ਅੰਮ੍ਰਿਤਸਰ ਪੁਲਸ ਤੇ ਗੈਂਗਸਟਰਾਂ ਵਿਚਾਲੇ ਐਨਕਾਊਂਟਰ, ਸੱਤਾ ਨੌਸ਼ਹਿਰਾ ਗੈਂਗ ਦਾ ਮੈਂਬਰ ਜ਼ਖ਼ਮੀ
Thursday, Jan 29, 2026 - 08:02 PM (IST)
ਅੰਮ੍ਰਿਤਸਰ : ਅੰਮ੍ਰਿਤਸਰ ਪੁਲਸ ਨੇ ਫਿਰੌਤੀ ਮੰਗਣ ਵਾਲੇ ਗਿਰੋਹ ਖ਼ਿਲਾਫ਼ ਇੱਕ ਵੱਡੀ ਕਾਰਵਾਈ ਕਰਦਿਆਂ ਸੱਤਾ ਨੌਸ਼ਹਿਰਾ ਗੈਂਗ ਦੇ ਇੱਕ ਮੈਂਬਰ ਨੂੰ ਮੁਠਭੇੜ (ਐਨਕਾਊਂਟਰ) ਤੋਂ ਬਾਅਦ ਕਾਬੂ ਕੀਤਾ ਹੈ। ਇਹ ਕਾਰਵਾਈ ਸੁਲਤਾਨਵਿੰਡ ਪਿੰਡ ਨੇੜੇ ਹੋਈ, ਜਿੱਥੇ ਪੁਲਸ ਗੈਂਗ ਦੇ ਚੌਥੇ ਸਾਥੀ ਦੀ ਭਾਲ 'ਚ ਰੇਡ ਕਰਨ ਪਹੁੰਚੀ ਸੀ।
ਪੁਲਸ ਦੀ ਪਿਸਟਲ ਖੋਹਣ ਦੀ ਕੀਤੀ ਕੋਸ਼ਿਸ਼
ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਜਦੋਂ ਪੁਲਸ ਟੀਮ ਦੋਸ਼ੀਆਂ ਦੀ ਨਿਸ਼ਾਨਦੇਹੀ 'ਤੇ ਰੇਡ ਕਰ ਰਹੀ ਸੀ ਤਾਂ ਹਿਰਾਸਤ ਵਿੱਚ ਲਏ ਗਏ 20 ਸਾਲਾ ਜੋਬਨ ਸਿੰਘ ਨੇ ਪੁਲਸ ਮੁਲਾਜ਼ਮ ਦਾ ਪਿਸਟਲ ਖੋਹਣ ਦੀ ਕੋਸ਼ਿਸ਼ ਕੀਤੀ। ਪੁਲਸ ਨੇ ਆਪਣੀ ਜਾਨ ਦੀ ਰੱਖਿਆ ਵਿੱਚ ਜਵਾਬੀ ਫਾਇਰਿੰਗ ਕੀਤੀ, ਜਿਸ ਦੌਰਾਨ ਇੱਕ ਗੋਲੀ ਜੋਬਨ ਸਿੰਘ ਦੇ ਪੈਰ ਵਿੱਚ ਲੱਗੀ। ਉਸ ਨੂੰ ਤੁਰੰਤ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।
ਜਿਊਲਰ ਤੋਂ ਮੰਗੀ ਸੀ ਫਿਰੌਤੀ
ਇਹ ਸਾਰਾ ਮਾਮਲਾ ਜਨਵਰੀ ਮਹੀਨੇ ਵਿੱਚ ਪੀਟੀਵੀਜ਼ਨ ਇਲਾਕੇ ਵਿੱਚ ਸਥਿਤ ਇੱਕ ਜਿਊਲਰ ਦੀ ਦੁਕਾਨ (ਰਬਾਬ ਜਿਵੈਲਰਜ਼) ਨੂੰ ਆਈ ਫਿਰੌਤੀ ਦੀ ਕਾਲ ਨਾਲ ਜੁੜਿਆ ਹੋਇਆ ਹੈ। ਪੁਲਸ ਜਾਂਚ 'ਚ ਸਾਹਮਣੇ ਆਇਆ ਕਿ ਦੁਕਾਨ ਮਾਲਕ ਨੂੰ ਪਹਿਲਾਂ ਧਮਕੀ ਭਰੀ ਕਾਲ ਆਈ ਤੇ ਬਾਅਦ 'ਚ ਉੱਥੇ ਫਾਇਰਿੰਗ ਦੀ ਘਟਨਾ ਵੀ ਹੋਈ ਸੀ। ਪੁਲਸ ਨੇ ਇਸ ਮਾਮਲੇ 'ਚ ਤਿੰਨ ਨੌਜਵਾਨਾਂ-ਜਸ਼ਨਦੀਪ, ਜੋਬਨ ਸਿੰਘ ਅਤੇ ਗੁਰਕੀਰਤ ਸਿੰਘ-ਨੂੰ ਪਹਿਲਾਂ ਹੀ ਕਾਬੂ ਕਰ ਲਿਆ ਸੀ। ਇਹ ਤਿੰਨੇ ਨੌਜਵਾਨ ਪੇਸ਼ੇ ਤੋਂ ਮਜ਼ਦੂਰ ਸਨ, ਜਿਨ੍ਹਾਂ ਨੂੰ ਗੈਂਗ ਵੱਲੋਂ ਪੈਸੇ ਦੇ ਲਾਲਚ ਵਿੱਚ ਵਰਤਿਆ ਗਿਆ ਸੀ।
ਮੁੱਖ ਦੋਸ਼ੀ ਦੀ ਭੂਮਿਕਾ
ਜਾਂਚ ਮੁਤਾਬਕ ਜੋਬਨ ਸਿੰਘ ਇਸ ਪੂਰੀ ਵਾਰਦਾਤ ਵਿੱਚ ਮੁੱਖ ਭੂਮਿਕਾ ਨਿਭਾ ਰਿਹਾ ਸੀ। ਵਾਰਦਾਤ ਵਾਲੇ ਦਿਨ ਉਹ ਮੋਟਰਸਾਈਕਲ ਚਲਾ ਰਿਹਾ ਸੀ, ਜਦਕਿ ਬਾਕੀ ਦੋ ਸਾਥੀ ਉਸ ਨੂੰ ਲੋਕਲ ਅਤੇ ਲੋਜਿਸਟਿਕ ਸਹਾਇਤਾ ਦੇ ਰਹੇ ਸਨ।
ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਸਪੱਸ਼ਟ ਕੀਤਾ ਕਿ ਸ਼ਹਿਰ ਵਿੱਚ ਗੈਂਗਸਟਰ ਗਤੀਵਿਧੀਆਂ ਅਤੇ ਫਿਰੌਤੀ ਮੰਗਣ ਵਾਲਿਆਂ ਖ਼ਿਲਾਫ਼ ਜ਼ੀਰੋ ਟੋਲਰੈਂਸ ਨੀਤੀ ਅਪਣਾਈ ਗਈ ਹੈ। ਇਹ ਇੱਕ ਬਲਾਇੰਡ ਕੇਸ ਸੀ, ਜਿਸ ਨੂੰ ਏਸੀਪੀ ਬਲਜਿੰਦਰ ਸਿੰਘ ਅਤੇ ਸੀਆਈਏ ਸਟਾਫ ਦੀ ਟੀਮ ਨੇ ਬਹੁਤ ਘੱਟ ਸਮੇਂ ਵਿੱਚ ਹੱਲ ਕਰ ਲਿਆ ਹੈ। ਫਿਲਹਾਲ ਪੁਲਸ ਇਸ ਮਾਮਲੇ ਨਾਲ ਜੁੜੇ ਹੋਰ ਲਿੰਕਾਂ ਦੀ ਜਾਂਚ ਕਰ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
