ਖੁਸ਼ੀ ਦੇ ਮੌਕੇ ਕੀਤੀ ਜਾਣ ਵਾਲੀ ਫਾਇਰਿੰਗ ਕਾਰਨ ਉੱਜੜ ਰਹੇ ਅਣਗਿਣਤ ਪਰਿਵਾਰ

Wednesday, Jul 04, 2018 - 04:34 AM (IST)

ਵਿਆਹਾਂ, ਨਵੇਂ ਵਰ੍ਹੇ, ਤਿਉਹਾਰਾਂ ਅਤੇ ਖੁਸ਼ੀ ਦੇ ਹੋਰ ਮੌਕਿਆਂ 'ਤੇ ਭਲਾ ਕਿਸ ਦਾ ਮਨ ਨਹੀਂ ਮਚਲ ਉੱਠਦਾ। ਅਜਿਹੀ ਸਥਿਤੀ ਵਿਚ ਕਈ ਵਾਰ ਵਿਅਕਤੀ ਜ਼ਿਆਦਾ ਹੀ ਜੋਸ਼ ਵਿਚ ਆ ਕੇ ਕੁਝ ਅਜਿਹਾ ਕਰ ਬੈਠਦਾ ਹੈ, ਜਿਸ ਨਾਲ ਉਸ ਨੂੰ ਉਮਰ ਭਰ ਪਛਤਾਉਣਾ ਪੈਂਦਾ ਹੈ। 
ਨਤੀਜਾ ਸੋਚੇ ਬਿਨਾਂ ਨਸ਼ੇ ਵਿਚ ਗੋਲੀ ਚਲਾ ਕੇ ਖੁਸ਼ੀ ਜ਼ਾਹਿਰ ਕਰਨ ਦਾ ਅਜਿਹਾ ਹੀ ਇਕ ਰਿਵਾਜ ਅਫਗਾਨਿਸਤਾਨ, ਪਾਕਿਸਤਾਨ, ਉੱਤਰੀ ਭਾਰਤ ਅਤੇ ਅਮਰੀਕਾ ਦੇ ਪੋਰਟੋਰਿਕੋ ਆਦਿ ਵਿਚ ਪ੍ਰਚੱਲਿਤ ਹੈ। ਇਸ ਨਾਲ ਕਦੇ ਤਾਂ ਇਮਾਰਤਾਂ ਨੂੰ ਨੁਕਸਾਨ ਪਹੁੰਚਦਾ ਹੈ ਤਾਂ ਕਦੇ ਕਿਸੇ ਆਦਮੀ ਦੀ ਜਾਨ ਚਲੀ ਜਾਂਦੀ ਹੈ। ਖੁਸ਼ੀ ਨੂੰ ਗ਼ਮੀ ਵਿਚ ਬਦਲਣ ਵਾਲੀਆਂ ਅਜਿਹੀਆਂ ਕੁਝ ਦਰਦਨਾਕ ਮਿਸਾਲਾਂ ਹੇਠਾਂ ਦਰਜ ਹਨ :
* 01 ਜਨਵਰੀ 2018 ਨੂੰ ਅਲੀਗੰਜ ਵਿਚ ਗ੍ਰਹਿ ਪ੍ਰਵੇਸ਼ ਤੇ ਨਵੇਂ ਵਰ੍ਹੇ ਦੇ ਸੰਦਰਭ ਵਿਚ ਖੁਸ਼ੀ ਨਾਲ ਕੀਤੀ ਫਾਇਰਿੰਗ ਵਿਚ ਇਕ ਨੌਜਵਾਨ ਦੀ ਮੌਤ ਹੋ ਗਈ ਅਤੇ ਇਕ ਹੋਰ ਜ਼ਖ਼ਮੀ ਹੋ ਗਿਆ।
* 07 ਜਨਵਰੀ ਨੂੰ ਤਰਨਤਾਰਨ ਦੇ ਇਕ ਰਿਜ਼ਾਰਟ ਵਿਚ ਇਕ ਸਮਾਗਮ ਦੌਰਾਨ ਗੋਲੀ ਲੱਗਣ ਨਾਲ ਇਕ ਨੌਜਵਾਨ ਦੀ ਮੌਤ ਹੋ ਗਈ। 
* 18 ਜਨਵਰੀ ਨੂੰ ਮੱਧ ਪ੍ਰਦੇਸ਼ ਦੇ ਛਤਰਪੁਰ ਵਿਚ ਇਕ ਵਿਆਹ ਸਮਾਗਮ ਦੌਰਾਨ ਖੁਸ਼ੀ 'ਚ ਕੀਤੀ ਫਾਇਰਿੰਗ ਦੇ ਸਿੱਟੇ ਵਜੋਂ ਇਕ 45 ਸਾਲਾ ਔਰਤ ਦੀ ਮੌਤ ਹੋ ਗਈ।
* 03 ਫਰਵਰੀ ਦੀ ਰਾਤ ਨੂੰ ਯੂ. ਪੀ. ਦੇ ਬਾਗਪਤ ਵਿਚ ਲਾੜੇ ਦੇ ਘੋੜੀ ਚੜ੍ਹਨ ਦੌਰਾਨ ਖੁਸ਼ੀ ਨਾਲ ਕੀਤੀ ਫਾਇਰਿੰਗ ਵਿਚ ਸੜਕ ਕੰਢੇ ਖੜ੍ਹੇ ਇਕ 13 ਸਾਲਾ ਬੱਚੇ ਅਕਸ਼ੈ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ।
* 05 ਫਰਵਰੀ ਨੂੰ ਪੰਜਾਬ ਦੀ ਰਾਮਪੁਰਾਫੂਲ ਸਬ-ਡਵੀਜ਼ਨ ਦੇ ਪਿੰਡ ਗੁੰਮਟੀ ਵਿਚ ਵਿਆਹ ਤੋਂ ਪਹਿਲਾਂ ਔਰਤਾਂ ਦੇ ਸੰਗੀਤ ਪ੍ਰੋਗਰਾਮ ਵਿਚ ਇਕ ਵਿਅਕਤੀ ਵਲੋਂ ਗੋਲੀ ਚਲਾ ਦੇਣ ਦੇ ਸਿੱਟੇ ਵਜੋਂ ਲਾੜੇ ਦੇ ਪਿਤਾ ਸਮੇਤ 2 ਵਿਅਕਤੀ ਜ਼ਖ਼ਮੀ ਹੋ ਗਏ।
* 06 ਫਰਵਰੀ ਨੂੰ ਲਖੀਮਪੁਰ ਖੀਰੀ ਦੇ ਕਸਬੇ ਮੁਹੰਮਦੀ ਨੇੜੇ ਪੈਂਦੇ ਇਕ ਪਿੰਡ ਵਿਚ ਖੁਸ਼ੀ ਨਾਲ ਕੀਤੀ ਫਾਇਰਿੰਗ ਦੌਰਾਨ ਚੱਲੀ ਗੋਲੀ ਇਕ ਨੌਜਵਾਨ ਦੇ ਗਲੇ ਦੇ ਆਰ-ਪਾਰ ਹੋ ਗਈ।
* 06 ਫਰਵਰੀ ਨੂੰ ਹੀ ਮੁਰਾਦਾਬਾਦ ਬਿਲਾਰੀ ਥਾਣਾ ਖੇਤਰ ਦੇ ਪਿੰਡ ਝਕੜਾ 'ਚ ਖੁਸ਼ੀ ਨਾਲ ਕੀਤੀ ਫਾਇਰਿੰਗ ਦੌਰਾਨ ਇਕ ਨੌਜਵਾਨ ਦੀ ਮੌਤ ਹੋ ਗਈ।
* 06 ਫਰਵਰੀ ਨੂੰ ਹੀ ਪੁਰਕਾਜੀ ਵਿਚ ਲਾੜੇ ਦੇ ਘੋੜੀ ਚੜ੍ਹਨ ਦੌਰਾਨ ਖੁਸ਼ੀ ਨਾਲ ਕੀਤੀ ਫਾਇਰਿੰਗ ਵਿਚ ਦੇਸੀ ਪਿਸਤੌਲ ਦੀ ਨਾਲ਼ ਫਟ ਜਾਣ ਦੇ ਸਿੱਟੇ ਵਜੋਂ ਇਕ ਦਰਜਨ ਵਿਅਕਤੀ ਜ਼ਖ਼ਮੀ ਹੋ ਗਏ।
* 07 ਫਰਵਰੀ ਨੂੰ ਯੂ. ਪੀ. ਵਿਚ ਹਾਥਰਸ ਦੇ ਪਿੰਡ ਜਿਰੋਲੀ ਖੁਰਦ ਵਿਚ ਇਕ ਧਾਰਮਿਕ ਡੋਲਾ ਯਾਤਰਾ ਦੌਰਾਨ ਰਾਈਫਲ ਨਾਲ ਕੀਤੀ ਫਾਇਰਿੰਗ ਵਿਚ 2 ਸ਼ਰਧਾਲੂਆਂ ਨੂੰ ਗੋਲੀ ਲੱਗਣ ਨਾਲ ਇਕ ਵਿਅਕਤੀ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਦੂਜਾ ਗੰਭੀਰ ਜ਼ਖ਼ਮੀ ਹੋ ਗਿਆ।
* 11 ਫਰਵਰੀ ਨੂੰ ਹੁਸ਼ਿਆਰਪੁਰ ਵਿਚ ਇਕ ਵਿਆਹ ਸਮਾਗਮ ਦੌਰਾਨ ਜਾਗੋ ਅਤੇ ਡੀ. ਜੇ. ਪਾਰਟੀ ਵਿਚ ਚੱਲੀ ਗੋਲੀ ਛੱਤ 'ਤੇ ਖੜ੍ਹੀ ਹੋ ਕੇ ਪ੍ਰੋਗਰਾਮ ਦੇਖ ਰਹੀ ਐੱਮ. ਬੀ. ਏ. ਦੀ 22 ਸਾਲਾ ਵਿਦਿਆਰਥਣ ਸਾਕਸ਼ੀ ਅਰੋੜਾ ਨੂੰ ਲੱਗਣ ਨਾਲ ਉਸ ਦੀ ਮੌਤ ਹੋ ਗਈ।
* 11 ਫਰਵਰੀ ਨੂੰ ਹੀ ਬਦਾਯੂੰ ਦੇ ਅਲਾਪੁਰ ਖੇਤਰ ਵਿਚ ਵਿਆਹ ਮੌਕੇ ਖੁਸ਼ੀ ਨਾਲ ਕੀਤੀ ਗਈ ਫਾਇਰਿੰਗ ਦੌਰਾਨ ਗੋਲੀ ਲੱਗਣ ਨਾਲ ਲਾੜਾ ਗੰਭੀਰ ਜ਼ਖ਼ਮੀ ਹੋ ਗਿਆ।
* 13 ਜੂਨ ਨੂੰ ਮੈਨਪੁਰੀ ਵਿਚ ਇਕ ਨਾਮਕਰਨ ਸਮਾਗਮ ਦੌਰਾਨ ਫਾਇਰਿੰਗ ਕਰਨ ਤੋਂ ਰੋਕਣ 'ਤੇ 4-5 ਅਣਪਛਾਤੇ ਵਿਅਕਤੀਆਂ ਨੇ ਪੁਲਸ ਪਾਰਟੀ 'ਤੇ ਹਮਲਾ ਕਰ ਦਿੱਤਾ ਤੇ ਉਨ੍ਹਾਂ ਨੂੰ ਦੌੜਾ-ਦੌੜਾ ਕੇ ਕੁੱਟਿਆ।
* 16 ਜੂਨ ਨੂੰ ਮੁਰੈਨਾ 'ਚ ਫਲ ਦਾਨ ਸਮਾਗਮ ਦੌਰਾਨ ਹੋਈ ਫਾਇਰਿੰਗ ਵਿਚ ਲਾੜੇ ਦੇ ਫੁੱਫੜ ਦੀ ਮੌਤ ਹੋ ਗਈ ਤੇ ਵਿਆਹ ਦੀਆਂ ਖੁਸ਼ੀਆਂ ਮਾਤਮ ਵਿਚ ਬਦਲ ਗਈਆਂ।
* 22 ਜੂਨ ਨੂੰ ਯੂ. ਪੀ. ਵਿਚ ਹਾਥਰਸ ਦੇ ਸਹਿਪਊ ਕੋਤਵਾਲੀ ਖੇਤਰ ਦੇ ਪਿੰਡ ਨਗਲਾ ਮਨੀ 'ਚ ਬਰਾਤ ਦੇ ਰਵਾਨਾ ਹੋਣ ਤੋਂ ਪਹਿਲਾਂ ਖੁਸ਼ੀ ਨਾਲ ਕੀਤੀ ਫਾਇਰਿੰਗ ਵਿਚ ਲੜਕੀ ਦੇ ਮਾਮੇ ਸਮੇਤ 2 ਵਿਅਕਤੀ ਜ਼ਖ਼ਮੀ ਹੋ ਗਏ।
* 27 ਜੂਨ ਨੂੰ ਬਿਹਾਰ ਦੇ ਮੁਜ਼ੱਫਰਪੁਰ ਵਿਚ ਇਕ ਵਿਆਹ ਸਮਾਗਮ ਦੌਰਾਨ ਹੋਈ ਫਾਇਰਿੰਗ ਵਿਚ ਇਕ ਵਿਅਕਤੀ ਦੀ ਮੌਤ ਤੋਂ ਬਾਅਦ ਭੜਕੀ ਭੀੜ ਨੇ ਲਾੜੀ, ਉਸ ਦੇ ਰਿਸ਼ਤੇਦਾਰਾਂ ਅਤੇ ਲਾੜੇ ਦੇ ਰਿਸ਼ਤੇਦਾਰਾਂ ਨਾਲ ਬੁਰੀ ਤਰ੍ਹਾਂ ਮਾਰਕੁਟਾਈ ਕਰਨ ਤੋਂ ਬਾਅਦ ਵਿਆਹ ਪਾਰਟੀ ਦੀਆਂ 14 ਗੱਡੀਆਂ ਨੂੰ ਅੱਗ ਲਾ ਦਿੱਤੀ। 
* 27 ਜੂਨ ਨੂੰ ਹੀ ਬਿਹਾਰ ਵਿਚ ਆਰਾ ਦੇ ਬੜਹਰਾ ਥਾਣਾ ਖੇਤਰ ਵਿਚ ਇਕ ਬਰਾਤ 'ਚ ਨੱਚਣ ਦੌਰਾਨ ਕੀਤੀ ਜਾ ਰਹੀ ਅੰਨ੍ਹੇਵਾਹ ਫਾਇਰਿੰਗ ਦੇ ਸਿੱਟੇ ਵਜੋਂ ਗੋਲੀ ਲੱਗਣ ਨਾਲ ਲਾੜੇ ਦੇ ਚਚੇਰੇ ਭਰਾ ਦੀ ਮੌਤ ਹੋ ਗਈ। 
* 29 ਜੂਨ ਨੂੰ ਯੂ. ਪੀ. ਦੇ ਬਰੇਲੀ ਵਿਚ ਜਨਮ ਦਿਨ ਸਮਾਗਮ ਦੌਰਾਨ ਖੁਸ਼ੀ ਵਿਚ ਕੀਤੀ ਫਾਇਰਿੰਗ ਦੇ ਸਿੱਟੇ ਵਜੋਂ 'ਅਪਨਾ ਦਲ' ਦੇ ਬਿਥਰੀ ਚੈਨਪੁਰ ਪ੍ਰਧਾਨ ਚੰਦਰਪਾਲ ਪਟੇਲ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ।
ਸੁਪਰੀਮ ਕੋਰਟ ਦੇ ਹੁਕਮਾਂ ਦੇ ਬਾਵਜੂਦ ਵਿਆਹ ਅਤੇ ਹੋਰ ਸਮਾਗਮਾਂ ਵਿਚ ਖੁਸ਼ੀ ਨਾਲ ਫਾਇਰਿੰਗ ਕਰਨ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਲਿਆ। ਇਸ ਪਿਛੋਕੜ ਵਿਚ ਜਿੱਥੇ ਵੱਖ-ਵੱਖ ਸਮਾਗਮਾਂ ਵਿਚ ਸ਼ਰਾਬ ਅਤੇ ਹਥਿਆਰਾਂ ਦੀ ਵਰਤੋਂ 'ਤੇ ਪਾਬੰਦੀ ਸਖਤੀ ਨਾਲ ਲਾਗੂ ਕਰਨ ਦੀ ਲੋੜ ਹੈ, ਉਥੇ ਹੀ ਵਿਆਹ ਅਤੇ ਹੋਰ ਸਮਾਗਮਾਂ ਵਿਚ ਖੁਸ਼ੀ ਨਾਲ ਫਾਇਰਿੰਗ ਕਰਨ ਵਾਲਿਆਂ ਉਤੇ ਭਾਰੀ ਜੁਰਮਾਨੇ ਤੇ ਗ੍ਰਿਫਤਾਰੀ ਦੀ ਵਿਵਸਥਾ ਵੀ ਹੋਣੀ ਚਾਹੀਦੀ ਹੈ।                  
—ਵਿਜੇ ਕੁਮਾਰ


Vijay Kumar Chopra

Chief Editor

Related News