ਅੰਮ੍ਰਿਤਸਰ ਵਿਖੇ ਹਸਪਤਾਲ ’ਚ ਨਵਜਨਮੇ ਬੱਚੇ ਦੀ ਹੋਈ ਮੌਤ, ਡਾਕਟਰ ਬੋਲੀ- ਕੋਈ ਵੱਡਾ ਮੁੱਦਾ ਨਹੀਂ
Wednesday, Sep 20, 2023 - 01:07 PM (IST)
ਅੰਮ੍ਰਿਤਸਰ (ਦਲਜੀਤ) : ਭਾਈ ਮੋਹਕਮ ਸਿੰਘ ਸਰਕਾਰੀ ਸੈਟੇਲਾਈਟ ਹਸਪਤਾਲ ਸਕੱਤਰੀ ਬਾਗ ਵਿਚ ਉਸ ਸਮੇਂ ਕਾਫ਼ੀ ਹੰਗਾਮਾ ਹੋਇਆ, ਜਦੋਂ ਗਰਭਵਤੀ ਔਰਤ ਦੇ ਪਰਿਵਾਰਕ ਮੈਂਬਰਾਂ ਨੇ ਨਵਜਨਮੇ ਬੱਚੇ ਦੀ ਮੌਤ ਲਈ ਸਟਾਫ਼ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਕਈ ਘੰਟੇ ਆਪਣਾ ਗੁੱਸਾ ਜ਼ਾਹਰ ਕੀਤਾ। ਮਾਮਲਾ ਇੰਨਾ ਵਧ ਗਿਆ ਕਿ ਡਾਕਟਰਾਂ ਅਤੇ ਸਟਾਫ਼ ਨਰਸਾਂ ਨੇ ਪਰਿਵਾਰਕ ਮੈਂਬਰਾਂ ਦੇ ਸਾਹਮਣੇ ਇਕ-ਦੂਜੇ ਦੀ ਜ਼ਿੰਮੇਵਾਰੀ ਤੈਅ ਕਰਦੇ ਹੋਏ ਬਹਿਸਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਸਿਵਲ ਸਰਜਨ ਨੂੰ ਮਾਮਲੇ ਦੀ ਜਾਣਕਾਰੀ ਮਿਲੀ ਤਾਂ ਉਨ੍ਹਾਂ ਨੇ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਭਾਰਤੀ ਨੂੰ ਮੌਕੇ ’ਤੇ ਭੇਜਿਆ। ਡਾ. ਭਾਰਤੀ ਨੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਕੈਨੇਡਾ ਤੋਂ ਰੂਹ ਕੰਬਾਊ ਖ਼ਬਰ: ਜਨਮ ਦਿਨ ਵਾਲੇ ਦਿਨ ਟਰਾਲੇ 'ਚ ਸੜ ਗਿਆ ਪੰਜਾਬੀ ਨੌਜਵਾਨ
ਜਾਣਕਾਰੀ ਅਨੁਸਾਰ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਕਲਾਨੌਰ ਦੀ ਰਹਿਣ ਵਾਲੀ ਮੋਨਿਕਾ ਪਿਛਲੇ 10 ਮਹੀਨਿਆਂ ਤੋਂ ਸਰਕਾਰੀ ਹਸਪਤਾਲ ਸਕੱਤਰੀ ਬਾਗ ਵਿਖੇ ਆਪਣਾ ਚੈਕਅੱਪ ਕਰਵਾ ਰਹੀ ਸੀ। ਜਦੋਂ ਜਣੇੇਪੇ ਦਾ ਦਰਦ ਸ਼ੁਰੂ ਹੋਇਆ ਤਾਂ ਉਸ ਦੇ ਪਰਿਵਾਰਕ ਮੈਂਬਰ ਉਸ ਨੂੰ ਹਸਪਤਾਲ ਲੈ ਆਏ। ਸ੍ਰੀ ਗੁਰੂ ਰਾਮਦਾਸ ਹਸਪਤਾਲ ਵਿਚ ਜਣੇਪੇ ਦੌਰਾਨ ਮ੍ਰਿਤਕ ਬੱਚੇ ਦੇ ਜਨਮ ਲੈਣ ਤੋਂ ਬਾਅਦ ਪਰਿਵਾਰਕ ਮੈਂਬਰ ਸਦਮੇ ਵਿਚ ਆ ਗਏ ਅਤੇ ਪੂਰੇ ਮਾਮਲੇ ਦੀ ਜ਼ਿੰਮੇਵਾਰੀ ਸਰਕਾਰੀ ਹਸਪਤਾਲ ਦੇ ਸਟਾਫ਼ ’ਤੇ ਪਾ ਦਿੱਤੀ। 'ਜਗ ਬਾਣੀ' ਦੀ ਟੀਮ ਵੀ ਮੌਕੇ ’ਤੇ ਸਰਕਾਰੀ ਹਸਪਤਾਲ ਪਹੁੰਚ ਗਈ। ਪਰਿਵਾਰਿਕ ਮੈਂਬਰਾਂ ਦੀ ਆਪਸੀ ਬਹਿਸ ਦੌਰਾਨ ਸਟਾਫ਼ ਨਰਸ ਅਤੇ ਡਾਕਟਰ ਇੱਕ-ਦੂਜੇ ’ਤੇ ਦੋਸ਼ ਲਾਉਂਦੇ ਹੋਏ ਡਿਊਟੀ ’ਤੇ ਇਕ-ਦੂਜੇ ਨੂੰ ਜ਼ਿੰਮੇਵਾਰੀ ਪਾਉਂਦੇ ਦੇਖੇ ਗਏ। ਦੂਜੇ ਪਾਸੇ ਜਣੇਪੇ ਤੋਂ ਬਾਅਦ ਸ੍ਰੀ ਗੁਰੂ ਰਾਮਦਾਸ ਹਸਪਤਾਲ ਵਿਚ ਦਾਖ਼ਲ ਔਰਤ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।
ਇਹ ਵੀ ਪੜ੍ਹੋ : 'ਬਹਿ ਕੇ ਵੇਖ ਜਵਾਨਾ..., 92 ਸਾਲਾ ਕਿਰਪਾਲ ਸਿੰਘ ਨੇ ਮਲੇਸ਼ੀਆ 'ਚ ਕਰਵਾਈ ਪੰਜਾਬ ਦੀ ਬੱਲੇ-ਬੱਲੇ
ਗਰਭਵਤੀ ਔਰਤ ਦੇ ਪਤੀ ਵਰਿੰਦਰ ਕੁਮਾਰ ਨੇ ਦੱਸਿਆ ਕਿ ਉਸ ਦੀ ਗਰਭਵਤੀ ਪਤਨੀ ਦਾ ਡਾਕਟਰ ਰੀਤਿਕਾ ਵੱਲੋਂ ਉਕਤ ਸਰਕਾਰੀ ਹਸਪਤਾਲ ਵਿਚ ਪਿਛਲੇ 10 ਮਹੀਨਿਆਂ ਤੋਂ ਚੈਕਅੱਪ ਕਰਵਾਇਆ ਜਾ ਰਿਹਾ ਸੀ ਅਤੇ ਡਾਕਟਰ ਨੇ ਸਪੱਸ਼ਟ ਕਿਹਾ ਸੀ ਕਿ ਜੱਚਾ-ਬੱਚਾ ਬਿਲਕੁਲ ਤੰਦਰੁਸਤ ਹਨ ਤੇ ਡਿਲਿਵਰੀ ਨਾਰਮਲ ਹੋਣੀ ਹੈ। ਵਰਿੰਦਰ ਕੁਮਾਰ ਨੇ ਦੱਸਿਆ ਕਿ ਜਦੋਂ ਉਸ ਦੀ ਪਤਨੀ ਦੀ ਡਿਲਿਵਰੀ ਦਾ ਸਮਾਂ ਨੇੜੇ ਆਇਆ ਤਾਂ ਉਹ ਜਣੇਪੇ ਦੇ ਦਰਦ ਦੀ ਸ਼ਿਕਾਇਤ ਲੈ ਕੇ ਹਸਪਤਾਲ ਆਇਆ। ਪਹਿਲਾਂ ਸਟਾਫ ਨੇ ਮੌਕੇ ’ਤੇ ਜਾ ਕੇ ਜਾਂਚ ਕੀਤੀ ਅਤੇ ਕਿਹਾ ਕਿ ਕੁਝ ਸਮੇਂ ਬਾਅਦ ਡਿਲਿਵਰੀ ਨਾਰਮਲ ਹੋ ਜਾਵੇਗੀ, ਜੱਚਾ ਅਤੇ ਬੱਚਾ ਬਿਲਕੁਲ ਠੀਕ ਹਨ। ਉਸ ਨੇ ਦੱਸਿਆ ਕਿ ਇਸ ਦੌਰਾਨ ਉਸ ਦੀ ਪਤਨੀ ਨੂੰ ਬੁਖਾਰ ਤੇਜ਼ ਹੋ ਗਿਆ, ਜਦੋਂ ਉਹ ਹਸਪਤਾਲ ਵਿਚ ਮੌਜੂਦ ਸਟਾਫ਼ ਨਰਸ ਨੂੰ ਦੱਸਣ ਗਿਆ ਕਿ ਉਸ ਦੀ ਪਤਨੀ ਨੂੰ ਤੇਜ਼ ਬੁਖਾਰ ਹੈ ਤਾਂ ਉਸ ਨੇ ਉਸ ਨਾਲ ਸਿੱਧੇ ਤੌਰ ’ਤੇ ਗੱਲ ਨਹੀਂ ਕੀਤੀ ਅਤੇ ਕਿਹਾ ਕਿ ਉਨ੍ਹਾਂ ਨੇ ਦਵਾਈ ਦੇ ਦਿੱਤੀ ਹੈ, ਬੁਖਾਰ ਉਤਰ ਜਾਵੇਗਾ,ਵਾਰ-ਵਾਰ ਮੇਰੇ ਕੋਲ ਨਾ ਆਉ। ਇਸ ਦੌਰਾਨ ਉਸ ਦੀ ਪਤਨੀ ਦਾ ਦਰਦ ਵਧਣ ਲੱਗਾ, ਜਦੋਂ ਉਹ ਫਿਰ ਗਿਆ ਤਾਂ ਕਾਫ਼ੀ ਦੇਰ ਬਾਅਦ ਸਟਾਫ਼ ਨਰਸ ਨੇ ਆ ਕੇ ਚੈਕਅੱਪ ਕੀਤਾ ਅਤੇ ਕਿਹਾ ਕਿ ਉਸ ਦੇ ਬੱਚੇ ਦੇ ਦਿਲ ਦੀ ਧੜਕਣ ਦਾ ਪਤਾ ਨਹੀਂ ਲੱਗ ਰਿਹਾ। ਇਸ ਲਈ ਉਸ ਦੀ ਪਤਨੀ ਨੂੰ ਸ੍ਰੀ ਗੁਰੂ ਰਾਮਦਾਸ ਹਸਪਤਾਲ ਲੈ ਜਾਓ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ 5 ਸਾਲ ਤੱਕ ਦੇ ਬੱਚਿਆਂ ਦੇ ਮਾਪਿਆਂ ਨੂੰ ਵੱਡਾ ਤੋਹਫ਼ਾ
ਵਰਿੰਦਰ ਨੇ ਇਲਜ਼ਾਮ ਲਾਇਆ ਕਿ ਜਦੋਂ ਉਹ ਆਪਣੀ ਪਤਨੀ ਨੂੰ ਹਸਪਤਾਲ ਤੋਂ ਦੂਜੇ ਹਸਪਤਾਲ ਲੈ ਕੇ ਜਾਣ ਲੱਗਾ ਤਾਂ ਹਸਪਤਾਲ ਪ੍ਰਸ਼ਾਸਨ ਨੇ ਉਸ ਨੂੰ ਸਰਕਾਰੀ ਐਂਬੂਲੈਂਸ ਵੀ ਨਹੀਂ ਦਿੱਤੀ ਅਤੇ ਉਸ ਤੋਂ ਬਾਅਦ ਉਹ ਖ਼ੁਦ ਹੀ ਉਸ ਨੂੰ ਆਪਣੀ ਨਿੱਜੀ ਕਾਰ ਵਿਚ ਲੈ ਕੇ ਸ਼ਹੀਦਾਂ ਸਾਹਿਬ ਨੇੜੇ ਸ੍ਰੀ ਗੁਰੂ ਰਾਮਦਾਸ ਹਸਪਤਾਲ ਵਿਖੇ ਲੈ ਗਿਆ, ਜਿੱਥੇ ਉਸ ਨੂੰ ਇੱਕ ਹੋਰ ਸ੍ਰੀ ਗੁਰੂ ਰਾਮਦਾਸ ਹਸਪਤਾਲ, ਵੱਲਾ ਵਿਖੇ ਸ਼ਿਫਟ ਕਰ ਦਿੱਤਾ। ਜਦੋਂ ਦੇਰ ਰਾਤ ਉਥੋਂ ਦੇ ਡਾਕਟਰਾਂ ਨੇ ਉਸ ਦੀ ਪਤਨੀ ਦੀ ਅਲਟਰਾਸਾਊਂਡ ਕਰਵਾਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਬੱਚੇ ਦੀ ਗਰਭ ਵਿਚ ਮੌਤ ਹੋ ਚੁੱਕੀ ਹੈ ਅਤੇ ਉਸ ਤੋਂ ਬਾਅਦ ਉਥੇ ਹੀ ਡਿਲਿਵਰੀ ਕੀਤੀ ਗਈ। ਵਰਿੰਦਰ ਕੁਮਾਰ ਨੇ ਦੱਸਿਆ ਕਿ ਇਹ ਉਸ ਦਾ ਪਹਿਲਾ ਬੱਚਾ ਸੀ। ਸਰਕਾਰੀ ਹਸਪਤਾਲ ਦੇ ਸਟਾਫ਼ ਦੀ ਅਣਗਹਿਲੀ ਕਾਰਨ ਉਨ੍ਹਾਂ ਦੇ ਬੱਚੇ ਦੀ ਮੌਤ ਹੋ ਗਈ। ਇਸ ਪੂਰੇ ਮਾਮਲੇ ਵਿਚ ਹਸਪਤਾਲ ਦੀ ਮਹਿਲਾ ਡਾਕਟਰ ਰਿਤਿਕਾ ਜ਼ਿੰਮੇਵਾਰ ਹੈ। ਉਨ੍ਹਾਂ ਦੱਸਿਆ ਕਿ ਉਹ ਇਨਸਾਫ਼ ਲਈ ਕਈ ਘੰਟੇ ਹਸਪਤਾਲ ਆ ਚੁੱਕੇ ਹਨ ਅਤੇ ਡਾਕਟਰ ਨਾਲ ਵੀ ਗੱਲ ਕਰ ਚੁੱਕੇ ਹਨ ਪਰ ਡਾਕਟਰ ਨੇ ਉਨ੍ਹਾਂ ਦੀ ਕੋਈ ਗੱਲ ਨਹੀਂ ਸੁਣੀ, ਜਿਸ ਤੋਂ ਬਾਅਦ ਸਿਵਲ ਸਰਜਨ ਨੇ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਭਾਰਤੀ ਨੂੰ ਮੌਕੇ ’ਤੇ ਭੇਜਿਆ ਹੈ। ਉਨ੍ਹਾਂ ਆਪਣੀ ਸਾਰੀਆਂ ਸਮੱਸਿਆਵਾਂ ਡਾ. ਭਾਰਤੀ ਨੂੰ ਦੱਸੀਆਂ ਹਨ ਅਤੇ ਇਨਸਾਫ਼ ਦੀ ਮੰਗ ਕੀਤੀ ਹੈ। ਡਾ. ਭਾਰਤੀ ਨੇ ਕਿਹਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਮੁਕਤਸਰ ਬੱਸ ਹਾਦਸੇ ’ਚ ਹੁਣ ਤਕ 8 ਲੋਕਾਂ ਦੀ ਮੌਤ, ਮ੍ਰਿਤਕਾਂ ਦੀ ਸੂਚੀ ਜਾਰੀ, ਦੇਖੋ ਦਰਦਨਾਕ ਤਸਵੀਰਾਂ
ਡਾ. ਰਿਤਿਕਾ ਬੋਲੀ, ਸਟਾਫ਼ ਨਰਸ ਨੂੰ ਕਿਹਾ, ਤੈਨੂੰ ਤੇਰੇ ਪੁੱਤ ਦੀ ਸਹੁੰ ਸੱਚ-ਸੱਚ ਬੋਲ
ਜਦੋਂ ਸਟਾਫ਼ ਨਰਸ ਅਤੇ ਡਾ. ਰਿਤਿਕਾ ਵਿਚਕਾਰ ਬਹਿਸ ਚੱਲ ਰਹੀ ਸੀ ਤਾਂ 'ਜਗ ਬਾਣੀ' ਦੀ ਟੀਮ ਵੀ ਮੌਕੇ ’ਤੇ ਮੌਜੂਦ ਸੀ, ਜਦੋਂ ਪਰਿਵਾਰਕ ਮੈਂਬਰ ਸਟਾਫ਼ ਅਤੇ ਡਾ. ਰਿਤਿਕਾ ਨਾਲ ਗੱਲਬਾਤ ਕਰ ਰਹੇ ਸਨ ਤਾਂ ਡਾ. ਰਿਤਿਕਾ ਨੇ ਸਟਾਫ਼ ਨਰਸ ਨੂੰ ਕਿਹਾ ਕਿ ਤੂੰ ਸੱਚ-ਸੱਚ ਬੋਲ, ਤੂੰ ਮੈਨੂੰ ਕਦੋਂ-ਕਦੋਂ ਫੋਨ ਕੀਤਾ ਹੈ, ਤੈਨੂੰ ਤੇਰੇ ਪੁੱਤਰ ਦੀ ਸਹੁੰ ਲੱਗੇ, ਮੈਂ ਜ਼ਿੰਮੇਵਾਰੀ ਵਾਲੀ ਸੀਟ ’ਤੇ ਬੈਠੀ ਹਾਂ, ਸੱਚ ਬੋਲ। ਇਸ ਦੌਰਾਨ ਸਟਾਫ਼ ਨਰਸ ਬੋਲੀ ਕਿ ਮੈਂ ਸਮੇਂ ਸਮੇਂ ’ਤੇ ਮਰੀਜ਼ ਨੂੰ ਚੈੱਕ ਕੀਤਾ ਹੈ ਅਤੇ ਜਿਸ ਸਮੇਂ ਤੁਸੀਂ ਕਿਹਾ ਸੀ ਉਸ ਸਮੇਂ ਹੀ ਮਰੀਜ਼ ਦਾ ਨਿਰੀਖਣ ਕੀਤਾ ਹੈ, ਠੀਕ ਹੈ, ਤੁਹਾਡੇ ਨਿਰਦੇਸ਼ਾਂ ਅਨੁਸਾਰ ਮਰੀਜ਼ ਦੀ ਜਾਂਚ ਹੋ ਰਹੀ ਸੀ।
ਸਟਾਫ਼ ਨਰਸ ਬੋਲੀ, ਮੈਂ ਸਮੇਂ-ਸਮੇਂ ’ਤੇ ਡਾਕਟਰ ਨੂੰ ਮਰੀਜ਼ ਦੀ ਹਾਲਤ ਬਾਰੇ ਦਿੱਤੀ ਸੀ ਜਾਣਕਾਰੀ - ਮੌਕੇ ’ਤੇ ਮੌਜੂਦ ਸਟਾਫ ਨਰਸ ਨੇ 'ਜਗ ਬਾਣੀ' ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਜਦੋਂ ਵੀ ਮਰੀਜ਼ ਦੀ ਹਾਲਤ ਵਿਗੜਦੀ ਸੀ ਤਾਂ ਉਸ ਨੇ ਡਾ. ਰੀਤਿਕਾ ਨੂੰ ਸੂਚਿਤ ਕਰਦੀ ਰਹੀ ਸੀ। ਉਸ ਨੇ ਦੱਸਿਆ ਕਿ ਉਹ ਸਮੇਂ-ਸਮੇਂ ’ਤੇ ਮਰੀਜ਼ ਨੂੰ ਚੈੱਕ ਕਰਨ ਲਈ ਜਾਂਦੀ ਰਹੀ ਹੈ, ਜਦੋਂ ਬੱਚੇ ਦੇ ਦਿਲ ਦੀ ਧੜਕਣ ਬਹੁਤ ਕਮਜ਼ੋਰ ਹੋਣ ਲੱਗੀ ਤਾਂ ਉਸ ਨੇ ਡਾਕਟਰ ਨੂੰ ਸਾਰੀ ਜਾਣਕਾਰੀ ਦਿੱਤੀ ਅਤੇ ਡਾਕਟਰ ਨੇ ਕਿਹਾ ਕਿ ਗਰਭਵਤੀ ਔਰਤ ਨੂੰ ਰੈਫਰ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਔਰਤ ਨੂੰ ਸਰਕਾਰੀ ਬੇਬੀ ਨਾਨਕੀ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਅਗਲੇ ਸਾਲ JEE Main, Neet ਤੇ NTA ਦੀ ਪ੍ਰੀਖਿਆ ਦੇਣ ਵਾਲਿਆਂ ਲਈ ਜ਼ਰੂਰੀ ਖ਼ਬਰ
ਇਕ ਹਫ਼ਤੇ ’ਚ ਪਾਰਦਰਸ਼ੀ ਜਾਂਚ ਕਰ ਕੇ ਮੰਗੀ ਗਈ ਹੈ ਰਿਪੋਰਟ
ਸਿਵਲ ਸਰਜਨ ਡਾ. ਵਿਜੇ ਕੁਮਾਰ ਨੇ ਦੱਸਿਆ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਹੈ, ਜਦੋਂ ਉਨ੍ਹਾਂ ਨਾਲ ਗੱਲਬਾਤ ਚੱਲ ਰਹੀ ਸੀ ਤਾਂ ਉਨ੍ਹਾਂ ਜ਼ਿਲ੍ਹਾ ਟੀਕਾਕਰਨ ਅਫ਼ਸਰ ਨੂੰ ਮੌਕੇ ’ਤੇ ਭੇਜਿਆ ਸੀ | ਉਨ੍ਹਾਂ ਡਾ. ਭਾਰਤੀ ਨੂੰ ਮਾਮਲੇ ਦੀ ਪਾਰਦਰਸ਼ੀ ਢੰਗ ਨਾਲ ਜਾਂਚ ਕਰ ਕੇ ਇਕ ਹਫ਼ਤੇ ਵਿਚ ਰਿਪੋਰਟ ਦੇਣ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਜੋ ਵੀ ਰਿਪੋਰਟ ਸਹੀ ਨਿਕਲੀ, ਉਸ ਅਨੁਸਾਰ ਕਾਰਵਾਈ ਕੀਤੀ ਜਾਵੇਗੀ।
ਪਰਿਵਾਰਕ ਮੈਂਬਰ ਖੁਦ ਹੀ ਗਰਭਵਤੀ ਨੂੰ ਸ੍ਰੀ ਗੁਰੂ ਰਾਮਦਾਸ ਹਸਪਤਾਲ ਲੈ ਕੇ ਗਏ : ਡਾ. ਰਿਤਿਕਾ
ਇਸ ਸਬੰਧੀ ਜਦੋਂ ਡਾ. ਰਿਤਿਕਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਕੋਈ ਵੱਡੀ ਗੱਲ ਨਹੀਂ ਹੈ ਜਦੋਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਸੰਸਾਰ ਵਿਚ ਆਉਣ ਤੋਂ ਪਹਿਲਾਂ ਹੀ ਇਕ ਨਵਜਨਮੇ ਬੱਚੇ ਦੀ ਕੁੱਖ ਵਿਚ ਮੌਤ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਮਾਂ ਅਤੇ ਬੱਚਾ ਪਹਿਲਾਂ ਬਿਲਕੁਲ ਠੀਕ ਸਨ। ਅਚਾਨਕ ਬੱਚੇ ਦੇ ਦਿਲ ਦੀ ਧੜਕਣ ਹੌਲੀ ਹੋ ਗਈ, ਜਿਸ ਤੋਂ ਬਾਅਦ ਉਸ ਨੂੰ ਰੈਫਰ ਕਰ ਦਿੱਤਾ ਗਿਆ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਉਨ੍ਹਾਂ ਨੂੰ ਕਿਹੜੇ ਸਰਕਾਰੀ ਹਸਪਤਾਲ ਵਿਚ ਰੈਫਰ ਕੀਤਾ ਹੈ ਤਾਂ ਉਨ੍ਹਾਂ ਕਿਹਾ ਕਿ ਅਸੀਂ ਉਨ੍ਹਾਂ ਨੂੰ ਸਰਕਾਰੀ ਹਸਪਤਾਲ ਵਿਚ ਹੀ ਰੈਫਰ ਕੀਤਾ ਸੀ। ਪਰਿਵਾਰਕ ਮੈਂਬਰ ਖੁਦ ਹੀ ਗਰਭਵਤੀ ਔਰਤ ਨੂੰ ਸ੍ਰੀ ਗੁਰੂ ਰਾਮਦਾਸ ਹਸਪਤਾਲ ਲੈ ਕੇ ਗਏ। ਇਸ ਦੌਰਾਨ ਸਟਾਫ਼ ਵੱਲੋਂ ਸਰਕਾਰੀ ਐਂਬੂਲੈਂਸ ਨੂੰ ਵੀ ਮੌਕੇ ’ਤੇ ਬੁਲਾਇਆ ਗਿਆ ਪਰ ਉਹ ਮਰੀਜ਼ ਨੂੰ ਆਪਣੀ ਨਿੱਜੀ ਕਾਰ ਵਿਚ ਬਿਠਾ ਕੇ ਲੈ ਗਏ। ਜਦੋਂ ਅਸੀਂ ਉਨ੍ਹਾਂ ਤੋਂ ਹੋਰ ਸਵਾਲਾਂ ਦੇ ਜਵਾਬ ਪੁੱਛਣੇ ਚਾਹੇ ਤਾਂ ਉਨ੍ਹਾਂ ਕਿਹਾ ਕਿ ਉਹ ਆਪਣੇ ਸਰਕਾਰੀ ਦਫ਼ਤਰ ਵਿਚ ਕੋਈ ਜ਼ਰੂਰੀ ਕੰਮ ਕਰ ਰਹੇ ਹਨ, ਬਾਅਦ ਵਿਚ ਗੱਲ ਕਰਨਗੇ ਪਰ ਕਾਫੀ ਸਮਾਂ ਉਡੀਕ ਕਰਨ ਤੋਂ ਬਾਅਦ ਵੀ ਉਨ੍ਹਾਂ ਦਾ ਫੋਨ ਨਹੀਂ ਆਇਆ।
ਦੋਵਾਂ ਧਿਰਾਂ ਦੇ ਲਿਖਤੀ ਬਿਆਨ ਲੈ ਕੇ ਮਾਮਲੇ ਦੀ ਕੀਤੀ ਜਾਵੇਗੀ ਜਾਂਚ ਮੌਕੇ ’ਤੇ ਪਹੁੰਚੇ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਭਾਰਤੀ ਧਵਨ ਨੇ ਕਿਹਾ ਕਿ ਦੋਵਾਂ ਧਿਰਾਂ ਦੇ ਲਿਖਤੀ ਬਿਆਨ ਲਏ ਜਾਣਗੇ ਅਤੇ ਮਾਮਲੇ ਦੀ ਜਾਂਚ ਕਰ ਕੇ ਰਿਪੋਰਟ ਉੱਚ ਅਧਿਕਾਰੀਆਂ ਨੂੰ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਮੌਕੇ ’ਤੇ ਆ ਕੇ ਪੀੜਤ ਪਰਿਵਾਰ ਨਾਲ ਗੱਲ ਕੀਤੀ ਗਈ ਅਤੇ ਉਨ੍ਹਾਂ ਨੂੰ ਜਾਂਚ ਤੋਂ ਜਾਣੂੰ ਕਰਵਾਇਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8