸ ਨਾਲ ਆਮ ਗਰੀਬ ਲੋਕਾਂ ਨੂੰ ਿਕੰਨਾ ਲਾਭ ਹੋਵੇਗਾ।’’
ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ (ਜਦ-ਯੂ) ਪਟਨਾ ’ਚ ਇਕ ਸਮਾਗਮ ’ਚ ਪੁੱਜੇ ਤਾਂ ਮੀਡੀਆ ਨੇ ਉਨ੍ਹਾਂ ਕੋਲੋਂ ‘ਚੰਦਰਯਾਨ-3’ ਬਾਰੇ ਸਵਾਲ ਪੁੱਛ ਲਿਆ। ਉਹ ਇਸ ਸਵਾਲ ਨੂੰ ਸਮਝ ਨਹੀਂ ਸਕੇ ਅਤੇ ਕੁਝ ਦੇਰ ਸ਼ਾਂਤ ਰਹਿਣ ਪਿੱਛੋਂ ਉਨ੍ਹਾਂ ਨੇ ਆਪਣੇ ਕੋਲ ਖੜ੍ਹੇ ਮੰਤਰੀ ਅਸ਼ੋਕ ਚੌਧਰੀ ਕੋਲੋਂ ਇਸ ਬਾਰੇ ਪੁੱਛਿਆ।
ਜਦੋਂ ਅਸ਼ੋਕ ਚੌਧਰੀ ਨੇ ਉਨ੍ਹਾਂ ਦੇ ਕੰਨ ’ਚ ‘ਚੰਦਰਯਾਨ-3’ ਦੀ ਲੈਂਡਿੰਗ ਦੀ ਗੱਲ ਦੱਸੀ ਤਾਂ ਨਿਤੀਸ਼ ਕੁਮਾਰ ਬੋਲੇ, ‘‘ਸਫਲ ਲੈਂਡਿੰਗ ਚੰਗੀ ਗੱਲ ਹੈ, ਹੋਣ ਦਿਓ।’’
‘ਰਾਜਦ’ ਦੇ ਆਗੂ ਅਤੇ ਪਾਰਟੀ ਬੁਲਾਰੇ ਸ਼ਕਤੀ ਸਿੰਘ ਯਾਦਵ ਨੇ ‘ਚੰਦਰਯਾਨ-3’ ਦੀ ਚੰਨ ’ਤੇ ਸਫਲ ਲੈਂਡਿੰਗ ਲਈ ਭਾਰਤੀ ‘ਇਸਰੋ’ ਦੀ ਥਾਂ ਅਮਰੀਕਾ ਦੇ ‘ਨਾਸਾ’ ਨੂੰ ਵਧਾਈ ਦਿੰਦੇ ਹੋਏ ਕਿਹਾ :
‘‘ਚੰਦਰਯਾਨ-3 ਦੀ ਜੋ ਸਫਲ ਲੈਂਡਿੰਗ ਚੰਨ ’ਤੇ ਹੋਈ ਹੈ ਉਸ ਲਈ ਮੈਂ ‘ਨਾਸਾ’ ਦੇ ਸਾਰੇ ਵਿਗਿਆਨੀਆਂ ਨੂੰ ਵਧਾਈ ਦਿੰਦਾ ਹਾਂ। ਦੇਸ਼ ਦੇ ਵਿਗਿਆਨੀਆਂ ਨੇ ਕਈ ਵਾਰ ਸਫਲ ਪ੍ਰੋਗਰਾਮ ਕੀਤਾ ਹੈ।’’
ਭਾਜਪਾ ਨੇ ਇਸ ਦੇ ਜਵਾਬ ’ਚ ਕਿਹਾ ਹੈ ਕਿ ‘‘ਘੁਮੰਡੀ ‘ਆਈ. ਐੱਨ. ਡੀ. ਆਈ. ਏ.’ ਗਠਜੋੜ ਦੇ ਸਿਰ ’ਤੇ ਅਮਰੀਕੀ ਸਪੇਸ ਏਜੰਸੀ ‘ਨਾਸਾ’ ਦਾ ਨਸ਼ਾ ਅਜੇ ਵੀ ਸਵਾਰ ਹੈ।’’
ਉਕਤ ਬਿਆਨਾਂ ਨੂੰ ਪੜ੍ਹ ਕੇ ਯਕੀਨਨ ਕਿਹਾ ਜਾ ਸਕਦਾ ਹੈ ਕਿ ਅੱਜ ਜਿੱਥੇ ਦੇਸ਼ ਚੰਦਰਯਾਨ-3 ਦੀ ਪ੍ਰਾਪਤੀ ਦੇ ਜਸ਼ਨ ’ਚ ਡੁੱਬਿਆ ਹੋਇਆ ਹੈ, ਕੁਝ ਆਗੂ ਇਸ ਬਾਰੇ ਆਪਣੀ ਉਦਾਸੀਨਤਾ ਪ੍ਰਦਰਸ਼ਿਤ ਕਰ ਰਹੇ ਹਨ।
ਇਸ ਕਾਰਨ ਲੋਕਾਂ ਦਾ ਕਹਿਣਾ ਹੈ ਕਿ ਸਾਡੇ ਚੰਦ ਆਗੂਆਂ ਦੀ ਜਾਣਕਾਰੀ ਦਾ ਪੱਧਰ ਇੰਨਾ ਘੱਟ ਹੈ ਕਿ ਉਨ੍ਹਾਂ ਨੂੰ ਦੁਨੀਆ ’ਚ ਭਾਰਤ ਦੀ ਸ਼ਾਨ ਨੂੰ ਚਾਰ-ਚੰਨ ਲਾਉਣ ਵਾਲੇ ਇਸ ਸਫਲ ਮਿਸ਼ਨ ਬਾਰੇ ਵੀ ਸਹੀ ਜਾਣਕਾਰੀ ਨਹੀਂ ਹੈ ਤਾਂ ਦੇਸ਼ ਦੀਆਂ ਹੋਰ ਸਮੱਸਿਆਵਾਂ ਬਾਰੇ ਉਨ੍ਹਾਂ ਨੂੰ ਕਿੰਨੀ ਜਾਣਕਾਰੀ ਹੋਵੇਗੀ।
ਵਰਨਣਯੋਗ ਹੈ ਕਿ ਜਿੱਥੇ ਚੰਦਰਮਾ ’ਤੇ ਸਾਫਟ ਲੈਂਡਿੰਗ ਕਰਨ ਵਾਲੇ ਚੀਨ ਦੇ ਪੁਲਾੜ ਯਾਨ ‘ਚਾਂਗ-4’ ’ਤੇ 1752 ਕਰੋੜ ਰੁਪਏ ਅਤੇ ਹਾਲ ਹੀ ’ਚ ਚੰਦ ਦੀ ਸਤ੍ਹਾ ’ਤੇ ਕ੍ਰੈਸ਼ ਕਰ ਜਾਣ ਵਾਲੇ ਰੂਸ ਦੇ ‘ਲੂਨਾ-25’ ਮਿਸ਼ਨ ’ਤੇ 1600 ਕਰੋੜ ਰੁਪਏ ਦੀ ਲਾਗਤ ਆਈ ਸੀ, ਉੱਥੇ ਹੀ ਭਾਰਤ ਦੇ ਮਨੁੱਖ ਰਹਿਤ ‘ਚੰਦਰਯਾਨ-3’ ਮਿਸ਼ਨ ’ਤੇ 615 ਕਰੋੜ ਰੁਪਏ ਦੀ ਲਾਗਤ ਹੀ ਆਈ ਹੈ ਅਤੇ ਇਹ ਦੁਨੀਆ ਦਾ ਸਭ ਤੋਂ ਸਸਤਾ ਪੁਲਾੜ ਮਿਸ਼ਨ ਮੰਨਿਆ ਜਾਂਦਾ ਹੈ।
- ਵਿਜੇ ਕੁਮਾਰ