ਗਾਜਰ ਬੂਟੀ ਦੇ ਨੁਕਸਾਨ ਅਤੇ ਇਸ ਦੀ ਰੋਕਥਾਮ

Tuesday, Sep 17, 2024 - 05:27 PM (IST)

ਗਾਜਰ ਬੂਟੀ ਦੇ ਨੁਕਸਾਨ ਅਤੇ ਇਸ ਦੀ ਰੋਕਥਾਮ

ਗਾਜਰ ਬੂਟੀ, ਜਿਸ ਨੂੰ ਕਾਂਗਰਸ ਘਾਹ, ਗਾਜਰ ਘਾਹ, ਸਫ਼ੈਦ ਟੋਪੀ ਅਤੇ ਪਾਰਥੀਨੀਅਮ ਬੂਟੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਇਕ ਖਤਰਨਾਕ ਨਦੀਨ ਹੈ ਜੋ ਕਿ ਅਣ-ਵਾਹੀਆਂ ਜ਼ਮੀਨਾਂ, ਖੇਤਾਂ ਦੀਆਂ ਵੱਟਾਂ, ਰਸਤਿਆਂ, ਸੜਕਾਂ ਦੇ ਕਿਨਾਰਿਆਂ, ਰੇਲਵੇ ਲਾਈਨਾਂ ਦੇ ਦੁਆਲੇ, ਬਾਗਾਂ ਅਤੇ ਹੋਰ ਦਰੱਖਤਾਂ ਵਾਲੀਆਂ ਥਾਵਾਂ ਅਤੇ ਖਾਲੀ ਪਲਾਟਾਂ ਆਦਿ ’ਤੇ ਬਹੁਤ ਵੱਡੀ ਸਮੱਸਿਆ ਬਣਦਾ ਜਾ ਰਿਹਾ ਹੈ। ਇਸ ਨਦੀਨ ਦਾ ਬੀਜ 1955 ਵਿਚ ਅਮਰੀਕਾ ਤੋਂ ਆਯਾਤ ਕੀਤੀ ਕਣਕ ਨਾਲ ਭਾਰਤ ਪਹੁੰਚਿਆ ਸੀ, ਜੋ ਅਗਲੇ 5 ਸਾਲਾਂ ਵਿਚ ਪੂਰੇ ਭਾਰਤ ਵਿਚ ਫ਼ੈਲ ਗਿਆ ਸੀ।
ਹੁਣ ਤੱਕ ਇਹ ਨਦੀਨ ਭਾਰਤ ਵਿਚ ਤਕਰੀਬਨ 35 ਮਿਲੀਅਨ ਹੈਕਟੇਅਰ ਰਕਬੇ ਵਿਚ ਫ਼ੈਲ ਚੁੱਕਾ ਹੈ। ਪੰਜਾਬ ਦੇ ਹਰ ਪਿੰਡ, ਸ਼ਹਿਰ ਅਤੇ ਕਸਬੇ ਵਿਚ ਵੀ ਇਸ ਬੂਟੀ ਦੀ ਬਹੁਤ ਭਰਮਾਰ ਹੈ ਅਤੇ ਅਜਿਹਾ ਕੋਈ ਵੀ ਇਲਾਕਾ ਨਹੀਂ, ਜਿਥੇ ਇਹ ਬੂਟੀ ਨਾ ਮਿਲਦੀ ਹੋਵੇ। ਇਸ ਦੇ ਬੂਟੇ ਫਰਵਰੀ ਮਹੀਨੇ ਤੋਂ ਉੱਗਣਾ ਸ਼ੁਰੂ ਕਰਦੇ ਹਨ ਅਤੇ ਨਵੰਬਰ ਤੱਕ ਉੱਗਦੇ ਰਹਿੰਦੇ ਹਨ। ਇਸ ਬੂਟੀ ਦਾ ਇਕ ਬੂਟਾ 10,000 ਤੋਂ ਲੈ ਕੇ 25,000 ਬੀਜ ਪੈਦਾ ਕਰਨ ਦੀ ਸਮਰੱਥਾ ਰੱਖਦਾ ਹੈ। 
ਇਸ ਬੂਟੀ ਦਾ ਸਭ ਤੋਂ ਜ਼ਿਆਦਾ ਵਾਧਾ ਬਰਸਾਤ ਦੇ ਮੌਸਮ ਵਿਚ ਹੁੰਦਾ ਹੈ। ਸਰਦੀਆਂ ਵਿਚ ਅਤੇ ਜ਼ਿਆਦਾ ਪਾਣੀ ਖੜ੍ਹਨ ਵਾਲੀ ਸਥਿਤੀ ਵਿਚ ਇਸ ਦੇ ਬੂਟੇ ਸੁੱਕ ਜਾਂਦੇ ਹਨ। ਇਸ ਦੇ ਪੌਦੇ 2 ਮੀਟਰ ਤੱਕ ਉਚਾਈ ਪ੍ਰਾਪਤ ਕਰ ਸਕਦੇ ਹਨ। ਸੂਰਜ ਦੀ ਰੌਸ਼ਨੀ ਅਤੇ ਤਾਪਮਾਨ ਦਾ ਕੋਈ ਜ਼ਿਆਦਾ ਅਸਰ ਨਾ ਹੋਣ ਕਰਕੇ ਇਹ ਨਦੀਨ ਹਰ ਤਰ੍ਹਾਂ ਦੇ ਵਾਤਾਵਰਨ ਵਿਚ ਹੋ ਸਕਦੇ ਹਨ ਅਤੇ ਸਾਲ ਵਿਚ ਤਕਰੀਬਨ 4-5 ਵਾਰ ਉੱਗਦੇ ਹਨ। 
ਜੜ੍ਹਾਂ ਡੂੰਘੀਆਂ ਹੋਣ ਕਰਕੇ ਇਹ ਨਦੀਨ ਘੱਟ ਪਾਣੀ ਵਾਲੀ ਥਾਂ ’ਤੇ ਬੜੀ ਆਸਾਨੀ ਨਾਲ ਹੋ ਜਾਂਦੇ ਹਨ। ਗਾਜਰ ਬੂਟੀ ਦਾ ਵਾਧਾ ਬਹੁਤ ਤੇਜ਼ੀ ਨਾਲ ਹੁੰਦਾ ਹੈ ਅਤੇ ਇਹ ਆਪਣੇ ਆਸ-ਪਾਸ ਕਿਸੇ ਹੋਰ ਬੂਟੇ ਨੂੰ ਨਹੀਂ ਉੱਗਣ ਦਿੰਦਾ। ਸ਼ੁਰੂ ਵਿਚ ਇਹ ਨਦੀਨ ਸਿਰਫ਼ ਖਾਲੀ ਥਾਵਾਂ ਵਿਚ ਹੀ ਪਾਇਆ ਜਾਂਦਾ ਸੀ, ਪਰ ਅੱਜਕੱਲ੍ਹ ਇਸ ਦਾ ਹਮਲਾ ਬਹੁਤ ਸਾਰੀਆਂ ਫ਼ਸਲਾਂ ਜਿਵੇਂ ਕਿ ਕਮਾਦ, ਸਿੱਧੀ ਬਿਜਾਈ ਵਾਲਾ ਝੋਨਾ, ਕਣਕ, ਬਰਸੀਮ, ਪੁਦੀਨਾ ਅਤੇ ਸਬਜ਼ੀਆਂ ਆਦਿ ਵਿਚ ਵੀ ਦੇਖਿਆ ਜਾਂਦਾ ਹੈ।

ਗਾਜਰ ਘਾਹ ਦੇ ਨੁਕਸਾਨ
ਇਹ ਨਦੀਨ ਮਨੁੱਖਾਂ ਵਿਚ ਕਈ ਤਰ੍ਹਾਂ ਦੇ ਰੋਗ ਜਿਵੇਂ ਕਿ ਅਲਰਜ਼ੀ, ਦਮਾ, ਬੁਖਾਰ ਅਤੇ ਚਮੜੀ ਦੇ ਰੋਗ ਪੈਦਾ ਕਰਦਾ ਹੈ। ਪਸ਼ੂਆਂ ਲਈ ਵੀ ਇਹ ਨਦੀਨ ਖਤਰਨਾਕ ਹੈ, ਕਿਉਂਕਿ ਇਸ ਦੇ ਸੰਪਰਕ ਵਿਚ ਆਉਣ ’ਤੇ ਪਸ਼ੂ ਚਮੜੀ ਰੋਗ ਦੇ ਸ਼ਿਕਾਰ ਹੋ ਜਾਂਦੇ ਹਨ। ਇਸ ਤੋਂ ਇਲਾਵਾ ਇਸ ਨੂੰ ਖਾਣ ਨਾਲ ਪਸ਼ੂਆਂ ਵਿਚ ਦੁੱਧ ਦਾ ਸੁਆਦ ਖ਼ਰਾਬ ਹੋਣ ਦੇ ਨਾਲ-ਨਾਲ ਹੋਰ ਰੋਗ ਪੈਦਾ ਹੁੰਦੇ ਹਨ। 
ਇਸ ਨਦੀਨ ਵਿੱਚ ਪਾਰਥੀਨਿਨ, ਹਿਸਟੈਰਿਨ, ਹਾਈਮੈਨਿਨ ਅਤੇ ਐਂਬਰੋਜ਼ਿਮ ਨਾਂ ਦੇ ਤੱਤ ਪਾਏ ਜਾਂਦੇ ਹਨ, ਜੋ ਕਿ ਦੂਸਰੇ ਬੂਟਿਆਂ ਦੇ ਉੱਗਣ ਅਤੇ ਵਾਧੇ ’ਤੇ ਬੁਰਾ ਅਸਰ ਪਾਉਂਦੇ ਹਨ। ਇਸ਼ ਤਰ੍ਹਾਂ ਇਹ ਨਦੀਨ ਫ਼ਸਲਾਂ ਦੇ ਝਾੜ ਵਿਚ ਕਾਫੀ ਨੁਕਸਾਨ ਕਰ ਸਕਦਾ ਹੈ। ਇਹ ਨਦੀਨ ਬਹੁਤ ਸਾਰੇ ਕੀੜੇ ਮਕੌੜਿਆਂ ਜਿਵੇਂ ਕਿ ਚਿੱਟੀ ਮੱਖੀ, ਮਿਲੀਬੱਗ, ਚੇਪਾ, ਭੱਬੂ ਕੁੱਤਾ ਅਤੇ ਪੱਤਾ ਮਰੋੜ ਬੀਮਾਰੀ ਲਈ ਬਦਲਵੇਂ ਮੇਜ਼ਬਾਨ ਵਜੋਂ ਕੰਮ ਕਰਦਾ ਹੈ।

ਗਾਜਰ ਘਾਹ ਦੀ ਰੋਕਥਾਮ ਦੇ ਤਰੀਕੇ
ਗਾਜਰ ਘਾਹ ਦੀ ਰੋਕਥਾਮ ਦਾ ਸਭ ਤੋਂ ਵਧੀਆਂ ਤਰੀਕਾ ਇਹ ਹੈ ਕਿ ਇਸ ਦੇ ਬੂਟਿਆਂ ਨੂੰ ਫ਼ੁੱਲ ਆਉਣ ਤੋਂ ਪਹਿਲਾਂ ਵਾਰ-ਵਾਰ ਕੱਟ ਕੇ ਜਾਂ ਜੜ੍ਹ ਤੋਂ ਪੁੱਟ ਕੇ ਖਤਮ ਕੀਤਾ ਜਾਵੇ। ਇਸ ਤੋਂ ਬਾਅਦ ਪੁੱਟੇ ਹੋਏ ਬੂਟਿਆਂ ਨੂੰ ਇਕ ਥਾਂ ’ਤੇ ਇਕੱਠਾ ਕਰ ਕੇ ਸੁਕਾ ਕੇ ਦੱਬ ਦੇਣਾ ਚਾਹੀਦਾ ਹੈ। ਖਾਲੀ ਥਾਵਾਂ ’ਤੇ ਜ਼ਮੀਨ ਨੂੰ  ਟਰੈਕਟਰ ਨਾਲ ਲਗਾਤਾਰ ਵਾਹੁੰਦੇ ਰਹਿਣਾ ਚਾਹੀਦਾ ਹੈ, ਤਾਂ ਜੋ ਹੌਲੀ-ਹੌਲੀ ਇਹ ਨਦੀਨ ਖਤਮ ਹੋ ਜਾਵੇ। ਨਦੀਨ ਨੂੰ ਕੱਟਣ ਜਾਂ ਪੁੱਟਣ ਤੋਂ ਪਹਿਲਾਂ ਹੱਥਾਂ ’ਤੇ ਦਸਤਾਨੇ ਪਾਉਣੇ ਅਤੇ ਸਰੀਰ ਨੂੰ ਚੰਗੀ ਤਰ੍ਹਾਂ ਢੱਕ ਲੈਣਾ ਬਹੁਤ ਜ਼ਰੂਰੀ ਹੁੰਦਾ ਹੈ। 
ਇਸ ਨਦੀਨ ਦਾ ਪ੍ਰਬੰਧਨ ਕਰਨ ਲਈ ਇਹ ਜ਼ਰੂਰੀ ਹੈ ਕਿ ਪਿੰਡ ਪੱਧਰ ’ਤੇ ਗਾਜਰ-ਬੂਟੀ ਰੋਕਥਾਮ ਮੁਹਿੰਮਾਂ ਚਲਾਈਆਂ ਜਾਣ। ਇਸ ਦੇ ਲਈ ਪੰਚਾਇਤਾਂ ਵੱਲੋਂ ਮਤਾ ਪਾਸ ਕਰਕੇ ਸਭ ਨਗਰ-ਨਿਵਾਸੀਆਂ ਦੀ ਮਦਦ ਨਾਲ ਇਸ ਦੀ ਰੋਕਥਾਮ ਕਰਨੀ ਚਾਹੀਦੀ ਹੈ। ਸਵੈ-ਸਹਾਇਤਾ ਗਰੁੱਪਾਂ, ਗੈਰ-ਸਰਕਾਰੀ ਅਦਾਰਿਆਂ ਅਤੇ ਸਕੂਲਾਂ/ਕਾਲਜਾਂ ਨੂੰ ਮਿਲ ਕੇ ਗਾਜਰ ਬੂਟੀ ਨੂੰ ਰੋਕਣ ਲਈ ਕਦਮ ਚੁੱਕਣੇ ਚਾਹੀਦੇ ਹਨ। ਹਰੇਕ ਵਿਅਕਤੀ ਨੂੰ ਆਪਣੇ ਪੱਧਰ ਤੇ ਆਪਣੇ ਘਰ ਦੇ ਆਸ-ਪਾਸ ਅਤੇ ਆਪਣੀ ਜ਼ਮੀਨ ਵਿਚੋਂ ਇਸ ਨਦੀਨ ਨੂੰ ਖਤਮ ਕਰਨ ਦੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ।
 ਇਸ ਤੋਂ ਇਲਾਵਾ ਇਸ ਨਦੀਨ ਬਾਰੇ ਆਮ ਲੋਕਾਂ ਨੂੰ ਅਖਬਾਰਾਂ, ਰਸਾਲਿਆਂ, ਰੇਡੀਓ ਅਤੇ ਟੀ.ਵੀ. ਦੇ ਮਾਧਿਅਮ ਰਾਹੀਂ ਜਾਗਰੂਕ ਕਰਨਾ ਚਾਹੀਦਾ ਹੈ, ਤਾਂ ਜੋ ਇਸ ਦੇ ਬੁਰੇ ਪ੍ਰਭਾਵਾਂ ਬਾਰੇ ਅਤੇ ਇਸ ਦੀ ਰੋਕਥਾਮ ਦੇ ਢੰਗਾਂ ਬਾਰੇ ਲੋਕ ਜਾਣੂ ਹੋ ਸਕਣ। ਜਿਲ੍ਹਾਂ ਲੁਧਿਆਣਾ ਦਾ ਪਿੰਡ ਮਨਸੂਰਾਂ ਗਾਜਰ ਬੂਟੀ ਦੀ ਵਧੀਆ ਢੰਗ ਨਾਲ ਰੋਕਥਾਮ ਕਰਨ ਦੀ ਇਕ ਜਿਉਂਦੀ-ਜਾਗਦੀ ਮਿਸਾਲ ਹੈ, ਜਿਸ ਨੂੰ 2016 ਵਿਚ ਭਾਰਤ ਦਾ ਪਹਿਲਾ ‘ਗਾਜਰ ਬੂਟੀ-ਮੁਕਤ ਪਿੰਡ’ ਬਣਨ ਦਾ ਮਾਣ ਹਾਸਿਲ ਹੋਇਆ ਸੀ। ਇਸ ਤਰ੍ਹਾਂ ਸਰਕਾਰਾਂ, ਗੈਰ ਸਰਕਾਰੀ ਸੰਸਥਾਵਾਂ ਅਤੇ ਆਮ ਲੋਕਾਂ ਦੇ ਸਾਂਝੇ ਉੱਦਮਾਂ ਨਾਲ ਹੀ ਇਸ ਨਦੀਨ ਦੀ ਰੋਕਥਾਮ ਕੀਤੀ ਜਾ ਸਕਦੀ ਹੈ। 
—ਅਮਨਦੀਪ ਕੌਰ ਤੇ ਸਿਮਰਜੀਤ ਕੌਰ
(ਪੀ. ਏ. ਯੂ. ਲੁਧਿਆਣਾ)


author

Tarsem Singh

Content Editor

Related News