‘ਪ੍ਰਭੂ ਸ਼੍ਰੀ ਰਾਮ ਬਾਰੇ ਭਰਮਾਊ ਬਿਆਨਬਾਜ਼ੀ’, ਅਸਲੀਅਤ ਸਾਹਮਣੇ ਆ ਸਕਦੀ ਹੈ ‘ਸੈਮੀਨਾਰ ’ਚ’

Tuesday, Jan 24, 2023 - 01:22 AM (IST)

‘ਪ੍ਰਭੂ ਸ਼੍ਰੀ ਰਾਮ ਬਾਰੇ ਭਰਮਾਊ ਬਿਆਨਬਾਜ਼ੀ’, ਅਸਲੀਅਤ ਸਾਹਮਣੇ ਆ ਸਕਦੀ ਹੈ ‘ਸੈਮੀਨਾਰ ’ਚ’

ਪ੍ਰਭੂ ਸ਼੍ਰੀ ਰਾਮ ਹਿੰਦੂਆਂ ਦੇ ਆਰਾਧਿਆ ਦੇਵ ਹਨ ਅਤੇ ਉਨ੍ਹਾਂ ਦੇ ਚਰਿੱਤਰ ਦਾ ਵਿਖਿਆਨ ਕਰਨ ਵਾਲੇ ਦੋ ਮਹਾਨ ਗ੍ਰੰਥ ‘ਰਾਮ ਚਰਿਤਮਾਨਸ’ ਅਤੇ ‘ਵਾਲਮੀਕਿ ਰਾਮਾਇਣ’ ਵੀ ਓਨੇ ਹੀ ਆਦਰ ਨਾਲ ਦੇਖੇ ਜਾਂਦੇ ਹਨ।

ਵਿਡੰਬਨਾ ਹੈ ਕਿ ਤ੍ਰੇਤਾ ਯੁੱਗ ’ਚ ਪ੍ਰਭੂ ਸ਼੍ਰੀ ਰਾਮ ਦੇ ਆਗਮਨ ਦੇ ਦਿਨਾਂ ਤੋਂ ਹੀ ਸਮੇਂ-ਸਮੇਂ ’ਤੇ ਉਨ੍ਹਾਂ ਬਾਰੇ ਕੁਝ ਲੋਕ ਵਾਦ-ਵਿਵਾਦ ਵਾਲੀਆਂ ਗੱਲਾਂ ਕਹਿੰਦੇ ਆ ਰਹੇ ਹਨ। ਅਯੁੱਧਿਆ ’ਚ ਰਾਮ ਮੰਦਰ ਨਿਰਮਾਣ ਦੀ ਅਦਾਲਤੀ ਪ੍ਰਕਿਰਿਆ ਸ਼ੁਰੂ ਹੋਣ ਪਿੱਛੋਂ ਅਜਿਹੀ ਬਿਆਨਬਾਜ਼ੀ ਕੁਝ ਤੇਜ਼ ਹੋ ਗਈ, ਜਿਸ ਬਾਰੇ ਅਖਬਾਰਾਂ ’ਚ ਖਬਰਾਂ ਛਪਦੀਆਂ ਰਹਿੰਦੀਆਂ ਹਨ :

* 8 ਜਨਵਰੀ, 2019 ਨੂੰ ਸੀਨੀਅਰ ਕਾਂਗਰਸ ਨੇਤਾ ਮਣੀਸ਼ੰਕਰ ਅਈਅਰ ਨੇ ਕਿਹਾ, ‘‘ਦਸ਼ਰਥ ਇਕ ਵੱਡੇ ਰਾਜਾ ਸਨ, ਉਨ੍ਹਾਂ ਦੇ ਮਹਿਲ ’ਚ 10,000 ਕਮਰੇ ਸਨ ਪਰ ਭਗਵਾਨ ਰਾਮ ਕਿੱਥੇ ਪੈਦਾ ਹੋਏ ਸਨ, ਇਹ ਦੱਸਣਾ ਔਖਾ ਹੈ।’’

* 7 ਨਵੰਬਰ, 2021 ਨੂੰ ਭਾਜਪਾ ਦੀ ਸਹਿਯੋਗੀ ‘ਨਿਸ਼ਾਦ ਪਾਰਟੀ’ ਦੇ ਮੁਖੀ ਡਾ. ਸੰਜੇ ਨਿਸ਼ਾਦ ਬੋਲੇ, ‘‘ਭਗਵਾਨ ਰਾਮ ਅਯੁੱਧਿਆ ਦੇ ਰਾਜਾ ਦਸ਼ਰਥ ਦੇ ਨਹੀਂ, ਪੁੱਤਰ ਦੀ ਪ੍ਰਾਪਤੀ ਲਈ ਯੱਗ ਕਰਵਾਉਣ ਵਾਲੇ ਸ਼ਰੰਗੀ ਰਿਸ਼ੀ ਦੇ ਪੁੱਤਰ ਸਨ। ਭਗਵਾਨ ਰਾਮ ਨੂੰ ਰਾਜਾ ਦਸ਼ਰਥ ਦਾ ਕਥਿਤ ਪੁੱਤਰ ਕਿਹਾ ਜਾ ਸਕਦਾ ਹੈ ਪਰ ਉਹ ਅਸਲ ਪੁੱਤਰ ਨਹੀਂ ਸਨ।’’

* 15 ਅਪ੍ਰੈਲ, 2022 ਨੂੰ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਜੀਤਨ ਰਾਮ ਮਾਂਝੀ ਨੇ ਕਿਹਾ, ‘‘ਅਸੀਂ ਭਗਵਾਨ ਰਾਮ ਨੂੰ ਨਹੀਂ ਮੰਨਦੇ। ਰਾਮ ਕੋਈ ਭਗਵਾਨ ਨਹੀਂ ਸਨ।’’

* 17 ਅਪ੍ਰੈਲ, 2022 ਨੂੰ ਰਾਜਸਥਾਨ ’ਚ ਵਿਰੋਧੀ ਧਿਰ (ਭਾਜਪਾ) ਦੇ ਨੇਤਾ ਗੁਲਾਬ ਚੰਦ ਕਟਾਰੀਆ ਬੋਲੇ, ‘‘ਰਾਵਣ ਨੇ ਸੀਤਾ ਜੀ ਨੂੰ ਅਗਵਾ ਕਰ ਕੇ ਕੋਈ ਵੱਡਾ ਗੁਨਾਹ ਨਹੀਂ ਕੀਤਾ ਕਿਉਂਕਿ ਉਸ ਨੇ ਉਸ ਨੂੰ ਛੂਹਿਆ ਤੱਕ ਨਹੀਂ।’’

* 12 ਜਨਵਰੀ, 2023 ਨੂੰ ਬਿਹਾਰ ਦੇ ਸਿੱਖਿਆ ਮੰਤਰੀ ਪ੍ਰੋਫੈਸਰ ਚੰਦਰ ਸ਼ੇਖਰ ਨੇ ਕਿਹਾ , ‘‘ਰਾਮ ਚਰਿਤਮਾਨਸ ’ਚ ਕਿਹਾ ਗਿਆ ਹੈ ਕਿ ਵਾਂਝੇ ਸਮਾਜ ਦੇ ਲੋਕ ਸਿੱਖਿਆ ਲੈਣ ਤੋਂ ਬਾਅਦ ਸੱਪ ਵਾਂਗ ਜ਼ਹਿਰੀਲੇ ਹੋ ਜਾਂਦੇ ਹਨ। ਇਹ ਨਫ਼ਰਤ ਫੈਲਾਉਣ ਵਾਲਾ ਗ੍ਰੰਥ ਹੈ।’’

* 22 ਜਨਵਰੀ, 2023 ਨੂੰ ਉੱਤਰ ਪ੍ਰਦੇਸ਼ ਦੇ ਸਪਾ ਨੇਤਾ ਸਵਾਮੀ ਪ੍ਰਸਾਦ ਮੌਰੀਆ ਬੋਲੇ, ‘‘ਰਾਮ ਚਰਿਤਮਾਨਸ ਨੂੰ ਪੂਰੀ ਤਰ੍ਹਾਂ ਬੈਨ ਕਰ ਦੇਣਾ ਚਾਹੀਦਾ ਹੈ। ਉਸ ’ਚ ਸਭ ਬਕਵਾਸ ਹੈ । ਇਸ ’ਚ ਤੁਲਸੀਦਾਸ ਨੇ ਸ਼ੂਦਰਾਂ ਦਾ ਅਪਮਾਨ ਕੀਤਾ ਹੈ।’’

ਖੈਰ, ਹੁਣ ਤਕ ਤਾਂ ਭਗਵਾਨ ਰਾਮ ਸਬੰਧੀ ਵਾਦ-ਵਿਵਾਦ ਵਾਲੇ ਬਿਆਨ ਸਿਰਫ ਸਿਆਸਤਦਾਨ ਹੀ ਦੇ ਰਹੇ ਸਨ ਪਰ ਹੁਣ ਇਨ੍ਹਾਂ ’ਚ ਕਥਿਤ ਵਿਦਵਾਨ ਕਹਾਉਣ ਵਾਲੇ ਲੇਖਕ ਵੀ ਸ਼ਾਮਲ ਹੋ ਗਏ ਹਨ।

* 20 ਜਨਵਰੀ ਨੂੰ ਕੰਨੜ ਭਾਸ਼ਾ ਦੇ ਪ੍ਰਸਿੱਧ ਲੇਖਕ ‘ਕੇ. ਐੱਸ. ਭਗਵਾਨ’ ਨੇ ਦਾਅਵਾ ਕੀਤਾ ਕਿ ‘‘ਵਾਲਮੀਕਿ ਰਾਮਾਇਣ’’ ’ਚ ਲਿਖਿਆ ਹੈ ਕਿ ਭਗਵਾਨ ਰਾਮ ਹਰ ਰੋਜ਼ ਦੁਪਹਿਰ ਵੇਲੇ ਸੀਤਾ ਨਾਲ ਬੈਠਦੇ ਸਨ। ਦਿਨ ਵੇਲੇ ਸ਼ਰਾਬ ਪੀਂਦੇ ਸਨ। ਉਨ੍ਹਾਂ 11 ਹਜ਼ਾਰ ਸਾਲ ਤਕ ਨਹੀਂ ਸਿਰਫ 11 ਸਾਲ ਤਕ ਰਾਜ ਕੀਤਾ।’’

ਅਜਿਹੇ ਬਿਆਨਾਂ ਨਾਲ ਲੋਕਾਂ ਦੀ ਸ਼ਰਧਾ ਨੂੰ ਸੱਟ ਵੱਜਦੀ ਹੈ ਅਤੇ ਬੇਲੋੜੇ ਵਿਵਾਦ ਪੈਦਾ ਹੋਣ ਨਾਲ ਸਮਾਜ ’ਚ ਕੁੜੱਤਣ ਪੈਦਾ ਹੁੰਦੀ ਹੈ। ਇਕ ਤੋਂ ਬਾਅਦ ਇਕ ਇਸ ਤਰ੍ਹਾਂ ਦੇ ਬਿਆਨ ਆਉਣ ਨਾਲ ਆਮ ਆਦਮੀ ਦੁਬਿਧਾ ’ਚ ਪਿਆ ਹੋਇਆ ਹੈ ਕਿ ਉਹ ਕਿਸ ਦੀ ਗੱਲ ਨੂੰ ਸਹੀ ਅਤੇ ਕਿਸ ਦੀ ਗੱਲ ਨੂੰ ਗ਼ਲਤ ਮੰਨੇ।

ਇਸ ਦੌਰਾਨ ਖਬਰ ਹੈ ਕਿ ‘ਰਾਮ ਚਰਿਤਮਾਨਸ’ ਬਾਰੇ ਫੈਲਾਈਆਂ ਜਾ ਰਹੀਆਂ ਭਰਮਾਊ ਗੱਲਾਂ ਨੂੰ ਦੂਰ ਕਰਨ ਲਈ ਇਕ ਸੈਮੀਨਾਰ ਪਟਨਾ ਸਥਿਤ ‘ਮਹਾਵੀਰ ਮੰਦਰ ਟਰੱਸਟ’ ਵਲੋਂ ਕਰਵਾਇਆ ਜਾ ਰਿਹਾ ਹੈ ਤਾਂ ਜੋ ਅਸਲੀਅਤ ਨੂੰ ਸਾਹਮਣੇ ਲਿਆਂਦਾ ਜਾ ਸਕੇ।

ਇਹ ਇਕ ਚੰਗਾ ਯਤਨ ਹੈ। ਇਸ ਬਾਰੇ ਅਸੀਂ ਇੰਨਾ ਹੀ ਕਹਿਣਾ ਚਾਹਾਂਗੇ ਕਿ ਪਹਿਲਾਂ ਵੀ ਇਸ ਵਿਸ਼ੇ ’ਤੇ ਚਰਚਾ ਹੁੰਦੀ ਰਹੀ ਹੈ ਪਰ ਉਨ੍ਹਾਂ ’ਚ ਕੋਈ ਸਭ ਨੂੰ ਮੰਨਣਯੋਗ ਸਿੱਟਾ ਸਾਹਮਣੇ ਨਹੀਂ ਆ ਸਕਿਆ।

ਉਮੀਦ ਕਰਨੀ ਚਾਹੀਦੀ ਹੈ ਕਿ ਇਸ ਸੈਮੀਨਾਰ ’ਚ ਕੋਈ ਨਾ ਕੋਈ ਸਰਬਸੰਮਤ ਸਿੱਟਾ ਨਿਕਲ ਆਏ ਤਾਂ ਜੋ ਇਸ ਬਾਰੇ ਚੱਲੇ ਆ ਰਹੇ ਵਿਵਾਦ ’ਤੇ ਰੋਕ ਲੱਗ ਸਕੇ ਪਰ ਅਜਿਹਾ ਹੋਵੇਗਾ ਜਾਂ ਨਹੀਂ, ਇਸ ਦਾ ਜਵਾਬ ਤਾਂ ਸੈਮੀਨਾਰ ਸੰਪੰਨ ਹੋਣ ਤੋਂ ਬਾਅਦ ਹੀ ਮਿਲੇਗਾ।

-ਵਿਜੇ ਕੁਮਾਰ


author

Manoj

Content Editor

Related News