ਆਸਾਮ ਸਰਕਾਰ ਵੱਲੋਂ ਵੱਡੀਆਂ ਪਲਾਸਟਿਕ ਬੋਤਲਾਂ ਨਾਲ ਪਾਣੀ ਦੀ ਬਰਬਾਦੀ ਹੋਵੇਗੀ ਅਤੇ ਪਲਾਸਟਿਕ ਵੀ ਵੱਧ ਲੱਗੇਗਾ

Sunday, Aug 13, 2023 - 03:14 AM (IST)

ਆਸਾਮ ਸਰਕਾਰ ਵੱਲੋਂ ਵੱਡੀਆਂ ਪਲਾਸਟਿਕ ਬੋਤਲਾਂ ਨਾਲ ਪਾਣੀ ਦੀ ਬਰਬਾਦੀ ਹੋਵੇਗੀ ਅਤੇ ਪਲਾਸਟਿਕ ਵੀ ਵੱਧ ਲੱਗੇਗਾ

ਪਲਾਸਟਿਕ ਅੱਜ ਸਾਡੇ ਰੋਜ਼ਾਨਾ ਜੀਵਨ ਦਾ ਮਹੱਤਵਪੂਰਨ ਹਿੱਸਾ ਬਣ ਚੁੱਕਾ ਹੈ। ਕਰੰਸੀ ਨੋਟਾਂ ਤੋਂ ਲੈ ਕੇ ਕੰਪਿਊਟਰ ਤੱਕ, ਤੇਲ, ਘਿਓ, ਕੋਲਡ ਡ੍ਰਿੰਕਸ ਅਤੇ ਪਾਣੀ ਤੱਕ, ਪੈਕੇਜਿੰਗ ਸਮੱਗਰੀ, ਫਰਨੀਚਰ, ਇਲੈਕਟ੍ਰਾਨਿਕ ਯੰਤਰਾਂ ਤੱਕ ਹਰ ਚੀਜ਼ ਲਈ ਪਲਾਸਟਿਕ ਦੀ ਵਰਤੋਂ ਹੋ ਰਹੀ ਹੈ ਪਰ ਇਸ ਦੀਆਂ ਕੁਝ ਹਾਨੀਆਂ ਵੀ ਹਨ।

ਪਲਾਸਟਿਕ ਦਾ ਕਚਰਾ ਵਾਤਾਵਰਣ ਅਤੇ ਲੋਕਾਂ ਦੀ ਸਿਹਤ ਲਈ ਗੰਭੀਰ ਸੰਕਟ ਬਣ ਗਿਆ ਹੈ। ਇਸ ਦੇ ਨਸ਼ਟ ਨਾ ਹੋਣ, ਇਸ ਦੀ ਰੀਸਾਈਕਲਿੰਗ ਦੀ ਕੋਈ ਪ੍ਰਭਾਵੀ ਵਿਵਸਥਾ ਨਾ ਹੋਣ ਅਤੇ ਰੀਸਾਈਕਲਿੰਗ ਪ੍ਰਕਿਰਿਆ ਨਾਲ ਵੀ ਪ੍ਰਦੂਸ਼ਣ ਵਧਣ ਕਾਰਨ ਵਾਤਾਵਰਣ ਨੂੰ ਭਾਰੀ ਨੁਕਸਾਨ ਪੁੱਜਦਾ ਹੈ।

ਪਲਾਸਟਿਕ ਦੀਆਂ ਇਨ੍ਹਾਂ ਹਾਨੀਆਂ ਦੇ ਮੱਦੇਨਜ਼ਰ ਸਾਬਕਾ ਭਾਜਪਾ ਸੰਸਦ ਮੈਂਬਰ ਸ਼੍ਰੀ ਅਵਿਨਾਸ਼ ਰਾਇ ਖੰਨਾ ਨੇ 2005-2006 ’ਚ ‘ਸ਼ਤਾਬਦੀ’ ਰੇਲਗੱਡੀਆਂ ’ਚ ਦਿੱਤੀਆਂ ਜਾਣ ਵਾਲੀਆਂ ਪਾਣੀ ਦੀਆਂ ਇਕ ਲਿਟਰ ਵਾਲੀਆਂ ਬੋਤਲਾਂ ਦੀ ਬਜਾਏ ਛੋਟੀ ਬੋਤਲ ਦੇਣ ਲਈ ਤਤਕਾਲੀਨ ਰੇਲ ਮੰਤਰੀ ਪਵਨ ਕੁਮਾਰ ਬਾਂਸਲ (ਕਾਂਗਰਸ) ਤੇ ਜਲ ਸਰੋਤ ਮੰਤਰੀ ਆਦਿ ਨੂੰ ਲਿਖਣਾ ਸ਼ੁਰੂ ਕੀਤਾ ਸੀ।

8 ਸਾਲ ਦੇ ਯਤਨਾਂ ਪਿੱਛੋਂ ਉਨ੍ਹਾਂ ਨੂੰ 2014 ’ਚ ਕੇਂਦਰ ’ਚ ਭਾਜਪਾ ਸਰਕਾਰ ਦੇ ਸੱਤਾਧਾਰੀ ਹੋਣ ’ਤੇ ਸਫਲਤਾ ਮਿਲੀ ਅਤੇ ਹੁਣ ‘ਸ਼ਤਾਬਦੀ’ ਤੇ ਹੋਰ ਰੇਲਗੱਡੀਆਂ ’ਚ ਪਾਣੀ ਦੀ ਛੋਟੀ ਬੋਤਲ ਹੀ ਦਿੱਤੀ ਜਾਂਦੀ ਹੈ ਤਾਂ ਕਿ ਪਲਾਸਟਿਕ ਦੀ ਵਰਤੋਂ ਘੱਟ ਹੋਵੇ ਅਤੇ ਪਾਣੀ ਦੀ ਬਰਬਾਦੀ ਵੀ ਨਾ ਹੋਵੇ।

ਸ਼੍ਰੀ ਖੰਨਾ ਅਨੁਸਾਰ ‘ਵੰਦੇ ਭਾਰਤ’ ਰੇਲਗੱਡੀਆਂ ’ਚ ਅਜੇ ਵੀ ਪਾਣੀ ਦੀ ਇਕ ਲਿਟਰ ਵਾਲੀ ਹੀ ਬੋਤਲ ਦਿੱਤੀ ਜਾ ਰਹੀ ਹੈ ਅਤੇ ਉਹ ਇਨ੍ਹਾਂ ਗੱਡੀਆਂ ’ਚ ਵੀ ਛੋਟੀ ਬੋਤਲ ਹੀ ਦੇਣ ਲਈ ਅਧਿਕਾਰੀਆਂ ਨਾਲ ਸੰਪਰਕ ਕਰ ਰਹੇ ਹਨ।

ਦੂਜੇ ਪਾਸੇ, ਹਾਲ ਹੀ ’ਚ ਆਸਾਮ ਸਰਕਾਰ ਨੇ ਇਕ ਲਿਟਰ ਤੋਂ ਘੱਟ ਵਾਲੀਆਂ ਪਾਣੀ ਦੀਆਂ ਬੋਤਲਾਂ ’ਤੇ 2 ਅਕਤੂਬਰ ਤੋਂ ਪਾਬੰਦੀ ਲਾਉਣ ਦਾ ਫੈਸਲਾ ਕੀਤਾ ਹੈ, ਜੋ ਪਲਾਸਟਿਕ ਕੂੜੇ ਤੋਂ ਹੋਣ ਵਾਲੀਆਂ ਹਾਨੀਆਂ ਕਾਰਨ ਉਚਿਤ ਨਹੀਂ ਹੈ।

ਹਰ ਥਾਂ ਵੱਡੀਆਂ ਬੋਤਲਾਂ ਲਿਜਾਣਾ ਸਹੂਲਤ ਵਾਲਾ ਨਾ ਹੋਣ ਦੇ ਇਲਾਵਾ ਪੂਰਾ ਪਾਣੀ ਪੀਣਾ ਵੀ ਸੰਭਵ ਨਹੀਂ ਹੁੰਦਾ। ਇਸ ਲਈ ਵੱਡੀਆਂ ਬੋਤਲਾਂ ਨਾਲ ਜਿੱਥੇ ਪਾਣੀ ਦੀ ਬਰਬਾਦੀ ਹੋਵੇਗੀ ਅਤੇ ਪਲਾਸਟਿਕ ਵੀ ਵੱਧ ਲੱਗੇਗਾ, ਓਧਰ ਛੋਟੀਆਂ ਬੋਤਲਾਂ ਨਾਲ ਪਾਣੀ ਦੀ ਬੱਚਤ ਅਤੇ ਪਲਾਸਟਿਕ ਵੀ ਘੱਟ ਲੱਗੇਗਾ।

ਇਸ ਲਈ ਆਸਾਮ ਸਰਕਾਰ ਨੂੰ ਆਪਣੇ ਇਸ ਫੈਸਲੇ ’ਤੇ ਮੁੜ ਵਿਚਾਰ ਕਰ ਕੇ ਛੋਟੀਆਂ ਬੋਤਲਾਂ ’ਚ ਪਾਣੀ ਦੀ ਵਿਕਰੀ ਜਾਰੀ ਰੱਖਣੀ ਚਾਹੀਦੀ ਹੈ। ਰੇਲ ਮੰਤਰਾਲਾ ਨੂੰ ਵੀ ਹੋਰ ਰੇਲਗੱਡੀਆਂ ਵਾਂਗ ਵੰਦੇ ਭਾਰਤ ਗੱਡੀਆਂ ’ਚ ਇਕ ਲਿਟਰ ਪਾਣੀ ਵਾਲੀ ਬੋਤਲ ਦੀ ਥਾਂ ’ਤੇ ਛੋਟੀਆਂ ਬੋਤਲਾਂ ਹੀ ਦੇਣੀਆਂ ਚਾਹੀਦੀਆਂ ਹਨ। 
-ਵਿਜੇ ਕੁਮਾਰ      


author

Manoj

Content Editor

Related News