ਹੁਣ ਦੁਬਈ ਵਿਚ ਵੀ ਛੱਕੇ ਲਾਉਂਦੇ ਦਿਸਣਗੇ ਯੁਵਰਾਜ, ਇਸ ਟੀਮ ਨੇ ਬਣਾਇਆ ਆਈਕਾਨ ਖਿਡਾਰੀ

10/24/2019 1:50:48 PM

ਨਵੀਂ ਦਿੱਲੀ : ਕੌਮਾਂਤਰੀ ਕ੍ਰਿਕਟ ਨੂੰ ਅਲਵਿਦਾ ਕਹਿ ਚੁੱਕੇ ਅਤੇ 2 ਵਾਰ ਦੇ ਵਰਲਡ ਜੇਤੂ (2007, 2011) ਭਾਰਤੀ ਟੀਮ ਦੇ ਮੈਂਬਰ ਰਹੇ ਯੁਵਰਾਜ ਸਿੰਘ ਨੂੰ ਆਗਾਮੀ ਆਬੂ ਧਾਬੀ ਟੀ-10 ਟੂਰਨਾਮੈਂਟ ਵਿਚ ਮਰਾਠਾ ਅਰੇਬਿਅਨਸ ਨੇ ਬਤੌਰ ਇੰਡੀਅਨ ਆਈਕਾਨ ਖਿਡਾਰੀ ਚੁਣਿਆ ਹੈ। ਇਸ ਟੂਰਨਾਮੈਂਟ ਦਾ ਆਯੋਜਨ ਅਮੀਰਾਤ ਕ੍ਰਿਕਟ ਬੋਰਡ (ਈ. ਸੀ. ਬੀ.) ਦੇ ਅਧੀਨ ਕੌਮਾਂਤਰੀ ਕ੍ਰਿਕਟ ਕਾਊਂਸਿਲ (ਆਈ. ਸੀ ਸੀ.) ਨਾਲ ਮਿਲ ਕੇ ਕੀਤਾ ਜਾ ਰਿਹਾ ਹੈ। ਯੁਵਰਾਜ ਨੇ ਭਾਰਤੀ ਟੀਮ ਨੂੰ 2007 ਵਿਚ ਟੀ-20 ਅਤੇ 2011 ਵਿਚ ਵਨ ਡੇ 'ਚ ਵਰਲਡ ਚੈਂਪੀਅਨ ਬਣਾਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ। ਉਸਦੀ ਤੂਫਾਨੀ ਬੱਲੇਬਾਜ਼ੀ ਤੋਂ ਦੁਨੀਆ ਜਾਣੂ ਹੈ। ਯੁਵੀ ਨੇ ਇਸ ਸਾਲ ਦੀ ਸ਼ੁਰੂਆਤ ਵਿਚ ਕੌਮਾਂਤਰੀ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ ਸੀ। ਯੁਵਰਾਜ ਦੇ ਇਸ ਟੀਮ ਨਾਲ ਜੁੜਨ ਤੋਂ ਪਹਿਲਾਂ ਜ਼ਿੰਮਬਾਬਵੇ ਦੇ ਸਾਬਕਾ ਕਪਤਾਨ ਅਤੇ ਇੰਗਲੈਂਡ ਦੇ ਸਾਬਕਾ ਕੋਚ ਐਂਡੀ ਫਲਾਵਰ ਨੂੰ ਮਰਾਠਾ ਅਰੇਬਿਅਨਸ ਨੇ ਆਪਣਾ ਹੈੱਡ ਕੋਚ ਨਿਯੁਕਤ ਕੀਤਾ ਸੀ।

PunjabKesari

ਮਰਾਠਾ ਅਰੇਬਿਅਨਸ ਨਾਲ ਜੁੜਨ ਤੋਂ ਬਾਅਦ ਯੁਵਰਾਜ ਨੇ ਜਾਰੀ ਬਿਆਨ ਵਿਚ ਕਿਹਾ, ''ਨਵੇਂ ਫਾਰਮੈੱਟ ਵਿਚ ਖੇਡਣ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਾਂ। ਮੈਂ ਮਰਾਠਾ ਅਰੇਬਿਅਨਸ ਟੀਮ ਦੇ ਨਾਲ ਜੁੜਨ ਲਈ ਬੇਤਾਬ ਹਾਂ ਜਿਸ ਵਿਚ ਦੁਨੀਆ ਦੇ ਕਈ ਵੱਡੇ ਖਿਡਾਰੀ ਸ਼ਾਮਲ ਹਨ। ਮਰਾਠਾ ਅਰੇਬਿਅਨਸ ਦੇ ਸਹਿ ਮਾਲਕ ਪਰਵੇਜ਼ ਖਾਨ ਅਤੇ ਬਾਲੀਵੁੱਡ ਸਟਾਰ ਸੋਹੇਲ ਖਾਨ ਹਨ। ਇਹ ਟੂਰਨਾਮੈਂਟ 15 ਤੋਂ 24 ਨਵੰਬਰ ਤੱਕ ਖੇਡਿਆ ਜਾਵੇਗਾ। ਇਸ ਵਾਰ ਇਸ ਲੀਗ ਵਿਚ 8 ਟੀਮਾਂ ਹਿੱਸਾ ਲੈਣਗੀਆਂ। ਪਹਿਲੇ 2 ਐਡਿਸ਼ਨ ਵਿਚ 5 ਫ੍ਰੈਂਚਾਈਜ਼ੀ ਟੀਮਾਂ ਨੇ ਹਿੱਸਾ ਲਿਆ ਸੀ।

PunjabKesari

ਰਿਟਾਇਰਮੈਂਟ ਤੋਂ ਬਾਅਦ ਹੀ ਲੀਗ 'ਚ ਖੇਡ ਸਕਦੇ ਹਨ ਭਾਰਤੀ ਖਿਡਾਰੀ
ਬੀ. ਸੀ. ਸੀ. ਆਈ. ਦੇ ਨਿਯਮਾਂ ਮੁਤਾਬਕ ਭਾਰਤੀ ਖਿਡਾਰੀ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈਣ ਤੋਂ ਬਾਅਦ ਹੀ ਵਿਦੇਸ਼ੀ ਲੀਗ ਵਿਚ ਖੇਡ ਸਕਦੇ ਹਨ। ਹਾਲ ਹੀ 'ਚ ਤਜ਼ਰਬੇਕਾਰ ਆਫ ਸਪਿਨਰ ਹਰਭਜਨ ਸਿੰਘ ਨੇ ਇੰਗਲੈਂਡ ਦੇ ਆਗਾਮੀ 'ਦਿ ਹੰਡ੍ਰੇਡ' ਲੀਗ ਦੇ ਡ੍ਰਾਫਟ ਵਿਚੋਂ ਆਪਣਾ ਨਾਂ ਵਾਪਸ ਲੈ ਲਿਆ ਸੀ। ਹਾਲਾਂਕਿ ਯੁਵਰਾਜ ਸਿੰਘ ਨੇ ਇਸ ਸਾਲ ਜੂਨ ਵਿਚ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਸੀ।


Related News