ਅੱਤਵਾਦੀਆਂ ਦੇ ਵਿਰੁੱਧ ਕਾਰਵਾਈ ਬਾਰੇ ਫਾਰੂਕ ਅਬਦੁੱਲਾ ਦਾ ਸਹੀ ਬਿਆਨ

10/15/2021 3:21:01 AM

ਜੰਮੂ-ਕਸ਼ਮੀਰ ’ਤੇ ਸਭ ਤੋਂ ਵੱਧ ਸਮੇਂ ਤੱਕ ਅਬਦੁੱਲਾ ਪਰਿਵਾਰ ਅਤੇ ਉਨ੍ਹਾਂ ਦੀ ਪਾਰਟੀ ‘ਨੈਸ਼ਨਲ ਕਾਨਫਰੰਸ’ ਦਾ ਹੀ ਸ਼ਾਸਨ ਰਿਹਾ ਹੈ। ਅਬਦੁੱਲਾ ਪਰਿਵਾਰ ਦੀਆਂ 3 ਪੀੜ੍ਹੀਆਂ ਦੇ ਮੈਂਬਰ, ਖੁਦ ਸ਼ੇਖ ਅਬਦੁੱਲਾ, ਉਨ੍ਹਾਂ ਦੇ ਪੁੱਤਰ ਫਾਰੂਕ ਅਬਦੁੱਲਾ ਅਤੇ ਉਨ੍ਹਾਂ ਦੇ ਪੋਤੇ ਉਮਰ ਅਬਦੁੱਲਾ ਸੂਬੇ ਦੇ ਮੁੱਖ ਮੰਤਰੀ ਰਹਿ ਚੁੱਕੇ ਹਨ।

ਉਮਰ ਅਬਦੁੱਲਾ ਅਤੇ ਫਾਰੂਕ ਅਬਦੁੱਲਾ ਦੋਵਾਂ ਦੇ ਹੀ ਭਾਜਪਾ ਤੇ ਕਾਂਗਰਸ ਨਾਲ ਸਬੰਧ ਰਹੇ ਹਨ। ਜਿੱਥੇ ਵਾਜਪਾਈ ਸਰਕਾਰ ’ਚ ਉਮਰ ਅਬਦੁੱਲਾ ਵਿਦੇਸ਼ ਰਾਜ ਮੰਤਰੀ ਰਹਿ ਚੁੱਕੇ ਹਨ ਉੱਥੇ ਸ. ਮਨਮੋਹਨ ਸਿੰਘ ਦੀ ਕਾਂਗਰਸ ਸਰਕਾਰ ’ਚ ਫਾਰੂਕ ਅਬਦੁੱਲਾ ਊਰਜਾ ਮੰਤਰੀ ਰਹੇ।

ਡਾ. ਫਾਰੂਕ ਅਬਦੁੱਲਾ ਆਪਣੇ ਸਿਆਸੀ ਕਰੀਅਰ ਦੀ ਸ਼ੁਰੂਆਤ ’ਚ ਕੁਝ ਸਮਾਂ ਵੱਖਵਾਦੀ ਸੰਗਠਨ ਜੇ. ਕੇ. ਐੱਲ. ਐੱਫ. ਨਾਲ ਜੁੜੇ ਰਹੇ ਅਤੇ 3 ਵੱਖ-ਵੱਖ ਮੌਕਿਆਂ ’ਤੇ ਸੂਬੇ ਦੇ ਮੁੱਖ ਮੰਤਰੀ ਬਣੇ। ਉਨ੍ਹਾਂ ’ਤੇ ਦੋਹਰੀ ਸ਼ਖਸੀਅਤ ਵਾਲਾ ਸਿਆਸਤਦਾਨ ਹੋਣ ਦੇ ਦੋਸ਼ ਵੀ ਲੱਗਦੇ ਰਹੇ ਹਨ, ਜੋ ਕਦੀ ਮੁਕੰਮਲ ਰਾਸ਼ਟਰਵਾਦੀ ਦਿਖਾਈ ਦਿੰਦੇ ਹਨ ਤੇ ਕਦੀ ਆਪਣੇ ਵਿਵਾਦਿਤ ਬਿਆਨਾਂ ਨਾਲ ਉਸ ਤੋਂ ਅਲੱਗ ਨਜ਼ਰ ਆਉਂਦੇ ਹਨ।

ਅਬਦੁੱਲਾ ਪਰਿਵਾਰ ਦੇ ਬਾਰੇ ’ਚ ਕਿਹਾ ਜਾਂਦਾ ਹੈ ਕਿ ਜਦੋਂ ਇਹ ਸੱਤਾ ’ਚ ਹੁੰਦੇ ਹਨ ਤਾਂ ਸਰਕਾਰ ਦੇ ਪੱਖ ’ਚ ਅਤੇ ਸੱਤਾ ਤੋਂ ਬਾਹਰ ਹੋਣ ’ਤੇ ਕੁਝ ਹੋਰ ਭਾਸ਼ਾ ਬੋਲਣ ਲੱਗਦੇ ਹਨ। ਭਾਵ ਇਹ ਕਸ਼ਮੀਰ ’ਚ ਕੁਝ ਬੋਲਦੇ ਹਨ, ਜੰਮੂ ’ਚ ਕੁਝ ਅਤੇ ਦਿੱਲੀ ’ਚ ਕੁਝ ਹੋਰ।

ਡਾ. ਫਾਰੂਕ ਅਬਦੁੱਲਾ ਦੇ ਪਿਤਾ ਸ਼ੇਖ ਅਬਦੁੱਲਾ ਨੇ ਆਪਣੀ ਆਤਮਕਥਾ ‘ਆਤਿਸ਼ੇ ਚਿਨਾਰ’ ’ਚ ਮੰਨਿਆ ਹੈ ਕਿ ਕਸ਼ਮੀਰੀ ਮੁਸਲਮਾਨਾਂ ਦੇ ਵੱਡੇ-ਵਡੇਰੇ ਹਿੰਦੂ ਸਨ ਅਤੇ ਉਨ੍ਹਾਂ ਦੇ ਪੜਦਾਦੇ ਦਾ ਨਾਂ ਬਾਲਮੁਕੁੰਦ ਕੌਲ ਸੀ।

ਡਾ. ਫਾਰੂਕ ਅਬਦੁੱਲਾ ਦੀ ਪਤਨੀ ‘ਮੌਲੀ’ ਇਸਾਈ ਹਨ। ਉਨ੍ਹਾਂ ਦੇ ਪੁੱਤਰ ਉਮਰ ਅਬਦੁੱਲਾ ਨੇ ਇਕ ਹਿੰਦੂ ਮੁਟਿਆਰ ਨਾਲ ਵਿਆਹ ਕੀਤਾ ਸੀ ਜਿਸ ਨਾਲ 2011 ’ਚ ਇਨ੍ਹਾਂ ਦਾ ਤਲਾਕ ਹੋ ਗਿਆ, ਓਧਰ ਇਨ੍ਹਾਂ ਦੀ ਧੀ ‘ਸਾਰਾ’ ਨੇ ਰਾਜਸਥਾਨ ਦੇ ਉਪ-ਮੁੱਖ ਮੰਤਰੀ ਸਚਿਨ ਪਾਇਲਟ ਦੇ ਨਾਲ ਵਿਆਹ ਕੀਤਾ ਅਤੇ ਇਨ੍ਹਾਂ ਦੇ ਦੂਸਰੇ ਜਵਾਈ ਇਸਾਈ ਹਨ।

ਖੁਦ ਡਾ. ਫਾਰੂਕ ਅਬਦੁੱਲਾ ਕਸ਼ਮੀਰ ਦੇ ਬਾਹਰ ਦਿੱਤੀ ਗਈ ਇੰਟਰਵਿਊ ਅਤੇ ਭਾਸ਼ਣਾਂ ’ਚ ਆਪਣੇ ਵੱਡੇ-ਵਡੇਰਿਆਂ ਦੇ ਹਿੰਦੂ ਹੋਣ ਦਾ ਵਰਨਣ ਕਰ ਚੁੱਕੇ ਹਨ ਅਤੇ ਉਨ੍ਹਾਂ ਨੂੰ ਕਈ ਵਾਰ ਭਗਵਾਨ ਰਾਮ ਦੀ ਪੂਜਾ ਕਰਦੇ ਹੋਏ ਵੀ ਦੇਖਿਆ ਗਿਆ ਹੈ।

ਕੁਝ ਸਾਲ ਪਹਿਲਾਂ ਪੀ. ਓ. ਕੇ. ਨੂੰ ਪਾਕਿਸਤਾਨ ਦਾ ਹਿੱਸਾ ਦੱਸ ਚੁੱਕੇ ਡਾ. ਫਾਰੂਕ ਅਬਦੁੱਲਾ ਨੇ 25 ਨਵੰਬਰ, 2017 ਨੂੰ ਦੁਹਰਾਇਆ ਸੀ ਕਿ ‘‘ਪਾਕਿਸਤਾਨ ਦੇ ਕਬਜ਼ੇ ਵਾਲਾ ਕਸ਼ਮੀਰ ਭਾਰਤ ਦਾ ਅਧਿਕਾਰ ਨਹੀਂ ਹੈ।’’

ਪਰ ਹੁਣ ਜਦਕਿ ਕਸ਼ਮੀਰ ਘਾਟੀ ’ਚ ਗੈਰ-ਮੁਸਲਿਮਾਂ ਦੀਆਂ ਹੱਤਿਆਵਾਂ ਨੂੰ ਲੈ ਕੇ ਮਚੇ ਕੋਹਰਾਮ ਦੇ ਦੌਰਾਨ ਅੱਤਵਾਦੀਆਂ ਦੇ ਵਿਰੁੱਧ ਸੁਰੱਖਿਆ ਬਲਾਂ ਦੀ ਕਾਰਵਾਈ ਦੀ ਆਲੋਚਨਾ ਕਰਦੇ ਹੋਏ ਪੀ. ਡੀ. ਪੀ. ਸੁਪਰੀਮੋ ਅਤੇ ਗੁਪਕਾਰ ਗਠਜੋੜ ਦੀ ਮੈਂਬਰ ਮਹਿਬੂਬਾ ਮੁਫਤੀ ਨੇ ਅੱਤਵਾਦੀ ਹਿੰਸਾ ਨੂੰ ਸਹੀ ਠਹਿਰਾਇਆ ਹੈ, ਫਾਰੂਕ ਅਬਦੁੱਲਾ ਨੇ ਇਸ ਦੇ ਉਲਟ ਸਟੈਂਡ ਲਿਆ ਹੈ।

ਗੁਪਕਾਰ ਗਠਜੋੜ ਦੇ ਹੀ ਸੀਨੀਅਰ ਮੈਂਬਰ ਡਾ. ਫਾਰੂਕ ਅਬਦੁੱਲਾ ਨੇ ਸ਼੍ਰੀਨਗਰ ਸਥਿਤ ਸਕੂਲ ਦੀ ਪ੍ਰਿੰਸੀਪਲ ਸੁਪਿੰਦਰ ਕੌਰ ਨੂੰ ਸ਼ਰਧਾਂਜਲੀ ਦੇਣ ਦੇ ਲਈ ਇਕ ਗੁਰਦੁਆਰਾ ਸਾਹਿਬ ’ਚ ਆਯੋਜਿਤ ਸੋਗ ਸਭਾ ’ਚ ਕਿਹਾ, ‘‘ਕਸ਼ਮੀਰ ਕਦੀ ਪਾਕਿਸਤਾਨ ਦਾ ਹਿੱਸਾ ਨਹੀਂ ਬਣੇਗਾ ਕਿਉਂਕਿ ਅਸੀਂ ਭਾਰਤ ਦਾ ਹਿੱਸਾ ਹਾਂ ਅਤੇ ਰਹਾਂਗੇ। ਕਸ਼ਮੀਰ ਦੇ ਲੋਕਾਂ ਨੂੰ ਦਲੇਰ ਬਣਨਾ ਪਵੇਗਾ ਅਤੇ ਮਿਲ ਕੇ ਹੱਤਿਆਰਿਆਂ ਨਾਲ ਲੜਨਾ ਹੋਵੇਗਾ।’’

‘‘ਸਾਨੂੰ ਇਨ੍ਹਾਂ ਜਾਨਵਰਾਂ ਨਾਲ ਲੜਨਾ ਹੋਵੇਗਾ। ਇਹ (ਕਸ਼ਮੀਰ) ਕਦੀ ਪਾਕਿਸਤਾਨ ਨਹੀਂ ਬਣੇਗਾ, ਯਾਦ ਰੱਖਣਾ। ਅਸੀਂ ਭਾਰਤ ਦਾ ਹਿੱਸਾ ਹਾਂ ਅਤੇ ਅਸੀਂ ਭਾਰਤ ਦਾ ਹਿੱਸਾ ਰਹਾਂਗੇ ਭਾਵੇਂ ਜੋ ਹੋਵੇ। ਉਹ ਮੈਨੂੰ ਗੋਲੀ ਵੀ ਮਾਰ ਦੇਣ ਤਾਂ ਵੀ ਇਸ ਨੂੰ ਨਹੀਂ ਬਦਲ ਸਕਦੇ।’’

ਉਨ੍ਹਾਂ ਨੇ ਸਿੱਖਾਂ ਨੂੰ ਇੱਥੋਂ ਹਿਜਰਤ ਨਾ ਕਰਨ ਦੀ ਅਪੀਲ ਕਰਦੇ ਹੋਏ ਕਿਹਾ, ‘‘1990 ਦੇ ਦਹਾਕੇ ’ਚ ਜਦੋਂ ਕਈ ਲੋਕ ਡਰ ਦੇ ਕਾਰਨ ਘਾਟੀ ਛੱਡ ਕੇ ਚਲੇ ਗਏ ਸਨ ਤਦ ਵੀ ਸਿੱਖ ਭਾਈਚਾਰੇ ਨੇ ਕਸ਼ਮੀਰ ਨੂੰ ਨਹੀਂ ਛੱਡਿਆ। ਸਾਨੂੰ ਆਪਣਾ ਮਨੋਬਲ ਉੱਚਾ ਰੱਖਣਾ ਹੋਵੇਗਾ ਅਤੇ ਰਲ ਕੇ ਦਲੇਰੀ ਨਾਲ ਲੜਨਾ ਹੋਵੇਗਾ। ਮੈਨੂੰ ਮਾਣ ਹੈ ਕਿ ਸਾਰਿਆਂ ਦੇ ਇੱਥੋਂ ਚਲੇ ਜਾਣ ਦੇ ਬਾਅਦ ਵੀ ਸਿਰਫ ਤੁਹਾਡਾ ‘ਸਿੱਖ’ ਭਾਈਚਾਰਾ ਹੀ ਇੱਥੇ ਰਿਹਾ।’’

‘‘ਉਹ (ਅੱਤਵਾਦੀ) ਸੋਚਦੇ ਹਨ ਕਿ ਛੋਟੇ-ਛੋਟੇ ਬੱਚਿਆਂ ਨੂੰ ਪੜ੍ਹਾਉਣ ਵਾਲੀ ਇਕ ਅਧਿਆਪਿਕਾ ਨੂੰ ਮਾਰ ਕੇ ਉਹ ਇਸਲਾਮ ਦੀ ਸੇਵਾ ਕਰ ਰਹੇ ਹਨ। ਨਹੀਂ, ਉਹ ਇਸਲਾਮ ਦੀ ਨਹੀਂ, ਯਕੀਨਨ ‘ਸ਼ੈਤਾਨ’ ਦੀ ਸੇਵਾ ਕਰ ਰਹੇ ਹਨ। ‘ਸ਼ੈਤਾਨ’ ਜਹਨੁੰਮ ’ਚ ਜਾਵੇਗਾ ਅਤੇ ਇਹ (ਅੱਤਵਾਦੀ) ਵੀ।’’

ਬਾਅਦ ’ਚ ਗੁਰਦੁਆਰਾ ਸਾਹਿਬ ਦੇ ਬਾਹਰ ਇਕੱਠੇ ਹੋਏ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਫਾਰੂਕ ਅਬਦੁੱਲਾ ਬੋਲੇ, ‘‘ਉਹ (ਅੱਤਵਾਦੀ) ਕਦੀ ਸਫਲ ਨਹੀਂ ਹੋਣਗੇ ਅਤੇ ਉਨ੍ਹਾਂ ਦੀ ਸਾਜ਼ਿਸ਼ ਅਸਫਲ ਹੋ ਜਾਵੇਗੀ ਪਰ ਸਾਨੂੰ ਸਾਰਿਆਂ ਨੂੰ -ਮੁਸਲਿਮਾਂ, ਸਿੱਖਾਂ, ਹਿੰਦੂਆਂ ਅਤੇ ਇਸਾਈਆਂ ਨੂੰ ਉਨ੍ਹਾਂ ਦੇ ਵਿਰੁੱਧ ਰਲ ਕੇ ਲੜਨਾ ਹੋਵੇਗਾ।’’

‘‘ਭਾਰਤ ’ਚ ‘ਨਫਰਤ ਦਾ ਤੂਫਾਨ’ ਚੱਲ ਰਿਹਾ ਹੈ ਅਤੇ ਮੁਸਲਿਮ, ਹਿੰਦੂ ਅਤੇ ਸਿੱਖ ਭਾਈਚਾਰਿਆਂ ਨੂੰ ਵੰਡਿਆ ਜਾ ਰਿਹਾ ਹੈ। ਵੰਡਣ ਦੀ ਇਸ ਸਿਆਸਤ ਨੂੰ ਰੋਕਣਾ ਹੋਵੇਗਾ, ਨਹੀਂ ਤਾਂ ਭਾਰਤ ਨਹੀਂ ਬਚੇਗਾ। ਜੇਕਰ ਅਸੀਂ ਭਾਰਤ ਨੂੰ ਬਚਾਉਣਾ ਹੈ ਤਾਂ ਸਾਨੂੰ ਸਾਰਿਆਂ ਨੂੰ ਰਲ ਕੇ ਰਹਿਣਾ ਹੋਵੇਗਾ ਤਾਂ ਹੀ ਅਸੀਂ ਅੱਗੇ ਵਧ ਸਕਾਂਗੇ।’’

ਡਾਕਟਰ ਫਾਰੂਕ ਅਬਦੁੱਲਾ ਦਾ ਇਹ ਬਿਆਨ ਬਹੁਤ ਹੀ ਭਾਈਚਾਰਕ ਸਾਂਝ, ਰਾਸ਼ਟਰਵਾਦ ਦੀ ਭਾਵਨਾ ਅਤੇ ਸੱਚਾਈ ਨਾਲ ਓਤ-ਪ੍ਰੋਤ ਹੈ। ਯਕੀਨਨ ਹੀ ਕੋਈ ਭਾਰਤ ਤੋਂ ਕਸ਼ਮੀਰ ਨੂੰ ਨਹੀਂ ਖੋਹ ਸਕਦਾ ਅਤੇ ਅਜਿਹਾ ਕਰਨ ਦੀ ਹਰ ਕੋਸ਼ਿਸ਼ ਅਸਫਲ ਹੋਵੇਗੀ।

ਇਸ ਲਈ ਭਾਰਤ ’ਚ ਰਹਿ ਕੇ ਪਾਕਿਸਤਾਨ ਦਾ ਗੁਣਗਾਨ ਕਰਨ ਵਾਲਿਆਂ ਨੂੰ ਡਾਕਟਰ ਫਾਰੂਕ ਅਬਦੁੱਲਾ ਦੇ ਵਾਂਗ ਇਸ ਸੱਚਾਈ ਨੂੰ ਪ੍ਰਵਾਨ ਕਰ ਕੇ ਭਾਰਤ ਦੇ ਪ੍ਰਤੀ ਆਪਣੀ ਨਿਸ਼ਠਾ ਦਾ ਪ੍ਰਦਰਸ਼ਨ ਕਰਨਾ ਚਾਹੀਦਾ ਹੈ।

-ਵਿਜੇ ਕੁਮਾਰ


Bharat Thapa

Content Editor

Related News