1947 ਹਿਜਰਤਨਾਮਾ- 15 : ਛਿੰਨੋ ਦੇਵੀ

6/2/2020 11:24:40 AM

ਸਤਵੀਰ ਸਿੰਘ ਚਾਨੀਆਂ
92569-73526

" ਮੈਂ ਛਿੰਨੋ ਦੇਵੀ ਪਤਨੀ ਸਰਬਣ ਪੁੱਤਰ ਚੰਨਾ ਪਿੰਡ ਗੜਾ (ਫਿਲੌਰ) ਜ਼ਿਲ੍ਹਾ ਜਲੰਧਰ ਤੋਂ ਬੋਲ ਦੀ ਪਈ ਆਂ। ਮੇਰਾ ਪੇਕਾ ਪਿੰਡ ਬਾਰ ਦਾ ਜ਼ਿਲ੍ਹਾ ਲਾਇਲਪੁਰ, ਤਹਿਸੀਲ ਜੜਾਂਵਾਲਾ ਵਿਚ ਸਮਰਾਏ ਜੰਡਿਆਲਾ ਸੀ। ਮੇਰੇ ਬਾਬਾ ਜੀ ਦਾ ਨਾਮ ਸੁੰਦਰ ਸੀ। ਉਨ੍ਹਾਂ ਦਾ ਭਰਾ ਸੀ ਇੰਦਰ। ਇਹ ਅੱਗੋਂ ਬਾਬਾ ਬਿਸਾਖੀ ਦੇ ਪੁੱਤਰ ਸਨ ਅਤੇ ਸੁੰਦਰ ਦੇ ਘਰ ਮੁਣਸ਼ੀ, ਖੁਸ਼ੀਆ, ਪ੍ਰੀਤਮ, ਜੀਤ ਫੌਜੀ ਅਤੇ ਧੀ ਰਲੀ ਨੇ ਜਨਮ ਲਿਆ। ਮੁਣਸ਼ੀ ਦੇ ਘਰ ਅੱਗੋਂ 6 ਪੁੱਤਰ ਤੇ 3 ਧੀਆਂ ਕਰਮਵਾਰ ਦਰਸ਼ਣ, ਮੈਂ ਛਿੰਨੋ ਦੇਵੀ, ਰਾਮ, ਭਜਨ, ਨਿੱਕੂ, ਦੇਵ, ਭਜਨੀ, ਮਿੰਦੋ, ਦੇਬੋ ਤੇ ਲਛਮਣ ਪੈਦਾ ਹੋਏ। ਸਾਡੇ ਸਾਰੇ ਭੈਣ ਭਰਾਵਾਂ ਦਾ ਜਨਮ ਉਧਰਲਾ ਬਾਰ ਦਾ ਹੀ ਹੈ। ਵੈਸੇ ਮੇਰੇ ਦਾਦਕਿਆਂ ਦਾ ਪਿਛਲਾ ਪਿੰਡ ਇਧਰ ਮਿੱਠਾ ਪੁਰ-ਜਲੰਧਰ ਹੈ। ਕੰਮੀਆਂ ਦੇ ਤੌਰ ’ਤੇ ਹੀ ਜਦ ਕਿਧਰੇ ਬਾਰਾਂ ਖੁੱਲੀਆਂ ਤਾਂ ਤਦੋਂ ਹੀ ਸਾਡੇ ਬਾਬਿਆਂ ਉਧਰ ਮੁਹਾਰ ਮੋੜੀ। ਮੇਰੇ ਨਾਨਕੇ ਵੀ ਉਧਰ 58 ਚੱਕ ਤਹਿਸੀਲ ਜੜਾਂਵਾਲਾ ’ਚ ਸਨ। ਮੇਰੇ ਮਾਮਾ ਜੀ ਫਕੀਰ ਚੰਦ ਅਤੇ ਨਾਨਾ ਗੋਂਦਾ ਰਾਮ ਦੋਹੇਂ ਮਿਲ ਕੇ ਚਮੜੇ ਦਾ ਕੰਮ ਕਰਦੇ ਸਨ। ਤਦੋਂ ਸਕੂਲ ਅਸਾਂ ਜਾਂ ਸਾਡੇ ਬਜੁਰਗਾਂ ਕਦੇ ਨਾ ਡਿੱਠਾ। ਬੱਚਿਆਂ ਜਦ ਵੀ ਕੁਝ ਹੋਸ਼ ਸੰਭਾਲੀ, ਉਦੋਂ ਹੀ ਪਸ਼ੂ ਚਾਰਨ ਤੇ ਘਰ ਦਾ ਪੀੜੀ ਦਰ ਪੀੜ੍ਹੀ ਚਮੜੇ ਦਾ ਕੰਮ ਕਰਨਾ ਹੁੰਦਾ ਅਤੇ ਜਾਂ ਫਿਰ ਲਿਹਾਜੀ ਜ਼ਿੰਮੀਦਾਰਾਂ ਦੇ ਖੇਤਾਂ ਵਿੱਚ ਕਪਾਹਾਂ ਚੁਗਣ, ਫਸਲਾਂ ਨੂੰ ਕੱਟਣ ਜਾਂ ਗਾਹੁਣਾ ਦਾ ਕੰਮ ਕਰਨਾ ਪੈਂਦਾ। ਸਾਡਾ ਜ਼ਿਆਦਾ ਲਿਹਾਜ ਜਵਾਲਾ ਸਿੰਘ, ਜੀਤਾ ਸਿੰਘ ਪੁੱਤਰ ਦਰਸ਼ਣ ਸਿੰਘ ਜੌਹਲ, ਕਰਨੈਲ ਸਿੰਘ, ਬਿੱਕਰ ਸਿੰਘ ਜੌਹਲ ਲੰਬੜਦਾਰ (ਪਿੱਛੋਂ ਜੰਡਿਆਲਾ ਮੰਜਕੀ) ਵਗੈਰਾ ਨਾਲ ਸੀ। ਇਨ੍ਹਾਂ ਉਪਰੋਕਤ ’ਚੋਂ ਦਰਸ਼ਣ ਸਿੰਘ ਦੇ ਟੱਬਰ ਨੂੰ ਫਿਲੌਰ ’ਚ ਜ਼ਮੀਨ ਅਲਾਟ ਹੋਈ ਸੀ, ਜੋ ਕਿ ਹੁਣ ਕੈਨੇਡਾ ਵਿੱਚ ਰਹਿੰਦੇ ਹਨ।

ਉਦੋਂ ਲੱਕੜ ਦੇ ਪਹੀਆਂ ਵਾਲੇ ਗੱਡੇ ਹੁੰਦੇ ਸੀ, ਉਨ੍ਹਾਂ ’ਤੇ ਹੀ ਜ਼ਿੰਮੀਦਾਰ ਤਬਕੇ ਦੇ ਲੋਕ ਨਰਮਾ, ਕਣਕ, ਸਰੋਂ ਵਗੈਰਾ ਲੱਦ ਕੇ ਜੜਾਂਵਾਲਾ ਮੰਡੀ ’ਚ ਵੇਚ ਕੇ ਆਉਂਦੇ। ਗੁਆਂਢੀ ਪਿੰਡਾਂ ’ਚ ਕੇਵਲ ਦੋ ਪਿੰਡਾਂ ਦਾ ਨਾਮ ਮੈਨੂੰ ਯਾਦ ਹੈ ਪਠਾਣ ਵਾਲਾ ਅਤੇ ਗੱਬੀਆਂ ਵਾਲਾ। ਘਰੇਲੂ ਸਾਮਾਨ ਦੀ ਖਰੀਦ ਵੇਚ ਲਈ ਜੜਾਂਵਾਲਾ ਬਾਜ਼ਾਰ ਹੀ ਜਾਂਦੇ। ਰਿਸ਼ਤੇ ਨਾਤੇਦਾਰੀ ’ਚ ਜਾਣਾ ਹੁੰਦਾ ਤਾਂ ਜੜਾਂਵਾਲਾ ਸਟੇਸ਼ਨ ਤੋਂ ਹੀ ਗੱਡੀ ਚੜ੍ਹਦੇ। ਇਕ ਸਿੱਖ ’ਤੇ ਇਕ ਹੋਰ ਮੁਸਲਮਾਨ ਜੱਗੂ ਨਾਮੇ ਤਰਖਾਣ-ਲੁਹਾਰਾ ਕੰਮ ਕਰਦੇ ਸਨ, ਸਿੱਖ ਮਿਸਤਰੀ ਦਾ ਨਾਮ ਯਾਦ ਨਹੀਂ ਪਰ ਉਹਦੀ ਧੀ ਬਾਰਾਂ ਮੇਰੀ ਸਹੇਲੀ ਸੀ। ਉਹ ਰੌਲਿਆਂ ਤੋਂ ਪਹਿਲਾਂ ਹੀ ਪਿੰਡ ਹਰੀਪੁਰ (ਨਕੋਦਰ) ਵਿਆਹੀ ਗਈ ਸੀ। ਇਕ ਬੀਬੀ ਪੁੰਨਾ ਸੀ, ਰਾਜੂ ਦੇ ਘਰੋਂ, ਪਿਸ਼ੌਰੇ ਦੀ ਧੀ ਸੀ, ਉਹ। ਇਹ ਮੀਆਂ ਬੀਵੀ ਕਪੜੇ ਸਿਊਣ ਦਾ ਕੰਮ ਕਰਦੇ ਸਨ। ਪੁੰਨਾ ਦਾ ਭਰਾ ਸੀ ਮਿਹਰ ਦੀਨ ਇਹ ਪਿਉ ਪੁੱਤਰ ਪਿੰਡ ’ਚ ਗਾਉਣ ਵਜੌਣ ਦਾ ਕੰਮ ਕਰਦੇ ਸਨ। ਮਰਾਸੀ ਜਾਤ ਸੀ, ਉਨ੍ਹਾਂ ਦੀ। ਪੁੰਨਾ ਅਤੇ ਰਾਜੂ ਵੰਡ ਤੋਂ ਕੋਈ 20-25 ਵਰ੍ਹੇ ਬਾਅਦ ਜੌਹਲ ਪਰਿਵਾਰ ਨੂੰ ਫਿਲੌਰ ਵਿਖੇ ਮਿਲਣ ਵੀ ਆਏ।

1944 ਵਿੱਚ ਮੇਰੀ ਸ਼ਾਦੀ ਓਧਰ ਹੀ ਲਾਇਲਪੁਰ ਦੇ ਪਿੰਡ ਰੁੜਕਾ ਦੇ ਭੈਰੋਂ ਗੋਤੀਏ ਚੰਨਾ ਰਾਮ ਦੇ ਪੁੱਤਰ ਸਰਬਣ ਨਾਲ ਹੋਈ। ਇਹ ਵੀ ਚਮੜੇ ਦਾ ਕੰਮ ਕਰਦੇ ਸਨ। ਮੇਰੇ ਨਾਨੇ ਦਾ ਭਰਾ ਰਾਮ ਚੰਦ ਸਾਡਾ ਵਿਚੋਲਾ ਬਣਿਆਂ। ਤਿੰਨ ਦਿਨ ਬਰਾਤ ਪਿੰਡ ਰਹੀ। ਮੇਰਾ ਸਹੁਰਾ ਤੇ ਉਹਦਾ ਭਰਾ ਮੱਘਰ ਪਿੰਡ ਦੇ ਚੌਧਰੀਆਂ ਵਿਚ ਸ਼ਾਮਲ ਸਨ ਤੇ ਸੱਸ ਸਾਡੇ ਸਾਰੇ ਕੁਨਬੇ ਦੀ ਪ੍ਰਧਾਨ। ਮੇਰੀਆਂ ਯਾਦਾਂ ਬਹੁਤੀਆਂ ਪੇਕਾ ਪਿੰਡ ਜੰਡਿਆਲਾ ਸਮਰਾਏ ਦੀਆਂ ਹੀ ਹਨ ਅਤੇ ਕੁਝ ਨਾਨਕਾ ਪਿੰਡ 58 ਚੱਕ ਦੀਆਂ। ਸਹੁਰੇ ਘਰ ਰੁੜਕੇ ਅਸੀਂ ਘਰੋਂ ਬਾਹਰ ਘੱਟ ਹੀ ਨਿੱਕਲੀਆਂ।

PunjabKesari

ਸਾਡੇ ਪਿੰਡਾਂ ਵੱਲ ਹੱਲਿਆਂ ਦੀ ਸ਼ੁਰੂਆਤ ਮੇਰੇ ਨਾਨਕੇ ਪਿੰਡ 58 ਚੱਕ ਵੰਨੀਓਂ ਹੋਈ। ਨਾਨਾ ਜੀ ਸਵੇਰ ਦੀ ਰੋਟੀ ਪਏ ਖਾਣ। ਨਾਨੀ ਨੂੰ ਹੋਰ ਰੋਟੀ ਲਿਆਉਣ ਲਈ ਕਹਿਓਸ । ਤਾਂ ਨਾਨੀ ਨੇ ਬਾਹਰਵਾਰ ਰੌਲੇ-ਰੱਪਾ ਦੀ ਆਵਾਜ਼ ਸੁਣਦਿਆਂ, ਆਉਂਦੀ ਹਾਂ ਕਹਿ ਕੇ ਬਾਹਰ ਵੱਲ ਭੱਜੀ। ਮੋਹਰਿਓਂ ਕਾਹਲੇ ਕਦਮੀਂ ਹਫਿਆ ਹੋਇਆ ਮੇਰਾ ਮਾਮਾ ਪਿਆ ਆਏ। ਉਸ ਨੇ ਨਾਨੀ ਨੂੰ ਵਾਪਸ ਘਰ ਭੱਜ ਜਾਣ ਲਈ ਦੁਹਾਈ ਦਿੱਤੀ । ਮੇਰੇ ਨਾਨੇ ਦਾ ਭਰਾ ਗੇਂਦਾ ਰਾਮ ਜੋ ਅੱਖੋਂ ਅੰਨਾ ਸੀ ਉਹ ਵੀ ਡਰਿਆ ਹੋਇਆ ਕਾਹਲੇ ਕਦਮੀ ਘਰ ਆਇਆ। ਉਸ ਜੋ ਬਾਹਰ ਸੁਣੀ ਸੋ ਕਹਿ ਸੁਣਾਈ। ਅਲੀ ਅਲੀ ਕਰਦਾ ਇਕ ਮੁਸਲਿਮ ਹਜੂਮ ਬਾਹਰੋਂ ਆਣ ਪਿਆ। ਇਸ ਪਿੰਡ ਵਿੱਚ ਬਹੁ ਵਸੋਂ ਕੰਬੋਜ ਸਿੱਖ ਸਰਦਾਰਾਂ ਦੀ ਸੀ। ਗੁਰਦੁਆਰਾ ’ਚ ਜ਼ਿੰਮੀਦਾਰਾਂ ਦਾ ਵੀ 'ਕੱਠ ਹੋਇਆ। ਬੋਲਿ ਸੋ ਨਿਹਾਲ ਦੇ ਜੈਕਾਰੇ ਗੂੰਜੇ। ਗੋਲੀ ਚੱਲੀ। ਕਈ ਸਿੱਖ ਸਰਦਾਰਾਂ ਦੀਆਂ ਜਵਾਨ ਬਹੂ ਬੇਟੀਆਂ ਨੇ ਕਾਹਲੀ ਚ ਆਪਣੀ ਇਜਤ ਬਚਾਉਣ ਖਾਤਰ ਖੂਹਾਂ ਚ ਛਾਲਾਂ ਮਾਰ ਦਿੱਤੀਆਂ।

ਮੇਰਾ ਨਾਨਕਾ ਪਰਿਵਾਰ ਗਹਿਣਾ-ਗੱਟਾ ਚੁੱਕ ਕੇ ਮੇਰੇ ਸਹੁਰੇ ਪਿੰਡ ਰੁੜਕਾ ਦੀ ਤਰਫ ਭੱਜ ਖੜਿਆ। ਪਿੰਡ ਦੇ ਬਾਹਰ ਖਤਰਾ ਜਾਣ ਕਮਾਦ ਵਿਚ ਜਾ ਵੜੇ। ਬਾਹਰ ਤਾਂ ਦੰਗਈ ਫਿਰਨ ਤੇ ਕਮਾਦ ’ਚ ਮਾਮੇ ਦੀ ਛੋਟੀ ਬੇਟੀ ਰੋਈ ਜਾਵੇ। ਮਾਮੇ ਨੇ ਸਬੀਲ ਕੀਤੀ ਕਿ ਇਹ ਤਾਂ ਸਾਰੇ ਟੱਬਰ ਨੂੰ ਮਰਵਾਏ ਗੀ, ਇਸਦਾ ਗਲਾ ਘੁੱਟ ਦਿੱਤਾ ਜਾਏ। ਗੁਰ ਵਾਕ ਹੈ 'ਜਿਸ ਦਾ ਸਾਹਿਬ ਹੋਏ ਡਾਹਢਾ ਉਸੇ ਮਾਰ ਸਕੇ ਨਾ ਕੋਇ'। ਮਾਮੀ ਨੇ ਉਸ ਲੜਕੀ ਨੂੰ ਦੁੱਧ ਚੁੰਘਾਉਣਾ ਸ਼ੁਰੂ ਕੀਤਾ ਤਾਂ ਉਹ ਚੁੱਪ ਕਰ ਰਹੀ। ਰੋਂਦੀ ਬੱਚੀ ਦੀ ਆਵਾਜ ਦੰਗਈਆਂ ਨੇ ਸੁਣ ਲਈ ਸੀ ਸ਼ੈਦ। ਉਨ੍ਹਾਂ ਕਮਾਦ ਵੱਲ ਗੋਲੀਆਂ ਚਲਾਈਆਂ।
ਇਕ ਗੋਲੀ ਮੇਰੀ ਨਾਨੀ ਦੇ ਪੱਟ ਵਿਚ ਲੱਗੀ। ਪਰ ਉਨ੍ਹਾਂ ਸੀ ਨਾ ਕੀਤੀ ਉਵੇਂ ਸ਼ਹਿ ਕੇ ਬੈਠੇ ਰਹੇ। ਦੰਗਈਆਂ ਦੇ ਜਾਣ ਤੋਂ ਬਾਅਦ ਉਹ ਸਾਰਾ ਪਰਿਵਾਰ ਰੁੜਕਾ ਦੀ ਤਰਫ ਅੱਗੇ ਵਧਿਆ ਤਾਂ ਖਾਲ ਟੱਪਣ ਲੱਗਿਆਂ ਨਾਨੀ ਵਿਚ ਡਿੱਗ ਗਈ। ਨਾਨੀ ਦੀ ਇਕ ਤਾਂ ਦੇਹ ਕੁਝ  ਭਾਰੀ ਸੀ ਤੇ ਦੂਜਾ ਗੋਲੀ ਲੱਗਣ ਨਾਲ ਖੂਨ ਵੀ ਕਾਫੀ ਬਹਿ ਗਿਆ ਸੀ। ਅਖੀਰ ਮੇਰੇ ਨਾਨਾ ਜੀ ਨੇ ਰੁੜਕੇ ਮੇਰੇ ਸਹੁਰੇ ਨੂੰ ਇਕ ਜਾਣੂੰ ਰਾਹਗੀਰ  ਦੇ ਹੱਥ ਸੁਨੇਹਾ ਭੇਜਿਆ ਕਿ ਉਹ ਮੰਜਾ ਲੈ ਕੇ ਆਏ। ਸੁਨੇਹਾਂ ਮਿਲਦਿਆਂ ਮੇਰਾ ਸਹੁਰਾ ਖਤਰੇ ਦੀ ਪਰਵਾਹ ਨਾ ਕਰਦਿਆਂ 3-4 ਹੋਰ ਬੰਦਿਆਂ ਨਾਲ ਮੰਜਾ ਲੈ, ਆ ਹਾਜ਼ਰ ਹੋਇਆ ਤੇ ਉਹ ਨਾਨੀ ਨੂੰ ਮੰਜੇ ਤੇ ਪਾ ਕੇ ਰੁੜਕੇ ਲੈ ਗਏ ।

ਰੌਲਿਆਂ ਵੇਲੇ ਮੈਂ ਆਪਣੇ ਪੇਕੇ ਪਿੰਡ ਸਮਰਾਏ ਜੰਡਿਆਲਾ ਸੀ। ਰੌਲੇ ਥੰਮ੍ਹਦੇ ਨਾ ਦੇਖਕੇ ਮੇਰਾ ਬਾਪ ਮੇਰੇ ਦੋ ਹੋਰ ਚਾਚਿਆਂ ਨੂੰ ਨਾਲ ਲੈ ਕੇ ਮੈਨੂੰ ਮੇਰੇ ਸਹੁਰੇ ਪਿੰਡ ਰੁੜਕਾ ਛੱਡ ਗਏ। ਮਹੌਲ ਹੁਣ ਕਾਫੀ ਖਰਾਬ ਹੋ ਗਿਆ ਸੀ। ਡੋਗਰਾ ਫੌਜ ਵੀ ਪਿੰਡਾਂ ’ਚ ਮਾਰਚ ਕਰਦੀ ਫਿਰਦੀ। ਲੋਕਾਂ ਨੂੰ ਜੜਾਂਵਾਲਾ ਕੈਂਪ ਚ ਜਾਣ ਲਈ ਕਹਿੰਦੀ। ਰੁੜਕੇ ਵਾਲੇ ਬਜੁਰਗਾਂ ਮਿਲ ਕੇ ਸਬੀਲ ਬਣਾਈ ਕਿ ਮੁਸਲਮਾਨਾਂ ਦਾ ਜੋਰ ਹੈ ਸੋ ਪਿੰਡ ਛੱਡਣ ’ਚ ਹੀ ਭਲਾ ਹੈ। ਬਈ ਜੇ ਟਿਕ ਟਕਾ ਹੋਇਆ ਤਾਂ ਮੁੜ ਆਵਾਂਗੇ। ਹੁਣ ਤੇ ਜਾਨਾਂ ਬਚਾਈਏ। ਦੂਜੇ ਦਿਨ ਦੁਪਹਿਰ ਸਮੇਂ ਮੁੜ ਡੋਗਰਾ ਮਿਲਟਰੀ ਨੇ ਆ ਕੇ ਹਿੰਦੂ ਸਿੱਖਾਂ ਨੂੰ ਫਟਾਫਟ ਜੜਾਂਵਾਲਾ ਕੈਂਪ ਲਈ ਚੱਲਣ ਲਈ ਹੁਕਮ ਕੀਤਾ। ਪਿੰਡ ਦੇ ਬਾਹਰ ਚੌਰਾਹੇ ’ਚ ਹਿੰਦੂ ਸਿੱਖ ਸੱਭ 'ਕੱਠੇ ਹੋਏ। ਕੁਝ ਖਾਣ ਪੀਣ ਦਾ ਸਮਾਨ ਤੇ ਕੁਝ ਗਹਿਣਾ ਗੱਟਾ ਜੋ ਵੀ ਸੌਖਾ ਚੁੱਕ ਹੋਇਆ ਗਠੜੀਆਂ ਬੰਨ੍ਹ ਲਈਆਂ।ਕਈਆਂ ਚੰਗੇ ਪਸ਼ੂ ਨਾਲ ਹੱਕ ਲਏ। ਬਾਕੀ ਮਾਲ ਡੰਗਰ ਮੁਸਲਮਾਨਾਂ ਲਈ ਛੱਡ ਆਏ। ਢਲਦੀ ਦੁਪਹਿਰ ਨੂੰ ਭਰੇ ਮੰਨ ਨਾਲ ਦਿਲ ’ਤੇ ਪੱਥਰ ਰੱਖ ਕੇ ਕਾਫਲੇ ਨੇ ਪਿੰਡ ਨੂੰ ਅਲਵਿਦਾ ਕਹਿ ਜੜਾਂਵਾਲਾ ਲਈ ਚਾਲੇ ਪਾਏ। ਕਈ ਗੁਆਂਢੀ ਤੇ ਲਿਹਾਜੀ ਮੁਹੰਮਦਾਂ ਨੇ ਧਾਹਾਂ ਮਾਰਦਿਆਂ ਕਾਫਲੇ ਨੂੰ ਵਿਦਾ ਕੀਤਾ।

ਨਾਨਕੇ ਪਿੰਡ ਵਾਂਗ ਮੁੜ-ਮੁੜ ਪਿੰਡ ਨੂੰ ਨੀਝ ਲਾ ਲਾ ਤੱਕਿਆ। ਬੀਮਾਰ, ਬੁੱਢੇ ਅਤੇ ਬੱਚੇ ਗੱਡਿਆਂ ’ਤੇ ਬਾਕੀ ਤੁਰ ਕੇ। ਕੁਝ ਮਿਲਟਰੀ ਦੀ ਲਾਰੀ ਵਿਚ ਵੀ ਚੜ੍ਹ ਗਏ। ਫਲਾਈ ਵਾਲਾ, ਲਹੁਕੇ ਹੁੰਦੇ ਹੋਏ ਰਾਤ ਨੂੰ ਜੜਾਂਵਾਲਾ ਕੈਂਪ ’ਚ ਪਹੁੰਚੇ। ਮੀਂਹ ਵੀ ਪਿਆ ਵਰੇ। ਬੁਰੇ ਹਾਲ ’ਤੇ ਬੌਂਕੇ ਦਿਹਾੜੇ। ਕੈਂਪ ਵਿੱਚ 3-4 ਦਿਨ ਇਵੇਂ ਦੁਸ਼ਵਾਰੀਆਂ ਝਲਦਿਆਂ ਲੰਘੇ। ਇਕ ਰਾਤ ਫੌਜ ਦਾ ਹੁਕਮ ਹੋਇਆ ਕਿ ਸਵੇਰ ਕੂਚ ਕਰਨਾ ਹੈ। ਸੱਭ ਆਪਣੀ ਤਿਆਰੀ ਖਿਚ ਲਵੋ। ਸਵੇਰ 11 ਕੁ ਵਜੇ 2-3 ਹਜ਼ਾਰ ਗੱਡਿਆਂ ਦਾ ਕਾਫਲਾ ਬੱਲੋ ਕੀ ਹੈੱਡ ਲਈ ਤੁਰਿਆ। ਰਸਤੇ ਵਿੱਚ ਸਿਸਕਦੀਆਂ ਰੂਹਾਂ ਦੇ ਬੜੇ ਭਿਆਨਕ ਮੰਜਰ ਦੇਖੇ। ਕਿਧਰੇ ਦਾਣੇ ਭੁਨਾ ਖਾਈਏ ਅਤੇ ਕਿਧਰੇ ਦਰੱਖਤਾਂ ਦੇ ਪੱਤੇ ’ਤੇ ਕਈ ਦਫਾ ਲਹੂ ਮਿਲਿਆ ਪਾਣੀ ਪੀਣਾ ਪਿਆ। ਆਲੇ-ਦੁਆਲੇ ਟੋਏ ਟਿੱਬਿਆਂ ਵਿਚ ਮਰੇ ਹੋਏ ਪਸ਼ੂ ਅਤੇ ਮਨੁਖੀ ਲਾਸ਼ਾਂ ਮੁਸ਼ਕ ਪਈਆਂ ਮਾਰਨ, ਜਿਸ ਵਜਾ-ਵਬਾ ਵੀ ਫੈਲੀ ਹੋਈ ਸੀ। ਕਈ ਬੁੱਢੇ ਠੇਰੇ, ਬੀਮਾਰ ਅਤੇ ਬੱਚੇ ਇਸ ਦੀ ਭੇਟ ਚੜ੍ਹ ਗਏ, ਜੋ ਮਰਦਾ ਉਹਨੂੰ ਉਥੇ ਹੀ ਟੋਆ ਪੁੱਟਕੇ ਦੱਬ ਦਿੱਤਾ ਜਾਂਦਾ।

ਬੱਲੋ ਕੀ ਹੈੱਡ ਤੋਂ ਇਕ ਪਿੰਡ ਪਹਿਲਾਂ ਹੀ ਪੈਂਦੇ ਪਿੰਡੋਂ, ਕਾਫਲੇ ’ਚੋਂ ਕੁਝ ਬੰਦੇ ਜਿਨ੍ਹਾਂ ਵਿੱਚ ਸਮਰਾਏ ਜੰਡਿਆਲਾ ਦੇ ਕਰਤਾਰ ਸਿੰਘ, ਉਹਦਾ ਮੁੰਡਾ ਸੀਸ਼ਾ, ਮੋਹਣ ਸਿੰਘ, ਦਾਦੂ ਰਾਮ ਆਦਿ ਧਰਮੀ, ਝੀਰਾਂ ਦਾ ਮਹਾਂ ਸਿੰਘ ਅਤੇ ਮੇਰੇ ਚਾਚੇ ਤੂੜੀ/ਚਾਰਾ ਲੈਣ ਗਏ ਤਾਂ ਦੰਗਈ ਚੋਬਰਾਂ ਉਨ੍ਹਾਂ ’ਤੇ ਹੱਲਾ ਬੋਲਤਾ। ਮੇਰੇ ਚਾਚਿਆਂ ਤਾਂ ਕਪਾਹ ਵਿਚ ਲੰਮੇ ਪੈ ਕੇ ਜਾਨਾਂ ਬਚਾਅ ਲਈਆਂ ਪਰ ਬਾਕੀਆਂ ’ਚੋਂ ਕੋਈ ਮੁੜ ਨਾ ਬਹੁੜਿਆ। ਤੰਗ ਆਇਆਂ ਮੱਝ ਦਾ ਸੰਗਲ ਇਕ ਮੁਸਲਿਮ ਬਜ਼ੁਰਗ ਨੂੰ ਫੜਾ ਤਾਂ। ਰਾਹ ’ਚ ਡਾਹਢੇ ਹੀ ਦੁੱਖ ਅਤੇ ਫਾਕੇ ਝੱਲੇ। ਘਰੋਂ ਖਾਣ ਯੋਗ ਨਾਲ ਲਿਆਂਦਾ ਨਿੱਕ ਸੁੱਕ ਵੀ ਮੁੱਕ ਗਿਆ। ਮਿਲਟਰੀ ਵਾਲਿਆਂ ਪਾਸ ਜੋ ਪਹੁੰਚਦਾ ਉਹ ਵੀ ਥੋੜਾ-ਥੋੜਾ ਵੰਡ ਦਿੰਦੇ। ਬੱਲੋ ਕੀ ਹੈੱਡ ਤੋਂ ਉਰਾਰ ਹੁੰਦਿਆਂ ਕਸੂਰ-ਖੇਮਕਰਨ-ਪੱਟੀ ਤੇ ਫਿਰ ਅੰਬਰਸਰ ਕੈਂਪ ਵਿੱਚ ਪਹੁੰਚੇ। ਕੁਝ ਕੁ ਦਿਨ ਰੁਕਣ ਉਪਰੰਤ ਅੰਬਰਸਰ ਸਟੇਸ਼ਨ ਤੋਂ ਗੱਡੀ ਦੀਆਂ ਛੱਤਾਂ ’ਤੇ ਬੈਠ ਕੇ ਫਗਵਾੜਾ ਆਣ ਉਤਾਰੇ ਕੀਤੇ।

ਫਗਵਾੜਾ ਦੇ ਬਾਹਰ ਬਾਰ ਹੁਸ਼ਿਆਰਪੁਰ ਰੋਡ ਤੇ ਸਾਨੂੰ ਤੁਰੇ ਜਾਂਦਿਆਂ ਕਿਸੇ ਦੱਸ ਪਾਈ ਕਿ ਨਜਦੀਕ ਇਕ ਮੁਸਲਿਮ ਪਰਿਵਾਰ ਦਾ ਮਕਾਨ ਖਾਲੀ ਪਿਆ ਹੈ। ਅਸਾਂ ਉਹ ਮਕਾਨ ਜਾ ਮੱਲਿਆ। ਹਫਤਾ ਕੁ ਠਹਿਰਾ ਉਪਰੰਤ ਅਸੀਂ ਮੁੜ ਟਰੱਕ ’ਤੇ ਸਵਾਰ ਹੋ ਕੇ ਮਾਹਿਲਪੁਰ ਨਜ਼ਦੀਕ ਪੈਂਦੇ ਸਹੁਰਿਆਂ ਦੇ ਪਿਛਲੇ ਜੱਦੀ ਪਿੰਡ ਚੱਬੇਵਾਲ ਪਹੁੰਚੇ। ਦਾਦੀ ਸੱਸ ਨੇ ਅਸੀਸਾਂ ਦੀਆਂ ਬੋਰੀਆਂ ਭਰ ਭਰ ਬਾਰੀਆਂ। ਸਾਰੇ ਮੁਹੱਲੇ ’ਚ ਪਤਾਸੇ ਵੰਡ-ਵੰਡ ਵਾਹਿਗੁਰੂ ਜੀ ਦਾ ਸ਼ੁਕਰਾਨਾ ਕੀਤਾ। 
     
ਇਥੇ ਮੈਨੂੰ ਸ਼ਹੀਦ ਭਗਤ ਸਿੰਘ ਦੇ ਪਰਿਵਾਰ ਨਾਲ ਸਬੰਧਤ ਇਕ ਵਾਕਿਆ ਯਾਦ ਆ ਰਿਹਾ ਹੈ। ਮੇਰੀਆਂ ਬਹੁਤੀਆਂ ਯਾਦਾਂ ਬਾਰ ਦੇ ਪੇਕੇ ਪਿੰਡ ਸਮਰਾਏ ਜੰਡਿਆਲਾ ਦੀਆਂ ਹੀ ਹਨ। ਇਥੋਂ ਨਜਦੀਕ ਹੀ ਪੈਂਦਾ ਸੀ, ਸ਼ਹੀਦ ਭਗਤ ਸਿੰਘ ਦਾ ਚੱਕ ਬੰਗਾ। ਚੱਕ ਬੰਗਾ ਉਸ ਦੇ ਸ਼ਹੀਦੀ ਮੇਲੇ ’ਤੇ ਕਰੀਬ ਹਰ ਸਾਲ ਹੀ ਜਾਇਆ ਕਰਦੇ ਸਾਂ। ਬਹੁਤੀ ਰੌਣਕ ਜੁੜਦੀ ਸੀ। ਕਾਮਰੇਡ ਰੋਹ ਭਰੀਆਂ ਤਕਰੀਰਾਂ ਕਰਦੇ। ਭਗਤ ਸਿੰਘ ਦੇ ਸਕੇ ਤਾਇਆ ਜੀ ਦੀ ਲੜਕੀ ਨਸੀਬ ਕੌਰ ਓਧਰਲੇ ਸਮਰਾਏ ਜੰਡਿਆਲਾ ਵਿੱਚ ਜੌਹਲ ਗੋਤੀਏ ਚੰਨਣ ਸਿੰਘ ਪੁੱਤਰ ਗੁਰਦੇਵ ਸਿੰਘ ਨੂੰ ਵਿਆਹੀ। ਉਹਦੀ ਸੱਸ ਦਾ ਨਾਮ ਸੀ ਬਸੰਤ ਕੌਰ। ਨਸੀਬ ਕੌਰ ਦੇ ਘਰ 3 ਮੁੰਡੇ ਤੇ ਇਕ ਧੀ ਭਜੋ ਪੈਦਾ ਹੋਈ। ਜੋ ਕਰੀਬ ਮੇਰੀ ਹੀ ਹਾਣੀ ਸੀ। ਦੈਵਨੇਤ ਨਸੀਬ ਕੌਰ ਦੇ ਤਿੰਨੋਂ ਮੁੰਡੇ ਮਾਤਾ ਨਿਕਲਣ ਨਾਲ ਅੱਗੜ ਪਿੱਛੜ ਮਰ ਗਏ। ਨਸੀਬ ਕੌਰ ਦਾ ਕੋਈ ਹੋਰ ਦੇਰ ਜੇਠ ਵੀ ਨਹੀਂ ਸੀ। ਸ਼ਰੀਕ ਨੇ ਨਸੀਬ ਕੌਰ ਨੂੰ ਕਿਸੇ ਗੱਲੋਂ ਮੇਹਣਾ ਮਾਰਿਆ ਕਿ ਜੋ ਕਰਨੈ ਕਰੀ ਚੱਲ ਅਗਲਾ ਵਾਰਸ ਨਾ ਹੋਣ ਕਾਰਨ ਆਖਿਰ ਤੇਰੀ ਜ਼ਮੀਨ ਤਾਂ ਅਸੀਂ ਹੀ ਸਾਭਾਂਗੇ। ਸ਼ਰੀਕ ਦੇ ਇਹ ਬੋਲ ਨਸੀਬ ਕੌਰ ਦੇ ਦਿਲ ’ਚ ਛੇਕ ਕਰ ਗਏ। ਤੇ ਫਿਰ ਉਹ ਚੈਨ ਨਾਲ ਨਾ ਬੈਠੀ। ਸੱਸ ਤਾਂ ਉਹਦੀ ਪਹਿਲੇ ਹੀ ਮਰ ਚੁੱਕੀ ਸੀ। ਸਹੁਰੇ ਨਾਲ ਲੰਬੀ ਚਰਚਾ ਤੋਂ ਬਾਅਦ ਸਹੁਰੇ ਨੂੰ ਦੂਜਾ ਵਿਆਹ ਕਰਵਾਉਣ ਲਈ ਰਾਜੀ ਕਰ ਲਿਆ। ਅਗਲੇ ਵਰ੍ਹੇ ਹੀ ਉਸਦਾ ਸਹੁਰਾ ਲਾਗਲੇ ਪਿੰਡ ਧਾਂਦਰਾ ਤੋਂ ਭਾਨੋ ਨੂੰ ਵਿਆਹ ਲਿਆਇਆ । ਅਗਲੇ ਸਾਲ, ਉਸ ਘਰ ਮੁੰਡਾ ਹੋਇਆ ਜਿਹਦਾ ਨਾਮ ਮਹਿੰਗਾ ਰੱਖਿਆ। ਅਸੀਂ ਲੋਹੜੀ ਮੰਗਣ ਗਏ ਤਾਂ ਸਾਨੂੰ ਲੱਡੂਆਂ ਦਾ ਥਾਲ ਅਤੇ  ਇਕ ਕਣਕ ਦੀ ਪੂਰੀ ਭਰੀ ਸਿਊਂਤੀ ਬੋਰੀ ਵਧਾਈ ਦੀ ਦਿੱਤੀ। ਉਸ ਦੇ ਉਪਰੋ ਥਲੀ 3 ਹੋਰ ਮੁੰਡੇ ਕਰਮਵਾਰ ਕੁੱਕੂ, ਰਾਣਾ ਅਤੇ ਭਜੀ ਹੋਏ। ਜੋ ਕਿ ਬਾਰ ਉਪਰੰਤ ਤਲਵਣ ਤੇ ਹੁਣ ਫਿਲੌਰ (ਜਲੰਧਰ) ਵਿਚ ਆਬਾਦ ਹਨ। ਇਸ ਤਰਾਂ ਨਸੀਬ ਕੌਰ ਨੇ ਸ਼ਰੀਕ ਦੇ ਬੋਲ ਦਾ ਮੋੜ ਦੇ ਦਿੱਤਾ।

PunjabKesari

ਰੌਲਿਆਂ ਤੋਂ ਬਾਅਦ ਕੋਈ 10-12 ਸਾਲ ਅਸੀਂ ਚੱਬੇਵਾਲ ਰਹੇ ਤੇ ਫਿਰ ਅੰਨ ਪਾਣੀ ਗੜ੍ਹਾ (ਫਿਲੌਰ) ਖਿੱਚ ਲਿਆਇਆ। ਮੇਰੇ ਘਰ 5 ਪੁੱਤਰ ਹੰਸ ਰਾਜ, ਸੋਹਣ, ਮੋਹਣ, ਬਿੱਲਾ, ਸ਼ਿੰਦਰਪਾਲ ਅਤੇ ਧੀ ਸ਼ੀਲਾ ਦੇਵੀ ਪੈਦਾ ਹੋਈਆਂ। ਜੋ ਸਾਰੇ ਆਪਣੇ ਕੰਮ ਧੰਦਿਆਂ ਵਿਚ ਲੱਗੇ ਹੋਏ ਨੇ। ਘਰ ਵਾਲਾ ਤਾਂ ਕੁਝ ਕੁ ਵਰੇ ਪਹਿਲਾਂ ਰੱਬ ਨੂੰ ਪਿਆਰਾ ਹੋ ਗਿਐ ਮੈਂ ਇਸ ਸਮੇਂ ਆਪਣੇ ਜੇਠਾ ਪੁੱਤਰ ਹੰਸ ਰਾਜ-ਪਰਧਾਨ ਅਤੇ ਪੁੱਤ ਪੋਤਿਆਂ ਨਾਲ ਰਹਿ ਕੇ ਜ਼ਿੰਦਗੀ ਦਾ ਪਿਛਲਾ ਪਹਿਰ ਹੰਢਾਅ ਰਹੀ ਆਂ। ਵੰਡ ਦਾ ਸਦਮਾ ਤੇ ਹੈ ਪਰ ਇਸ ਤੋਂ ਵੱਡਾ ਸਦਮਾ ਉਸ ਵੇਲੇ ਹਕੂਮਤ ਦੀ ਨਾ ਅਹਿਲੀਅਤ ਕਾਰਨ ਹੋਈ ਭਾਰੀ ਕਤਲੋ ਗਾਰਤ ਅਤੇ ਤਬਾਹੀ ਤੋਂ ਹੈ। ਅੱਜ ਵੀ ਉਹ ਵੇਲਾ ਯਾਦ ਆਉਂਦਾ ਹੈ ਤਾਂ ਘਬਰਾਹਟ ਅਤੇ ਸਹਿਮ ਨਾਲ ਲੂੰ ਕੰਢੇ ਖੜੇ ਹੋ ਜਾਂਦੇ ਨੇ।"

 ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

rajwinder kaur

Content Editor rajwinder kaur