ਮਿੱਠਾਪੁਰ ਦਾ ਵਰੁਣ ਸੀਨੀਅਰ ਹਾਕੀ ਟੀਮ ''ਚ ਸ਼ਾਮਲ

07/29/2017 11:47:27 AM

ਜਲੰਧਰ— ਸ਼ੁੱਕਰਵਾਰ ਨੂੰ ਭਾਰਤੀ ਸੀਨੀਅਰ ਹਾਕੀ ਟੀਮ ਦੀ ਚੋਣ ਹੋਈ। ਪਹਿਲੀ ਵਾਰ ਟੀਮ 'ਚ ਜਲੰਧਰ ਦੇ ਮਿੱਠਾਪੁਰ ਪਿੰਡ ਦੇ ਜੂਨੀਅਰ ਵਰਲਡ ਕੱਪ ਚੈਂਪੀਅਨ ਵਰੁਣ ਕੁਮਾਰ ਸਮੇਤ 6 ਜੂਨੀਅਰ ਚੈਂਪੀਅਨਸ ਨੂੰ ਸ਼ਾਮਲ ਕੀਤਾ ਗਿਆ ਹੈ। ਭਾਰਤੀ ਟੀਮ ਦੀ ਕਪਤਾਨੀ ਇਕ ਵਾਰ ਫਿਰ ਮਿੱਠਾਪੁਰ ਦੇ ਮਨਪ੍ਰੀਤ ਸਿੰਘ ਨੂੰ ਸੌਂਪੀ ਗਈ ਹੈ। ਇਸ ਤੋਂ ਪਹਿਲਾਂ ਵਰੁਣ ਕੁਮਾਰ ਪਿਛਲੇ ਸਾਲ ਦਸੰਬਰ 'ਚ ਹੋਏ ਜੂਨੀਅਰ ਹਾਕੀ ਵਰਲਡ ਕੱਪ ਦੀ ਜੇਤੂ ਟੀਮ 'ਚ ਸ਼ਾਮਲ ਸਨ। ਲਗਭਗ 7 ਮਹੀਨਿਆਂ ਬਾਅਦ ਵਰੁਣ ਕੁਮਾਰ ਸਮੇਤ ਡਿਪਸਨ ਟਿਰਕੀ, ਨੀਲਕਾਂਤ ਸ਼ਰਮਾ, ਸੂਰਜ ਕੁਕਰੇਜਾ, ਗੁਰਜੰਟ ਸਿੰਘ, ਅਰਮਾਨ ਕੁਰੈਸ਼ੀ ਨੂੰ ਟੀਮ 'ਚ ਸ਼ਾਮਲ ਕੀਤਾ ਗਿਆ ਹੈ। ਵਰੁਣ ਦੀ ਚੋਣ 'ਤੇ ਪਿੰਡ ਮਿੱਠਾਪੁਰ ਯੂਥ ਸਪੋਰਟਸ ਕਲੱਬ ਅਤੇ ਹਾਕੀ ਇੰਡੀਆ ਆਫੀਸ਼ੀਅਲਤ ਬਲਵਿੰਦਰ ਸਿੰਘ ਲਾਲੀ ਨੇ ਵਰੁਣ ਨੂੰ ਵਧਾਈ ਦਿੱਤੀ।

1995 'ਚ ਜੰਮੇ ਵਰੁਣ ਕੁਮਾਰ ਦੇ ਸੀਨੀਅਰ ਹਾਕੀ ਇੰਡੀਆ ਟੀਮ 'ਚ ਸ਼ਾਮਲ ਹੋਣ 'ਤੇ ਪਿੰਡ ਮਿੱਠਾਪੁਰ 'ਚ ਖੁਸ਼ੀ ਦਾ ਮਾਹੌਲ ਹੈ। ਪਿਤਾ ਬ੍ਰਹਮਾ ਆਨੰਦ ਟਰੱਕ ਡਰਾਈਵਰ ਹੈ ਅਤੇ ਮਾਂ ਸ਼ਕੁੰਤਲਾ ਰਾਨੀ ਹਾਊਸ ਮੇਕਰ ਹੈ। ਪਿਤਾ ਨੇ ਰੱਬ ਦਾ ਸ਼ੁਕਰੀਆ ਅਦਾ ਕਰਦੇ ਹੋਏ ਕਿਹਾ ਕਿ ਵਰੁਣ ਦੀ ਮਿਹਨਤ ਹੀ ਅੱਜ ਉਸ ਨੂੰ ਟੀਮ ਇੰਡੀਆ 'ਚ ਲੈ ਗਈ ਹੈ। ਵਰੁਣ ਦਾ ਵੱਡਾ ਭਰਾ ਤਰੁਣ ਕੁਮਾਰ ਆਰਮੀ 'ਚ ਹੈ।


Related News