ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ’ਤੇ ਵਿਸ਼ੇਸ਼ : ਜਾਣੋ ਬਚਪਨ ਤੋਂ ਇਨਕਲਾਬ-ਜ਼ਿੰਦਾਬਾਦ ਤੱਕ ਦਾ ਸਫ਼ਰ
Saturday, Sep 28, 2024 - 12:14 PM (IST)
ਭਗਤ ਸਿੰਘ ਦਾ ਜਨਮ 28 ਸਤੰਬਰ 1907, ਦਿਨ ਸ਼ਨਿੱਚਰਵਾਰ ਨੂੰ ਸੁਭਾ ਪੌਣੇ ਨੌਂ ਵਜੇ, ਲਾਇਲਪੁਰ (ਫ਼ੈਸਲਾਬਾਦ, ਹੁਣ ਪਾਕਿਸਤਾਨ) ਜ਼ਿਲ੍ਹੇ ਦੇ ਪਿੰਡ ਬੰਗਾ ( ਚੱਕ ਨੰ: 105) ਵਿੱਚ ਹੋਇਆ। ਉਸਦੇ ਦਾਦੇ ਸ. ਅਰਜਨ ਸਿੰਘ ਨੇ 1899 ਦੇ ਨੇੜ-ਤੇੜ, ਜ਼ਿਲ੍ਹਾ ਜਲੰਧਰ/ ਨਵਾਂਸ਼ਹਿਰ ਵਿਚਲ਼ੇ ਆਪਣੇ ਜੱਦੀ ਪਿੰਡ ਖਟਕੜ ਕਲਾਂ ਤੋਂ ਪਰਵਾਸ ਕਰਨ ਦਾ ਫ਼ੈਸਲਾ ਕਰ ਲਿਆ ਸੀ। ਅਸਲ ਵਿੱਚ, ਉਸ ਵੇਲ਼ੇ ਅਨੇਕਾਂ ਕਿਸਾਨ ਪੂਰਬੀ ਪੰਜਾਬ ਤੋਂ ਪੱਛਮੀ ਪੰਜਾਬ ਵਿੱਚ ਜਾ ਵਸੇ ਸਨ, ਕਿਉਂਕਿ ਉਨ੍ਹਾਂ ਦੀਆਂ ਅੱਖਾਂ ਉੱਥੋਂ ਦੀਆਂ ਨਹਿਰੀ ਕਲੋਨੀਆਂ ਦੀ ਜਰਖ਼ੇਜ਼ ਅਤੇ ਅਛੋਹ ਪਈ ਜ਼ਮੀਨ 'ਤੇ ਲਲਚਾਈਆਂ ਹੋਈਆਂ ਸਨ, ਜਿਹੜੀ ਹੁਣ ਨਵੀਆਂ ਪੁੱਟੀਆਂ ਗਈਆਂ ਨਹਿਰਾਂ ਦੁਆਰਾ ਸਿੰਜੀ ਜਾਣ ਲੱਗ ਪਈ ਸੀ।
ਸਮਾਜਿਕ ਉਥਲ ਪੁਥਲ ਅਤੇ ਭਗਤ ਸਿੰਘ ਦੇ ਪਰਿਵਾਰ ਨੂੰ ਦੇਸ਼ ਨਿਕਾਲਾ
ਸਰਦਾਰ ਅਰਜਨ ਸਿੰਘ ਇੱਕ ਆਰੀਆ ਸਮਾਜੀ ਸੀ। ਕਾਂਗਰਸ ਦਾ ਇੱਕ ਸਰਗਰਮ ਮੈਂਬਰ ਹੋਣ ਤੋਂ ਇਲਾਵਾ ਉਹ ਰੂੜ੍ਹੀਵਾਦੀ ਸਮਾਜਕ ਵਿਚਾਰਾਂ, ਰਹੁ-ਰੀਤਾਂ ਅਤੇ ਖ਼ਾਸ ਕਰਕੇ ਜਾਤ-ਪਾਤ ਦਾ ਕੱਟੜ ਵਿਰੋਧੀ ਸੀ। ਇਸ ਕਰਕੇ, ਇਹ ਕੋਈ ਹੈਰਾਨੀ ਦੀ ਗੱਲ ਨਹੀਂ ਸੀ ਕਿ ਉਸਦੇ ਤਿੰਨੇ ਪੁੱਤਰ ਸ. ਕਿਸ਼ਨ ਸਿੰਘ - ਭਗਤ ਸਿੰਘ ਦਾ ਪਿਤਾ, ਸ. ਅਜੀਤ ਸਿੰਘ ਅਤੇ ਸ. ਸਵਰਨ ਸਿੰਘ, ਅਜ਼ਾਦੀ ਸੰਘਰਸ਼ ਦੀ ਗਰਮ-ਖ਼ਿਆਲੀ ਧਾਰਾ ਵਿੱਚ ਸ਼ਾਮਲ ਹੋ ਗਏ। ਸ਼ਹੀਦ ਦਾ ਜਨਮ-ਸਾਲ 1907, ਪੰਜਾਬ ਵਿੱਚ ਰਾਜਸੀ ਉਥਲ-ਪੁਥਲ ਦਾ ਸਾਲ ਸੀ। ਕੌਮੀ ਪੱਧਰ 'ਤੇ, 1905 ਵਿੱਚ ਹੋਈ ਬੰਗ਼ਾਲ ਦੀ ਵੰਡ, ਇਸ ਹਿਲਜੁਲ ਦਾ ਕਾਰਨ ਬਣੀ ਅਤੇ ਪੰਜਾਬ ਲਈ ਇਸ ਦਾ ਅਧਾਰ 'ਪੰਜਾਬ ਕੋਲੋਨਾਈਜੇਸ਼ਨ ਐਕਟ' ਬਣਿਆਂ। ਇਸ ਐਕਟ ਰਾਹੀਂ ਹਕੂਮਤ, ਨਹਿਰੀ ਕਲੋਨੀਆਂ ਵਿੱਚ ਅਬਾਦ ਹੋਏ ਕਿਸਾਨਾਂ ਤੋਂ, ਉਨ੍ਹਾਂ ਦੀ ਭੋਇੰ ਦੀ ਮਾਲਕੀ ਦੇ ਹੱਕ ਖੋਹ ਲੈਣਾ ਚਾਹੁੰਦੀ ਸੀ, ਉਹ ਭੋਇੰ, ਜਿਹੜੀ ਉਨ੍ਹਾਂ ਕਰੜੀ ਘਾਲਣਾ ਨਾਲ਼ ਜਾਨ ਮਾਰਕੇ ਵਾਹੀ-ਯੋਗ ਬਣਾਈ ਸੀ। ਡੌਰ-ਭੌਰ ਹੋਏ ਕਿਸਾਨ ਆਪਣੇ ਤਿੜਕੇ ਹੋਏ ਸਵੈਮਾਣ ਨੂੰ ਗੰਢ ਮਾਰਨ ਲਈ 'ਪਗੜੀ ਸੰਭਾਲ਼ ਓ ਜੱਟਾ' ਗਾਉਣ ਲੱਗ ਪਏ। ਜਿਸ ਤਰ੍ਹਾਂ ਉਮੀਦ ਸੀ, ਸ.ਅਰਜਨ ਸਿੰਘ ਦਾ ਪਰਿਵਾਰ ਇਸ ਅੰਦੋਲਨ ਦੀਆਂ ਮੋਹਰੀ ਸਫ਼ਾਂ ਵਿੱਚ ਆਣ ਡਟਿਆ, ਜਿਸਦਾ ਨਤੀਜਾ ਇਹ ਹੋਇਆ ਕਿ ਸ. ਕਿਸ਼ਨ ਸਿੰਘ ਨੂੰ ਨੇਪਾਲ ਦਾ ਦੇਸ਼-ਨਿਕਾਲ਼ਾ, ਸ. ਅਜੀਤ ਸਿੰਘ ਨੂੰ ਬਰਮਾਂ ਦੀ ਜਲਾ-ਵਤਨੀ ਅਤੇ ਸ. ਸਵਰਨ ਸਿੰਘ ਨੂੰ ਕੈਦ ਹੋ ਗਈ। ਸ਼ਹੀਦ ਦਾ ਜਨਮ ਸ਼ੁੱਭ ਨਛੱਤਰਾਂ ਵਿੱਚ, ਉਨ੍ਹਾਂ ਤਿੰਨਾਂ ਦੇ ਵਾਪਸ ਪਰਤਣ ਦੀ ਖ਼ਬਰ ਦੇ ਨਾਲ਼ ਹੀ ਹੋਇਆ ਅਤੇ ਉਸਦਾ ਨਿੱਕਾ-ਨਾਮ ਭਾਗਾਂਵਾਲ਼ਾ ਰੱਖਿਆ ਗਿਆ, ਜੋ ਬਾਅਦ ਵਿੱਚ ਭਗਤ ਸਿੰਘ ਹੋ ਗਿਆ, ਉਹ ਨਾਂ, ਜਿਸਨੇ ਇੱਕ ਲੋਕ-ਗਾਥਾ ਬਣਨਾ ਸੀ। ਵਿਧਮਾਤਾ ਬੱਚੇ ਨੂੰ ਵੇਖ ਕੇ ਮੁਸਕਰਾਈ ਪਰ ਇੱਕ ਵੱਖਰੇ ਹੀ ਅੰਦਾਜ਼ ਵਿੱਚ !
ਭਗਤ ਸਿੰਘ ਦਾ ਬਚਪਨ
ਭਗਤ ਸਿੰਘ, ਜਦੋਂ ਅਜੇ ਉਹ ਬੱਚਾ ਹੀ ਸੀ ਤਾਂ ਉਹ ਘਰ ਵਿੱਚ ਆਪਣੀਆਂ ਦੋ ਨਿਆਸਰੀਆਂ ਚਾਚੀਆਂ ਨੂੰ ਵੇਖਦਾ - ਮਾਤਾ ਹਰਨਾਮ ਕੌਰ, ਇਹ ਸ. ਅਜੀਤ ਸਿੰਘ ਦੀ ਪਤਨੀ ਸੀ - ਜਿਸਨੂੰ ਜਲਾਵਤਨ ਕਰ ਦਿੱਤਾ ਗਿਆ ਸੀ ਅਤੇ ਕਿਸੇ ਨੂੰ ਉਸਦੇ ਜਿਉਂਦਾ ਹੋਣ ਦਾ ਯਕੀਨ ਵੀ ਨਹੀਂ ਸੀ ਅਤੇ ਮਾਤਾ ਹੁਕਮ ਕੌਰ, ਸ. ਸਵਰਨ ਸਿੰਘ ਦੀ ਘਰਵਾਲ਼ੀ ਸੀ, ਜੋ 1910 ਵਿੱਚ ਮਹਿਜ਼ 23 ਕੁ ਸਾਲਾਂ ਦੀ ਭਰ ਜੁਆਨੀ ਵਿੱਚ ਜੇਲ੍ਹ ਵਿੱਚ ਹੀ ਅਕਾਲ ਚਲਾਣਾ ਕਰ ਗਿਆ ਸੀ। ਉਹ ਦੋਵੇਂ ਮੁੰਡੇ ਤੋਂ ਜਾਨ ਛਿੜਕਦੀਆਂ ਸਨ, ਜਿਸਨੇ ਉਸ ਨਿੱਕੀ ਜਿਹੀ ਉਮਰੇ ਵੀ ਉਨ੍ਹਾਂ ਦੀ ਆਤਮਾਂ ਦੀ ਡੂੰਘੀ ਉਦਾਸੀ ਦੀ ਥਾਹ ਪਾ ਲਈ ਸੀ। ਮਰਜ਼ ਨੂੰ ਪਛਾਨਣ ਵਿੱਚ ਕੋਈ ਬਹੁਤਾ ਸਮਾਂ ਨਾ ਲੱਗਾ ਅਤੇ ਉਸਨੇ ਬਿਲਕੁਲ ਢੁਕਵੀਂ ਪਛਾਣ ਕੀਤੀ ਕਿ ਇਸ ਬੀਮਾਰੀ ਦੀ ਜੜ੍ਹ ਵਿਦੇਸ਼ੀਆਂ ਦਾ ਅੱਤਿਆਚਾਰੀ ਸਾਸ਼ਨ ਹੈ। ਅਕਸਰ ਹੀ, ਉਹ ਸਕੂਲੋਂ ਪੜ੍ਹ ਕੇ ਆਉਂਦਾ ਤਾਂ ਬੜੀ ਮਾਸੂਮੀਅਤ ਨਾਲ਼ ਆਪਣੀ ਚਾਚੀ ਹਰਨਾਮ ਕੌਰ ਨੂੰ ਪੁੱਛਦਾ ਕਿ ਕੀ ਚਾਚਾ ਜੀ ਦੀ ਕੋਈ ਚਿੱਠੀ ਆਈ ਹੈ ? ਉਹ ਇਹ ਨਹੀਂ ਸੀ ਜਾਣਦਾ ਕਿ ਇਸ ਸੁਆਲ ਨਾਲ਼ ਚਾਚੀ ਦੇ ਮਨ ਵਿੱਚ ਜਜ਼ਬਾਤਾਂ ਦਾ ਜੁਆਲਾਮੁਖੀ ਖ਼ੌਲਣ ਲੱਗ ਪਵੇਗਾ। ਜਵਾਬ ਦੇਣ ਤੋਂ ਅਸਮਰਥ, ਚਾਚੀ ਦੇ ਚਿਹਰੇ ਦੇ ਉਦਾਸ ਹਾਵ-ਭਾਵ ਵੇਖ ਕੇ ਉਹ ਭੜਕ ਉੱਠਦਾ ਅਤੇ ਪੂਰੇ ਜੋਸ਼ ਵਿੱਚ ਆ ਕੇ ਬੋਲਦਾ ਕਿ ਜਦੋਂ ਉਹ ਵੱਡਾ ਹੋ ਗਿਆ, ਤਾਂ ਹਿੰਦੋਸਤਾਨ ਨੂੰ ਅਜ਼ਾਦ ਕਰਾਉਣ ਲਈ ਉਹ ਬੰਦੂਕ ਲੈ ਕੇ ਅੰਗਰੇਜ਼ਾਂ ਨਾਲ਼ ਲੜੇਗਾ ਅਤੇ ਆਪਣੇ ਚਾਚੇ ਨੂੰ ਵਾਪਸ ਲਿਆਵੇਗਾ। ਮਜ਼ਲੂਮਾਂ ਨਾਲ਼ ਹਮਦਰਦੀ ਅਤੇ ਜ਼ਾਲਮਾਂ ਖ਼ਿਲਾਫ਼ ਗੁੱਸਾ, ਉਸਦੇ ਦਿਲ ਦੀਆਂ ਡੂੰਘਾਣਾ ਵਿੱਚ ਬਹਿ ਗਿਆ, ਕਿਉਂਕਿ ਉਹਨਾਂ ਦੇ ਘਰ 1914-15 ਦੇ ਗ਼ਦਰੀਆਂ ਸਮੇਤ ਹਰ ਤਰ੍ਹਾਂ ਦੇ ਗਰਮ-ਖ਼ਿਆਲੀਆਂ ਦਾ ਆਉਣਾ-ਜਾਣਾ ਲੱਗਿਆ ਰਹਿੰਦਾ ਸੀ। ਉਨ੍ਹਾਂ ਵਿੱਚੋਂ ਨੌਜਵਾਨ ਨਾਇਕ ਕਰਤਾਰ ਸਿੰਘ ਸਰਾਭਾ, ਉਸਦਾ ਆਦਰਸ਼ ਬਣ ਗਿਆ।
ਉਹ ਹਾਲਾਤ ਜਿਨ੍ਹਾਂ ਨੇ ਭਗਤ ਸਿੰਘ ਨੂੰ ਕ੍ਰਾਂਤੀਕਾਰੀ ਬਣਾਇਆ
13 ਅਪ੍ਰੈਲ 1919 ਨੂੰ ਵਿਸਾਖੀ ਦੇ ਮੁਬਾਰਕ ਦਿਹਾੜੇ, ਅੰਮ੍ਰਿਤਸਰ ਵਿੱਚ ਜਲ੍ਹਿਆਂਵਾਲ਼ੇ ਬਾਗ਼ ਦੇ ਸਾਕੇ ਨੇ ਦੇਸ਼ ਨੂੰ ਧੁਰ-ਅੰਦਰ ਤੱਕ ਹਿਲਾ ਕੇ ਰੱਖ ਦਿੱਤਾ। ਨੌਜਵਾਨ ਭਗਤ ਸਿੰਘ, 14 ਅਪ੍ਰੈਲ ਨੂੰ ਉਸ ਖ਼ੂਨੀ ਥਾਂ 'ਤੇ ਜਾਣੋ ਨਾ ਰੁਕ ਸਕਿਆ ਅਤੇ ਉੱਥੋਂ, ਉਸਨੇ ਲਹੂ-ਭਿੱਜੀ ਮਿੱਟੀ ਚੁੱਕ ਕੇ ਸਾਰੀ ਉਮਰ ਲਈ ਇੱਕ ਨਿਸ਼ਾਨੀ ਵਜੋਂ ਸੰਭਾਲ਼ ਲਈ। ਉਸ ਦਿਨ ਉਹ ਸਕੂਲ ( ਲਾਹੌਰ ) ਜਾਣ ਦੀ ਬਜਾਏ ਸਿੱਧਾ ਅੰਮ੍ਰਿਤਸਰ ਗਿਆ। ਉੱਥੋਂ ਸ਼ਾਮ ਨੂੰ ਵਾਪਸ ਆਉਂਦਿਆਂ ਕਾਫ਼ੀ ਕੁਵੇਲ਼ਾ ਹੋ ਗਿਆ ਤਾਂ ਬੁਰੀ ਤਰ੍ਹਾਂ ਘਬਰਾਏ ਅਤੇ ਬੇਚੈਨ ਹੋਏ ਪਰਿਵਾਰਕ ਮੈਂਬਰਾਂ ਦੇ ਸਾਹ ਸੁੱਕੇ ਰਹੇ। ਖ਼ੂਨ ਦੀ ਇਸ ਹੋਲ਼ੀ ਨਾਲ਼, ਸਾਡੇ ਅਜ਼ਾਦੀ-ਸੰਗਰਾਮ ਦੇ ਇਤਿਹਾਸ ਵਿੱਚ ਇੱਕ ਕ੍ਰਾਂਤੀਕਾਰੀ ਪਰਿਵਰਤਨ ਤਾਂ ਆਇਆ ਹੀ, ਸਗੋਂ ਸ਼ਹੀਦ ਦੀ ਜ਼ਿੰਦਗ਼ੀ ਵਿੱਚ ਵੀ ਇਹ ਇੱਕ ਤਿੱਖਾ ਮੋੜ ਸਾਬਤ ਹੋਈ। ਇਸ ਤੋਂ ਸਿਰਫ਼ ਦੋ ਸਾਲਾਂ ਬਾਅਦ ਖ਼ੂਨ ਦੀ ਇੱਕ ਹੋਰ ਹੋਲ਼ੀ, ਪਹਿਲੇ ਸਿੱਖ ਗੁਰੂ, ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ, ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਵਿੱਚ ਖੇਡੀ ਗਈ, ਜਦੋਂ 20 ਫ਼ਰਵਰੀ 1921 ਨੂੰ ਲਗਭਗ 150 ਨਿਹੱਥੇ ਸਿੱਖ ਸ਼ਰਧਾਲੂ ਕਤਲ਼ ਕਰ ਦਿੱਤੇ ਗਏ ਅਤੇ ਉਨ੍ਹਾਂ ਦੀਆਂ ਲਾਸ਼ਾਂ ਨੂੰ ਮਿੱਟੀ ਦਾ ਤੇਲ਼ ਛਿੜਕ ਕੇ ਸਾੜ ਦਿੱਤਾ ਗਿਆ। ਭਾਵੇਂ ਕਿ ਸਾਫ਼ ਤੌਰ 'ਤੇ ਇਹ ਇੱਕ ਧਾਰਮਿਕ ਮਾਮਲਾ ਸੀ ਪਰ ਇਸਦਾ ਇੱਕ ਰਾਜਨੀਤਿਕ ਪਹਿਲੂ ਵੀ ਸੀ। ਅਸਲ ਵਿੱਚ, ਇਹ ਨਰ-ਸੰਹਾਰ ਬਦਮਾਸ਼ ਅਤੇ ਦੁਰਾਚਾਰੀ ਮਹੰਤਾਂ ਦੁਆਰਾ ਕੀਤਾ ਗਿਆ ਸੀ, ਜਿਹੜੇ ਗੁਰਦੁਆਰਿਆਂ ਦਾ ਪ੍ਰਬੰਧ ਚਲਾਉਂਦੇ ਸਨ ਅਤੇ ਧਾਰਮਕ ਅਸਥਾਨਾਂ ਦੇ ਨਾਂ ਬੇ-ਥਾਹ ਜ਼ਮੀਨ-ਜਾਇਦਾਦ ਦੀ ਦੁਰਵਰਤੋਂ ਕਰਦੇ ਸਨ। ਸਿੱਖ, ਉਨ੍ਹਾਂ ਮਹੰਤਾਂ ਨੂੰ ਅਧਰਮੀ ਮੰਨਦੇ ਸਨ ਤੇ ਉਨ੍ਹਾਂ ਨੂੰ ਗੁਰਦੁਆਰਿਆਂ 'ਚੋਂ ਬਾਹਰ ਕੱਢਣ ਲਈ ਇੱਕ ਗੁਰਦੁਆਰਾ ਸੁਧਾਰ ਲਹਿਰ ਚਲਾਈ ਗਈ ਪਰ ਹਕੂਮਤ ਮਹੰਤਾਂ ਦੀ ਪਿੱਠ ਪੂਰ ਰਹੀ ਸੀ। ਭਗਤ ਸਿੰਘ, ਜਦੋਂ 5 ਮਾਰਚ 1921 ਨੂੰ ਉੱਥੇ ਰੱਖੀ ਗਈ ਇੱਕ ਬਹੁਤ ਵੱਡੀ ਕਾਨਫ਼ਰੰਸ ਵਿੱਚ ਸ਼ਾਮਲ ਹੋਣ ਲਈ, ਨਨਕਾਣਾ ਸਾਹਿਬ ਗਿਆ ਤਾਂ ਉਹ ਇੱਕ ਵਾਰ ਫਿਰ ਧੁਰ-ਅੰਦਰੋਂ ਝੰਜੋੜਿਆ ਗਿਆ। ਉੱਥੋਂ ਉਹ, ਉਨ੍ਹਾਂ ਬੇ-ਰਹਿਮ ਹੱਤਿਆਵਾਂ ਵੀ ਯਾਦ ਵਿੱਚ ਬਣਾਇਆ ਗਿਆ ਇੱਕ ਕੈਲੰਡਰ ਲੈ ਕੇ ਵਾਪਸ ਆ ਗਿਆ।
ਭਾਸ਼ਾਵਾਂ ਦਾ ਗਿਆਨ ਅਤੇ ਗੁਰਬਾਣੀ ਸਿੱਖਣ ਦਾ ਜਜ਼ਬਾ
ਹਕੂਮਤ ਦੇ ਵਿਰੋਧ ਅਤੇ ਨਾ-ਫ਼ੁਰਮਾਨੀ ਦੇ ਚਿੰਨ੍ਹ ਵਜੋਂ, ਉਸਨੇ ਵੀ ਬਾਕੀ ਸਿੱਖਾਂ ਵਾਂਗ ਕਾਲ਼ੀ ਦਸਤਾਰ ਬੰਨ੍ਹਣੀ ਸ਼ੁਰੂ ਕਰ ਦਿੱਤੀ। ਇਸ ਤੋਂ ਇਲਾਵਾ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨ ਲਈ ਪੰਜਾਬੀ / ਗੁਰਮੁਖੀ ਸਿੱਖਣੀ ਵੀ ਸ਼ੁਰੂ ਕਰ ਦਿੱਤੀ, ਜਿਸ ਨੂੰ ਪ੍ਰਾਚੀਨ ਸਮੇਂ ਤੋਂ ਹੀ ਧਰਮੀ ਅਤੇ ਸਚਿਆਰ ਸਿੱਖ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨ ਲਈ ਵੱਡੀ ਗਿਣਤੀ ਵਿੱਚ ਸਿੱਖਦੇ ਰਹੇ ਸਨ। ਦਿਲਚਸਪ ਗੱਲ ਇਹ ਹੈ ਕਿ ਭਗਤ ਸਿੰਘ ਪਹਿਲਾਂ ਹੀ ਉਰਦੂ, ਹਿੰਦੀ ਅਤੇ ਸੰਸਕ੍ਰਿਤ ਵਿੱਚ ਚੰਗੀ ਮੁਹਾਰਤ ਹਾਸਲ ਕਰ ਚੁੱਕਾ ਸੀ, ਸਗੋਂ ਅੰਗਰੇਜ਼ੀ ਸਿੱਖਣ ਲਈ ਬਾਅਦ ਵਿੱਚ ਉਸਨੂੰ ਕਾਫ਼ੀ ਮਿਹਨਤ ਕਰਨੀ ਪਈ ਸੀ। ਫਿਰ ਵੀ, ਜਦੋਂ ਉਸਨੇ 'ਕਿਰਤੀ' ਰਸਾਲੇ ਲਈ ਲੇਖ-ਲੜੀਆਂ -ਜਿੰਨ੍ਹਾਂ ਵਿੱਚ ਬਹੁਤੀਆਂ ਸ਼ਹੀਦਾਂ ਦੀਆਂ ਜੀਵਨੀਆਂ ਹੁੰਦੀਆਂ ਸਨ-ਲਿਖਣੀਆਂ ਸ਼ੁਰੂ ਕੀਤੀਆਂ ਤਾਂ ਪਹਿਲਾਂ ਪੰਜਾਬੀ ਸਿੱਖੀ ਹੋਈ ਹੋਣ ਕਰਕੇ, ਉਸ ਲਈ ਬੜਾ ਸੁਖਾਲ਼ਾ ਰਿਹਾ। ਇਸ ਤੋਂ ਬਾਅਦ ਉਸਨੇ, ਗਾਂਧੀ ਦੀ ਦੁਆਰਾ ਦਿੱਤੇ ਗਏ ਨਾ-ਮਿਲਵਰਤਨ ਲਹਿਰ ਦੇ ਸੱਦੇ 'ਤੇ, ਲਾਹੌਰ ਦਾ ਡੀ.ਏ.ਵੀ ਸਕੂਲ ਛੱਡ ਦਿੱਤਾ। ਨਾ-ਮਿਲਵਰਤਨ ਲਹਿਰ ਦੌਰਾਨ ਗਾਂਧੀ ਜੀ ਨੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਸੀ ਕਿ ਉਹ, ਹਕੂਮਤ ਤੋਂ ਸਹਾਇਤਾ-ਪ੍ਰਾਪਤ ਜਾਂ ਮਾਨਤਾ-ਪ੍ਰਾਪਤ ਸੰਸਥਾਵਾਂ ਨੂੰ ਛੱਡ ਕੇ ਨੈਸ਼ਨਲ ਸਕੂਲਾਂ / ਕਾਲਜਾਂ ਵਿੱਚ ਦਾਖ਼ਲ ਹੋ ਜਾਣ। ਭਗਤ ਸਿੰਘ -ਜੋ ਅਜੇ ਨੌਵੀਂ ਜਮਾਤ ਵਿੱਚ ਹੀ ਸੀ-ਵੀ ਨੈਸ਼ਨਲ ਕਾਲਜ ਲਾਹੌਰ ਵਿੱਚ ਦਾਖ਼ਲਾ ਲੈਣਾ ਚਾਹੁੰਦਾ ਸੀ, ਜਿਸ ਲਈ ਉਸਨੂੰ ਦਾਖ਼ਲੇ ਤੋਂ ਪਹਿਲਾਂ ਇੱਕ ਇਮਤਿਹਾਨ ਪਾਸ ਕਰਨਾ ਪੈਣਾ ਸੀ, ਜਿਹੜਾ ਉਸਨੇ ਪਾਸ ਕਰ ਲਿਆ।
ਸਿੱਖਿਆ ਅਤੇ ਗੁਪਤਵਾਸ
ਇਸ ਕਾਲਜ ਵਿੱਚ ਪੜ੍ਹਦਿਆਂ ਉਹ ਸੁਖਦੇਵ, ਭਗਵਤੀ ਚਰਨ ਵੋਹਰਾ, ਯਸ਼ਪਾਲ ਅਤੇ ਕੁਝ ਹੋਰ ਦੋਸਤਾਂ ਦੇ ਸੰਪਰਕ ਵਿੱਚ ਆਇਆ। ਇਹ ਦੋਸਤ ਉਸਦੇ ਭਵਿੱਖ ਦੇ ਸਾਥੀ ਸਨ। ਪਾਠ-ਕ੍ਰਮ, ਲਾਇਬ੍ਰੇਰੀ ਦੀਆਂ ਪੁਸਤਕਾਂ ਅਤੇ ਅਧਿਆਪਕਾਂ ਸਮੇਤ, ਕਾਲਜ ਦਾ ਪੂਰਾ ਮਾਹੌਲ ਇਸ ਢੰਗ ਨਾਲ਼ ਸਿਰਜਿਆ ਗਿਆ ਸੀ ਕਿ ਵਿਦਿਆਰਥੀਆਂ ਵਿੱਚ ਗਰਮ-ਖ਼ਿਆਲ ਰਾਜਸੀ ਚੇਤਨਾਂ ਨੂੰ ਹੁਲਾਰਾ ਮਿਲੇ। ਭਗਤ ਸਿੰਘ ਇੱਕ ਗੰਭੀਰ ਪਾਠਕ ਬਣ ਗਿਆ, ਇਹ ਗੁਣ ਉਸਦੇ ਸੁਭਾਅ ਦਾ ਮਾਨੋ ਦੂਸਰਾ ਪਹਿਲੂ ਸੀ।ਐਫ਼. ਏ. ਦਾ ਇਮਤਿਹਾਨ ਪਾਸ ਕਰਨ ਤੋਂ ਤੁਰੰਤ ਬਾਅਦ ਹੀ ਉਸਦੀ ਕਾਲਜੀ-ਪੜ੍ਹਾਈ ਰੁਕ ਗਈ। ਉਹ ਘਰ ਆ ਗਿਆ ਕਿਉਂਕਿ ਘਰਦੇ ਉਸਦਾ ਵਿਆਹ ਕਰਨ ਲਈ ਬਜ਼ਿਦ ਸਨ। ਇਹ ਸਾਲ 1923 ਦੇ ਪਿਛਲੇ ਅੱਧ ਦੀ ਗੱਲ ਹੈ। ਉਸਨੇ ਆਪਣੇ ਪਰਿਵਾਰ ਤੋਂ ਅਲਹਿਦਾ ਹੋ ਕੇ ਕਰੀਬ 6 ਮਹੀਨੇ ਕਾਨ੍ਹਪੁਰ ਗੁਜ਼ਾਰੇ, ਜਿੱਥੇ ਉਸਨੇ ਇੱਕ ਮਸ਼ਹੂਰ ਰਾਸ਼ਟਰਵਾਦੀ ਅਤੇ 'ਪਰਤਾਪ' ਅਖ਼ਬਾਰ ਦੇ ਸੰਪਾਦਕ ਗਣੇਸ਼ ਸ਼ੰਕਰ ਵਿਦਿਆਰਥੀ ਤੋਂ ਪੱਤਰਕਾਰੀ ਦੀ ਕਲਾ ਸਿੱਖਣੀ ਅਰੰਭ ਕੀਤੀ ਅਤੇ ਕਾਕੋਰੀ ਗਰੁੱਪ ਦੇ ਨਾਂ ਨਾਲ਼ ਮਸ਼ਹੂਰ, ਹਿੰਦੋਸਤਾਨ ਰੀਪਬਲੀਕਨ ਐਸੋਸੀਏਸ਼ਨ ਨਾਲ਼ ਆਪਣੇ ਮੁਢਲੇ ਸੰਪਰਕ ਸਥਾਪਤ ਕੀਤੇ। ਉਹ ਸਰਗਰਮ ਇਨਕਲਾਬੀ ਲਹਿਰ ਵਿੱਚ ਕੁੱਦ ਪਿਆ ਅਤੇ ਬਾਅਦ ਵਿੱਚ ਸੁਖਦੇਵ ਦੇ ਸਹਿਯੋਗ ਨਾਲ਼, ਪੰਜਾਬ ਵਿੱਚ ਹਿੰਦੋਸਤਾਨ ਰੀਪਬਲੀਕਨ ਐਸੋਸੀਏਸ਼ਨ ਦੀ ਇਕਾਈ ਕਾਇਮ ਕਰਨ ਵਿੱਚ ਪੂਰੀ ਸਰਗਰਮੀ ਨਾਲ਼ ਸ਼ਾਮਲ ਹੋ ਗਿਆ।
ਕ੍ਰਾਂਤੀਕਾਰੀ ਸਰਗਰਮੀਆਂ
1924 ਦੇ ਸ਼ੁਰੂ ਵਿੱਚ, ਘਰ ਵਾਪਸ ਆਉਣ ਤੋਂ ਤੁਰੰਤ ਬਾਅਦ ਅਪ੍ਰੈਲ 1924 ਵਿੱਚ ਉਸਨੂੰ ਰੂਪੋਸ਼ ਹੋਣਾ ਪਿਆ। ਵਜ੍ਹਾ ਇਹ ਸੀ ਕਿ ਜੈਤੋ ਦੇ ਮੋਰਚੇ ਦੇ ਸੰਬੰਧ ਵਿੱਚ 500 ਸੱਤਿਆਗ੍ਰਹੀਆਂ ਦਾ ਇੱਕ ਵੱਡਾ ਜਥਾ ਗੁਰਦੁਆਰਾ ਗੰਗਸਰ ਨੂੰ ਜਾ ਰਿਹਾ ਸੀ ; ਜਦੋਂ ਇਹ ਜਥਾ ਲਾਇਲਪੁਰ ਜ਼ਿਲ੍ਹੇ ਦੇ ਪਿੰਡ ਬੰਗਾ ( ਚੱਕ ਨੰ: 105 ) ਵਿੱਚ ਦੁਪਹਿਰ ਦੇ ਸਮੇਂ ਰੁਕਿਆ ਤਾਂ ਭਗਤ ਸਿੰਘ ਨੇ ਆਪਣੇ ਸਾਥੀਆਂ ਨਾਲ਼ ਰਲ਼ ਕੇ, ਉਨ੍ਹਾਂ ਲਈ ਲੰਗਰ ਦਾ ਪ੍ਰਬੰਧ ਕੀਤਾ ਸੀ। ਉਹ ਦਸੰਬਰ 1925 ਤੱਕ ਰੂਪੋਸ਼ ਰਿਹਾ। ਇਸ ਸਮੇਂ ਦੌਰਾਨ ਉਹ ਜ਼ਿਆਦਾਤਰ ਦਿੱਲੀ ਜਾਂ ਯੂ.ਪੀ. ਵਿੱਚ ਰਿਹਾ।
1926 ਦੇ ਮੁੱਢ ਵਿੱਚ ਹੀ ਉਸਨੇ ਰਾਮ ਚੰਦਰ, ਭਗਵਤੀ ਚਰਨ ਵੋਹਰਾ, ਸੁਖਦੇਵ ਅਤੇ ਹੋਰ ਸਾਥੀਆਂ ਨਾਲ਼ ਰਲ਼ ਕੇ 'ਨੌਜਵਾਨ ਭਾਰਤ ਸਭਾ' ਬਣਾ ਲਈ। ਕ੍ਰਾਂਤੀਕਾਰੀਆਂ ਵਾਸਤੇ ਇਹ ਸੰਸਥਾ ਇੱਕ ਖੁੱਲ੍ਹਾ ਅਤੇ ਜਨਤਕ ਮੰਚ ਸੀ। ਇਹ ਸੰਸਥਾ ਸਮਾਜ ਸੁਧਾਰ ਅਤੇ ਸੰਪਰਦਾਇਕ ਸਦਭਾਵਨਾਂ ਦੇ ਇੱਕ ਵਿਸ਼ਾਲ ਉਦੇਸ਼ ਨੂੰ ਪਰਨਾਈ ਹੋਈ ਸੀ। ਜਦੋਂ ਉਹ ਇਨਕਲਾਬੀ ਸਰਗਰਮੀਆਂ ਵਿੱਚ ਪੂਰੀ ਤਰ੍ਹਾਂ ਰੁੱਝਿਆ ਹੋਇਆ ਸੀ, ਤਾਂ ਉਸਨੂੰ 29 ਮਈ 1927 ਨੂੰ ਲਾਹੌਰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਅਤੇ 4 ਜੁਲਾਈ 1927 ਤੱਕ ਹਿਰਾਸਤ ਵਿੱਚ ਰੱਖਿਆ। ਫਿਰ ਉਸਦਾ ਪਿਤਾ ਸ. ਕਿਸ਼ਨ ਸਿੰਘ 60000 ਰੁਪਏ ਦਾ ਮੁਚੱਲਕਾ ਭਰ ਕੇ ਉਸਨੂੰ ਜ਼ਮਾਨਤ 'ਤੇ ਰਿਹਾ ਕਰਵਾਉਣ 'ਚ ਕਾਮਯਾਬ ਹੋ ਗਿਆ। ਭਗਤ ਸਿੰਘ ਨੂੰ, ਆਪਣੇ ਪਰਿਵਾਰ ਦੇ ਬਾਕੀ ਜੀਆਂ ਨੂੰ ਮਿਲਣ ਤੋਂ ਪਹਿਲਾਂ ਹੀ ਉਸਦੇ ਪਿਤਾ ਨੇ ਖੂੰਡੇ ਨਾਲ਼ ਕੁੱਟਿਆ ਤੇ ਉਹ ਮਸ਼ਕਰੀਆਂ ਕਰਦਾ ਅਤੇ ਦੰਦ ਕੱਢਦਾ ਰਿਹਾ। ਉਨ੍ਹਾਂ ਦਿਨਾ ਵਿੱਚ ਜ਼ਿਦੀ ਪੁੱਤਰਾਂ ਨਾਲ਼ ਅਜਿਹਾ ਵਿਹਾਰ ਆਮ ਹੁੰਦਾ ਸੀ।
ਸਾਂਡਰਸ ਦਾ ਕਤਲ
8-9 ਸਤੰਬਰ 1928 ਨੂੰ ਦਿੱਲੀ ਵਿੱਚ ਇੱਕ ਨਵੀਂ ਜਥੇਬੰਦੀ ਬਣਾਈ ਗਈ, ਜਿਸਦਾ ਨਾਂ ਹਿੰਦੋਸਤਾਨ ਸੋਸ਼ਲਿਸਟ ਰੀਪਬਲੀਕਨ ਐਸੋਸੀਏਸ਼ਨ / ਆਰਮੀ ਰੱਖਿਆ ਗਿਆ। ਇੱਕ ਇਨਕਲਾਬ ਰਾਹੀਂ ਭਾਰਤ ਨੂੰ ਸਮਾਜਵਾਦੀ ਗਣਰਾਜ ਬਣਾਉਣਾ, ਇਸਦਾ ਨਿਸ਼ਾਨਾਂ ਸੀ।ਹਿੰਦੋਸਤਾਨ ਸੋਸ਼ਲਿਸਟ ਰੀਪਬਲੀਕਨ ਐਸੋਸੀਏਸ਼ਨ ਨੇ 17 ਦਸੰਬਰ 1928 ਨੂੰ, ਸਹਾਇਕ ਪੁਲਸ ਸੁਪਰਡੈਂਟ ਜੇ.ਪੀ.ਸਾਂਡਰਸ ਨੂੰ ਮਾਰ ਕੇ, ਪਹਿਲੀ ਵੱਡੀ ਕਾਰਵਾਈ ਕੀਤੀ। ਸਾਂਡਰਸ ਦੇ ਲਾਠੀ-ਚਾਰਜ ਨਾਲ਼ ਹੀ ਲਾਲ਼ਾ ਲਾਜਪਤ ਰਾਏ ਜ਼ਖ਼ਮੀ ਹੋਏ ਸਨ, ਜਿਸ ਕਰਕੇ ਉਨ੍ਹਾਂ ਦੀ ਮੌਤ ਹੋ ਗਈ ਸੀ। ਹਿੰਦੋਸਤਾਨ ਸੋਸ਼ਲਿਸਟ ਰੀਪਬਲੀਕਨ ਐਸੋਸੀਏਸ਼ਨ ਵੱਲੋਂ ਇੱਕ ਇਸ਼ਤਿਹਾਰ ਜਾਰੀ ਕੀਤਾ ਗਿਆ, ਜਿਸ ਵਿੱਚ ਉਨ੍ਹਾਂ ਕਤਲ਼ ਦੀ ਜ਼ਿੰਮੇਵਾਰੀ ਕਬੂਲ ਕੀਤੀ ਅਤੇ ਜਿੱਥੋਂ ਤੱਕ ਸੰਭਵ ਹੋ ਸਕੇ 'ਮਨੁੱਖੀ ਖ਼ੂਨ ਵਹਾਉਣ' ਤੋਂ ਬਚਦਿਆਂ, ਇਨਕਲਾਬ ਵਿੱਚ ਆਪਣੇ ਵਿਸਵਾਸ਼ ਦਾ ਐਲਾਨ ਕੀਤਾ।
ਅਸੈਂਬਲੀ 'ਚ ਬੰਬ ਸੁੱਟਣਾ
ਤਿੰਨ ਮਹੀਨਿਆਂ ਮਗਰੋਂ 1929 ਦੇ ਸ਼ੁਰੂ ਵਿੱਚ, ਆਗਰੇ ਵਿੱਚ ਇੱਕ ਇਕੱਠ ਹੋਇਆ। 8 ਅਪ੍ਰੈਲ 1929 ਨੂੰ ਭਗਤ ਸਿੰਘ ਅਤੇ ਬੀ.ਕੇ. ਦੱਤ ਨੇ ਕੇਂਦਰੀ ਅਸੈਂਬਲੀ ਵਿੱਚ ਦੋ ਬੰਬ ਸੁੱਟੇ। ਇਹ ਬੰਬ ਕਿਸੇ ਨੂੰ ਜਾਨੀ ਨੁਕਸਾਨ ਪਹੁੰਚਾਉਣ ਦੇ ਮਕਸਦ ਨਾਲ਼ ਨਹੀਂ ਸਨ ਸੁੱਟੇ ਗਏ। ਉਨ੍ਹਾਂ ਨੇ ਪੁਲਸ ਨੂੰ ਆਪਣੀ ਗ੍ਰਿਫ਼ਤਾਰੀ ਦੇ ਦਿੱਤੀ। ਧਮਾਕੇ ਤੋਂ ਬਾਅਦ ਫਿਰ ਇਸ਼ਤਿਹਾਰ ਸੁੱਟੇ ਗਏ, ਜਿੰਨ੍ਹਾਂ ਵਿੱਚ ਇਹ ਐਲਾਨ ਸੀ ਕਿ ਇਹ ਸਿਰਫ਼ 'ਬੋਲ਼ੀ ਹਕੂਮਤ' ਦੇ ਕੰਨਾਂ ਤੱਕ ਆਪਣੀ ਅਵਾਜ਼ ਪਹੁੰਚਾਉਣ ਲਈ ਕੀਤਾ ਗਿਆ ਹੈ। ਉਨ੍ਹਾਂ ਨੇ ਮੁਕਦਮੇ ਦੌਰਾਨ ਅਦਾਲਤ ਵਿੱਚ ਇੱਕ ਲੰਮਾਂ-ਚੌੜਾ ਬਿਆਨ ਦਿੱਤਾ। ਇਸ ਵਿੱਚ ਉਨ੍ਹਾਂ ਇਨਕਲਾਬ ਅਤੇ ਧਮਾਕੇ ਤੋਂ ਬਾਅਦ ਲਾਏ ਗਏ ਨਾਹਰੇ ਇਨਕਲਾਬ ਜ਼ਿੰਦਾਬਾਦ-ਜੋ ਪੂਰੇ ਮੁਲਕ ਵਿੱਚ ਗੂੰਜ ਉੱਠਿਆ ਸੀ-ਦੇ ਸੰਕਲਪ ਨੂੰ ਬਿਆਨ ਕੀਤਾ। ਛੇਤੀ ਹੀ, ਉਸਦੇ ਜ਼ਿਆਦਾਤਰ ਸਾਥੀ ਗ੍ਰਿਫ਼ਤਾਰ ਕਰ ਲਏ ਗਏ। ਹਾਲਾਂਕਿ ਭਗਤ ਸਿੰਘ ਅਤੇ ਬੀ. ਕੇ. ਦੱਤ ਨੂੰ ਪਹਿਲਾਂ ਹੀ ਉਮਰ ਕੈਦ ਹੋ ਚੁੱਕੀ ਹੋਈ ਸੀ ਪਰ ਉਨ੍ਹਾਂ ਨੇ ਲਾਹੌਰ ਸਾਜ਼ਸ਼ ਕੇਸ ਅਧੀਨ ਆਪਣੇ ਹੋਰ ਸਾਥੀਆਂ ਸਮੇਤ ਇੱਕ ਹੋਰ ਮੁਕਦਮੇ ਦਾ ਸਾਹਮਣਾ ਵੀ ਕਰਨਾ ਸੀ।
ਜੇਲ੍ਹ ਦਾ ਸਫ਼ਰ
ਜੇਲ੍ਹ ਵਿੱਚ ਹੁੰਦਿਆਂ, ਮਾਨਵਵਾਦੀ ਵਿਹਾਰ ਨੂੰ ਆਪਣੇ ਅਧਿਕਾਰ ਵਜੋਂ ਸਿੱਧ ਕਰਨ ਵਾਸਤੇ, ਉਨ੍ਹਾਂ ਨੂੰ ਦੋ ਮਹੀਨਿਆਂ ਤੋਂ ਵੀ ਜ਼ਿਆਦਾ ਲੰਮੇ ਸਮੇਂ ਲਈ ਭੁੱਖ ਹੜਤਾਲ਼ ਕਰਨੀ ਪਈ। ਇਸ ਸੰਘਰਸ਼ ਦੌਰਾਨ, ਉਨ੍ਹਾਂ ਨੂੰ ਆਪਣੇ ਇੱਕ ਪਿਆਰੇ ਸਾਥੀ ਅਤੇ ਬੰਬ ਬਣਾਉਣ ਦੇ ਮਾਹਰ ਜਤਿਨ ਦਾਸ ਦੀ ਕੁਰਬਾਨੀ ਵੀ ਦੇਣੀ ਪਈ। ਫੇਰ ਕਿਤੇ ਜਾਕੇ, ਉਹ ਲੋਕਾਂ ਦੀ ਹਾਰਦਿਕ ਹਮਦਰਦੀ ਪ੍ਰਾਪਤ ਕਰਨ ਵਿੱਚ ਕਾਮਯਾਬ ਹੋਏ।
ਉਨ੍ਹਾਂ ਮੁਕਦਮੇ ਦਾ ਸਾਹਮਣਾ ਕੀਤਾ, ਸਗੋਂ ਇਹ ਕਹਿ ਲਵੋ ਕਿ ਇਨਕਲਾਬੀ ਨਾਹਰੇ ਮਾਰਦਿਆਂ ਉਨ੍ਹਾਂ ਮੁਕਦਮੇ ਦਾ ਅਨੰਦ ਮਾਣਿਆ। ਉਹ 'ਮਈ ਦਿਵਸ', 'ਲੈਨਿਨ ਦਿਵਸ', 'ਕਾਕੋਰੀ ਦਿਵਸ' ਅਤੇ ਇਹੋ ਜਿਹੇ ਹੋਰ ਕਈ ਸਾਰੇ 'ਦਿਵਸ' ਮਨਾ ਕੇ, ਇਸ ਮੁਕਦਮੇ ਦੇ ਜਸ਼ਨ ਮਨਾਉਂਦੇ ਸਨ। ਅਦਾਲਤੀ ਕਾਰਵਾਈਆਂ ਦੌਰਾਨ ਆਪਣੇ 'ਬਚਾਅ' ਵਿੱਚ ਉਨ੍ਹਾਂ ਦੀ ਦਿਲਚਸਪੀ ਬਹੁਤ ਘੱਟ ਸੀ, ਸਗੋਂ ਉਨ੍ਹਾਂ ਦਾ ਨਿਸ਼ਾਨਾਂ ਸਿਰਫ਼ ਇਸ ਸਾਰੇ ਮਾਮਲੇ ਨੂੰ ਇੱਕ ਡਰਾਮੇ ਵਜੋਂ ਨੰਗਾ ਕਰਨ ਦਾ ਸੀ। ਅਖੀਰ ਉਨ੍ਹਾਂ 'ਚੋਂ ਤਿੰਨਾਂ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਫ਼ਾਂਸੀ ਦੀ ਸਜ਼ਾ ਹੋਈ ਅਤੇ ਬਾਕੀਆਂ ਨੂੰ ਉਮਰ ਕੈਦ ਹੋ ਗਈ। ਮੁਕਦਮੇ ਦੇ ਫ਼ੈਸਲੇ ਦੀ ਮਿਤੀ 7 ਅਕਤੂਬਰ 1930 ਤੋਂ 23 ਮਾਰਚ 1931 ਤੱਕ, ਕੁਝ ਲੋਕ-ਹਿੱਤੂ ਦਲੇਰ ਵਕੀਲਾਂ ਦੁਆਰਾ ਭਾਰਤ ਅਤੇ ਇੰਗਲੈਂਡ ਦੀ ਪ੍ਰੀਵੀ ਕੌਂਸਲ ਵਿੱਚ ਅਨੇਕਾਂ ਅਪੀਲਾਂ ਕੀਤੀਆਂ ਗਈਆਂ। ਇਨ੍ਹਾਂ ਵਿੱਚੋਂ ਇੱਕ ਅਪੀਲ ਮੁਲਜ਼ਮਾਂ ਵੱਲੋਂ ਨਹੀਂ ਸੀ ਕੀਤੀ ਗਈ। ਇਹ ਸਾਰੀਆਂ ਅਪੀਲਾਂ ਕਾਨੂੰਨੀ ਨੁਕਤਿਆਂ 'ਤੇ ਅਧਾਰਿਤ ਸਨ।
ਫ਼ਾਂਸੀ ਦਾ ਰੱਸਾ ਚੁੰਮਣਾ
ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਨੇ 20 ਮਾਰਚ 1931 ਨੂੰ ਪੰਜਾਬ ਦੇ ਗਵਰਨਰ ਨੂੰ ਇੱਕ ਚਿੱਠੀ ਲਿਖੀ। ਇਸ ਚਿੱਠੀ ਵਿੱਚ ਉਨ੍ਹਾਂ ਬੇਨਤੀ ਕੀਤੀ ਕਿ ਉਨ੍ਹਾਂ ਨੂੰ ਫ਼ਾਂਸੀ ਲਾਉਣ ਦੀ ਬਜਾਏ ਫ਼ੌਜੀ ਦਸਤੇ ਵੱਲੋਂ ਗੋਲ਼ੀ ਨਾਲ਼ ਉਡਾਇਆ ਜਾਵੇ ਕਿਉਂਕਿ ਉਨ੍ਹਾਂ ਨੂੰ ਇੰਗਲੈਂਡ ਦੇ ਸ਼ਹਿਨਸ਼ਾਹ ਦੇ ਖ਼ਿਲਾਫ਼ 'ਜੰਗ ਛੇੜਨ' ਦੇ ਦੋਸ਼ੀ ਠਹਿਰਾਇਆ ਗਿਆ ਹੈ, ਇਸ ਕਰਕੇ ਉਹ ਜੰਗੀ ਕੈਦੀ ਹਨ। ਅਖੀਰ, ਹਕੂਮਤ ਨੇ ਉਨ੍ਹਾਂ ਨੂੰ 23 ਮਾਰਚ 1931 ਨੂੰ ਸ਼ਾਮ 7:00 ਵਜੇ (24 ਮਾਰਚ ਸੁਭਾ ਦੀ ਬਜਾਏ ) ਫ਼ਾਂਸੀ ਲਾਉਣ ਦਾ ਫ਼ੈਸਲਾ ਕਰ ਲਿਆ ਪਰ ਇਹ ਖ਼ਬਰ 24 ਮਾਰਚ ਦੀ ਸੁਭਾ ਨੂੰ ਨਸ਼ਰ ਕੀਤੀ ਜਾਣੀ ਸੀ। 23 ਮਾਰਚ ਨੂੰ, ਸ਼ਹੀਦਾਂ ਦੇ ਪਰਿਵਾਰਾਂ ਨੂੰ ਅਧਿਕਾਰੀਆਂ ਦੇ ਅੜੀਅਲ ਵਤੀਰੇ ਦੇ ਕਾਰਨ, ਆਪਣੇ ਵਿੱਛੜ ਰਹੇ ਪਿਆਰਿਆਂ ਨੂੰ ਆਖਰੀ ਵਾਰ ਮਿਲਣ ਦਾ ਮੌਕਾ ਵੀ ਨਾ ਮਿਲ ਸਕਿਆ। ਉਹ ਨਾਹਰੇ ਮਾਰਦੇ, ਦੇਸ਼-ਭਗਤੀ ਦੇ ਗੀਤ ਗਾਉਂਦੇ ਅਤੇ ਮੌਤ ਤੇ ਨਿਆਂਹੀਣ ਫ਼ੈਸਲਾ ਸੁਣਾਉਣ ਵਾਲ਼ੇ ਨਿਜ਼ਾਮ ਦਾ ਮੂੰਹ ਚਿੜਾਉਂਦੇ ਹੋਏ ਫ਼ਾਂਸੀ ਦੇ ਤਖ਼ਤੇ 'ਤੇ ਜਾ ਚੜ੍ਹੇ।
ਪ੍ਰੋ. ਮਲਵਿੰਦਰ ਜੀਤ ਸਿੰਘ ਵੜੈਚ