ਇਕ ਪਾਠਕ ਦੇ ਸਹੀ ਵਿਚਾਰ ਅਨਾਥ ਗਊਵੰਸ਼ ਅਤੇ ਨਸ਼ਿਆਂ ਦੀ ਸਮੱਸਿਆ ਨਾਲ ਕਿਸ ਤਰ੍ਹਾਂ ਨਜਿੱਠਿਆ ਜਾਵੇ

Friday, Oct 19, 2018 - 06:43 AM (IST)

ਇਕ ਪਾਠਕ ਦੇ ਸਹੀ ਵਿਚਾਰ ਅਨਾਥ ਗਊਵੰਸ਼ ਅਤੇ ਨਸ਼ਿਆਂ ਦੀ ਸਮੱਸਿਆ ਨਾਲ ਕਿਸ ਤਰ੍ਹਾਂ ਨਜਿੱਠਿਆ ਜਾਵੇ

ਹੁਣੇ ਜਿਹੇ ਮੈਨੂੰ ਪਿੰਡ ਨਾਰੂਨੰਗਲ, ਜ਼ਿਲਾ ਹੁਸ਼ਿਆਰਪੁਰ ਤੋਂ ਸ਼੍ਰੀ ਕੁਲਵੰਤ ਰਾਏ ਨਾਮੀ ਸੱਜਣ ਮਿਲਣ ਆਏ। ਉਨ੍ਹਾਂ ਨੇ ਗੱਲਬਾਤ ਦੌਰਾਨ ਕੁਝ ਚੰਗੀਆਂ ਗੱਲਾਂ ਦੱਸੀਆਂ, ਜਿਨ੍ਹਾਂ ਦਾ ਸਾਰ ਇਥੇ ਪੇਸ਼ ਹੈ :
ਜਦੋਂ ਗਊਵੰਸ਼ ਦੀ ਉਪਯੋਗਤਾ ਨਹੀਂ ਰਹਿੰਦੀ ਅਤੇ ਗਊਮਾਤਾ ਦੁੱਧ ਦੇਣਾ ਬੰਦ ਕਰ ਦਿੰਦੀ ਹੈ ਤਾਂ ਵੱਡੀ ਗਿਣਤੀ ’ਚ ਲੋਕ ਇਨ੍ਹਾਂ ਨੂੰ ਲਾਵਾਰਿਸ ਛੱਡ ਦਿੰਦੇ ਹਨ, ਜੋ ਦਰ-ਦਰ ਭਟਕਦੀਆਂ ਅਤੇ ਨਾ ਖਾਣ ਯੋਗ ਪਦਾਰਥ ਖਾ ਕੇ ਢਿੱਡ ਭਰਦੀਆਂ ਹਨ। ਇਸੇ ਕਾਰਨ ਢਿੱਡ ’ਚ ਪਲਾਸਟਿਕ ਵਗੈਰਾ ਚਲੀ ਜਾਣ ਕਰ ਕੇ ਕਈ ਗਊਵੰਸ਼ ਮੌਤ ਦੇ ਮੂੰਹ ’ਚ ਵੀ ਚਲੇ ਜਾਂਦੇ ਹਨ।
ਤਲਵਾੜਾ-ਕੰਡੀ ਨਹਿਰ ’ਚ ਪਾਣੀ ਨਹੀਂ ਆਉਂਦਾ ਤੇ ਆਮ ਤੌਰ ’ਤੇ ਇਸ ਖੇਤਰ ਦੇ ਲੋਕ ਆਪਣੀਆਂ ‘ਸੁੱਕ’ ਚੁੱਕੀਆਂ ਗਊਆਂ ਨੂੰ ਇਸ ਸੁੱਕੀ ਪਈ ਨਹਿਰ ’ਚ ਉਤਾਰ ਦਿੰਦੇ ਹਨ, ਜਿਨ੍ਹਾਂ ਲਈ ਉੱਪਰ ਚੜ੍ਹ ਕੇ ਉਥੋਂ ਨਿਕਲ ਸਕਣਾ ਸੰਭਵ ਨਹੀਂ ਹੁੰਦਾ ਅਤੇ ਉਹ ਉਥੇ ਹੀ ਭੁੱਖੀਆਂ-ਪਿਆਸੀਆਂ ਦਮ ਤੋੜ ਦਿੰਦੀਆਂ ਹਨ। ਗਊਵੰਸ਼ ਨੂੰ ਅਜਿਹੀ ਸਥਿਤੀ ਤੋਂ ਬਚਾਉਣ ਲਈ ਉਨ੍ਹਾਂ ਦੀ ਰਜਿਸਟ੍ਰੇਸ਼ਨ ਅਤੇ ਉਨ੍ਹਾਂ ਨੂੰ ਲਾਵਾਰਿਸ ਛੱਡਣ ਵਾਲਿਆਂ ਵਿਰੁੱਧ ਕਾਰਵਾਈ ਹੋਣੀ ਚਾਹੀਦੀ ਹੈ।
ਅੱਜਕਲ ਸਮਾਜ ’ਚ ਨੌਜਵਾਨਾਂ ’ਚ ਨਸ਼ਿਆਂ ਦਾ ਪ੍ਰਚਲਨ ਬਹੁਤ ਜ਼ਿਆਦਾ ਵਧ ਜਾਣ ਕਰ ਕੇ ਇਹ ਬਹੁਤ ਵੱਡੀ ਸਮੱਸਿਆ ਬਣ ਗਏ ਹਨ ਤੇ ਇਸ ਨਾਲ ਪਰਿਵਾਰਾਂ ਦੇ ਪਰਿਵਾਰ ਉੱਜੜ ਰਹੇ ਹਨ। ਨਸ਼ੇ ਦੀ ਜ਼ਿਆਦਾ ਮਾਤਰਾ ਲੈਣ ਕਾਰਨ ਹੋਣ ਵਾਲੀਆਂ ਬੇਵਕਤੀ ਮੌਤਾਂ ਦੀਆਂ ਖਬਰਾਂ ਨਾਲ ਅਖਬਾਰਾਂ ਦੇ ਸਫੇ ਭਰੇ ਹੁੰਦੇ ਹਨ।
ਸੂਬੇ ’ਚ ਵੱਡੀ ਗਿਣਤੀ ’ਚ ਉਜਾੜ ਕਬਰਿਸਤਾਨ ਤੇ ਵੀਰਾਨ ਕਬਰਾਂ ਆਦਿ ਮੌਜੂਦ ਹਨ, ਜਿਥੇ ਆਮ ਤੌਰ ’ਤੇ ਕੋਈ ਆਉਂਦਾ-ਜਾਂਦਾ ਨਹੀਂ, ਇਸ ਲਈ ਉਥੇ ਸੁੰਨਸਾਨ ਦਾ ਲਾਭ ਉਠਾਉਂਦਿਆਂ ਨਸ਼ੇੜੀ ਨਸ਼ਾ ਕਰਨ ਲਈ ਪਹੁੰਚ ਜਾਂਦੇ ਹਨ ਤੇ ਉਥੇ ਬੈਠ ਕੇ ਬਿਨਾਂ ਰੋਕ-ਟੋਕ ਦੇ ਨਸ਼ਾ ਕਰਦੇ ਹਨ। ਸਰਕਾਰ ਨੂੰ ਅਜਿਹੀਆਂ ਸੁੰਨਸਾਨ ਥਾਵਾਂ ਦੀ ਨਿਗਰਾਨੀ ਜ਼ਰੂਰ ਕਰਨੀ ਚਾਹੀਦੀ ਹੈ ਅਤੇ ਉਥੇ ਨਸ਼ਾ ਕਰਨ ਵਾਲਿਆਂ ਨੂੰ ਫੜ ਕੇ ਨਸ਼ਾ-ਮੁਕਤੀ ਕੇਂਦਰਾਂ ’ਚ ਦਾਖਲ ਕਰਵਾ ਕੇ ਉਨ੍ਹਾਂ ਦਾ ਇਲਾਜ ਕਰਵਾਉਣਾ ਚਾਹੀਦਾ ਹੈ।
ਜੇ ਪੁਲਸ ਕਿਸੇ ਨਸ਼ੇੜੀ ਨੂੰ ਫੜਦੀ ਹੈ ਅਤੇ ਉਸ ਤੋਂ 5-10 ਗ੍ਰਾਮ ਨਸ਼ਾ ਬਰਾਮਦ ਹੋ ਜਾਂਦਾ ਹੈ ਤਾਂ ਉਸ ਨੂੰ ਨਸ਼ਾ ਛੁਡਾਊ ਕੇਂਦਰ ’ਚ ਦਾਖਲ ਕਰਵਾਉਣਾ ਚਾਹੀਦਾ ਹੈ ਕਿਉਂਕਿ ਉਹ ਨਸ਼ਾ ਵੇਚਣ ਦਾ ਆਦੀ ਨਹੀਂ ਹੈ।
ਇਹ ਵੀ ਇਕ ਤ੍ਰਾਸਦੀ ਹੀ ਹੈ ਕਿ ਨਸ਼ਾ ਵੇਚਣ ਵਾਲੇ ਵੱਡੇ ਲੋਕ ਤੇ ਡੀਲਰ ਆਮ ਤੌਰ ’ਤੇ ਛੁੱਟ ਜਾਂਦੇ ਹਨ। ਜੇ ਕੋਈ ਪੁਲਸ ਵਾਲਾ ਕਿਸੇ ਨਸ਼ਾ ਤਸਕਰ ਨੂੰ ਫੜ ਕੇ ਛੱਡ ਦਿੰਦਾ ਹੈ ਤਾਂ ਉਸ ਵਿਰੁੱਧ ਕਾਰਵਾਈ ਜ਼ਰੂਰ ਹੋਣੀ ਚਾਹੀਦੀ ਹੈ। 
ਪੁਲਸ ਵਾਲੇ ਛੋਟੇ-ਮੋਟੇ ਨਸ਼ਾ ਤਸਕਰਾਂ ਨੂੰ ਫੜ ਕੇ ਉਨ੍ਹਾਂ ਨਾਲ ਫੋਟੋ ਖਿਚਵਾਉਣ ’ਚ ਆਪਣੀ ‘ਸ਼ਾਨ’ ਸਮਝਦੇ ਹਨ ਤੇ ਵੱਡੇ ਕੇਸਾਂ ਨੂੰ ਹੱਥ ਹੀ ਨਹੀਂ ਪਾਉਂਦੇ। ਇਹ ਇਕ ਗਲਤ ਰਵਾਇਤ ਹੈ ਤੇ ਜੇ ਫੜੇ ਵੀ ਜਾਂਦੇ ਹਨ ਤਾਂ ਆਪਣੀ ਤਾਕਤ ਤੇ ਪ੍ਰਭਾਵ ਸਦਕਾ ਉਹ ਛੁੱਟ ਜਾਂਦੇ ਹਨ, ਜੋ ਕਿ ਕਿਸੇ ਵੀ ਹਾਲਤ ’ਚ ਨਹੀਂ ਹੋਣਾ ਚਾਹੀਦਾ।
ਲਾਵਾਰਿਸ ਗਊਵੰਸ਼ ਅਤੇ ਨਸ਼ਿਆਂ ਦੀ ਸਮੱਸਿਆ ਦੇ ਸਬੰਧ ’ਚ ਉਕਤ ਵਿਚਾਰ ਕਿਸੇ ਹੱਦ ਤਕ ਉਪਯੋਗੀ ਹਨ, ਜਿਨ੍ਹਾਂ ’ਤੇ ਸਬੰਧਤ ਅਧਿਕਾਰੀਆਂ ਨੂੰ ਸੋਚ-ਵਿਚਾਰ ਕਰ ਕੇ ਅਮਲ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।    –ਵਿਜੇ ਕੁਮਾਰ


Related News