ਨਾਮਜ਼ਦਗੀ ਪੱਤਰ ਦਾਖਲ ਕਰਨ ਵੇਲੇ ਕਾਂਗਰਸ ਅਤੇ ਅਕਾਲੀ ਵਰਕਰ ਭਿਡ਼ੇ, ਪੱਗਾਂ ਲੱਥੀਆਂ

Thursday, Dec 20, 2018 - 03:43 PM (IST)

ਨਾਮਜ਼ਦਗੀ ਪੱਤਰ ਦਾਖਲ ਕਰਨ ਵੇਲੇ ਕਾਂਗਰਸ ਅਤੇ ਅਕਾਲੀ ਵਰਕਰ ਭਿਡ਼ੇ, ਪੱਗਾਂ ਲੱਥੀਆਂ

ਅੰਮ੍ਰਿਤਸਰ (ਅਠੌਲ਼ਾ) - ਰਈਆ ਬਲਾਕ ਨਾਲ ਸੰਬੰਧਤ ਪੰਚਾਇਤੀ ਚੋਣਾਂ ਸੰਬੰਧੀ ਨਾਮਜ਼ਦਗੀ ਪੱਤਰ ਦਾਖਲ ਕਰਵਾਉਣ ਆਏ ਕਾਂਗਰਸ ਪਾਰਟੀ ਅਤੇ ਅਕਾਲੀ ਦਲ ਦੇ ਉਮੀਦਵਾਰਾਂ ਵਿਚ ਜ਼ਬਰਦਸਤ ਝਡ਼ਪਾਂ ਹੋਣ, ਕਈਆਂ ਦੀਆਂ ਪੱਗਾਂ ਲੱਥਣ ਅਤੇ ਅਕਾਲੀ ਦਲ ਦੇ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਖੋਹ ਕੇ ਪਾਡ਼ੇ ਜਾਣ ਦਾ ਸਮਾਚਾਰ ਹੈ । ਅੱਜ ਸਵੇਰੇ ਜਦੋਂ ਅਕਾਲੀ ਉਮੀਦਵਾਰ ਅਰਵਿੰਦਰ ਕੌਰ ਪਤਨੀ ਬਲਜਿੰਦਰ ਸਿੰਘ ਵਾਸੀ ਚੀਮਾਂਬਾਠ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਵਾਉਣ ਗਏ ਤਾਂ ਕੁਝ ਕਾਂਗਰਸੀ ਹਮਇਤੀਆਂ ਨੇ ਉਸਦੇ ਨਾਮਜ਼ਦਗੀ ਪੱਤਰ ਖੋਹ ਕੇ ਪਾਡ਼ ਦਿੱਤੇ । ਇਸ ’ਤੇ ਦੋਹਾਂ ਧਿਰਾਂ ਦਰਮਿਆਨ ਝਡ਼ਪਾਂ ਹੋਈਆਂ ਅਤੇ ਅਕਾਲੀ ਉਮੀਦਵਾਰ ਦੇ ਪਤੀ ਬਲਜਿੰਦਰ ਸਿੰਘ ਦੀ ਪੱਗ ਵੀ ਲੱਥ ਗਈ । ਬਲਜਿੰਦਰ ਸਿੰਘ ਨੇ ਦੋਸ਼ ਲਾਇਆ ਕਿ ਉਸਦੀ ਪਤਨੀ ਅਕਾਲੀ ਦਲ ਦੀ ਉਮੀਦਵਾਰ ਹੈ ਪਰ ਕੁਝ ਕਾਂਗਰਸੀ ਵਰਕਰਾਂ ਨੇ ਉਸਦੇ ਨਾਮਜ਼ਦਗੀ ਪੱਤਰ ਖੋਹ ਕੇ ਪਾਡ਼ ਦਿੱਤੇ ਅਤੇ ਚੋਣ ਨਾ ਲਡ਼ਣ ਲਈ ਵੀ ਧਮਕਾਇਆ । ਭੁਪਿੰਦਰ ਸਿੰਘ ਨੇ ਵਿਰੋਧੀ ਧਿਰ ’ਤੇ ਜ਼ਬਰੀ ਕਾਗਜ਼ ਪਾਡ਼ੇ ਜਾਣ ਦੇ ਲਾਏ ਦੋਸ਼ ਇਸ ਦੌਰਾਨ ਗੁਰੂੁ ਤੇਗ ਬਹਾਦਰ ਨਗਰ (ਸਠਿਆਲਾ) ਤੋਂ ਸਰਪੰਚੀ ਦੇ ਉਮੀਦਵਾਰ ਭੁਪਿੰਦਰ ਸਿੰਘ ਪੁੱਤਰ ਬਹਾਦਰ ਸਿੰਘ ਨੇ ਦੋਸ਼ ਲਾਇਆ ਕਿ ਅੱਜ ਉਸਦੇ ਵਿਰੋਧੀ ਦਲਬੀਰ ਸਿੰਘ ਨੇ ਉਸਦੇ ਜ਼ਬਰਦਸਤੀ ਨਾਮਜ਼ਦਗੀ ਪੱਤਰ ਪਾਡ਼ ਦਿੱਤੇ ਹਨ, ਉਸਨੇ ਪੁਲਸ ਅਤੇ ਪ੍ਰਸ਼ਾਸ਼ਨ ਪਾਸੋਂ ਮੰਗ ਕੀਤੀ ਹੈ ਕਿ ਦੋਸ਼ੀਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ । ਇਸ ਦੌਰਾਨ ਹੀ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲਾ ਅੰਮ੍ਰਿਤਸਰ ਦੇ ਸੀਨੀਅਰ ਮੀਤ ਪ੍ਰਧਾਨ ਰਾਜਿੰਦਰ ਸਿੰਘ ਲਿੱਦਡ਼ ਨੇ ਸਥਾਨਕ ਪ੍ਰਸ਼ਾਸ਼ਨ ਤੇ ਕਾਂਗਰਸ ਪਾਰਟੀ ਦਾ ਪੱਖ ਪੂਰਨ ਦੇ ਦੋਸ਼ ਲਾਉਂਦਿਆਂ ਕਿਹਾ ਹੈ ਕਿ ਉਨ੍ਹਾਂ ਦੀ ਧਰਮਪਤਨੀ ਬੀਬੀ ਸਤਪਾਲ ਕੌਰ ਜੋ ਕਿ ਪਿੰਡ ਲਿੱਦਡ਼ ਤੋਂ ਸਰਪੰਚੀ ਲਈ ਉਮੀਦਵਾਰ ਸਨ, ਨਾਲ ਕਥਿਤ ਸਿਆਸੀ ਸ਼ਹਿ ’ਤੇ ਪੱਖਪਾਤ ਕੀਤਾ ਗਿਆ ਹੈ ਅਤੇ ਚੁੱਲ੍ਹਾ ਟੈਕਸ ਰਸੀਦਾਂ ਅਤੇ ਐੱਨ. ਓ. ਸੀ. ਵਗੈਰਾ ਦੇਣ ਤੋਂ ਇਨਕਾਰੀ ਸੰਬੰਧਤ ਸੈਕਟਰੀ ਬਲਾਕ ਦਫਤਰ ਤੋਂ ਪਿਛਲੇ ਕਈ ਦਿਨਾਂ ਤੋਂ ਲਾਪਤਾ ਰਹੇ ਅਤੇ ਸਾਨੂੰ ਨਾਮਜ਼ਦਗੀ ਪੱਤਰ ਦਾਖਲ ਕਰਨ ਨਹੀਂ ਦਿੱਤੇ ਗਏ । ਇਸੇ ਸੰਦਰਭ ਵਿਚ ਹਲਕਾ ਬਾਬਾ ਬਕਾਲਾ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਇੰਚਾਰਜ ਅਤੇ ਸਾਬਕਾ ਵਿਧਾਇਕ ਮਲਕੀਅਤ ਸਿੰਘ ਏ. ਆਰ. ਮੌਕੇ ’ਤੇ ਪੁੱਜੇ, ਉਨ੍ਹਾਂ ਅਕਾਲੀ ਵਰਕਰਾਂ ਨਾਲ ਹੋ ਰਹੀ ਜ਼ਿਆਦਤੀ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਕਿਹਾ ਕਿ ਇਹ ਕਾਂਗਰਸ ਪਾਰਟੀ ਦਾ ਸ਼ਰੇਆਮ ਸਿਆਸੀ ਗੁੰਡਾਗਰਦੀ ਹੈ, ਜੋ ਕਿ ਕਿਸੇ ਵੀ ਕੀਮਤ ’ਤੇ ਸਹਿਣ ਨਹੀਂ ਕੀਤੀ ਜਾਵੇਗੀ, ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਬਲਾਕ ਸੰਮਤੀ ਅਤੇ ਜ਼ਿਲਾ ਪ੍ਰੀਸ਼ਦ ਵਾਂਗ ਪੰਚਾਇਤੀ ਚੋਣਾਂ ਵੀ ਧੱਕੇਸ਼ਾਹੀ ਨਾਲ ਜਿੱਤਣਾ ਚਾਹੁੰਦੀ ਹੈ, ਜੋ ਕਿ ਅਕਾਲੀ ਦਲ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕਰੇਗਾ । ਇਸ ਮੌਕੇ ਅਕਾਲੀ ਉਮੀਦਵਾਰ ਦੇ ਦੋਬਾਰਾ ਤੋਂ ਨਾਮਜ਼ਦਗੀ ਪੱਤਰ ਲਿਜਾਕੇ ਡਾ. ਦੀਪਕ ਭਾਟੀਆ ਐੱਸ. ਡੀ. ਐੱਮ. ਬਾਬਾ ਬਕਾਲਾ ਕਮ ਚੋਣ ਅਧਿਕਾਰੀ ਪਾਸ ਦਾਖਲ ਕਰਵਾਏ ਅਤੇ ਡੀ. ਐੱਸ. ਪੀ. ਬਾਬਾ ਬਕਾਲਾ ਅਸ਼ਵਨੀ ਕੁਮਾਰ ਅੱਤਰੀ ਨੂੰ ਮਿਲਕੇ ਸਾਰੀ ਸਥਿਤੀ ਤੋਂ ਜਾਣੂ ਕਰਵਾਇਆ ਅਤੇ ਕਥਿਤ ਦੋਸ਼ੀਆਂ ਖਿਲਾਫ ਬਣਦੀ ਕਾਰਵਾਈ ਕਰਨ ਲਈ ਕਿਹਾ ।


Related News