ਤਮਿਲਨਾਡੂ ’ਚ ਇਕ ਹੋਰ ਪ੍ਰਾਚੀਨ ਵਿਰਾਸਤੀ ਸਥਾਨ ਤੋਂ ਮਿਲੀ 30 ਲੱਖ ਸਾਲ ਪੁਰਾਣੀ ਪੱਥਰ ਦੀ ਕੁਹਾੜੀ
Monday, Jan 08, 2024 - 03:32 AM (IST)
ਤੇਲੰਗਾਨਾ ਦੇ ਮੁਲੁਗੂ ਜ਼ਿਲ੍ਹੇ ’ਚ ਹਾਲ ਹੀ ’ਚ ਆਏ ਹੜ੍ਹ ਦੇ ਨਤੀਜੇ ਵਜੋਂ ਪੁਰਾਪਾਸ਼ਾਣ ਯੁੱਗ (ਪੱਥਰ ਯੁੱਗ ਦਾ ਪਹਿਲਾ ਹਿੱਸਾ) ‘ਕਵਾਰਟਜਾਇਟ’ (ਇਕ ਕਿਸਮ ਦੇ ਪੱਥਰ ਤੋਂ ਬਣੇ) ਔਜ਼ਾਰ ਜਾਂ ਹੱਥ ਦੀਆਂ ਕੁਹਾੜੀਆਂ ਹੜ੍ਹ ਦੇ ਬਾਅਦ ਇਕ ਸੁੱਕੀ ਜਲਧਾਰਾ ਦੀ ਰੇਤ ਦੇ ਹੇਠੋਂ ਬਰਾਮਦ ਹੋਈਆਂ ਹਨ।
ਇਸ ਮੁਹਿੰਮ ਨੂੰ ਅੰਜਾਮ ਦੇਣ ਵਾਲੇ ਸ਼ੌਂਕੀਆ ਇਤਿਹਾਸਕਾਰਾਂ ਦੀ ਟੀਮ ਦੇ ਨੇਤਾ ਸ਼੍ਰੀਰਾਮੋਜੂ ਹਰਗੋਪਾਲ ਅਨੁਸਾਰ ਇਹ ਨਵੀਂ ਖੋਜ ਤੇਲੰਗਾਨਾ ਅਤੇ ਮੱਧ ਭਾਰਤ ’ਚ ਮਨੁੱਖੀ ਬਸਤੀਆਂ ਬਾਰੇ ਜਾਣਕਾਰੀ ’ਚ ਵਾਧਾ ਕਰਦੀ ਹੈ।
ਜੁਲਾਈ 2023 ’ਚ ਤੇਲੰਗਾਨਾ ਦੇ ਉੱਤਰ-ਪੂਰਬੀ ਹਿੱਸਿਆਂ ’ਚ ਮੁਲੁਗੂ, ਜੈਸ਼ੰਕਰ ਭੁਪਾਲਪੱਲੀ ਜ਼ਿਲਿਆਂ ਦੇ ਵੱਡੇ ਹਿੱਸੇ ’ਚ ਹੜ੍ਹ ਆਉਣ ਦੇ ਨਤੀਜੇ ਵਜੋਂ ਵੱਡੇ ਪੱਧਰ ’ਤੇ ਤਬਾਹੀ ਹੋਈ ਸੀ। ‘ਕੋਠਾ ਤੇਲੰਗਾਨਾ ਚਰਿੱਤਰ ਬਰੁੰਡਮ’ ਦੇ ਰਹਿਣ ਵਾਲੇ ਸ਼੍ਰੀ ਹਰਗੋਪਾਲ ਨੇ ਦੱਸਿਆ ਕਿ ਇਸ ਹੜ੍ਹ ਦਾ ਪਾਣੀ ਉਤਰਨ ’ਤੇ ਮੁਲੁਗੂ ਜ਼ਿਲੇ ਦੇ ਗੁੱਰੇਵੁਲਾ ਅਤੇ ਭੂਪਤਿਪੁਰਮ ਪਿੰਡਾਂ ਦੇ ਦਰਮਿਆਨ ਦੀ ਸੁੱਕੀ ਜਲਧਾਰਾ ’ਚ 15.5 ਸੈ.ਮੀ. ਲੰਬਾਈ, 11 ਸੈ.ਮੀ. ਚੌੜਾਈ ਅਤੇ 5.5 ਸੈ.ਮੀ. ਮੋਟਾਈ ਵਾਲੀਆਂ ਪੱਥਰ ਦੀਆਂ ਕੁਹਾੜੀਆਂ ਖੋਜੀ ਏਲੇਸ਼ਵਰਮ ਜਨਾਰਦਨਚਾਰੀ ਨੂੰ ਮਿਲੀਆਂ।
ਜੀਵ ਵਿਗਿਆਨੀ ਰਵੀ ਕੀਰੀਸੇਟਰ ਅਨੁਸਾਰ ਇਹ ਪੱਥਰ ਦੀ ਕੁਹਾੜੀ ਪੁਰਾਪਾਸ਼ਾਣ ਕਾਲ (ਪੱਥਰ ਯੁੱਗ ਦਾ ਪਹਿਲਾ ਹਿੱਸਾ) ਲਗਭਗ 30 ਲੱਖ ਸਾਲ ਪੁਰਾਣੀ ਹੈ। ਪੁਰਾਪਾਸ਼ਾਣ ਯੁੱਗ ਲਗਭਗ 1 ਲੱਖ ਸਾਲ ਤੱਕ ਚੱਲਿਆ। ਹਰਗੋਪਾਲ ਦੇ ਅਨੁਸਾਰ ਉਨ੍ਹਾਂ ਨੇ ਇਨ੍ਹਾਂ ਔਜ਼ਾਰਾਂ ਦੀ ਚਿਪਿੰਗ ਸ਼ੈਲੀ, ਸਮੱਗਰੀ ਅਤੇ ਯੰਤਰਾਂ ਦੇ ਆਕਾਰ ਦੇ ਆਧਾਰ ’ਤੇ ਇਨ੍ਹਾਂ ਦੀ ਸ਼ਨਾਖਤ ਕੀਤੀ ਹੈ।
ਸ਼੍ਰੀ ਹਰਗੋਪਾਲ ਦਾ ਇਹ ਵੀ ਕਹਿਣਾ ਹੈ ਕਿ ਉਸ ਯੁੱਗ ਦੇ ਸ਼ਿਕਾਰੀ ਸੰਗ੍ਰਹਿਕਰਤਾ ਭਾਰੀ ‘ਕਵਾਰਟਜਾਇਟ’ ਅਤੇ ਵੱਡੇ ਔਜ਼ਾਰਾਂ ਦੀ ਵਰਤੋਂ ਕਰਦੇ ਸਨ। ਉਨ੍ਹਾਂ ਵੱਲੋਂ ਵਰਤੀਆਂ ਜਾਣ ਵਾਲੀਆਂ ਕੁਹਾੜੀਆਂ ਵਰਗੀਆਂ ਹੀ ਹੱਥ ਦੀਆਂ ਕੁਹਾੜੀਆਂ ਦੁਨੀਆ ਭਰ ’ਚ ਬਰਾਮਦ ਹੋਈਆਂ ਹਨ। ਇਨ੍ਹਾਂ ਦੀ ਵਰਤੋਂ ਲੱਕੜੀ ਕੱਟਣ ਅਤੇ ਭੋਜਨ ਲਈ ਜਾਨਵਰਾਂ ਨੂੰ ਮਾਰਨ ਲਈ ਕੀਤੀ ਜਾਂਦੀ ਸੀ।
ਵਰਨਣਯੋਗ ਹੈ ਕਿ 1863 ’ਚ ਈਸਟ ਇੰਡੀਆ ਕੰਪਨੀ ਦੀ ਭੂ-ਵਿਗਿਆਨੀਆਂ ਦੀ ਸਰਵੇਖਣ ਟੀਮ ਨੂੰ ਮਦਰਾਸ (ਚੇਨਈ) ਦੇ ਨੇੜੇ ਅਤਿਰਮਪਕੱਮ ਨਾਂ ਦੇ ਸਥਾਨ ’ਤੇ ਪੱਥਰ ਯੁੱਗ ਦੇ ਪਹਿਲੇ ਭਾਗ ਦੇ ਮਨੁੱਖਾਂ ਵੱਲੋਂ ਪੱਥਰਾਂ ਨਾਲ ਬਣੀਆਂ 2 ਮੂੰਹਾਂ ਵਾਲੀਆਂ ਲਗਭਗ 15 ਲੱਖ ਸਾਲ ਪੁਰਾਣੀਆਂ ਹੱਥ ਕੁਹਾੜੀਆਂ ਮਿਲੀਆਂ ਸਨ। ਪੁਰਾਪਾਸ਼ਾਣ ਸੱਭਿਆਚਾਰ ਨੂੰ ਮਦਰਾਸ ਹਸਤ ਕੁਹਾੜੀ ਉਦਯੋਗ ਜਾਂ ਮਦਰਾਸੀਅਨ ਸੱਭਿਆਚਾਰ ਦਾ ਨਾਂ ਦਿੱਤਾ ਗਿਆ ਹੈ।
ਇਸ ਤੋਂ ਪਹਿਲਾਂ ਵੀ ਸਾਡੀ ਪੁਰਾਤਨ ਸੱਭਿਅਤਾ ਦੇ ਕਈ ਅਵਸ਼ੇਸ਼ ਵੱਖ-ਵੱਖ ਥਾਵਾਂ ’ਤੇ ਬਰਾਮਦ ਹੋਏ ਹਨ ਪਰ ਇਹ ਉਨ੍ਹਾਂ ਤੋਂ ਵੀ ਕਿਤੇ ਵੱਧ ਪੁਰਾਣੇ ਹਨ। ਹੁਣ ਸਮੱਸਿਆ ਇਹ ਹੈ ਕਿ ਸਾਡੇ ਦੇਸ਼ ’ਚ ਵੱਖ-ਵੱਖ ਥਾਵਾਂ ’ਤੇ ਖੋਦਾਈ ਦੇ ਦੌਰਾਨ ਬਰਾਮਦ ਹੋਣ ਵਾਲੇ ਅਵਸ਼ੇਸ਼ਾਂ ਨੂੰ ਸੁਰੱਖਿਅਤ ਰੱਖਣ ਜਾਂ ਸੈਰ-ਸਪਾਟੇ ਵਾਲੀਆਂ ਥਾਵਾਂ ਦੇ ਰੂਪ ’ਚ ਵਿਕਸਿਤ ਕਰਨ ਦੀ ਸਾਡੀ ਕੋਈ ਨੀਤੀ ਨਹੀਂ ਹੈ।
ਜੇ ਅਸੀਂ ਇਨ੍ਹਾਂ ਥਾਵਾਂ ਨੂੰ ਪੱਛਮੀ ਦੇਸ਼ਾਂ ਵਾਂਗ ਸੰਭਾਲੀਏ ਅਤੇ ਸੈਰ-ਸਪਾਟਾ ਵਾਲੀਆਂ ਥਾਵਾਂ ਦੇ ਰੂਪ ’ਚ ਵਿਕਸਿਤ ਕਰੀਏ ਤਾਂ ਸ਼ਾਇਦ ਅਸੀਂ ਪੈਰਿਸ, ਲੰਡਨ ਅਤੇ ਤੁਰਕੀ ਨਾਲੋਂ ਵੀ ਵੱਧ ਮਾਲੀਆ ਕਮਾ ਸਕਦੇ ਹਾਂ ਜੋ ਉਹ ਆਪਣੇ ਵਿਰਾਸਤੀ ਸਥਾਨਾਂ ਤੋਂ ਕਮਾ ਰਹੇ ਹਨ।
-ਵਿਜੈ ਕੁਮਾਰ