ਸਕੂਲਾਂ ’ਚ ਵਿਦਿਆਰਥੀਆਂ ਵੱਲੋਂ ਮੋਬਾਇਲ ਦੀ ਵਰਤੋਂ ’ਤੇ ਰੋਕ ਬਰਤਾਨਵੀ ਸਰਕਾਰ ਦਾ ਸਲਾਹੁਣਯੋਗ ਫੈਸਲਾ

Wednesday, Feb 21, 2024 - 06:26 AM (IST)

ਮੋਬਾਇਲ ਫੋਨ ਇਸ ਸਦੀ ਦੀ ਸਭ ਤੋਂ ਵੱਡੀ ਖੋਜ ਕਹੀ ਜਾ ਸਕਦੀ ਹੈ ਅਤੇ ਅੱਜ ਇਹ ਵਿਸ਼ਵ ’ਚ ਸਭ ਤੋਂ ਵੱਧ ਵਰਤਿਆ ਜਾਣ ਵਾਲਾ ਉਪਕਰਨ ਹੈ।

ਮੋਬਾਇਲ ਫੋਨ ’ਚ ਕਈ ਖੂਬੀਆਂ ਹਨ। ਸੰਚਾਰ ਦਾ ਵਧੀਆ ਮਾਧਿਅਮ ਹੋਣ ਤੋਂ ਇਲਾਵਾ ਇਸ ਵਿਚ ਜਿੱਥੇ ਲੋਕਾਂ ਨੂੰ ਚੰਗੀਆਂ ਗੱਲਾਂ ਦੇਖਣ-ਜਾਣਨ ਨੂੰ ਮਿਲਦੀਆਂ ਹਨ ਉੱਥੇ ਹੀ ਮੋਬਾਇਲ ਫੋਨ ’ਚ ਅਸ਼ਲੀਲ ਸਮੱਗਰੀ ਦੀ ਵੀ ਭਰਮਾਰ ਹੁੰਦੀ ਹੈ ਜਿਸ ਨੂੰ ਦੇਖ ਕੇ ਲੋਕਾਂ ਦੇ ਕਿਰਦਾਰ ਦਾ ਪਤਨ ਹੁੰਦਾ ਹੈ।

ਇਸੇ ਕਾਰਨ ਬਰਤਾਨੀਆ ਦੇ ਸਿੱਖਿਆ ਮੰਤਰਾਲਾ ਨੇ ਵਿਦਿਆਰਥੀਆਂ ਦੇ ਰਵੱਈਏ ਅਤੇ ਪੜ੍ਹਾਈ ’ਤੇ ਇਕਾਗਰਤਾ ਨੂੰ ਬਿਹਤਰ ਬਣਾਉਣ ਲਈ ਸਕੂਲਾਂ ’ਚ ਮੋਬਾਇਲ ਫੋਨਾਂ ਦੀ ਵਰਤੋਂ ’ਤੇ ਪੂਰਨ ਰੋਕ ਲਾਉਣ ਦੇ ਹੁਕਮ ਦਿੱਤੇ ਹਨ।

ਸਿੱਖਿਆ ਮੰਤਰਾਲਾ ਵੱਲੋਂ ਜਾਰੀ ਦਸਤਾਵੇਜ਼ ’ਚ ਕਿਹਾ ਗਿਆ ਹੈ ਕਿ ਸਕੂਲ ’ਚ ਮੋਬਾਇਲ ਫੋਨ ਪੜ੍ਹਾਈ ਅਤੇ ਹੋਰ ਸਰਗਰਮੀਆਂ ’ਚ ਅੜਿੱਕਾ ਬਣਦੇ ਹਨ, ਇਸ ਲਈ ਅਸੀਂ ਸਕੂਲਾਂ ’ਚੋਂ ਮੋਬਾਇਲ ਫੋਨ ਹਟਾ ਕੇ ਵਿਦਿਆਰਥੀਆਂ ਲਈ ਇਕ ਸੁਰੱਖਿਅਤ ਵਾਤਾਵਰਣ ਬਣਾ ਸਕਦੇ ਹਾਂ।

ਇਨ੍ਹਾਂ ਨਿਯਮਾਂ ਦੀ ਉਲੰਘਣਾ ’ਤੇ ਨਾ ਸਿਰਫ ਵਿਦਿਆਰਥੀ ਦਾ ਮੋਬਾਇਲ ਫੋਨ ਜ਼ਬਤ ਕਰ ਲੈਣ ਦਾ ਹੁਕਮ ਦਿੱਤਾ ਗਿਆ ਹੈ, ਸਗੋਂ ਇਸ ਹੁਕਮ ਦੀ ਪਾਲਣਾ ਯਕੀਨੀ ਬਣਾਉਣ ਲਈ ਅਧਿਆਪਕਾਂ ਨੂੰ ਬੱਚਿਆਂ ਦੇ ਬੈਗ ਸਖਤੀ ਨਾਲ ਜਾਂਚਣ ਦਾ ਅਧਿਕਾਰ ਵੀ ਦਿੱਤਾ ਗਿਆ ਹੈ।

ਬਰਤਾਨਵੀ ਸਰਕਾਰ ਦਾ ਇਹ ਫੈਸਲਾ ਵਿਦਿਆਰਥੀਆਂ ਲਈ ਹਿੱਤਕਾਰੀ ਹੈ। ਇਸ ਨਾਲ ਨਾ ਸਿਰਫ ਉਹ ਆਪਣੀ ਪੜ੍ਹਾਈ ’ਤੇ ਵੱਧ ਧਿਆਨ ਦੇ ਸਕਣਗੇ, ਜਿਸ ਨਾਲ ਉਨ੍ਹਾਂ ਦੀ ਸਿੱਖਿਆ ਦਾ ਪੱਧਰ ਸੁਧਰੇਗਾ ਸਗੋਂ ਉਹ ਮੋਬਾਇਲ ਫੋਨ ’ਤੇ ਅਸ਼ਲੀਲ ਸਮੱਗਰੀ ਦੇਖਣ ਤੋਂ ਵੀ ਬਚ ਸਕਣਗੇ।

ਫਰਾਂਸ ਸਰਕਾਰ ਪਹਿਲਾਂ ਹੀ ਆਪਣੇ ਦੇਸ਼ ’ਚ ਇਸ ਇਰਾਦੇ ਦਾ ਕਾਨੂੰਨ ਲਾਗੂ ਕਰ ਚੁੱਕੀ ਹੈ, ਭਾਰਤ ਵਰਗੇ ਦੇਸ਼ਾਂ ’ਚ ਵੀ ਇਸ ਹੁਕਮ ਨੂੰ ਲਾਗੂ ਕਰਨ ਅਤੇ ਉਸ ’ਤੇ ਅਮਲ ਕਰਵਾਉਣ ਦੀ ਤੁਰੰਤ ਲੋੜ ਹੈ।

- ਵਿਜੇ ਕੁਮਾਰ


Anmol Tagra

Content Editor

Related News