ਮਹਿਲਾ ਟੀ20 ਵਿਸ਼ਵ ਕੱਪ ਦੇ ਟਿਕਟਾਂ ਦੀ ਵਿਕਰੀ ਸ਼ੁਰੂ, 18 ਸਾਲ ਤੋਂ ਘੱਟ ਉਮਰ ਵਾਲਿਆਂ ਨੂੰ ਮੁਫਤ ਐਂਟਰੀ
Wednesday, Sep 25, 2024 - 05:57 PM (IST)
ਦੁਬਈ- ਸੰਯੁਕਤ ਅਰਬ ਅਮੀਰਾਤ 'ਚ ਅਗਲੇ ਮਹੀਨੇ ਸ਼ੁਰੂ ਹੋਣ ਵਾਲੇ ਮਹਿਲਾ ਟੀ-20 ਵਿਸ਼ਵ ਕੱਪ ਲਈ ਟਿਕਟਾਂ ਦੀ ਵਿਕਰੀ ਬੁੱਧਵਾਰ ਤੋਂ ਸ਼ੁਰੂ ਹੋ ਗਈ ਹੈ, ਜਿਸ 'ਚ ਸਭ ਤੋਂ ਘੱਟ ਕੀਮਤ ਵਾਲੀ ਟਿਕਟ ਪੰਜ ਦਿਰਹਾਮ (ਲਗਭਗ 114 ਰੁਪਏ) ਹੈ। ਟੂਰਨਾਮੈਂਟ ਦਾ ਪਹਿਲਾ ਮੈਚ 3 ਅਕਤੂਬਰ ਨੂੰ ਖੇਡਿਆ ਜਾਵੇਗਾ ਅਤੇ ਇਸ ਤਰ੍ਹਾਂ ਨਾਲ ਮੁਕਾਬਲਾ ਸ਼ੁਰੂ ਹੋਣ ਤੋਂ ਸਿਰਫ ਇਕ ਹਫ਼ਤਾ ਪਹਿਲੇ ਟਿਕਟ ਵਿਕਰੀ ਲਈ ਜਾਰੀ ਕੀਤੀਆਂ ਗਈਆਂ ਹਨ।
ਪਹਿਲਾਂ ਇਸ ਟੂਰਨਾਮੈਂਟ ਦਾ ਆਯੋਜਨ ਬੰਗਲਾਦੇਸ਼ ਵਿੱਚ ਹੋਣਾ ਸੀ ਪਰ ਉੱਥੇ ਸਿਆਸੀ ਅਸ਼ਾਂਤੀ ਦੇ ਚੱਲਦੇ ਇਸ ਦੀ ਮੇਜ਼ਬਾਨੀ ਸੰਯੁਕਤ ਅਰਬ ਅਮੀਰਾਤ ਨੂੰ ਸੌਂਪੀ ਗਈ। ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ਆਈਸੀਸੀ) ਨੇ ਬਿਆਨ 'ਚ ਕਿਹਾ, 'ਟਿਕਟਾਂ ਦੀ ਕੀਮਤ ਦਰਸ਼ਕਾਂ ਦੀ ਪਹੁੰਚ ਨੂੰ ਧਿਆਨ 'ਚ ਰੱਖ ਕੇ ਤੈਅ ਕੀਤੀ ਗਈ ਹੈ। ਸਭ ਤੋਂ ਘੱਟ ਕੀਮਤ ਵਾਲੀ ਟਿਕਟ 5 ਦਿਰਹਾਮ ਹੈ ਜਦੋਂ ਕਿ ਪ੍ਰੀਮੀਅਮ ਸੀਟ ਟਿਕਟ 40 ਦਿਰਹਾਮ (ਲਗਭਗ 910 ਰੁਪਏ) ਦੀ ਹੈ। ਜਿਸ ਦਿਨ ਦੋ ਮੈਚ ਖੇਡੇ ਜਾਣਗੇ, ਇੱਕ ਹੀ ਟਿਕਟ ਦੋਵਾਂ ਮੈਚਾਂ ਲਈ ਐਂਟਰੀ ਪ੍ਰਦਾਨ ਕਰੇਗੀ। 18 ਸਾਲ ਤੋਂ ਘੱਟ ਉਮਰ ਦੇ ਸੈਲਾਨੀਆਂ ਨੂੰ ਮੁਫਤ ਪ੍ਰਵੇਸ਼ ਦਿੱਤਾ ਜਾਵੇਗਾ।
ਮਹਿਲਾ ਟੀ-20 ਵਿਸ਼ਵ ਕੱਪ ਵਿੱਚ 10 ਦੇਸ਼ ਹਿੱਸਾ ਲੈਣਗੇ ਜਿਸ ਵਿੱਚ ਮੌਜੂਦਾ ਚੈਂਪੀਅਨ ਆਸਟ੍ਰੇਲੀਆ, ਬੰਗਲਾਦੇਸ਼, ਇੰਗਲੈਂਡ, ਭਾਰਤ, ਆਇਰਲੈਂਡ, ਨਿਊਜ਼ੀਲੈਂਡ, ਪਾਕਿਸਤਾਨ, ਸ੍ਰੀਲੰਕਾ, ਦੱਖਣੀ ਅਫਰੀਕਾ ਅਤੇ ਵੈਸਟਇੰਡੀਜ਼ ਸ਼ਾਮਲ ਹਨ। ਫਾਈਨਲ 20 ਅਕਤੂਬਰ ਨੂੰ ਖੇਡਿਆ ਜਾਵੇਗਾ।