ਅਸਾਮ-ਮਿਜ਼ੋਰਮ ਦੇ ਅੱਤਵਾਦੀਆਂ ਦੇ ਵਾਂਗ, ਦੇਸ਼ ਦੇ ਹੋਰਨਾਂ ਅੱਤਵਾਦੀਆਂ ਨਾਲ ਵੀ ਗੱਲਬਾਤ ਸ਼ੁਰੂ ਕੀਤੀ ਜਾਵੇ

Wednesday, Dec 14, 2022 - 02:22 AM (IST)

ਅਸਾਮ-ਮਿਜ਼ੋਰਮ ਦੇ ਅੱਤਵਾਦੀਆਂ ਦੇ ਵਾਂਗ, ਦੇਸ਼ ਦੇ ਹੋਰਨਾਂ ਅੱਤਵਾਦੀਆਂ ਨਾਲ ਵੀ ਗੱਲਬਾਤ ਸ਼ੁਰੂ ਕੀਤੀ ਜਾਵੇ

ਜੰਮੂ-ਕਸ਼ਮੀਰ ਵਿਚ ਸਰਗਰਮ ਅੱਤਵਾਦੀਆਂ ਤੋਂ ਇਲਾਵਾ ਪੂਰਬ-ਉੱਤਰ ਦੇ ਸੂਬਿਆਂ ’ਚ ਵੱਡੀ ਗਿਣਤੀ ’ਚ ਅੱਤਵਾਦੀ ਅਤੇ ਉਗਰਵਾਦੀ ਗਿਰੋਹ ਸਰਗਰਮ ਹਨ। ਇਸੇ ਲੜੀ ’ਚ ਅਸਾਮ ਅਤੇ ਮਿਜ਼ੋਰਮ ਦੇ ਸਰਹੱਦੀ ਖੇਤਰਾਂ ’ਚ 1990 ਦੇ ਦਹਾਕੇ ਤੋਂ 2 ਨਕਸਲੀ ਗਿਰੋਹ ‘ਯੂਨਾਈਟਿਡ ਡੈਮੋਕ੍ਰੇਟਿਕ ਲਿਬਰੇਸ਼ਨ ਫਰੰਟ ਆਫ ਬਰਾਕ ਵੈਲੀ’ (ਯੂ. ਡੀ. ਐੱਲ. ਐੱਫ.-ਬੀਵੀ) ਅਤੇ ‘ਬਰੂ ਰੈਵੋਲਿਊਸ਼ਨਰੀ ਆਰਮੀ ਆਫ ਯੂਨੀਅਨ’ (ਬਰੂ) ਸਰਗਰਮ ਸਨ। ਅਸਾਮ ਦੇ ਵਧੀਕ ਪੁਲਸ ਮਹਾਨਿਰਦੇਸ਼ਕ (ਵਿਸ਼ੇਸ਼ ਸ਼ਾਖਾ) ਹਿਰੇਨ ਚੰਦਰ ਨਾਥ ਦੇ ਅਨੁਸਾਰ, ‘‘ਇਨ੍ਹਾਂ ਦੋਹਾਂ ਸਮੂਹਾਂ ਨਾਲ 2017 ਤੋਂ ਸ਼ਾਂਤੀ ਵਾਰਤਾ ਚੱਲ ਰਹੀ ਸੀ। ਕੁਝ ਮਤਭੇਦ ਸਨ ਪਰ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਦੀ ਅਗਵਾਈ ’ਚ ਅਸੀਂ ਉਨ੍ਹਾਂ ਨੂੰ ਗੱਲਬਾਤ ਦੀ ਮੇਜ਼ ’ਤੇ ਆਉਣ ਲਈ ਰਾਜ਼ੀ ਕਰ ਸਕੇ।’’

ਇਸੇ ਦੇ ਅਨੁਸਾਰ ਅਸਾਮ ਦੇ ਹੈਲਾਕਾਂਡੀ ਜ਼ਿਲੇ ’ਚ ਉਕਤ ਦੋਵੇਂ ਗਿਰੋਹਾਂ ਦੇ 1,179 ਬਰੂ ਅੱਤਵਾਦੀਆਂ ਨੇ 12 ਦਸੰਬਰ ਨੂੰ ਅਸਾਮ ਵਿਧਾਨ ਸਭਾ ਦੇ ਸਪੀਕਰ ਵਿਸ਼ਵਜੀਤ ਦਾਇਮਾਰੀ ਅਤੇ ਸੂਬੇ ਦੇ ਜਲ ਸਰੋਤ ਮੰਤਰੀ ਪੀਯੂਸ਼ ਹਜਾਰਿਕਾ ਦੇ ਸਾਹਮਣੇ 18 ਏ. ਕੇ. 47 ਰਾਈਫਲਾਂ ਅਤੇ ਐੱਮ 16 ਰਾਈਫਲ, 350 ਹਥਿਆਰਾਂ ਅਤੇ 400 ਤੋਂ ਵੱਧ ਕਾਰਤੂਸਾਂ ਸਣੇ ਆਤਮਸਮਰਪਣ ਕਰ ਦਿੱਤਾ। ਵਿਧਾਨ ਸਭਾ ਸਪੀਕਰ ਵਿਸ਼ਵਜੀਤ ਦਾਇਮਾਰੀ ਨੇ ਆਤਮਸਮਰਪਣ ਕਰਨ ਵਾਲੇ ਅੱਤਵਾਦੀਆਂ ਨੂੰ ਕਿਹਾ ਕਿ ਸਰਕਾਰ ਉਨ੍ਹਾਂ ਦੀਆਂ ਅਸਲ ਮੰਗਾਂ ਪੂਰੀਆਂ ਕਰੇਗੀ।
ਇਸ ਮੌਕੇ ’ਤੇ ਬਰੂ ਦੇ ਮੁੱਖ ਕਮਾਂਡਰ ਰਾਜੇਸ਼ ਚਰਕੀ ਨੇ ਕਿਹਾ, ‘‘ਅਸਾਮ-ਮਿਜ਼ੋਰਮ ਦੇ ਸਰਹੱਦੀ ਇਲਾਕਿਆਂ ਦੇ ਕੋਲ ਬਰੂ ਆਬਾਦੀ ਵਾਲੇ ਵਧੇਰੇ ਪਿੰਡਾਂ ’ਚ ਅਜੇ ਤਕ ਵਿਕਾਸ ਨਹੀਂ ਹੋਇਆ ਹੈ ਇਸ ਲਈ ਇਨ੍ਹਾਂ ਦੀ ਬਿਹਤਰੀ ਲਈ ਯੋਜਨਾਵਾਂ ਬਣਾਈਆਂ ਜਾਣ।’’

ਬਰੂ ਭਾਈਚਾਰਾ ਆਪਣੇ ਇਲਾਕੇ ’ਚ ਬਿਜਲੀ, ਸੜਕਾਂ, ਸਕੂਲਾਂ ਅਤੇ ਹਸਪਤਾਲਾਂ ਦੇ ਨਿਰਮਾਣ, ਆਤਮਸਮਰਪਣ ਕਰਨ ਵਾਲੇ ਬਰੂ ਕਾਡਰਾਂ, ਸਾਬਕਾ ਅੱਤਵਾਦੀਆਂ ਅਤੇ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਲਈ ਸਹਾਇਤਾ ਰਕਮ ਅਤੇ ਆਤਮਸਮਰਪਣ ਕਰਨ ਵਾਲੇ ਕਾਡਰਾਂ ਵਿਰੁੱਧ ਅਪਰਾਧਿਕ ਮਾਮਲੇ ਵਾਪਸ ਲੈਣ ਦੀ ਮੰਗ ਕਰ ਰਿਹਾ ਹੈ। ਜਿਸ ਤਰ੍ਹਾਂ ਅਸਾਮ ਸਰਕਾਰ ਨੇ ਇਨ੍ਹਾਂ ਅੱਤਵਾਦੀਆਂ ਨੂੰ ਆਤਮਸਮਰਪਣ ਕਰਵਾਉਣ ’ਚ ਸਫਲਤਾ ਪ੍ਰਾਪਤ ਕੀਤੀ  ਹੈ  ਉਸੇ ਤਰ੍ਹਾਂ ਹੋਰਨਾਂ ਅੱਤਵਾਦੀ ਗਿਰੋਹਾਂ ਨੂੰ ਵੀ ਆਤਮਸਮਰਪਣ ਕਰਵਾ ਕੇ ਉਨ੍ਹਾਂ ਨੂੰ ਰਾਸ਼ਟਰ ਦੀ ਮੁੱਖਧਾਰਾ ਵਿਚ ਸ਼ਾਮਲ ਕਰਨਾ ਚਾਹੀਦਾ ਹੈ ਤਾਂ ਕਿ ਉਹ ਹਿੰਸਾ ਦਾ ਰਾਹ ਛੱਡ  ਦੇਸ਼ ਦੇ ਲਈ ਉਪਯੋਗੀ ਨਾਗਰਿਕ ਸਿੱਧ ਹੋ ਸਕਣ ਅਤੇ ਦੇਸ਼ ’ਚ ਸ਼ਾਂਤੀ ਕਾਇਮ ਹੋਵੇ।  

 –ਵਿਜੇ ਕੁਮਾਰ


author

Mandeep Singh

Content Editor

Related News