ਭਾਰਤ ’ਚ ਜਨਮ ਦਰ ’ਚ ਵੱਡੀ ਗਿਰਾਵਟ : ਵਿਆਹ ਦੀ ਉਮਰ ’ਚ ਦੇਰੀ, ਸਾਖ਼ਰਤਾ ਮੁੱਖ ਕਾਰਨ

Wednesday, Oct 05, 2022 - 01:52 AM (IST)

ਭਾਰਤ ’ਚ ਜਨਮ ਦਰ (‘ਜਨਰਲ ਫਰਟੀਲਿਟੀ ਰੇਟ’ ਭਾਵ ਜੀ. ਐੱਫ. ਆਰ.) ਦੇ ਸਬੰਧ ’ਚ ਇਕ ਰਿਪੋਰਟ ‘ਸੈਂਪਲ ਰਜਿਸਟ੍ਰੇਸ਼ਨ ਸਿਸਟਮ-2020’ ਜਾਰੀ ਕੀਤੀ ਗਈ ਹੈ। ਇਸ ਦੇ ਅਨੁਸਾਰ ਸ਼ਹਿਰੀ ਇਲਾਕਿਆਂ ਦੀ ਤੁਲਨਾ ’ਚ  ਦਿਹਾਤੀ ਇਲਾਕਿਆਂ ’ਚ ਜਨਮ ਦਰ ’ਚ ਵੱਧ ਗਿਰਾਵਟ ਆਈ ਹੈ। ਸ਼ਹਿਰੀ ਇਲਾਕਿਆਂ  ’ਚ ਜਿੱਥੇ ਜਨਮ ਦਰ ਵਿਚ ਗਿਰਾਵਟ 15.6 ਫੀਸਦੀ ਦਰਜ ਕੀਤੀ ਗਈ,  ਉੱਥੇ ਹੀ ਦਿਹਾਤੀ ਇਲਾਕਿਆਂ ’ਚ 20.2 ਫੀਸਦੀ ਰਿਕਾਰਡ ਕੀਤੀ ਗਈ ਹੈ। ‘ਜਨਮ ਦਰ’ (ਜੀ. ਐੱਫ. ਆਰ.) ਤੋਂ ਭਾਵ ਇਕ ਸਾਲ ’ਚ 15 ਤੋਂ 49   ਉਮਰ ਵਰਗ ਦੇ ਦਰਮਿਆਨ ਦੀਆਂ ਪ੍ਰਤੀ 1000 ਔਰਤਾਂ  ਵਲੋਂ ਜਨਮ  ਦੇਣ ਵਾਲੇ ਬੱਚਿਆਂ ਦੀ ਗਿਣਤੀ ਤੋਂ ਹੈ। ਇਸੇ ਰਿਪੋਰਟ ’ਚ ਦੱਸਿਆ  ਗਿਆ ਹੈ ਕਿ ਸਾਲ 2008 ਤੋਂ 2010 ਤੱਕ 3 ਸਾਲ ਦੇ ਅਰਸੇ ’ਚ ਔਸਤ ‘ਜਨਮ ਦਰ’ 86.1 ਸੀ ਜੋ 2018-2020 (3 ਸਾਲ ਦਾ ਔਸਤ)  ਦੀ  ਮਿਅਾਦ ਦੌਰਾਨ ਘੱਟ ਕੇ 68.7  ਰਹਿ ਗਈ ਹੈ। ਜਨਮ ਦਰ ’ਚ ਕਮੀ ਦੇ ਲਈ ਮਾਹਿਰ  ਸਾਖਰਤਾ  ਨੂੰ ਸਭ ਤੋਂ ਵੱਧ ਮਹੱਤਵਪੂਰਨ ਮੰਨਦੇ ਹਨ। ਉਨ੍ਹਾਂ ਦੇ ਅਨੁਸਾਰ ਭਾਰਤ ’ਚ ਪਿਛਲੇ ਇਕ  ਦਹਾਕੇ ਦੌਰਾਨ ਲੋਕਾਂ   ਦੀ ਜਨਮ ਦਰ ’ਚ 20 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ।

‘ਅਖਿਲ ਭਾਰਤੀ ਆਯੁਰਵਿਗਿਆਨ ਸੰਸਥਾਨ’ (ਏਮਸ) ਦੇ ਜਣੇਪਾ ਅਤੇ  ਇਸਤਰੀ ਰੋਗ ਵਿਭਾਗ ਦੀ ਸਾਬਕਾ  ਵਿਭਾਗ ਮੁਖੀ ਡਾ. ਸੁਨੀਤਾ ਮਿੱਤਲ  ਦੇ ਅਨੁਸਾਰ : ‘‘ਜਨਮ ਦਰ ’ਚ ਜੋ ਗਿਰਾਵਟ ਆਈ ਹੈ  ਉਸ ਨੇ ਦੇਸ਼ ਦੀ ਆਬਾਦੀ ਦੇ ਵਾਧੇ ’ਚ ਕਮੀ ਆਉਣ ਦੇ ਨਾਲ-ਨਾਲ ਇਸ ’ਚ ਠਹਿਰਾਅ ਆਉਣ ਦਾ ਚੰਗਾ ਸੰਕੇਤ ਦਿੱਤਾ ਹੈ। ਜਨਮ ਦਰ ’ਚ ਆਉਣ ਵਾਲੀ ਇਸ ਕਮੀ ਦਾ ਮੁੱਖ ਕਾਰਨ ਵਿਆਹ ਦੀ ਉਮਰ ’ਚ ਵਾਧਾ, ਔਰਤਾਂ ਦੀ ਸਾਖਰਤਾ ਦਰ ’ਚ ਸੁਧਾਰ, ਲੜਕੀਆਂ ਦੇ ਸਕੂਲ ਜਾਣ ਦੇ ਅਰਸੇ ’ਚ ਵਾਧਾ ਅਤੇ ਆਧੁਨਿਕ ਗਰਭ ਨਿਰੋਧਕ ਉਪਾਵਾਂ ਦਾ ਆਸਾਨੀ ਨਾਲ ਮੁਹੱਈਆ ਹੋਣਾ ਹੈ।’’ ਹਾਲਾਂਕਿ ਜਨਮ ਦਰ ’ਚ ਕਮੀ ਦੇ ਕਾਰਨ ਭਾਰਤ  ਵਿਚ ਗਰਭ ਨਿਰੋਧਕਾਂ ਦੀ  ਵਰਤੋਂ ਦੇ ਮਾਮਲਿਆਂ  ’ਚ  ਵਾਧਾ  ਹੋਇਆ ਹੈ। ਸਾਲ 2021 ’ਚ ਪ੍ਰਕਾਸ਼ਿਤ ਇਕ ਹੋਰ ਰਿਪੋਰਟ ’ਚ ਦੱਸਿਆ ਗਿਆ ਹੈ ਕਿ ਇਸ ਸਮੇਂ 13 ਕਰੋੜ  90 ਲੱਖ ਤੋਂ ਵੱਧ ਭਾਰਤੀ ਔਰਤਾਂ  ਅਤੇ ਲੜਕੀਆਂ  ਪਰਿਵਾਰ ਨਿਯੋਜਨ  ਦੇ ਲਈ ਗਰਭ ਨਿਰੋਧਕਾਂ  ਦੇ ਆਧੁਨਿਕ ਪ੍ਰਚੱਲਿਤ ਢੰਗਾਂ  ਦੀ ਵਰਤੋਂ ਕਰ ਰਹੀਆਂ ਹਨ।

ਇਸੇ ਦਰਮਿਆਨ ‘ਨੈਸ਼ਨਲ ਫੈਮਿਲੀ ਹੈਲਥ ਸਰਵੇ (5)’ ਭਾਵ ‘ਐੱਨ. ਐੱਫ. ਐੱਚ. ਐੱਸ. (5)’ ਦੇ ਤਾਜ਼ਾ ਅੰਕੜਿਆਂ  ਦੇ  ਅਨੁਸਾਰ ਵੀ ਭਾਰਤ ’ਚ ਸਾਰੇ ਧਰਮਾਂ ਅਤੇ ਜਾਤੀ ਸਮੂਹਾਂ ’ਚ ਕੁੱਲ ਜਨਮ ਦਰ ’ਚ ਕਮੀ ਆਈ ਹੈ। ਇਸ ਸਰਵੇ ਦੇ ਅਨੁਸਾਰ ਜਿੱਥੇ ‘ਨੈਸ਼ਨਲ ਫੈਮਿਲੀ ਹੈਲਥ ਸਰਵੇ (4)’ 2015-16 ’ਚ ਜਨਮ ਦਰ 2.2 ਸੀ, ਉੱਥੇ ਹੀ ‘ਨੈਸ਼ਨਲ ਫੈਮਿਲੀ ਹੈਲਥ ਸਰਵੇ (5)’ 2019-2021 ’ਚ ਇਹ ਘੱਟ ਕੇ 2.0 ’ਤੇ ਪਹੁੰਚ ਗਈ। ਇਸ ਦੇ ਅਨੁਸਾਰ ਜਨਮ ਦਰ ’ਚ ਕਮੀ ਦਾ ਇਹ  ਮਤਲਬ ਹੈ ਕਿ ਹੁਣ ਜੋੜੇ ਔਸਤਨ 2 ਬੱਚੇ ਪੈਦਾ ਕਰ ਰਹੇ ਹਨ ਜਿਸ ਨਾਲ ਪਰਿਵਾਰਾਂ ਦਾ ਆਕਾਰ ਛੋਟਾ ਹੋਇਆ ਹੈ। ਹਾਲਾਂਕਿ ਪਰਿਵਾਰ ਛੋਟਾ ਰੱਖਣ ਦੇ ਲੋਕਾਂ ਦੇ ਕੁਝ ਆਪਣੇ ਕਾਰਨ ਵੀ ਹਨ। ਇਸ ’ਚ ਵਿੱਤੀ ਹਾਲਤ ਮੁੱਖ ਹੈ।  ਲੋਕਾਂ ਦਾ ਇਕ ਵਰਗ ਅਜੇ ਵੀ ਅਜਿਹਾ ਹੈ ਜੋ ਪੁੱਤਰ ਦੀ ਰੀਝ ’ਚ ਖੁਦ ਨੂੰ 2 ਬੱਚਿਆਂ ਤੱਕ ਸੀਮਤ ਨਾ ਰੱਖ ਕੇ 2 ਤੋਂ ਵੱਧ ਬੱਚੇ ਪੈਦਾ ਕਰ ਰਿਹਾ ਹੈ। ਇਸੇ ਰਿਪੋਰਟ ’ਚ ਦੱਸਿਆ ਗਿਆ ਹੈ ਕਿ ਜਿਹੜੇ ਧਰਮਾਂ ਜਾਂ ਸਮਾਜਿਕ ਸਮੂਹਾਂ ’ਚ ਗਰੀਬੀ ਵੱਧ ਅਤੇ ਸਿੱਖਿਆ ਦਾ ਪੱਧਰ ਖਰਾਬ ਹੈ, ਉੱਥੇ ਜਨਮ ਦਰ ਵੱਧ ਹੈ। 

‘ਪਾਪੂਲੇਸ਼ਨ ਫਾਊਂਡੇਸ਼ਨ ਆਫ ਇੰਡੀਆ’ ਦੀ ਐਗਜ਼ੀਕਿਊਟਿਵ ਡਾਇਰੈਕਟਰ ਪੂਨਮ ਮੁਟਰੇਜਾ ਦਾ ਕਹਿਣਾ ਹੈ ਕਿ 50 ਦੇ ਦਹਾਕੇ (1951) ’ਚ ਭਾਰਤ ’ਚ ਜਨਮ ਦਰ (‘ਟੋਟਲ ਫਰਟੀਲਿਟੀ ਰੇਟ’) ਲਗਭਗ 6 ਸੀ, ਇਸ ਲਈ ਇਸ ਲਿਹਾਜ਼ ਨਾਲ ਮੌਜੂਦਾ ਅੰਕੜਾ ਵੱਡੀ ਪ੍ਰਾਪਤੀ ਹੈ। ਅੰਕੜਿਆਂ ਤੋਂ ਸਪੱਸ਼ਟ ਹੈ ਕਿ ਜੋ ਔਰਤਾਂ ਪੜ੍ਹੀਆਂ-ਲਿਖੀਆਂ  ਹਨ, ਉਨ੍ਹਾਂ ਦੇ ਬੱਚੇ ਘੱਟ ਹਨ।   ਇਸ  ’ਚ ‘ਮਿਸ਼ਨ ਪਰਿਵਾਰ ਵਿਕਾਸ ਯੋਜਨਾ’ ਨੇ  ਵੀ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਇਸ ਅੰਕੜੇ ਤੱਕ ਪਹੁੰਚਣ ਦਾ ਮਤਲਬ ਹੈ ਕਿ ਅਗਲੇ 3 ਤੋਂ 4 ਦਹਾਕਿਆਂ ’ਚ ਦੇਸ਼ ਦੀ ਆਬਾਦੀ ਸਥਿਰ ਹੋ ਜਾਵੇਗੀ। ਜੇਕਰ ਅਜਿਹਾ ਹੁੰਦਾ ਹੈ ਤਾਂ ਯਕੀਨਨ ਇਹ ਇਕ ਵਧੀਆ ਬਦਲਾਅ ਹੋਵੇਗਾ। ਇਸ ਸਮੇਂ ਜਦਕਿ ਵਧੇਰੇ ਵਿਸ਼ਵ ‘ਆਬਾਦੀ ਧਮਾਕੇ’ ਦੀ ਸਮੱਸਿਆ ਦਾ ਸਾਹਮਣਾ ਕਰ ਰਿਹਾ ਹੈ, ਆਬਾਦੀ ਦਾ ਵਾਧਾ ਰੁਕਣ ਨਾਲ ਸਰਕਾਰ ’ਤੇ ਲੋਕਾਂ ਨੂੰ ਜ਼ਰੂਰੀ ਜੀਵਨ ਉਪਯੋਗੀ ਸਹੂਲਤਾਂ ਮੁਹੱਈਆ ਕਰਨ ਦਾ ਬੋਝ ਘਟੇਗਾ। ਇਸ ਨਾਲ ਜਿਥੇ ਇਕ ਪਾਸੇ ਸਰਕਾਰੀ ਫੰਡ ਦੀ ਵਰਤੋਂ ਲੋਕਾਂ ਨੂੰ ਵੱਧ ਸਹੂਲਤਾਂ ਮੁਹੱਈਆ ਕਰਨ ’ਚ ਕੀਤੀ ਜਾ ਸਕੇਗੀ ਉਥੇ ਹੀ ਵੱਧ ਸਹੂਲਤਾਂ ਮਿਲਣ ਨਾਲ ਲੋਕਾਂ ਦੀ ਸਿਹਤ ਤੇ ਜੀਵਨ ਪੱਧਰ ’ਚ ਸੁਧਾਰ ਹੋਵੇਗਾ ਅਤੇ ਉਹ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਚੰਗੀ ਸਿੱਖਿਆ ਤੇ ਹੋਰ ਸਹੂਲਤਾਂ ਮੁਹੱਈਆ ਕਰਕੇ ਬਿਹਤਰ ਭਵਿੱਖ ਦੇ ਸਕਣਗੇ।
 –ਵਿਜੇ ਕੁਮਾਰ


Manoj

Content Editor

Related News