ਪੰਜਾਬ ''ਚ ਹੋਵੇਗੀ ਕੇਸਰ ਦੀ ਖੇਤੀ, ਕਿਸਾਨਾਂ ਨੂੰ ਹੋਵੇਗਾ ਮੁਨਾਫਾ
Wednesday, Apr 05, 2023 - 04:28 PM (IST)

ਨਵੀਂ ਦਿੱਲੀ- ਪੰਜਾਬ ਦੇ ਕਿਸਾਨ ਵੀ ਆਉਣ ਵਾਲੇ ਸਮੇਂ 'ਚ ਕਸ਼ਮੀਰ ਵਾਂਗ ਕੇਸਰ ਦੀ ਖੇਤੀ ਕਰਕੇ ਮਾਲਾਮਾਲ ਹੋ ਸਕਣਗੇ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਖੋਜ ਤੋਂ ਪਤਾ ਲੱਗਾ ਹੈ ਕਿ ਪੰਜਾਬ 'ਚ ਨਵੰਬਰ ਤੋਂ ਜਨਵਰੀ ਤੱਕ ਚੰਗੀ ਕੁਆਲਿਟੀ ਦੇ ਕੇਸਰ ਦੀ ਖੇਤੀ ਕੀਤੀ ਜਾ ਸਕਦੀ ਹੈ। ਇਸ ਦੇ ਲਈ ਕਿਸਾਨਾਂ ਨੂੰ ਅਕਤੂਬਰ 'ਚ ਇਸ ਦੀ ਖੇਤੀ ਸ਼ੁਰੂ ਕਰਨੀ ਹੋਵੇਗੀ। ਮਾਹਰ ਇੱਥੇ ਕਸ਼ਮੀਰੀ ਮੋਂਗਰਾ ਅਤੇ ਅਮਰੀਕਨ ਕੇਸਰ ਦੀ ਕਾਸ਼ਤ ਦੀਆਂ ਸੰਭਾਵਨਾਵਾਂ ਤਲਾਸ਼ ਰਹੇ ਹਨ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਖੇਤੀ ਵਿਗਿਆਨੀ ਡਾ: ਪ੍ਰਤਾਪ ਪਾਤੀ ਦਾ ਕਹਿਣਾ ਹੈ ਕਿ ਪੰਜਾਬ 'ਚ ਕੇਸਰ ਦੀ ਖੇਤੀ ਬਾਰੇ ਇੱਕ ਸਾਲ ਦੀ ਖੋਜ ਤੋਂ ਪਤਾ ਲੱਗਾ ਹੈ ਕਿ ਪੰਜਾਬ 'ਚ ਚੰਗੀ ਗੁਣਵੱਤਾ ਦੇ ਕੇਸਰ ਦੀ ਸੰਭਾਵਨਾ ਹੈ। ਹੁਣ ਅਸੀਂ ਕੇਸਰ ਦੇ ਟਿਸ਼ੂ ਕਲਚਰ 'ਤੇ ਕੰਮ ਕਰ ਰਹੇ ਹਾਂ। ਇਸ ਦੇ ਚੰਗੇ ਨਤੀਜੇ ਸਾਹਮਣੇ ਆਏ ਹਨ। ਖੋਜ ਦੌਰਾਨ ਜੋ ਪਰਾਗਣ ਪੈਦਾ ਕੀਤਾ ਹੈ, ਉਸ ਦੀ ਗੁਣਵੱਤਾ ਵੀ ਚੰਗੀ ਪਾਈ ਗਈ ਹੈ। ਕਰੀਬ ਦੋ ਹੋਰ ਖੋਜ ਕਾਰਜਾਂ ਤੋਂ ਬਾਅਦ ਪੰਜਾਬ ਦੇ ਕਿਸਾਨ ਕੇਸਰ ਦੀ ਖੇਤੀ ਕਰਨ ਦੇ ਯੋਗ ਹੋਣਗੇ।
ਇਹ ਵੀ ਪੜ੍ਹੋ- ਕੱਚੇ ਤੇਲ ਦੇ ਉਤਪਾਦਨ ’ਚ ਰੋਜ਼ਾਨਾ ਹੋਵੇਗੀ 1.16 ਮਿਲੀਅਨ ਬੈਰਲ ਉਤਪਾਦਨ ਦੀ ਕਟੌਤੀ, ਭੜਕੇਗੀ ਮਹਿੰਗਾਈ ਦੀ ਅੱਗ
ਡਾ.ਪਾਤੀ ਨੇ ਦੱਸਿਆ ਕਿ ਕੇਸਰ ਦੀ ਖੇਤੀ ਕਸ਼ਮੀਰ ਘਾਟੀ ਅਤੇ ਹਿਮਾਚਲ ਪ੍ਰਦੇਸ਼ ਦੇ ਕੁਝ ਇਲਾਕਿਆਂ 'ਚ ਕੀਤੀ ਜਾਂਦੀ ਹੈ। ਕੇਸਰ ਦੀ ਖੇਤੀ ਮੁੱਖ ਤੌਰ 'ਤੇ ਯੂਰਪ ਅਤੇ ਏਸ਼ੀਆ ਦੇ ਕੁਝ ਹਿੱਸਿਆਂ 'ਚ ਕੀਤੀ ਜਾਂਦੀ ਹੈ। ਈਰਾਨ ਅਤੇ ਸਪੇਨ ਵਰਗੇ ਦੇਸ਼ ਦੁਨੀਆ ਦੇ ਕੇਸਰ ਦਾ 80 ਫ਼ੀਸਦੀ ਉਤਪਾਦਨ ਕਰਦੇ ਹਨ। ਇਹ ਕੇਸਰ ਸਮੁੰਦਰ ਤਲ ਤੋਂ 1000 ਤੋਂ 2500 ਮੀਟਰ ਦੀ ਉਚਾਈ 'ਤੇ ਉਗਾਇਆ ਜਾਂਦਾ ਹੈ, ਪਰ ਭਵਿੱਖ 'ਚ ਪੰਜਾਬ ਵਰਗੇ ਮੈਦਾਨੀ ਇਲਾਕਿਆਂ 'ਚ ਵੀ ਇਸ ਦੀ ਖੇਤੀ ਦੀਆਂ ਸੰਭਾਵਨਾਵਾਂ ਸਾਹਮਣੇ ਆ ਰਹੀਆਂ ਹਨ। ਬਰਫੀਲੇ ਖੇਤਰ ਕੇਸਰ ਦੀ ਖੇਤੀ ਲਈ ਉਚਿਤ ਮੰਨੇ ਜਾਂਦੇ ਹਨ।
ਕੇਸਰ ਦੀ ਖੇਤੀ 'ਚ ਰੇਤਲੀ, ਚੀਕਨੀ ਅਤੇ ਦੋਮਟ ਮਿੱਟੀ ਦੀ ਵਰਤੋਂ ਕੀਤੀ ਜਾਂਦੀ ਹੈ, ਪਰ ਮੌਜੂਦਾ ਸਮੇਂ 'ਚ ਰਾਜਸਥਾਨ ਵਰਗੇ ਖੁਸ਼ਕ ਰਾਜਾਂ 'ਚ ਇਸ ਦੀ ਸਹੀ ਦੇਖਭਾਲ ਨਾਲ ਖੇਤੀ ਕੀਤੀ ਜਾ ਰਹੀ ਹੈ। ਕੇਸਰ ਦੀ ਖੇਤੀ ਲਈ ਪਾਣੀ ਭਰਨ ਵਾਲੀ ਜਗ੍ਹਾ ਨਹੀਂ ਹੋਣੀ ਚਾਹੀਦੀ, ਕਿਉਂਕਿ ਪਾਣੀ ਭਰਨ ਦੀ ਸਥਿਤੀ 'ਚ ਇਸ ਦੇ ਬੀਜ ਸੜ ਕੇ ਨਸ਼ਟ ਹੋ ਜਾਂਦੇ ਹਨ। ਇਸ ਦੀ ਖੇਤੀ ਲਈ ਜ਼ਮੀਨ ਦਾ ਪੀ.ਐੱਚ (ਪੋਟੈਂਸ਼ੀਅਲ ਆਫ਼ ਹਾਈਡ੍ਰੋਜਨ) ਮੁੱਲ ਸਾਧਾਰਨ ਹੋਣਾ ਚਾਹੀਦਾ ਹੈ।
ਇਹ ਵੀ ਪੜ੍ਹੋ- ਸੁਆਦ ’ਚ ਮਹਿੰਗਾਈ ਦਾ ਤੜਕਾ, ਥੋਕ ਦੇ ਮੁਕਾਬਲੇ ਪ੍ਰਚੂਨ ’ਚ ਮਸਾਲਿਆਂ ਦੇ ਰੇਟ ਦੁੱਗਣੇ
20 ਡਿਗਰੀ ਤਾਪਮਾਨ 'ਚ ਚੰਗਾ ਵਾਧਾ ਕਰਦੇ ਹਨ ਪੌਦੇ
ਕੇਸਰ ਦਾ ਉਤਪਾਦਨ ਸਰਦੀ, ਗਰਮੀ ਅਤੇ ਬਰਸਾਤ ਤਿੰਨਾਂ ਤਰ੍ਹਾਂ ਦੇ ਮੌਸਮ 'ਚ ਹੁੰਦਾ ਹੈ। ਸਰਦੀਆਂ 'ਚ ਬਰਫ਼ਬਾਰੀ ਅਤੇ ਗਿੱਲਾ ਮੌਸਮ ਇਸ ਦੇ ਫੁੱਲਾਂ ਦੇ ਵਿਕਾਸ 'ਚ ਰੁਕਾਵਟ ਪਾਉਂਦਾ ਹੈ। ਬਾਅਦ 'ਚ ਨਵੇਂ ਫੁੱਲ ਜ਼ਿਆਦਾ ਮਾਤਰਾ 'ਚ ਨਿਕਲਦੇ ਹਨ, ਜੋ ਇਸ ਲਈ ਬਹੁਤ ਵਧੀਆ ਹੈ। ਜਦੋਂ ਸੂਰਜ ਦੀ ਗਰਮੀ ਬਰਫ਼ ਨੂੰ ਪਿਘਲਾ ਦਿੰਦੀ ਹੈ ਅਤੇ ਜ਼ਮੀਨ ਨੂੰ ਸੁੱਕ ਜਾਂਦੀ ਹੈ ਤਾਂ ਇਸ ਦੇ ਪੌਦਿਆਂ 'ਚ ਫੁੱਲ ਆਉਣੇ ਸ਼ੁਰੂ ਹੋ ਜਾਂਦੇ ਹਨ। ਇਨ੍ਹਾਂ ਫੁੱਲਾਂ 'ਚ ਕੇਸਰ ਲੱਗਦਾ ਹੈ। ਇਸ ਦੇ ਪੌਦੇ ਲਗਭਗ 20 ਡਿਗਰੀ ਦੇ ਤਾਪਮਾਨ 'ਤੇ ਚੰਗੀ ਤਰ੍ਹਾਂ ਵਾਧਾ ਕਰਦੇ ਹਨ ਅਤੇ 10 ਤੋਂ 20 ਡਿਗਰੀ ਦੇ ਤਾਪਮਾਨ 'ਤੇ ਇਸ ਦੇ ਪੌਦੇ ਫੁੱਲ ਬਣਾਉਣੇ ਸ਼ੁਰੂ ਕਰ ਦਿੰਦੇ ਹਨ।
ਇਹ ਵੀ ਪੜ੍ਹੋ- Health Tips: ਬਦਲਦੇ ਮੌਸਮ 'ਚ ਨਹੀਂ ਹੋਵੋਗੇ ਬੀਮਾਰ, ਖੁਰਾਕ 'ਚ ਸ਼ਾਮਲ ਕਰੋ 'ਹਰਬਲ ਟੀ' ਸਣੇ ਇਹ ਚੀਜ਼ਾਂ
ਪਿਛਲੇ ਸਾਲ ਦੇ ਮੁਕਾਬਲੇ ਦੁੱਗਣਾ ਖੇਤਰ 'ਚ ਕੰਮ
ਡਾ: ਪਤੀ ਦੇ ਅਨੁਸਾਰ ਸਾਡੇ ਵਲੋਂ ਕਸ਼ਮੀਰੀ ਮੋਂਗਰਾ ਅਤੇ ਅਮਰੀਕਨ ਕੇਸਰ ਦੋਵਾਂ ਪ੍ਰਜਾਤੀਆਂ 'ਤੇ ਕੰਮ ਕੀਤਾ ਜਾ ਰਿਹਾ ਹੈ। ਦੋਵਾਂ ਦੇ ਚੰਗੇ ਨਤੀਜੇ ਸਾਹਮਣੇ ਆ ਰਹੇ ਹਨ। ਇਸ ਵਾਰ ਕੈਂਪਸ 'ਚ ਪਿਛਲੇ ਸਾਲ ਦੇ ਮੁਕਾਬਲੇ ਦੁੱਗਣੇ ਖੇਤਰ ਨੂੰ ਕੇਸਰ ਦੀ ਖੇਤੀ ਦੇ ਤਹਿਤ ਖੋਜ 'ਚ ਲਿਆਂਦਾ ਜਾ ਰਿਹਾ ਹੈ। ਕੇਸਰ ਦੀ ਫ਼ਸਲ ਛੇ ਮਹੀਨਿਆਂ 'ਚ ਤਿਆਰ ਹੋ ਜਾਂਦੀ ਹੈ। ਚੰਗੀ ਕੁਆਲਿਟੀ ਲਈ ਕੇਸਰ ਦੇ ਬੀਜ ਨੂੰ ਸਹੀ ਸਮੇਂ 'ਤੇ ਬੀਜਣਾ ਬਹੁਤ ਜ਼ਰੂਰੀ ਹੈ, ਕਿਉਂਕਿ ਕੇਸਰ ਚੰਗੀ ਕੁਆਲਿਟੀ ਦੇ ਆਧਾਰ 'ਤੇ ਹੀ ਵੇਚਿਆ ਜਾਂਦਾ ਹੈ।
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।