ਕਣਕ ਦੀ ਸਿੱਧੀ ਬੀਜਾਈ ਸਬੰਧੀ ਪ੍ਰਦਰਸ਼ਨੀ

Sunday, Nov 18, 2018 - 02:25 PM (IST)

ਕਣਕ ਦੀ ਸਿੱਧੀ ਬੀਜਾਈ ਸਬੰਧੀ ਪ੍ਰਦਰਸ਼ਨੀ

ਅੰਮ੍ਰਿਤਸਰ (ਬਾਠ) - ਰੀਵਾਈਵਿੰਗ ਗ੍ਰੀਨ ਰੈਵੇਲਿਊਸ਼ਨ ਸੈੱਲ (ਟਾਟਾ ਟਰੱਸਟ) ਵੱਲੋਂ ਪਰਾਲੀ ਨੂੰ ਬਿਨਾਂ ਅੱਗ ਲਾਏ ਹੈਪੀ ਸੀਡਰ ਮਸ਼ੀਨ ਨਾਲ ਕਣਕ ਦੀ ਸਿੱਧੀ ਬੀਜਾਈ ਦੀ ਪ੍ਰਦਰਸ਼ਨੀ ਪੰਜਾਬ ਖੇਤੀਬਾਡ਼ੀ ਯੂਨੀਵਰਿਸਟੀ ਦੇ ਨਿਰਦੇਸ਼ਕ ਪ੍ਰਬੰਧਕ ਡਾ. ਗ਼ੁਲਜ਼ਾਰ ਸਿੰਘ ਚਾਹਲ ਦੇ ਦਿਸ਼ਾ-ਨਿਰੇਦਸ਼ਾਂ ਹੇਠ ਬਲਾਕ ਹਰਸ਼ਾ ਛੀਨਾ ਦੇ ਪਿੰਡ ਝੰਜੋਟੀ ਵਿਖੇ ਲਾਈ ਗਈ, ਜਿਸ ’ਚ ਰੀਵਾਈਵਿੰਗ ਗ੍ਰੀਨ ਰੈਵੇਲਿਊਸ਼ਨ ਸੈੱਲ (ਟਾਟਾ ਟਰੱਸਟ) ਦੇ ਮੁੱਖ ਸਲਾਹਕਾਰ ਡਾ. ਗੁਰਦੇਵ ਸਿੰਘ ਦਿਉਲ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਇਸ ਮੌਕੇ ਹਾਜ਼ਰ ਕਿਸਾਨਾਂ ਨੂੰ ਡਾ. ਗੁਰਦੇਵ ਸਿੰਘ ਤੇ ਡਾ. ਬਲਜਿੰਦਰ ਸਿੰਘ ਨੇ ਸਾਂਝੇ ਤੌਰ ’ਤੇ ਕਿਹਾ ਕਿ ਸੁਪਰ ਐੱਸ. ਐੱਮ. ਐੱਸ. ਕੰਬਾਈਨ ਹਾਰਵੈਸਟਰ ਨਾਲ ਝੋਨੇ ਤੇ ਬਾਸਮਤੀ ਦੀ ਕਟਾਈ ਤੋਂ ਬਾਅਦ ਬਿਨਾਂ ਨਾੜ ਨੂੰ ਅੱਗ ਲਾਏ ਹੈਪੀ ਸੀਡਰ ਨਾਲ ਕਣਕ ਦੀ ਸਿੱਧੀ ਬੀਜਾਈ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਸਾਨ ਵੀਰਾਂ ਨੂੰ ਬੇਨਤੀ ਕੀਤੀ ਕਿ ਉਹ ਖੇਤੀ ਸਬੰਧੀ ਸਹੀ ਤੇ ਵਿਸਥਾਰ ’ਚ ਜਾਣਕਾਰੀ ਪ੍ਰਾਪਤ ਕਰਨ ਲਈ ਖੇਤੀਬਾਡ਼ੀ ਵਿਭਾਗ ਤੇ ਖੇਤੀਬਾਡ਼ੀ ਯੂਨੀਵਰਸਿਟੀਆਂ ਦੇ ਸੈਮੀਨਾਰਾਂ ਦਾ ਹਿੱਸਾ ਬਣਨ। ਉਪਰੰਤ ਬਲਾਕ ਹਰਸ਼ਾ ਛੀਨਾ ਦੇ ਅਫਸਰ ਡਾ. ਜਤਿੰਦਰ ਸਿੰਘ ਗਿੱਲ ਨੇ ਕਿਸਾਨਾਂ ਨੂੰ ਇਸ ਤਕਨੀਕ ਨੂੰ ਅਪਣਾਉਣ ਲਈ ਕਿਹਾ ਅਤੇ ਮਹਿਕਮੇ ਦੀਆਂ ਵੱਖ-ਵੱਖ ਸਕੀਮਾਂ ਬਾਰੇ ਵਿਸਥਾਰ ’ਚ ਜਾਣਕਾਰੀ ਮੁਹੱਈਆ ਕਰਵਾਈ। ਇਸ ਮੌਕੇ ਟਾਟਾ ਟਰੱਸਟ ਦੇ ਖੇਤੀ ਦੂਤ ਬਲਵਿੰਦਰ ਸਿੰਘ ਅਤੇ ਹਰਜਿੰਦਰ ਸਿੰਘ ਸੈਂਸਰਾ ਵੀ ਉਚੇਚੇ ਤੌਰ ’ਤੇ ਹਾਜ਼ਰ ਸਨ।


Related News