ਗੰਭੀਰ ਚੁਣੌਤੀਆਂ ਦੇ ਦੌਰ ’ਚ ਪ੍ਰੇਰਨਾ ਸਰੋਤ ਬਣਿਆ ਮਾਝੇ ਦਾ ਮਿਹਨਤੀ ਕਿਸਾਨ ‘ਇਕਬਾਲ ਸਿੰਘ ਲਾਡੀ’

Tuesday, Jul 28, 2020 - 12:11 PM (IST)

ਗੰਭੀਰ ਚੁਣੌਤੀਆਂ ਦੇ ਦੌਰ ’ਚ ਪ੍ਰੇਰਨਾ ਸਰੋਤ ਬਣਿਆ ਮਾਝੇ ਦਾ ਮਿਹਨਤੀ ਕਿਸਾਨ ‘ਇਕਬਾਲ ਸਿੰਘ ਲਾਡੀ’

ਗੁਰਦਾਸਪੁਰ (ਹਰਮਨਪ੍ਰੀਤ ਸਿੰਘ) - ਖੇਤੀਬਾੜੀ ਨੂੰ ਦਰਪੇਸ਼ ਕਈ ਤਰ੍ਹਾਂ ਦੀਆਂ ਗੰਭੀਰ ਚੁਣੌਤੀਆਂ ਦੇ ਬਾਵਜੂਦ ਮਾਝੇ ਨਾਲ ਸਬੰਧਤ ਨੌਜਵਾਨ ਕਿਸਾਨ ਇਕਬਾਲ ਸਿੰਘ ਨੇ ਮੱਕੀ ਤੋਂ ਅਚਾਰ (ਸਾਈਲੇਜ) ਤਿਆਰ ਕਰਨ ਦੇ ਪ੍ਰਾਜੈਕਟ ਦੀ ਸ਼ੁਰੂਆਤ ਕੀਤੀ। ਇਸ ਨਾਲ ਉਸ ਨੇ ਨਾ ਸਿਰਫ ਆਪਣੀ ਚੋਖੀ ਆਮਦਨ ਦਾ ਸਾਧਨ ਪੈਦਾ ਕੀਤਾ, ਸਗੋਂ ਇਸ ਦੂਰ ਅੰਦੇਸ਼ੀ ਸੋਚ ਵਾਲੇ ਮਿਹਨਤੀ ਕਿਸਾਨ ਨੇ ਸੂਬੇ ਅੰਦਰ ਮੱਕੀ ਦੀ ਫਸਲ ਹੇਠ ਰਕਬਾ ਵਧਾ ਕੇ ਫਸਲੀ ਵਿਭਿੰਨਤਾ ਨੂੰ ਹੁਲਾਰਾ ਦੇਣ ਲਈ ਵੱਡੀ ਪਹਿਲਕਦਮੀ ਕੀਤੀ ਹੈ। ਇਸ ਕਿਸਾਨ ਵਲੋਂ ਗੁਰਦਾਸਪੁਰ ਜ਼ਿਲੇ ਅੰਦਰ ਗੁਰਦਾਸਪੁਰ-ਸ੍ਰੀ ਹਰਗੋਬਿੰਦਪੁਰ ਮਾਰਗ ’ਤੇ ਪਿੰਡ ‘ਭਿੱਟੇ-ਵਿਢ’ ਨੇੜੇ ਲਗਾਏ ਗਏ ‘ਖਾਲਸਾ ਸਾਈਲੇਜ ਪਲਾਂਟ’ ਨਾਲ ਪਸ਼ੂ ਪਾਲਕਾਂ ਦੀ ਵੱਡੀ ਸਮੱਸਿਆ ਦਾ ਹੱਲ ਹੋਣਾ ਸ਼ੁਰੂ ਹੋ ਗਿਆ ਹੈ ਜਿਸ ਦੇ ਚਲਦਿਆਂ ਜਿਥੇ ਦੁੱਧ ਉਤਪਾਦਕਾਂ ਦੇ ਖਰਚੇ ਘੱਟ ਹੋਣਗੇ ਉਥੇ ਲੋਕਾਂ ਨੂੰ ਵਧੀਆ ਗੁਣਵੱਤਾ ਵਾਲਾ ਦੁੱਧ ਵੀ ਮਿਲ ਸਕੇਗਾ।

ਕੀ ਹੁੰਦੈ ਸਾਈਲੇਜ ਪਲਾਂਟ
ਇਕਬਾਲ ਸਿੰਘ ਲਾਡੀ ਨੇ ਦੱਸਿਆ ਕਿ ਹਰੀ ਮੱਕੀ ਨੂੰ ਕੁਤਰ ਕੇ ਇਕ ਵਿਸ਼ੇਸ਼ ਕਿਸਮ ਦੀ ਮਸ਼ੀਨ ਵਿਚ ਉਸਦੇ ਬੇਲਰ ਤਿਆਰ ਕਰ ਲਏ ਜਾਂਦੇ ਹਨ। ਇਨ੍ਹਾਂ ਬੇਲਰਾਂ ’ਚ ਪੈਕ ਕੀਤਾ ਮੱਕੀ ਦਾ ਅਚਾਰ ਆਮ ਤੌਰ ’ਤੇ ਇਕ ਸਾਲ ਤੱਕ ਖਰਾਬ ਨਹੀਂ ਹੁੰਦਾ। ਉਨ੍ਹਾਂ ਨੇ ਮੱਕੀ ਕੱਟਣ ਵਾਲੀ ਮਸ਼ੀਨ ਵੀ ਲਿਆਂਦੀ ਹੈ, ਜੋ ਹਰੀ ਮੱਕੀ ਦੀ ਕਟਾਈ ਦੇ ਨਾਲ-ਨਾਲ ਮੱਕੀ ਨੂੰ ਕੁਤਰ ਵੀ ਦਿੰਦੀ ਹੈ। ਇਸ ਕੁਤਰੀ ਹੋਈ ਮੱਕੀ ਨੂੰ ਬਾਅਦ ਵਿਚ ਬੇਲਿੰਗ ਮਸ਼ੀਨ ਨਾਲ 100 ਕਿਲੋ ਜਾਂ 50 ਕਿਲੋ ਦੇ ਬੇਲਰ ਤਿਆਰ ਕਰ ਲਏ ਜਾਂਦੇ ਹਨ।

ਫਸਲੀ ਵਿਭਿੰਨਤਾ ਨੂੰ ਹੁਲਾਰਾ
ਲਾਡੀ ਨੇ ਦੱਸਿਆ ਕਿ ਉਨ੍ਹਾਂ ਨੇ ਕਰੀਬ 60 ਲੱਖ ਰੁਪਏ ਖਰਚ ਕਰ ਇਹ ਪਲਾਂਟ ਲਗਾਇਆ ਹੈ ਅਤੇ ਪਹਿਲੇ ਸਾਲ ਉਸ ਨੇ ਕਰੀਬ 150 ਏਕੜ ਰਕਬੇ ਵਿਚ ਮੱਕੀ ਦੀ ਬਿਜਾਈ ਕਰਵਾ ਕੇ ਅਚਾਰ ਤਿਆਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਸਾਲਾਂ ਦੌਰਾਨ ਇਹ ਰਕਬਾ ਹੋਰ ਵੀ ਵਧੇਗਾ।

90 ਦਿਨਾਂ ’ਚ 40 ਹਜ਼ਾਰ ਕਮਾ ਲੈਂਦੇ ਹਨ ਕਿਸਾਨ
ਲਾਡੀ ਨੇ ਦੱਸਿਆ ਕਿ ਜੇਕਰ ਕਿਸਾਨ ਮੱਕੀ ਦਾ ਚੰਗੀ ਕਿਸਮ ਦਾ ਬੀਜ ਡਰਿਲ ਨਾਲ ਬੀਜਣ ਤੇ ਚੰਗੀ ਤਰ੍ਹਾਂ ਫਸਲ ਦੀ ਦੇਖਭਾਲ ਕਰਨ ਤਾਂ ਆਸਾਨੀ ਨਾਲ ਇਕ ਏਕੜ ਵਿਚੋਂ 250 ਕੁਇੰਟਲ ਦੇ ਕਰੀਬ ਹਰੀ ਮੱਕੀ ਪੈਦਾ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਉਹ ਕਿਸਾਨ ਕੋਲੋਂ ਕਰੀਬ 200 ਰੁਪਏ ਪ੍ਰਤੀ ਕੁਇੰਟਲ ਰੇਟ ’ਤੇ ਹਰੀ ਮੱਕੀ ਖਰੀਦ ਕੇ ਇਸ ਤੋਂ ਅਚਾਰ ਤਿਆਰ ਕਰਦੇ ਹਨ। ਇਸ ਤਰ੍ਹਾਂ ਮੁੱਖ ਖਰਚੇ ਕੱਢ ਕੇ ਕਿਸਾਨ ਪ੍ਰਤੀ ਏਕੜ ਖੇਤ ਵਿਚੋਂ 35 ਤੋਂ 40 ਹਜ਼ਾਰ ਰੁਪਏ ਸਿਰਫ 90 ਦਿਨਾਂ ਵਿਚ ਕਮਾ ਸਕਦੇ ਹਨ।

ਬਾਹਰਲੇ ਸੂਬਿਆਂ ਨੂੰ ਕੀਤੀ ਜਾ ਰਹੀ ਸਪਲਾਈ
ਲਾਡੀ ਨੇ ਦੱਸਿਆ ਕਿ ਅਚਾਰ ਦੇ ਬੇਲਰ ਬਣਾਉਣ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਇਸ ਅਚਾਰ ਨੂੰ ਇਕ ਸਾਲ ਤੱਕ ਵਰਤਿਆ ਜਾ ਸਕਦਾ ਹੈ ਅਤੇ ਇਸ ਨੂੰ ਹੋਰ ਥਾਵਾਂ ’ਤੇ ਭੇਜਣ ਮੌਕੇ ਜ਼ਿਆਦਾ ਪ੍ਰੇਸ਼ਾਨੀ ਨਹੀਂ ਆਉਂਦੀ। ਉਨ੍ਹਾਂ ਕਿਹਾ ਕਿ ਸਿੱਤਮ ਦੀ ਗੱਲ ਇਹ ਹੈ ਕਿ ਇਸ ਮੌਕੇ ਸਾਡੇ ਪੰਜਾਬ ਵਿਚ ਵੀ ਪਸ਼ੂਆਂ ਨੂੰ ਪੂਰਾ ਚਾਰਾ ਨਹੀਂ ਮਿਲ ਰਿਹਾ ਅਤੇ ਕਈ ਪਸ਼ੂ ਪਾਲਕ ਬਾਹਰਲੇ ਸੂਬਿਆਂ ਤੋਂ ਮੱਕੀ ਜਾਂ ਮੱਕੀ ਦਾ ਅਚਾਰ ਮੰਗਵਾਉਂਦੇ ਹਨ। ਪਰ ਜੇਕਰ ਕਿਸਾਨ ਇਥੇ ਹੀ ਮੱਕੀ ਦੀ ਬਿਜਾਈ ਕਰਨ ਤਾਂ ਜਿਥੇ ਕਣਕ ਝੋਨੇ ਦੇ ਫਸਲੀ ਚੱਕਰ ਵਿਚੋਂ ਨਿਕਲਿਆ ਜਾ ਸਕਦਾ ਹੈ, ਉਥੇ ਕਿਸਾਨ ਚੰਗੀ ਕਮਾਈ ਵੀ ਕਰ ਸਕਦੇ ਹਨ। ਇਸੇ ਕਾਰਣ ਉਨ੍ਹਾਂ ਨੇ ਅਜਿਹੇ ਕਿਸਾਨਾਂ ਨੂੰ ਰਾਹਤ ਦੇਣ ਲਈ ਮੱਕੀ ਦੀ ਕੰਟਰੈਕਟ ਫਾਰਮਿੰਗ ਕਰਵਾਉਣੀ ਵੀ ਸ਼ੁਰੂ ਕੀਤੀ ਹੈ।

ਸ਼ੁੱਧ ਦੁੱਧ ਦੇ ਉਤਪਾਦਨ ’ਚ ਵੀ ਹੋਵੇਗਾ ਵਾਧਾ
ਲਾਡੀ ਨੇ ਅਹਿਮ ਖੁਲਾਸਾ ਕਰਦਿਆਂ ਕਿਹਾ ਕਿ ਇਕ ਮੌਕੇ ਜ਼ਿਆਦਾ ਥਾਈਂ ਮਿਲਣ ਵਾਲਾ ਦੁੱਧ ਜਾਂ ਤਾਂ ਮਿਲਾਵਟੀ ਹੁੰਦਾ ਹੈ ਅਤੇ ਜਾਂ ਫਿਰ ਉਹ ਦੁੱਧ ਕਿਸੇ ਪਾਊਡਰ ਜਾਂ ਹੋਰ ਪਦਾਰਥ ਤੋਂ ਤਿਆਰ ਕੀਤਾ ਹੁੰਦਾ ਹੈ। ਇਸ ਦਾ ਸਭ ਤੋਂ ਵੱਡਾ ਕਾਰਣ ਇਹ ਹੈ ਕਿ ਪਸ਼ੂ ਪਾਲਣ ਲਈ ਹੋਣ ਵਾਲੇ ਖਰਚਿਆਂ ਦੇ ਮੁਕਾਬਲੇ ਪਸ਼ੂ ਪਾਲਕਾਂ ਦਾ ਦੁੱਧ ਪੂਰੇ ਰੇਟ ’ਤੇ ਨਹੀਂ ਮਿਲਦਾ। ਨਤੀਜੇ ਵਜੋਂ ਜ਼ਿਆਦਾ ਕਿਸਾਨ ਦੁੱਧ ਦੇਣ ਵਾਲੇ ਪਸ਼ੂ ਨਹੀਂ ਰੱਖਦੇ। ਪਰ ਦੂਜੇ ਪਾਸੇ ਦੁੱਧ ਦੀ ਮੰਗ ਉਤਪਾਦਨ ਦੇ ਮੁਕਾਬਲੇ ਜ਼ਿਆਦਾ ਹੋਣ ਕਾਰਣ ਕਈ ਲੋਕ ਮਿਲਾਵਟੀ ਦੁੱਧ ਪੈਦਾ ਕਰ ਕੇ ਵੇਚ ਰਹੇ ਹਨ। ਪਰ ਜੇਕਰ ਪਸ਼ੂ ਪਾਲਕ ਮੱਕੀ ਦਾ ਅਚਾਰ ਪਸ਼ੂਆਂ ਨੂੰ ਦੇਣਾ ਸ਼ੁਰੂ ਕਰਨ ਤਾਂ ਸਭ ਤੋਂ ਪਹਿਲਾਂ ਤਾਂ ਖਰਚੇ ਵਿਚ ਕਮੀ ਆਵੇਗੀ ਕਿਉਂਕਿ ਕਿਸਾਨ ਨੂੰ ਇਹ ਅਚਾਰ ਅਸਾਨੀ ਨਾਲ 5 ਤੋਂ 6 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਮਿਲ ਜਾਂਦਾ ਹੈ ਜਦੋਂ ਕਿ ਮਾੜੀ ਤੋਂ ਮਾੜੀ ਪਸ਼ੂ ਫੀਡ ਦਾ ਰੇਟ ਪ੍ਰਤੀ ਕਿਲੋ 20 ਰੁਪਏ ਹਨ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਮੱਕੀ ਦਾ ਅਚਾਰ ਖਾਣ ਨਾਲ ਪਸ਼ੂਆਂ ਦੀ ਪਾਚਨ ਸ਼ਕਤੀ ਵਧਦੀ ਹੈ ਅਤੇ ਦੁੱਧ ਦੀ ਗੁਣਵੱਤਾ ਵਧੀਆ ਹੋਣ ਦੇ ਨਾਲ-ਨਾਲ ਦੁੱਧ ਉਤਪਾਦਨ ਵਿਚ ਵੀ ਵਾਧਾ ਹੁੰਦਾ ਹੈ।


author

rajwinder kaur

Content Editor

Related News