ਬਿਹਾਰ ਦੇ ਖੇਤੀਬਾੜੀ ਮੰਤਰੀ ਦਾ ਦਲੇਰੀ ਭਰਿਆ ਬਿਆਨ ‘ਅਸੀਂ ਹਾਂ ਚੋਰਾਂ ਦੇ ਸਰਦਾਰ’
Sunday, Sep 18, 2022 - 01:30 AM (IST)
ਦੇਸ਼ ’ਚ ਰਿਸ਼ਵਤ ਕਿਸ ਤਰ੍ਹਾਂ ਮਹਾਮਾਰੀ ਦਾ ਰੂਪ ਧਾਰਨ ਕਰਦੀ ਜਾ ਰਹੀ ਹੈ ਇਹ ਇਸੇ ਤੋਂ ਸਪੱਸ਼ਟ ਹੈ ਕਿ ਹੁਣ ਸੱਤਾ ਨਾਲ ਜੁੜੇ ਮਹੱਤਵਪੂਰਨ ਲੋਕਾਂ ਨੇ ਵੀ ਸਰਕਾਰ ’ਚ ਭ੍ਰਿਸ਼ਟਾਚਾਰ ਦੀ ਮੌਜੂਦਗੀ ਨੂੰ ਮੰਨਣਾ ਸ਼ੁਰੂ ਕਰ ਦਿੱਤਾ ਹੈ। ਇਸ ਦੀ ਤਾਜ਼ਾ ਮਿਸਾਲ ਪੇਸ਼ ਕਰਦੇ ਹੋਏ 7 ਪਾਰਟੀਆਂ ਦੇ ‘ਮਹਾਗਠਜੋੜ’ ’ਤੇ ਆਧਾਰਿਤ ਬਿਹਾਰ ਸਰਕਾਰ ’ਚ ‘ਰਾਜਦ’ ਕੋਟੇ ਤੋਂ ਖੇਤੀਬਾੜੀ ਮੰਤਰੀ ਬਣਾਏ ਗਏ ਸੁਧਾਕਰ ਸਿੰਘ ਨੇ ਆਪਣੀ ਹੀ ਸਰਕਾਰ ਦੇ ਸਾਫ-ਸੁਥਰੇ ਅਕਸ ’ਤੇ ਸਵਾਲ ਉਠਾ ਦਿੱਤਾ ਹੈ। ਉਨ੍ਹਾਂ ਨੇ ਦੋਸ਼ ਲਾਇਆ ਕਿ ਬਿਹਾਰ ਰਾਜ ਬੀਜ ਨਿਗਮ ਨੇ ਕਿਸਾਨਾਂ ਨੂੰ ਰਾਹਤ ਦੇਣ ਦੇ ਨਾਂ ’ਤੇ 200 ਕਰੋੜ ਰੁਪਏ ਦਾ ਘਪਲਾ ਕੀਤਾ ਹੈ।
‘ਕੈਮੂਰ’ ’ਚ ਇਕ ਪ੍ਰੋਗਰਾਮ ਦੇ ਦੌਰਾਨ ਖੇਤੀ ਵਿਭਾਗ ਦੇ ਅਧਿਕਾਰੀਆਂ ਨੂੰ ਝਾੜ ਪਾਉਂਦੇ ਹੋਏ ਉਨ੍ਹਾਂ ਨੇ ਵਿਅੰਗਮਈ ਲਹਿਜ਼ੇ ’ਚ ਕਿਹਾ, ‘‘ਸਾਡੇ ਮੰਤਰਾਲੇ ’ਚ ਅਜਿਹਾ ਕੋਈ ਵਿਭਾਗ ਨਹੀਂ ਹੈ ਜੋ ਚੋਰੀ ਨਹੀਂ ਕਰਦਾ, ਅਜਿਹੇ ’ਚ ਅਸੀਂ ਚੋਰਾਂ ਦੇ ਸਰਦਾਰ ਹੀ ਅਖਵਾਵਾਂਗੇ।’’ ਉਨ੍ਹਾਂ ਨੇ ਕਿਹਾ, ‘‘ਕਿਸਾਨ ਸਰਕਾਰ ਦਾ ਪੁਤਲਾ ਫੂਕਦੇ ਰਹਿਣਗੇ ਤਾਂ ਮੈਨੂੰ ਵੀ ਯਾਦ ਰਹੇਗਾ ਕਿ ਉਹ ਸਾਡੇ ਨਾਲ ਨਾਰਾਜ਼ ਹਨ। ਨਹੀਂ ਫੂਕਣਗੇ ਤਾਂ ਸਾਨੂੰ ਜਾਪੇਗਾ ਕਿ ਸਭ ਠੀਕ ਹੈ।’’ ਸ਼੍ਰੀ ਸੁਧਾਕਰ ਸਿੰਘ ਦੇ ਉਕਤ ਬਿਆਨ ਨਾਲ ਸੂਬੇ ਦੀ ਨਿਤੀਸ਼ ਕੁਮਾਰ ਸਰਕਾਰ ਭਾਜਪਾ ਦੇ ਨਿਸ਼ਾਨੇ ’ਤੇ ਆ ਗਈ ਹੈ। ਪਾਰਟੀ ਨੇ ਕਿਹਾ ਹੈ ਕਿ ਇਹ ਬਿਆਨ ਨਿਤੀਸ਼ ਕੁਮਾਰ ਦੀ ਸਰਕਾਰ ਦੀਆਂ ਅੱਖਾਂ ਖੋਲ੍ਹਣ ਵਾਲਾ ਹੈ ਅਤੇ ਸੂਬਾ ਸਰਕਾਰ ਨੂੰ ਇਸ ਸਬੰਧ ’ਚ ਵ੍ਹਾਈਟ ਪੇਪਰ ਜਾਰੀ ਕਰਨਾ ਚਾਹੀਦਾ ਹੈ।
ਪੱਤਰਕਾਰਾਂ ਵੱਲੋਂ ਇਸ ਸਬੰਧ ’ਚ ਪੁੱਛਣ ’ਤੇ ਉਨ੍ਹਾਂ ਨੇ ਕਿਹਾ, ‘‘ਮੈਂ ਆਪਣੀ ਗੱਲ ’ਤੇ ਕਾਇਮ ਹਾਂ ਕਿਉਂਕਿ ਲੋਕਾਂ ਨੇ ਸਾਨੂੰ ਚੁਣ ਕੇ ਭੇਜਿਆ ਹੈ, ਇਸ ਲਈ ਉਨ੍ਹਾਂ ਦੇ ਪ੍ਰਤੀ ਸਾਡੀ ਵੀ ਕੋਈ ਜਵਾਬਦੇਹੀ ਹੈ।’’ ਸੱਤ ਪਾਰਟੀਆਂ ਦੇ ਗਠਜੋੜ ’ਤੇ ਆਧਾਰਿਤ ਮਹਾਗਠਜੋੜ ਸਰਕਾਰ ਦੇ ਇਕ ਮਹੱਤਵਪੂਰਨ ਮੈਂਬਰ ਦੇ ਨਾਤੇ ਜਿੰਨੀ ਬੇਬਾਕੀ ਨਾਲ ਸ਼੍ਰੀ ਸੁਧਾਕਰ ਸਿੰਘ ਨੇ ਉਕਤ ਬਿਆਨ ਦਿੱਤਾ ਹੈ, ਓਨੀ ਹੀ ਬੇਬਾਕੀ ਨਾਲ ਜੇਕਰ ਉਹ ਆਪਣੇ ਵਿਭਾਗ ਦੇ ਭ੍ਰਿਸ਼ਟ ਤੱਤਾਂ ਦੇ ਵਿਰੁੱਧ ਕਾਰਵਾਈ ਵੀ ਕਰਵਾ ਸਕਣ ਤਾਂ ਘੱਟੋ-ਘੱਟ ਉਨ੍ਹਾਂ ਦੇ ਵਿਭਾਗ ’ਚ ਪੈਦਾ ਹੋਏ ਭ੍ਰਿਸ਼ਟਾਚਾਰ ’ਚ ਤਾਂ ਕੁਝ ਕਮੀ ਜ਼ਰੂਰ ਆ ਸਕਦੀ ਹੈ।
- ਵਿਜੇ ਕੁਮਾਰ