ਰਿਹਾਇਸ਼ੀ ਇਲਾਕੇ ਵਿਚ ਬਣੇ ਗੋਦਾਮ ’ਚ ਛੇਹਰਟਾ ਪੁਲਸ ਦੀ ਰੇਡ
Friday, Nov 02, 2018 - 05:18 PM (IST)

ਅੰਮ੍ਰਿਤਸਰ (ਅਰੁਣ) - ਥਾਣਾ ਛੇਹਰਟਾ ਦੀ ਪੁਲਸ ਨੇ ਇਤਲਾਹ ਦੇ ਅਾਧਾਰ ’ਤੇ ਛਾਪੇਮਾਰੀ ਕਰਦਿਆਂ ਰਿਹਾਇਸ਼ੀ ਇਲਾਕੇ ਵਿਚ ਬਣੇ ਇਕ ਗੋਦਾਮ ’ਚੋਂ ਭਾਰੀ ਮਾਤਰਾ ਵਿਚ ਸਟੋਰ ਕੀਤੇ ਪਟਾਕੇ ਬਰਾਮਦ ਕੀਤੇ। ਪੁਲਸ ਨੇ ਵਿਸਫੋਟਕ ਐਕਟ ਤਹਿਤ ਕਾਰਵਾਈ ਕਰਦਿਅਾਂ ਗੋਦਾਮ ਮਾਲਕ ਹਰੀਸ਼ ਕੁਮਾਰ ਬਿੱਲਾ ਪੁੱਤਰ ਕਿਸ਼ਨ ਲਾਲ ਵਾਸੀ ਪ੍ਰਤਾਪ ਬਾਜ਼ਾਰ ਛੇਹਰਟਾ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਥਾਣਾ ਮੁਖੀ ਇੰਸਪੈਕਟਰ ਹਰੀਸ਼ ਬਹਿਲ ਨੇ ਦੱਸਿਆ ਕਿ ਪੁਲਸ ਨੂੰ ਇਤਲਾਹ ਮਿਲੀ ਸੀ ਕਿ ਉਕਤ ਗੋਦਾਮ ਮਾਲਕ ਹਰੀਸ਼ ਕੁਮਾਰ ਬਿੱਲਾ ਵੱਲੋਂ ਦੀਵਾਲੀ ਸਬੰਧੀ ਆਪਣੇ ਗੋਦਾਮ ’ਚ ਭਾਰੀ ਮਾਤਰਾ ਵਿਚ ਪਟਾਕੇ ਸਟੋਰ ਕੀਤੇ ਗਏ ਹਨ ਅਤੇ ਰਿਹਾਇਸ਼ੀ ਖੇਤਰ ’ਚ ਬਣੇ ਇਸ ਗੋਦਾਮ ਵਿਚ ਸਟੋਰ ਕੀਤੇ ਗਏ ਇਨ੍ਹਾਂ ਪਟਾਕਿਆਂ ਨਾਲ ਕਿਸੇ ਵੇਲੇ ਵੀ ਕੋਈ ਅਣਸੁਖਾਵੀਂ ਘਟਨਾ ਵਾਪਰ ਸਕਦੀ ਹੈ। ਪੁਲਸ ਪਾਰਟੀ ਨੇ ਤੁਰੰਤ ਕਾਰਵਾਈ ਕਰਦਿਆਂ ਸਟੋਰ ਕੀਤੇ ਗਏ ਪਟਾਕਿਆਂ ਨੂੰ ਕਬਜ਼ੇ ਵਿਚ ਲੈਣ ਮਗਰੋਂ ਮਾਮਲਾ ਦਰਜ ਕਰ ਲਿਆ ਹੈ। ਦੇਰ ਰਾਤ ਤੱਕ ਥਾਣੇ ’ਚ ਲੱਗਾ ਰਿਹਾ ਮੋਹਤਬਰਾਂ ਦਾ ਤਾਂਤਾ- ਉਕਤ ਗੋਦਾਮ ਮਾਲਕ ਖਿਲਾਫ ਕਾਨੂੰਾਈ ਨਾ ਕੀਤੇ ਜਾਣ ਨੂੰ ਲੈ ਕੇ ਦੇਰ ਰਾਤ ਤੱਕ ਥਾਣਾ ਛੇਹਰਟਾ ਵਿਖੇ ਇਲਾਕੇ ਦੇ ਮੋਹਤਬਰਾਂ ਦਾ ਤਾਂਤਾ ਲੱਗਾ ਰਿਹਾ।ਥਾਣਾ ਕਮਿਸ਼ਨਰ ਪੁਲਸ ਵੱਲੋਂ ਜਾਰੀ ਨਿਰਦੇਸ਼ਾਂ ਦਾ ਹਵਾਲਾ ਦਿੰਦਿਅਾਂ ਥਾਣਾ ਮੁਖੀ ਨੇ ਦੱਸਿਆ ਕਿ ਬਿਨਾਂ ਲਾਇਸੈਂਸ ਪਟਾਕੇ ਵੇਚਣ ਵਾਲੇ ਕਿਸੇ ਵੀ ਦੁਕਾਨਦਾਰ ਨੂੰ ਬਖਸ਼ਿਆ ਨਹੀਂ ਜਾਵੇਗਾ।