ਕੁਦਰਤੀ ਖ਼ੇਤੀ ਕਰਕੇ ਕਈ ਗੁਣਾਂ ਵੱਧ ਲਾਭ ਕਮਾਉਂਦੇ ਹਨ ਪੰਜਾਬ ਦੇ ਇਹ ਕਿਸਾਨ

10/27/2020 2:15:00 PM

ਪੰਜਾਬ ਵਿੱਚ ਪੈਦਾ ਹੋ ਰਹੀਆਂ ਨਵੀਆਂ ਤੋਂ ਨਵੀਆਂ ਬੀਮਾਰੀਆਂ ਅਤੇ ਖ਼ੁਦਕੁਸ਼ੀਆਂ ਵਰਗੀਆਂ ਅਲਾਮਤਾਂ ਨੂੰ ਰੋਕਣ ਲਈ ਕਿਸਾਨਾਂ ਨੇ ਕੁਦਰਤੀ ਖ਼ੇਤੀ ਵੱਲ ਮੋੜਾ ਕੱਟਣਾ ਸ਼ੁਰੂ ਕਰ ਦਿੱਤਾ ਹੈ। ਭਾਂਵੇ ਰਾਜ ਦੇ ਕਿਸਾਨਾਂ ਵੱਲੋਂ ਸਭ ਤੋਂ ਵੱਧ ਅਨਾਜ ਪੈਦਾ ਕੀਤਾ ਜਾਂਦਾ ਪਰ ਪੰਜਾਬ ਦੇ ਕਿਸਾਨਾਂ, ਮਜ਼ਦੂਰਾਂ ਅਤੇ ਉਨ੍ਹਾਂ ਹਜ਼ਾਰਾਂ ਮੇਹਨਤਕਸ਼ ਲੋਕਾਂ ਨੂੰ ਸਰਕਾਰ ਨੇ ਵੱਧ ਅਨਾਜ ਪੈਦਾ ਕਰਨ ਬਦਲੇ ਕੀ ਕੁਝ ਦਿੱਤਾ ਹੈ। ਜਿਨ੍ਹਾਂ ਦੇ ਭਾਈ-ਭੈਣ, ਪਤੀ ਜਾਂ ਛੋਟੇ-ਛੋਟੇ ਬੱਚਿਆਂ ਦੇ ਮਾਂ-ਬਾਪ ਇਸ ਅਨਾਜ ਦੀ ਵੱਧ ਪੈਦਾਵਾਰ ਕਰਨ ਦੇ ਚੱਕਰ ਵਿੱਚ ਖੁਦਕੁਸ਼ੀ ਕਰ ਗਏ ਜਾਂ ਫਿਰ ਨਾਂ ਮੁਰਾਦ ਬੀਮਾਰੀ ਦੀ ਲਪੇਟ ਵਿੱਚ ਆ ਕੇ ਲੱਖਾਂ ਰੁਪਏ ਖ਼ਰਚ ਕਰਨ ਤੋਂ ਬਾਅਦ ਦੁਨੀਆਂ ਦਾਰੀ ਛੱਡ ਕੇ ਚਲੇ ਗਏੇ। ਪਿਛਲੇ ਦੋ ਦਹਾਕੇ ਤੋਂ ਵਧ ਰਹੀਆਂ ਇਨ੍ਹਾਂ ਅਲਾਮਤਾਂ ਕਾਰਨ ਪੰਜਾਬ ਦੇ ਹੀ ਨਹੀਂ ਸਗੋਂ ਦੇਸ਼ ਭਰ ਦੇ ਜਾਗਰੂਕ ਕਿਸਾਨ ਅੰਨਦਾਤਾ ਕਹਾਉਣ ਦੀ ਬੱਲੇ-ਬੱਲੇ ਕਰਵਾਉਣ ਦੀ ਬਜਾਏ ਘੱਟ ਪੈਦਾਵਾਰ ਵਾਲੀ ਕੁਦਰਤੀ ਖ਼ੇਤੀ ਕਰਨ ਵੱਲ ਮੁੜੇ ਹਨ। 

ਪੜ੍ਹੋ ਇਹ ਵੀ ਖਬਰ - ਖ਼ੁਸ਼ਖ਼ਬਰੀ : ਕੈਨੇਡਾ ਦੇ ਅਟਲਾਂਟਿਕ ਸੂਬਿਆਂ ‘ਚ ਪੜ੍ਹਾਈ ਤੋਂ ਬਾਅਦ PR ਲਈ ਨਹੀਂ ਤਜਰਬੇ ਦੀ ਲੋੜ

ਜ਼ਿਲ੍ਹਾ ਸੰਗਰੂਰ ਦੇ ਪਿੰਡ ਚੋਟੀਆਂ ਦਾ ਕਿਸਾਨ ਜੀਵਾ ਸਿੰਘ ਅਜਿਹਾ ਕਿਸਾਨ ਹੈ, ਜਿਸ ਕੋਲ ਜ਼ਮੀਨ ਭਾਵੇਂ ਥੋੜੀ ਹੈ ਪਰ ਬਲਦਾਂ ਨਾਲ ਜ਼ਮੀਨ ਦੀ ਵਹਾਈ ਕਰਕੇ ਬਿਨ੍ਹਾਂ ਕਿਸੇ ਖ਼ਾਦ ਅਤੇ ਦਵਾਈ ਤੋਂ ਕੁਦਰਤੀ ਖ਼ੇਤੀ ਕਰ ਰਿਹਾ ਹੈ। ਲੁਧਿਆਣਾ ਜ਼ਿਲ੍ਹੇ ਦੇ ਪਿੰਡ ਘੁਲਾਲ ਦਾ ਕਿਸਾਨ ਜਸਬੀਰ ਸਿੰਘ ਵੱਡੇ ਪੱਧਰ 'ਤੇ ਹਰ ਤਰ੍ਹਾਂ ਦੀਆਂ ਸਬਜ਼ੀਆਂ, ਫਲ ਅਤੇ ਅਨਾਜ ਕੁਦਰਤੀ ਢੰਗ ਨਾਲ ਹੀ ਕਰ ਰਿਹਾ ਹੈ। ਜਿਸ ਦੀ ਕੁਦਰਤੀ ਪੈਦਾਵਾਰ ਪੰਜਾਬ ਵਿੱਚ ਹੀ ਨਹੀ ਸਗੋਂ ਦੇਸ਼ ਤੇ ਵਿਦੇਸ਼ਾਂ ਵਿੱਚ ਮਸ਼ਹੂਰ ਹੋ ਚੁੱਕੀ ਹੈ। ਕਿਸਾਨਾਂ ਲਈ ਚਾਨਣ ਮੁਨਾਰਾ ਬਣਿਆ ਕੁਦਰਤੀ ਖ਼ੇਤੀ ਕਰਨ ਵਾਲਾ ਇਹ ਕਿਸਾਨ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਕੋਲੋਂ ਕਈ ਐਵਾਰਡ ਵੀ ਲੈ ਚੁੱਕਿਆ ਹੈ ਅਤੇ ਕੁਦਰਤੀ ਖ਼ੇਤੀ ਦਾ ਪ੍ਰਚਾਰ ਕਰਨ ਲਈ ਜਲੰਧਰ ਦੂਰਦਰਸਨ ਦੇ ਨਾਲ ਹੋਰ ਕਈ ਸਾਧਨਾਂ ਨਾਲ ਜੁੜਿਆ ਹੋਇਆ ਹੈ। ਖ਼ੇਤੀ ਵਿਰਾਸਤ ਮਿਸ਼ਨ ਜੈਤੋਂ ਨੇ ਬਹੁਤ ਸਾਰਾ ਇਲਾਕਾ ਕੁਦਰਤੀ ਖ਼ੇਤੀ ਵੱਲ ਮੋੜਿਆ ਹੈ। 

ਪੜ੍ਹੋ ਇਹ ਵੀ ਖਬਰ - ਵਾਸਤੂ ਸ਼ਾਸ਼ਤਰ : ਇਕ ਚੁਟਕੀ ਲੂਣ ਦੀ ਵਰਤੋਂ ਨਾਲ ਤੁਸੀਂ ਹੋ ਸਕਦੈ ਹੋ ‘ਮਾਲਾਮਾਲ’, ਜਾਣੋ ਕਿਵੇਂ

ਕਿਸਾਨਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਖ਼ੇਤੀ ਕਰਨ ਨਾਲ ਪੈਦਾਵਾਰ ਜ਼ਰੂਰ ਆਮ ਨਾਲੋ ਘੱਟ ਹੁੰਦੀ ਹੈ ਪਰ ਵੱਧ ਭਾਅ ਮਿਲਣ ਕਾਰਨ ਕਮਾਈ ਆਮ ਫਸਲ ਦੇ ਬਰਾਬਰ ਹੀ ਹੋ ਜਾਂਦੀ ਹੈ। ਪੰਜਾਬ ਵਿੱਚ ਇਹ ਰਕਬਾ 10 ਹਜ਼ਾਰ ਏਕੜ ਤੋਂ ਵੀ ਜ਼ਿਆਦਾ ਹੋ ਚੁੱਕਿਆ ਹੈ। ਖ਼ੇਤੀ ਵਿਰਾਸਤ ਮਿਸ਼ਨ ਦੇ ਮੁਖੀ ਉਮੇਂਦਰ ਦੱਤ ਦਾ ਕਹਿਣਾ ਹੈ ਕਿ ਰਸਾਇਣਕ ਖਾਦਾਂ ਅਤੇ ਦਵਾਈਆਂ ਨਾਲ ਤਿਆਰ ਕੀਤੀ ਗਈ ਫਸਲ 'ਤੇ ਪ੍ਰਤੀ ਏਕੜ 3 ਹਜ਼ਾਰ ਰੁਪਏ ਖ਼ਰਚ ਆਉਂਦਾ ਹੈ ਪਰ ਕੁਦਰਤੀ ਪੈਦਾਵਾਰ ਕਰਨ ਨਾਲ ਇਹ ਖ਼ਰਚਾ ਸਿਰਫ਼ ਦੋ ਸੌ ਰੁਪਏ ਪ੍ਰਤੀ ਏਕੜ ਹੀ ਰਹਿ ਜਾਂਦਾ ਹੈ। ਜਿਸ ਕਰਕੇ 4 ਹਜ਼ਾਰ ਤੋਂ ਵੱਧ ਕਿਸਾਨ ਇਕੱਲੇ ਫਰੀਦਕੋਟ ਜ਼ਿਲ੍ਹੇ ਵਿੱਚ ਹੀ ਕੁਦਰਤੀ ਕਰਨ ਲੱਗੇ ਹੋਏ ਹਨ। 

ਜ਼ਿਲ੍ਹਾਂ ਸੰਗਰੂਰ ਦੀ ਤਹਿਸੀਲ ਲਹਿਰਾਗਾਗਾ ਨੇੜੇ ਪੈਂਦੇ ਪਿੰਡ ਛਾਜਲੇ ਦਾ ਇੱਕ ਉਦਮੀ ਕਿਸਾਨ ਲਾਭ ਸਿੰਘ ਪਿਛਲੇ ਕਈ ਸਾਲਾਂ ਤੋਂ ਕੁਦਰਤੀ ਖ਼ੇਤੀ ਕਰਨ ਵਿੱਚ ਰੁੱਝਿਆ ਹੋਇਆ ਹੈ। ਜਿਹੜਾ ਕੀੜੇ ਮਾਰ ਜ਼ਾਹਿਰਾਂ ਅਤੇ ਰਸਾਇਣਕ ਖਾਦਾਂ ਨੂੰ ਅਲਵਿਦਾ ਕਹਿ ਕੇ ਸਿਰਫ ਕੁਦਰਤੀ ਖ਼ੇਤੀ ਹੀ ਕਰ ਰਿਹਾ ਹੈ। ਭਾਂਵੇ ਉਸ ਵੱਲੋਂ ਕੀਤੀ ਜਾ ਰਹੀ ਪੈਦਾਵਾਰ ਘੱਟ ਹੈ। ਪਰ ਕੀਮਤ ਵੱਧ ਮਿਲਣ ਕਰਕੇ ਦੂਸਰੀਆਂ ਫ਼ਸਲਾਂ ਦੇ ਬਰਾਬਰ ਹੀ ਪੈ ਜਾਂਦਾ ਹੈ। ਉਨ੍ਹਾਂ ਦੇ ਫਾਰਮ 'ਤੇ ਕੁਦਰਤੀ ਵਿਰਾਸਤ ਮਿਸ਼ਨ ਜੈਤੋਂ ਵੱਲੋ ਲਾਏ ਗਏ ਕੈਂਪ ਦੌਰਾਨ ਕੁਦਰਤੀ ਖ਼ੇਤੀ ਕਰਨ ਵਾਲੇ ਕਿਸਾਨ ਲਾਭ ਸਿੰਘ ਨੇ ਦੱਸਿਆ ਕਿ ਉਹ ਤਿੰਨ ਏਕੜ ਵਿੱਚ ਪਿਛਲੇ 5 ਸਾਲਾਂ ਤੋਂ ਕੁਦਰਤੀ ਖ਼ੇਤੀ ਕਰ ਰਿਹਾ ਹੈ। ਜਿਸ ਦੌਰਾਨ ਹਰ ਤਰ੍ਹਾਂ ਦੀਆਂ ਸਬਜ਼ੀਆਂ, ਦਾਲਾਂ ਅਤੇ ਕਣਕ ਦੇ ਨਾਲ ਕਮਾਦ ਬੀਜਿਆ ਜਾਂਦਾ ਹੈ। ਮੌਸਮ ਦੇ ਹਿਸਾਬ ਨਾਲ ਹਰ ਸਬਜ਼ੀ ਅਤੇ ਦਾਲਾਂ ਆਮ ਨਾਲੋਂ ਕਈ ਗੁਣਾਂ ਵੱਧ ਭਾਅ 'ਤੇ ਵਿਕਦੀਆਂ ਹਨ। 

ਪੜ੍ਹੋ ਇਹ ਵੀ ਖਬਰ - ਇਨ੍ਹਾਂ ਬੀਮਾਰੀਆਂ ਤੋਂ ਨਿਜ਼ਾਤ ਪਾਉਣ ਲਈ ਪੀਓ ‘ਬਾਦਾਮ ਵਾਲਾ ਦੁੱਧ’, ਭਾਰ ਵੀ ਹੋਵੇਗਾ ਘੱਟ

ਜੈਵਿਕ ਕਣਕ ਦਾ ਭਾਅ ਵੀ 3 ਕੁ ਹਜ਼ਾਰ ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਮਿਲ ਜਾਂਦਾ ਹੈ। ਸਬਜ਼ੀਆਂ, ਦਾਲਾਂ ਅਤੇ ਮੱਕੀ ਆਦਿ ਸਮੇਤ ਹੋਰ ਜੈਵਿਕ ਖਾਧ ਪਦਾਰਥਾਂ ਦੇ ਪੱਕੇ ਗਾਹਕ ਹਨ। ਜਿਹੜੇ ਪਹਿਲਾਂ ਸਬਜ਼ੀਆਂ ਦੀ ਬੁਕਿੰਗ ਕਰਵਾ ਦਿੰਦੇ ਹਨ। ਸਰਦੀ ਦੇ ਮੌਸਮ ਵਿੱਚ ਜੈਵਿਕ ਛੋਲੇ ਬਹੁਤ ਵਧੀਆ ਕੀਮਤ ’ਤੇ ਵਿਕਦੇ ਹਨ। ਲਾਭ ਸਿੰਘ ਦੇ ਪਰਿਵਾਰਕ ਮੈਬਰ ਮਾਲਵਿੰਦਰ ਵਸੀ ਨੇ ਕਿਹਾ ਕਿ 5 ਸਾਲ ਤੋਂ ਬਾਅਦ ਹੁਣ ਜ਼ਮੀਨ ਵਿੱਚ ਗੰਡੋਏ ਅਤੇ ਹੋਰ ਕੁਦਰਤੀ ਜੀਵ ਆਉਣੇ ਸ਼ੁਰੂ ਹੋ ਗਏ ਹਨ। ਜਿਹੜੇ ਜ਼ਮੀਨ ਨੂੰ ਕੁਦਰਤੀ ਤੌਰ 'ਤੇ ਉਪਜਾਊ ਬਣਾ ਰਹੇ ਹਨ। ਦਿਨੋ-ਦਿਨ ਵਧ ਰਹੀਆਂ ਕੈਂਸਰ ਵਰਗੀਆਂ ਬੀਮਾਰੀਆਂ ਨੂੰ ਰੋਕਣ ਲਈ ਜੈਵਿਕ ਖ਼ੇਤੀ ਦਾ ਅਪਣਾਉਣਾ ਬਹੁਤ ਜ਼ਰੂਰੀ ਹੋ ਗਿਆ ਹੈ।

ਕਿਸਾਨ ਵਪਾਰੀ ਦੇ ਮਗਰ ਲੱਗ ਕੇ ਬਹੁਤ ਵੱਡਾ ਨੁਕਸਾਨ ਕਰ ਚੁੱਕਿਆ ਹੈ, ਜਿਸ ਨੇ ਕਿਸਾਨ ਨੂੰ ਖ਼ੇਤਾਂ ਵਿੱਚੋ ਕੱਢ ਕੇ ਬਜ਼ਾਰ ਵਿੱਚ ਲਿਆ ਖੜ੍ਹਾ ਕੀਤਾ ਅਤੇ ਪੰਜਾਬ ਦਾ ਕਿਸਾਨ ਬਜ਼ਾਰ ਵਿੱਚੋ ਜ਼ਹਿਰਾਂ ਖਰੀਦ ਕੇ ਖ਼ੇਤਾਂ ਵਿੱਚ ਪਾ ਰਿਹਾ ਹੈ। ਜਿਸ ਨੂੰ ਰੋਕਣ ਲਈ ਬੀਜ ਅੰਮ੍ਰਿਤ ਤਿਆਰ ਕਰਕੇ ਫ਼ਸਲਾਂ ਵਿੱਚ ਪਾਉਣਾ ਚਾਹੀਦਾ ਹੈ। ਜੈਵਿਕ ਖ਼ੇਤੀ ਕਰਨ ਨਾਲ ਮਨੁੱਖਤਾ ਦਾ ਭਲਾ ਹੋ ਸਕਦਾ ਹੈ। ਕਿਸਾਨਾਂ ਨੂੰ ਖ਼ੇਤੀ ਵਿਰਾਸਤ ਮਿਸ਼ਨ ਨਾਲ ਜੁੜ ਕੇ ਬਾਬੇ ਨਾਨਕ ਦੀ ਖ਼ੇਤੀ ਕਰਨੀ ਚਾਹੀਦੀ ਹੈ। ਜੇਕਰ ਪੰਜਾਬ ਦਾ ਕਿਸਾਨ ਕਿਸੇ ਵਾਸਤੇ ਨਹੀ ਤਾਂ ਆਪਣੇ ਪਰਿਵਾਰ ਲਈ ਜੈਵਿਕ ਖ਼ੇਤੀ ਕਰ ਸਕਦਾ ਹੈ। ਇਸ ਤਰ੍ਹਾਂ ਕਰਨ ਨਾਲ ਸੈਕੜੇ ਏਕੜ ਕੁਦਰਤੀ ਖ਼ੇਤੀ ਹੋ ਸਕਦੀ ਹੈ। ਕੁਦਰਤੀ ਖ਼ੇਤੀ ਕਰਨ ਨਾਲ ਇਨਸਾਨ ਦਾ ਹੀ ਫਾਈਦਾ ਨਹੀਂ ਸਗੋ ਸਮੁੱਚੀ ਕਾਇਨਾਤ ਦਾ ਵੀ ਫਾਈਦਾ ਹੈ। ਰਸਾਇਣਕ ਖਾਦਾਂ ਅਤੇ ਦਵਾਈਆਂ ਦੀ ਵਰਤੋ ਕਰਨ ਨਾਲ ਕਿਸਾਨਾਂ ਦੇ ਬਹੁਤ ਗਿਣਤੀ ਮਿੱਤਰ ਕੀੜੇ ਅਲੋਪ ਹੋ ਚੁੱਕੇ ਹਨ। ਜਿਹੜੇ ਕਿਸਾਨ ਵੱਲੋ ਬੀਜੀ ਗਈ ਫਸਲ ਦੀ ਰਾਖੀ ਕਰਦੇ ਸਨ। ਕੁਦਰਤੀ ਖ਼ੇਤੀ ਕਰਨ ਨਾਲ 'ਬਾਬੇ ਨਾਨਕ ਵਾਲੀ ਖ਼ੇਤੀ' ਨਹੀਂ ਹੋ ਰਹੀ ਸਗੋਂ ਹਜ਼ਾਰਾਂ ਕੀੜੇ-ਮਕੌੜਿਆਂ ਨੂੰ ਬਚਾਉਣ ਦਾ ਉਪਰਾਲਾ ਹੋ ਰਿਹਾ ਹੈ। ਸਾਡੇ ਫਾਰਮ 'ਤੇ ਕਈ ਦੇਸ਼ਾਂ ਦੀਆਂ ਟੀਮਾਂ ਵੀ ਆ ਚੁੱਕੀਆਂ ਹਨ, ਜਿਹੜੀਆਂ ਕੁਦਰਤੀ ਖ਼ੇਤੀ ਵੇਖ ਕੇ ਬਹੁਤ ਖੁਸ਼ ਹੁੰਦੀਆਂ ਹਨ। 

ਪੜ੍ਹੋ ਇਹ ਵੀ ਖਬਰ - Health tips : ਤੁਸੀਂ ਵੀ ਹੋ ਪਿੱਠ ਦਰਦ ਤੋਂ ਪਰੇਸ਼ਾਨ ਤਾਂ ਪੜ੍ਹੋ ਇਹ ਖ਼ਬਰ, ਦਰਦ ਤੋਂ ਮਿਲੇਗਾ ਹਮੇਸ਼ਾ ਲਈ ਛੁਟਕਾਰਾ

ਆਉਣ ਵਾਲੇ ਸਮੇਂ ਵਿੱਚ ਇਹ ਵੀ ਹੋ ਸਕਦਾ ਹੈ ਕਿ ਜਦੋਂ ਤੁਸੀਂ ਆਉਣ ਵਾਲੇ ਸਮੇਂ ਵਿੱਚ ਕਿਸੇ ਬੀਜ ਸਟੋਰ ਜਾਂ ਹੋਰ ਕੀੜੇ ਮਾਰ ਦਵਾਈ ਵਾਲੇ ਕੋਲੋਂ ਫਸਲ 'ਤੇ ਸਪਰੇਅ ਕਰਨ ਵਾਸਤੇ ਕੀੜੇ ਮਾਰ ਦਵਾਈ ਲੈਣ ਲਈ ਪਹੁੰਚੋਂ ਤਾਂ ਉਹ ਤੁਹਾਨੂੰ ਦਵਾਈ ਦੇ ਡੱਬੇ ਦੀ ਜਗ੍ਹਾ ਮਿੱਤਰ ਕੀੜਿਆਂ ਨਾਲ ਭਰਿਆ ਹੋਇਆ ਕੋਈ ਥੈਲਾ ਦੇ ਦੇਵੇ। ਕਿਉਕਿ ਜ਼ਹਿਰਾਂ ਤੋਂ ਮੁਕਤ ਖ਼ੇਤੀ ਕਰਵਾਉਣ ਲਈ ਵਿਗਿਆਨਕਾਂ ਨੇ 16 ਅਜਿਹੇ ਮਿੱਤਰ ਕੀੜਿਆਂ ਦੀ ਫੌਜ ਤਿਆਰ ਕੀਤੀ, ਜਿਹੜੀ ਖ਼ੇਤਾਂ ਵਿੱਚ ਜਾ ਕੇ ਦੁਸ਼ਮਣ ਕੀੜਿਆਂ ਨੂੰ ਮਾਰਨ ਦੇ ਨਾਲ ਫ਼ਸਲ ਦੇ ਝਾੜ ਵਿੱਚ ਵੀ ਵਾਧਾ ਕਰਦੀ ਹੈ। ਮਿੱਤਰ ਕੀੜਿਆਂ ਦੀ ਫੌਜ ਨੂੰ ਸਬਜ਼ੀਆਂ, ਦਾਲਾਂ, ਤੇਲ ਬੀਜ ਫਸਲਾਂ ਆਦਿ 'ਤੇ ਛੱਡ ਕੇ ਕਈ ਸਫਲ ਲੜਾਈਆਂ ਜਿੱਤੀਆਂ ਜਾ ਚੁੱਕੀਆਂ ਹਨ। ਭਾਰਤੀ ਖ਼ੇਤੀ ਖ਼ੋਜ ਕੇਂਦਰ ਦਿੱਲੀ ਦੇ ਸਹਾਇਕ ਮਹਾਂ ਨਿਰਦੇਸਕ ਟੀ.ਪੀ.ਰਾਜੇਦਰ ਦਾ ਕਹਿਣਾ ਹੈ ਕਿ ਇਸ ਵੇਲੇ ਦੇਸ਼ ਵਿੱਚ ਕੀੜਿਆਂ ਦੀਆਂ 1225 ਜਾਤੀਆਂ ਹਨ। ਖ਼ੇਤੀ ਨਾਲ ਸਬੰਧ ਰੱਖਣ ਵਾਲੀਆਂ 315 ਜਾਤੀਆਂ ਦੀ ਖ਼ੋਜ ਕੀਤੀ ਗਈ ਹੈ। ਜਿਨ੍ਹਾਂ ਵਿੱਚੋ 63 ਜਾਤੀਆਂ ਦੀ ਪਹਿਚਾਣ ਫਸਲਾਂ ਨੂੰ ਨੁਕਸਾਨ ਕਰਨ ਵਾਲੇ ਕੀੜਿਆਂ ਵਜੋਂ ਹੋਈ ਹੈ। 252 ਕਿਸਮਾਂ ਨੂੰ ਦੋਸਤਾਂ ਦੇ ਰੂਪ ਵਿੱਚ ਵੇਖਿਆ ਗਿਆ ਹੈ। ਸਭ ਤੋਂ ਪ੍ਰਮੁੱਖ 16 ਕੀੜਿਆਂ ਦੀਆਂ ਕਿਸਮਾਂ ਦੀ ਪੈਦਾਵਾਰ ਕੀਤੀ ਜਾ ਰਹੀ ਹੈ, ਕਿਉਂਕਿ ਹੁਣ ਖ਼ੇਤੀ ਮਾਹਿਰ ਮਹਿਸੂਸ ਕਰਨ ਲੱਗ ਪਏ ਹਨ ਕਿ ਖ਼ੇਤੀ ਦੀ ਪੈਦਾਵਾਰ ਲਈ ਬੀਜ ਅਤੇ ਖਾਦਾਂ ਦੇ ਨਾਲ ਮਿੱਤਰ ਕੀੜਿਆਂ ਦੀ ਵੀ ਜ਼ਰੂਰਤ ਹੈ। ਫਸਲਾਂ ਦਾ ਨੁਕਸਾਨ ਕਰਨ ਵਾਲੇ ਕੀੜਿਆਂ ਦੇ ਖ਼ਾਤਮੇ ਲਈ ਖ਼ੇਤਾਂ ਵਿੱਚ ਮਿੱਤਰ ਕੀੜਿਆਂ ਲਈ ਆਲਣੇ ਤਿਆਰ ਕਰਕੇ ਉਨ੍ਹਾਂ ਵਿੱਚ ਛੱਡਿਆ ਜਾਂਦਾ ਹੈ। ਦੋਸਤ ਕੀੜੇ ਦੁਸ਼ਮਣਾਂ ਨੂੰ ਨਹੀਂ ਮਾਰਦੇ ਸਗੋਂ ਫੁੱਲਾਂ 'ਤੇ ਇਹੋ ਜਿਹਾ ਰਸ਼ ਛੱਡ ਜਾਦੇ ਹਨ, ਜਿਸ ਨਾਲ ਫਸਲ ਦਾ ਝਾੜ ਵੀ ਵਧਦਾ ਹੈ। ਮਹਾਂਰਾਸਟਰ ਅਤੇ ਆਧਰਾ ਪ੍ਰਦੇਸ਼ ਵਿੱਚ ਗੰਨੇ ਦੀ ਫਸਲ ਨੂੰ ਦੁਸ਼ਮਣਾਂ ਤੋਂ ਬਚਾਉਣ ਲਈ ਮਿੱਤਰ ਕੀੜੇ ਛੱਡੇ ਗਏ ਸਨ। ਜਿਥੇ ਬਿਨ੍ਹਾਂ ਦਵਾਈਆਂ ਤੋਂ ਫਸਲ ਦੀ ਰਾਖੀ ਕੀਤੀ ਗਈ।

ਪੜ੍ਹੋ ਇਹ ਵੀ ਖਬਰ - ਜੇਕਰ ਤੁਸੀਂ ਵੀ ਹੋ ਇਨ੍ਹਾਂ ਬੀਮਾਰੀਆਂ ਤੋਂ ਪਰੇਸ਼ਾਨ ਤਾਂ ਖਾਓ ‘ਛੁਹਾਰਾ’, ਹੋਣਗੇ ਹੈਰਾਨੀਜਨਕ ਫਾਇਦੇ

ਕੋਟਕਪੂਰੇ ਨੇੜੇ ਪੈਦੇ ਪਿੰਡ ਕੋਠੇ ਬਬੀਹਾ ਦੇ ਕਿਸਾਨ ਦਰਸਨ ਸਿੰਘ ਬਾਲੜ੍ਹੀਆ ਨੇ ਦੋ ਏਕੜ ਵਿੱਚ ਕੁਦਰਤੀ ਝੋਨੇ ਦੀ ਖ਼ੇਤੀ ਕੀਤੀ ਸੀ, ਜਿਸ 'ਤੇ 200 ਰੁਪਏ ਖ਼ਰਚ ਆਇਆ। ਝਾੜ 18 ਕੁਇੰਟਲ ਦੇ ਕਰੀਬ ਰਿਹਾ, ਜਦੋਂਕਿ ਆਮ ਖ਼ੇਤੀ ਕਰਨ ਵਾਲੇ ਕਿਸਾਨਾਂ ਨੇ 15 ਸੌ ਰੁਪਏ ਖਰਚ ਕਰਕੇ 20 ਕੁਇੰਟਲ ਝਾੜ ਪ੍ਰਾਪਤ ਕੀਤਾ। ਇਸ ਧੰਦੇ ਨਾਲ ਜੁੜੇ ਮਾਹਿਰਾਂ ਦਾ ਕਹਿਣਾ ਹੈ ਕਿ ਸਾਲ 2012 ਤੱਕ ਦੇਸ਼ ਭਰ ਵਿੱਚ ਕੁਦਰਤੀ ਖ਼ੇਤੀ ਨਾਲ ਸਬੰਧਤ ਖਾਧ ਪਦਾਰਥਾਂ ਦਾ ਕਾਰੋਬਾਰ 4 ਹਜ਼ਾਰ ਕਰੋੜ ਰੁਪਏ ਤੱਕ ਪਹੰਚ ਜਾਵੇਗਾ। ਇੰਟਰਨੈਸ਼ਨਲ ਕੰਪੀਟੈਸ ਸੈਂਟਰ ਫਾਰ ਆਰਗੈਨਿਕ ਐਗਰੀਕਲਚਰ ਬੰਗਲੌਰ ਦੇ ਨਿਰਦੇਸ਼ਕ ਮਨੋਜ਼ ਮੈਨਨ ਦਾ ਕਹਿਣਾ ਹੈ ਕਿ ਹੁਣ ਕੁਦਰਤੀ ਢੰਗ ਨਾਲ ਪੈਦਾ ਕੀਤੇ ਜਾ ਰਹੇ ਉਤਪਾਦ ਸਿਰਫ ਬਰਾਮਦ ਤੱਕ ਹੀ ਸੀਮਤ ਨਹੀ ਰਹੇ। ਇਨ੍ਹਾਂ ਦਾ ਘਰੇਲੂ ਬਜ਼ਾਰ ਵਧ ਰਿਹਾ ਹੈ। ਦੇਸ਼ ਅੰਦਰ 3 ਸੌ ਤੋਂ ਵੱਧ ਖਾਧ ਪਦਾਰਥਾਂ ਦਾ ਕੁਦਰਤੀ ਖ਼ੇਤੀ ਰਾਹੀਂ ਉਤਪਾਦਨ ਹੋ ਰਿਹਾ ਹੈ। 

ਸੈਂਟਰ ਫਾਰ ਅਰਗੈਨਿਕ ਦੇ ਅੰਦਾਜੇ ਮੁਤਾਬਕ ਪਿਛਲੇ ਇੱਕ ਦਹਾਕੇ 'ਚ ਦੇਸ਼ ਅੰਦਰ ਕੁਦਰਤੀ ਖ਼ੇਤੀ ਤੋਂ ਤਿਆਰ ਉਤਪਾਦਾਂ ਦਾ ਕੁੱਲ ਬਜ਼ਾਰ ਕਈ ਗੁਣਾਂ ਵਧ ਕੇ 4 ਹਜ਼ਾਰ ਕਰੋੜ ਰੁਪਏ ਤੱਕ ਪਹੁੰਚ ਗਿਆ ਸੀ। ਇਸ ਵਿੱਚੋਂ 2,500 ਕਰੋੜ ਰੁਪਏ ਦਾ ਬਰਾਮਦ ਅਤੇ 1,500 ਕਰੋੜ ਰੁਪਏ ਦਾ ਘਰੇਲੂ ਬਜ਼ਾਰ ਸੀ। ਇਸ ਤੋਂ ਪਹਿਲਾਂ ਇਹ ਕਾਰੋਬਾਰ ਸਿਰਫ਼ 700 ਤੋਂ 800 ਕਰੋੜ ਰੁਪਏ ਦਾ ਸੀ। ਜਿਸ ਵਿੱਚੋ 150 ਤੋਂ 200 ਕਰੋੜ ਰੁਪਏ ਦਾ ਘਰੇਲੂ ਬਜ਼ਾਰ ਸੀ। ਭਾਂਵੇ ਇਹ ਉਤਪਾਦ ਆਮ ਨਾਲੋਂ 15 ਤੋਂ 20 ਫੀਸਦੀ ਮਹਿੰਗੇ ਹਨ। ਇਸ ਦੇ ਬਾਵਜੂਦ ਬਜ਼ਾਰ ਤੇਜ਼ੀ ਨਾਲ ਵਧ ਰਿਹਾ ਹੈ। ਕੁਦਰਤੀ ਖ਼ੇਤੀ ਹੇਠ ਸਾਲ 2008 ਵਿੱਚ ਰਕਬਾ 8.65 ਲੱਖ ਹੈਕਟੇਅਰ ਸੀ, ਜਿਹੜਾ 2012 ਤੱਕ 20 ਲੱਖ ਹੈਕਟੇਅਰ ਤੋਂ ਵੀ ਵੱਧ ਹੋ ਗਿਆ।

ਪੜ੍ਹੋ ਇਹ ਵੀ ਖਬਰ - ਮਹਾਰਾਜਾ ਦਲੀਪ ਸਿੰਘ ਨੂੰ ਯਾਦ ਕਰਦਿਆਂ : ‘ਤੰਦਾ ਤੋਂ ਮੁਨਕਰ ਕਿਰਦਾਰਾਂ ਦੇ ਦਰਦਾਂ ਵਾਲਾ ਦੇਸ਼’

ਰਸਾਇਣਕ ਖ਼ਾਦਾਂ ਅਤੇ ਦਵਾਈਆਂ ਪਾ ਕੇ ਖ਼ੇਤੀ ਕਰਨ ਵਾਲੇ ਕਿਸਾਨ ਕੁਦਰਤੀ ਖ਼ੇਤੀ ਵਾਲੇ ਪਾਸੇ ਤੇਜ਼ੀ ਨਾਲ ਆ ਰਹੇ ਹਨ। ਸਮੁੱਚੇ ਦੇਸ਼ ਅੰਦਰ 9.5 ਲੱਖ ਕਿਸਾਨਾਂ ਨੇ ਆਪਣੀਆਂ ਕੁਦਰਤੀ ਖ਼ੇਤੀ ਤੋਂ ਤਿਆਰ ਚੀਜਾਂ ਨੂੰ ਵੇਚਣ ਲਈ ਮਾਅਰਕੇ ਲਏ ਹੋਏ ਹਨ। ਜੇਕਰ ਦੁਨੀਆਂ ਭਰ ਦਾ ਅੰਕੜਾ ਵੇਖਿਆ ਜਾਵੇ ਤਾਂ ਹਰ ਰੋਜ਼ 60,000 ਹਜ਼ਾਰ ਕਰੋੜ ਦੇ ਖ਼ਾਧ ਪਦਾਰਥ ਬਰਾਬਦ ਹੋ ਜਾਂਦੇ ਹਨ। ਕਿਉਕਿ ਰਸਾਇਣਾਂ ਨਾਲ ਤਿਆਰ ਇਨ੍ਹਾਂ ਪਦਾਰਥਾਂ ਨੂੰ ਜ਼ਿਆਦਾ ਸਮਾਂ ਸੰਭਾਲ ਕੇ ਨਹੀਂ ਰੱਖਿਆ ਜਾ ਸਕਦਾ, ਜਦੋਕਿ ਕੁਦਰਤੀ ਖ਼ੇਤੀ ਰਾਹੀਂ ਤਿਆਰ ਕੀਤੇ ਗਏ ਪਦਾਰਥਾਂ ਨੂੰ ਲੰਬਾ ਸਮਾਂ ਸੰਭਾਲਿਆ ਜਾ ਸਕਦਾ ਹੈ। ਹਰ ਸਾਲ ਦੇਸ਼ ਵਿੱਚੋ 450 ਕਰੋੜ ਰੁਪਏ ਦੇ ਕੁਦਰਤੀ ਖ਼ੇਤੀ ਨਾਲ ਤਿਆਰ ਖਾਧ ਪਦਾਰਥ ਬਾਹਰਲੇ ਦੇਸ਼ਾਂ ਨੂੰ ਭੇਜੇ ਜਾਂਦੇ ਹਨ, ਜਦੋਕਿ ਭਾਰਤ ਦੇ 8 ਵੱਡੇ ਮਹਾਨਗਰਾਂ ਵਿੱਚ ਇਹ ਕਾਰੋਬਾਰ ਸਲਾਨਾ 14 ਅਰਬ ਤੋਂ ਜ਼ਿਆਦਾ ਹੈ। ਜਿਸ ਦੀ ਮੰਗ ਹਰ ਸਾਲ ਵਧਦੀ ਜਾ ਰਹੀ ਹੈ। ਖ਼ਾਸ ਕਰਕੇ ਪੰਜਾਬ ਦੇ ਕਿਸਾਨਾਂ ਨੂੰ ਮੁਨਾਫੇਖੋਰੀ ਵਿਚੋਂ ਨਿਕਲ ਕੇ ਕੁਦਰਤੀ ਖੇਤੀ ਵੱਲ ਵੱਧ ਧਿਆਨ ਦੇਣਾ ਚਾਹੀਦਾ ਹੈ। 

ਬ੍ਰਿਸ ਭਾਨ ਬੁਜਰਕ ਕਾਹਨਗੜ 
ਰੋਡ ਪਾਤੜਾਂ ਪਟਿਆਲਾ 
98761-01698


rajwinder kaur

Content Editor

Related News