ਅਚਾਨਕ ਛਾਪੇਮਾਰੀ ਦਾ ਸਿਲਸਿਲਾ ਸ਼ਲਾਘਾਯੋਗ, ਇਸ ਨੂੰ ਜਾਰੀ ਰੱਖਣਾ ਦੇਸ਼ਹਿੱਤ ’ਚ ਜ਼ਰੂਰੀ

02/18/2020 1:39:10 AM

ਅਸੀਂ ਸ਼ੁਰੂ ਤੋਂ ਹੀ ਲਿਖਦੇ ਆ ਰਹੇ ਹਾਂ ਕਿ ਸਾਡੇ ਮੰਤਰੀਆਂ, ਨੇਤਾਵਾਂ ਅਤੇ ਅਧਿਕਾਰੀਆਂ ਨੂੰ ਆਪਣੇ ਸੂਬਿਆਂ ’ਚ ਸੜਕ ਮਾਰਗ ਰਾਹੀਂ ਯਾਤਰਾ ਕਰ ਕੇ ਮਾਰਗ ’ਚ ਪੈਣ ਵਾਲੇ ਸਕੂਲਾਂ, ਹਸਪਤਾਲਾਂ ਅਤੇ ਸਰਕਾਰੀ ਦਫਤਰਾਂ ’ਚ ਅਚਾਨਕ ਛਾਪੇ ਮਾਰਨੇ ਚਾਹੀਦੇ ਹਨ ਤਾਂ ਕਿ ਉਨ੍ਹਾਂ ਦੀ ਅਸਲ ਸਥਿਤੀ ਦਾ ਪਤਾ ਲੱਗ ਸਕੇ। ਹੁਣ ਕੁਝ ਸਮੇਂ ਤੋਂ ਇਸ ’ਚ ਕੁਝ ਤੇਜ਼ੀ ਆਈ ਹੈ ਅਤੇ ਅਨੇਕ ਸੂਬਿਆਂ ਦੀਆਂ ਸਰਕਾਰਾਂ ਨੇ ਆਪਣੇ ਮੰਤਰੀਆਂ ਅਤੇ ਅਧਿਕਾਰੀਆਂ ਨੂੰ ਸਰਕਾਰੀ ਦਫਤਰਾਂ, ਪੁਲਸ ਥਾਣਿਆਂ, ਹਸਪਤਾਲਾਂ ਆਦਿ ਦੇ ਅਚਾਨਕ ਨਿਰੀਖਣ ਦੇ ਨਿਰਦੇਸ਼ ਦਿੱਤੇ ਹਨ, ਜਿਨ੍ਹਾਂ ਦੇ ਸਾਰਥਕ ਨਤੀਜੇ ਮਿਲ ਰਹੇ ਹਨ। ਇਸੇ ਕੜੀ ’ਚ ਹਾਲ ਹੀ ’ਚ :

* 30 ਜਨਵਰੀ ਨੂੰ ਪੰਜਾਬ ਦੇ ਉਦਯੋਗ ਅਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਸਿਵਲ ਹਸਪਤਾਲ ਹੁਸ਼ਿਆਰਪੁਰ ਦਾ ਅਚਾਨਕ ਨਿਰੀਖਣ ਕੀਤਾ ਅਤੇ ਹਸਪਤਾਲ ਦੀ ਸਫਾਈ ’ਤੇ ਅਸੰਤੋਸ਼ ਜ਼ਾਹਿਰ ਕਰਦੇ ਹੋਏ ਇਸ ਨੂੰ ਦਰੁੱਸਤ ਕਰਨ ਦਾ ਨਿਰਦੇਸ਼ ਦਿੱਤਾ।

* 03 ਫਰਵਰੀ ਨੂੰ ਉੱਤਰ ਪ੍ਰਦੇਸ਼ ’ਚ ਗਾਜ਼ੀਆਬਾਦ ’ਚ ਐੱਸ. ਪੀ. ਸਿਟੀ ਡਾ. ਮਨੀਸ਼ ਮਿਸ਼ਰ ਨੇ ਕੋਰਟ ਕੰਪਲੈਕਸ ਦੇ ਅਚਾਨਕ ਨਿਰੀਖਣ ਦੌਰਾਨ ਉਥੋਂ ਦੀ ਸੁਰੱਖਿਆ ਵਿਵਸਥਾ ਦਾ ਜਾਇਜ਼ਾ ਲਿਆ ਅਤੇ ਡਿਊਟੀ ਤੋਂ ਗੈਰ-ਹਾਜ਼ਰ 5 ਪੁਲਸ ਮੁਲਾਜ਼ਮਾਂ ਦੀ ਤਨਖਾਹ ਕੱਟਣ ਅਤੇ ਉਥੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕਰਨ ਦੇ ਹੁਕਮ ਦਿੱਤੇ।

* 07 ਫਰਵਰੀ ਨੂੰ ਜੀਂਦ ਜ਼ਿਲੇ ਦੇ ਜ਼ਿਲਾ ਪ੍ਰਾਇਮਰੀ ਸਿੱਖਿਆ ਅਧਿਕਾਰੀ ਰਾਮਫਲ ਨੇ ਅਚਾਨਕ ਨਿਰੀਖਣ ’ਚ ਪਾਨੀਪਤ ਸਥਿਤ ਸਰਕਾਰੀ ਪ੍ਰਾਇਮਰੀ ਸਕੂਲ ਕਸਤੂਰਬਾ-ਏ ਦੇ 6 ਅਧਿਆਪਕਾਂ ਨੂੰ ਸਕੂਲ ਤੋਂ ਗੈਰ-ਹਾਜ਼ਰ ਪਾਏ ਜਾਣ ’ਤੇ ਮੁਅੱਤਲ ਕੀਤਾ।

* 08 ਫਰਵਰੀ ਨੂੰ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਈ. ਐੱਸ. ਆਈ. ਹਸਪਤਾਲ, ਮਜੀਠਾ ਰੋਡ, ਅੰਮ੍ਰਿਤਸਰ ਦੇ ਅਚਾਨਕ ਨਿਰੀਖਣ ’ਚ ਮੈਡੀਕਲ ਸੁਪ੍ਰਿੰਟੈਂਡੈਂਟ ਪ੍ਰੇਮ ਪਾਲ ਸਿੰਘ ਨੂੰ ਗੈਰ-ਹਾਜ਼ਰ ਪਾਏ ਜਾਣ ’ਤੇ ਚਾਰਜਸ਼ੀਟ ਕਰਨ ਦਾ ਹੁਕਮ ਦਿੱਤਾ।

* 10 ਫਰਵਰੀ ਨੂੰ ਹਰਿਆਣਾ ਦੇ ਪਸ਼ੂ ਨਸਲ ਸੁਧਾਰ ਵਿਭਾਗ ਦੇ ਡਾਇਰੈਕਟਰ ਜਨਰਲ ਓ. ਪੀ. ਸ਼ਿਕਾਰਾ ਨੇ ਦੱਸਿਆ ਕਿ ਇਕ ਹਫਤੇ ਦੌਰਾਨ ਸੂਬੇ ਦੇ ਵੱਖ-ਵੱਖ ਜ਼ਿਲਿਆਂ ’ਚ ਸਥਿਤ ਵਿਭਾਗ ਦੇ ਦਫਤਰਾਂ ਦੇ ਅਚਾਨਕ ਨਿਰੀਖਣ ਦੌਰਾਨ ਗੈਰ-ਹਾਜ਼ਰ ਪਾਏ ਗਏ ਦੋ ਕਰਮਚਾਰੀਆਂ ਨੂੰ ਮੁਅੱਤਲ ਅਤੇ 54 ਨੂੰ ਕਾਰਣ ਦੱਸੋ ਨੋਟਿਸ ਦਿੱਤੇ ਗਏ।

* 11 ਫਰਵਰੀ ਨੂੰ ਬਿਹਾਰ ’ਚ ਸੀਤਾਮੜ੍ਹੀ ਦੀ ਜ਼ਿਲਾ ਮੈਜਿਸਟ੍ਰੇਟ ਅਭਿਲਾਸ਼ਾ ਕੁਮਾਰੀ ਨੇ ਡੁਮਰਾ ਸਥਿਤ ਸੀ. ਓ. ਦਫਤਰ ਦੇ ਅਚਾਨਕ ਨਿਰੀਖਣ ’ਚ ਗੈਰ-ਹਾਜ਼ਰ ਪਾਏ ਗਏ ਅਨੇਕ ਕਰਮਚਾਰੀਆਂ ਨੂੰ ਕਾਰਣ ਦੱਸੋ ਨੋਟਿਸ ਜਾਰੀ ਕਰਨ ਦਾ ਹੁਕਮ ਦਿੱਤਾ।

* 12 ਫਰਵਰੀ ਨੂੰ ਹਰਿਆਣਾ ’ਚ ਐੱਚ. ਐੱਸ. ਵੀ. ਪੀ. ਦੇ ਦਫਤਰਾਂ ’ਤੇ ਮੁੱਖ ਮੰਤਰੀ ਦੇ ਉਡਣ ਦਸਤੇ ਵਲੋਂ ਕੀਤੀ ਗਈ ਛਾਪੇਮਾਰੀ ’ਚ ਗੈਰ-ਹਾਜ਼ਰ ਪਾਏ ਗਏ 185 ਕਰਮਚਾਰੀਆਂ ਵਿਰੁੱਧ ਬਣਦੀ ਵਿਭਾਗੀ ਕਾਰਵਾਈ ਦੇ ਹੁਕਮ ਦਿੱਤੇ।

* 13 ਫਰਵਰੀ ਨੂੰ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਰੋਹਤਕ ਦੇ ਸਿਵਲ ਲਾਈਨ ਪੁਲਸ ਥਾਣੇ ਦਾ ਅਚਾਨਕ ਨਿਰੀਖਣ ਕੀਤਾ ਅਤੇ ਬੇਨਿਯਮੀਆਂ ਪਾਏ ਜਾਣ ’ਤੇ ਐੱਸ. ਐੱਚ. ਓ. ਨਰੇਸ਼ ਚੰਦਰ ਤੋਂ ਇਲਾਵਾ ਮੁਨਸ਼ੀ ਵਰਿੰਦਰ ਅਤੇ ਚਾਰ ਸਿਪਾਹੀਆਂ ਨੂੰ ਮੁਅੱਤਲ ਕੀਤਾ।

* 14 ਫਰਵਰੀ ਨੂੰ ਮੋਗਾ ਦੇ ਏ. ਡੀ. ਸੀ. (ਵਿਕਾਸ) ਸੁਭਾਸ਼ ਚੰਦਰ ਨੇ ਬਲਖੰਡੀ ਸਥਿਤ ਤੰਦਰੁਸਤ ਪੰਜਾਬ ਸਿਹਤ ਕੇਂਦਰ ’ਚ ਛਾਪਾ ਮਾਰਿਆ ਅਤੇ ਡਿਊਟੀ ਤੋਂ ਗੈਰ-ਹਾਜ਼ਰ ਸਿਹਤ ਕੇਂਦਰ ਮੁਖੀ ਡਾ. ਸੀਮਾ ਅੱਤਰੀ ਨੂੰ ਕਾਰਣ ਦੱਸੋ ਨੋਟਿਸ ਜਾਰੀ ਕੀਤਾ।

* 14 ਫਰਵਰੀ ਨੂੰ ਪੰਜਾਬ ਦੇ ਉਦਯੋਗ ਅਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਹੁਸ਼ਿਆਰਪੁਰ ’ਚ ਟਾਂਡਾ ਰੋਡ ਸਥਿਤ ਡਰਾਈਵਿੰਗ ਟੈਸਟ ਟਰੈਕ ’ਤੇ ਛਾਪਾ ਮਾਰ ਕੇ ਉਥੇ ਏਜੰਟਾਂ ਵਲੋਂ ਲੋਕਾਂ ਤੋਂ ਸਰਕਾਰੀ ਫੀਸਾਂ ਤੋਂ ਇਲਾਵਾ ਵਸੂਲੇ ਗਏ ਜ਼ਿਆਦਾ ਪੈਸੇ ਵਾਪਸ ਕਰਵਾਏ ਅਤੇ ਲੋਕਾਂ ਤੋਂ ਲਾਇਸੈਂਸ ਬਣਾਉਣ ਬਦਲੇ ਜ਼ਿਆਦਾ ਪੈਸੇ ਲੈਣ ਵਾਲੇ ਏਜੰਟਾਂ ਆਦਿ ’ਤੇ ਕਾਨੂੰਨੀ ਕਾਰਵਾਈ ਦੇ ਹੁਕਮ ਦਿੱਤੇ।

* 15 ਫਰਵਰੀ ਨੂੰ ਗੁਰਦਾਸਪੁਰ ਤੋਂ ਭਾਜਪਾ ਦੇ ਸੰਸਦ ਮੈਂਬਰ ਸੰਨੀ ਦਿਓਲ ਨੇ ਨਾਜਾਇਜ਼ ਖਨਨ ਲਈ ਬਦਨਾਮ ਰਾਜੀ ਬੇਲੀ ’ਚ ਛਾਪਾ ਮਾਰਿਆ, ਜਿਸ ’ਤੇ ਉਥੇ ਨਾਜਾਇਜ਼ ਖਨਨ ਕਰ ਰਹੇ ਖਨਨ ਮਾਫੀਆ ਦੇ ਕਰਿੰਦੇ ਆਪਣੇ ਵਾਹਨ ਅਤੇ ਸਾਮਾਨ ਛੱਡ ਕੇ ਦੌੜ ਗਏ।

* 15 ਫਰਵਰੀ ਨੂੰ ਹਿਮਾਚਲ ’ਚ ਡੀ. ਐੱਸ. ਪੀ. ਚੰਦਰਪਾਲ ਸ਼ਰਮਾ ਨੇ ਸਰਕਾਘਾਟ ਦੇ ਹਟਲੀ ਪੁਲਸ ਥਾਣੇ ਦੇ ਐੱਸ. ਐੱਚ. ਓ. ਰਾਜੇਸ਼ ਕੁਮਾਰ ਨੂੰ ਡਿਊਟੀ ’ਤੇ ਸ਼ਰਾਬੀ ਹਾਲਤ ’ਚ ਪਾਏ ਜਾਣ ’ਤੇ ਮੁਅੱਤਲ ਕਰ ਦਿੱਤਾ।

ਸਾਨੂੰ ਖੁਸ਼ੀ ਹੈ ਕਿ ਪੰਜਾਬ ਹੀ ਨਹੀਂ ਸਗੋਂ ਹੋਰਨਾਂ ਸੂਬਿਆਂ ’ਚ ਮੰਤਰੀਆਂ ਅਤੇ ਅਧਿਕਾਰੀਆਂ ਵਲੋਂ ਸਰਕਾਰੀ ਦਫਤਰਾਂ ’ਚ ਬੇਨਿਯਮੀਆਂ ਫੜਨ ਲਈ ਛਾਪੇਮਾਰੀ ਦਾ ਸਿਲਸਿਲਾ ਤੇਜ਼ ਕੀਤਾ ਗਿਆ ਹੈ।

ਜਿੰਨੇ ਜ਼ਿਆਦਾ ਅਚਾਨਕ ਛਾਪੇ ਮਾਰੇ ਜਾਣਗੇ, ਸਰਕਾਰੀ ਅਧਿਕਾਰੀਆਂ ’ਚ ਓਨੀ ਹੀ ਚੁਸਤੀ ਆਏਗੀ। ਇਸ ਨਾਲ ਸਰਕਾਰੀ ਕੰਮਕਾਜ ਦਾ ਪੱਧਰ ਸੁਧਰੇਗਾ ਅਤੇ ਲੋਕਾਂ ਨੂੰ ਵੀ ਰਾਹਤ ਮਿਲੇਗੀ।

–ਵਿਜੇ ਕੁਮਾਰ\\\


Bharat Thapa

Content Editor

Related News