T20 WC 2026: ਆਖਰੀ ਮੈਚ ਵੀ ਹਾਰ ਜਾਂਦੀ ਪਾਕਿਸਤਾਨੀ ਟੀਮ, ਨੀਦਰਲੈਂਡ ਨੂੰ ਹਰਾਉਣ ਲਈ ਛੁੱਟੇ ਪਸੀਨੇ
Saturday, Jun 27, 2026 - 08:58 PM (IST)
ਸਪੋਰਟਸ ਡੈਸਕ- ਇੰਗਲੈਂਡ 'ਚ ਖੇਡੇ ਜਾ ਰਹੇ ਆਈ.ਸੀ.ਸੀ. ਮਹਿਲਾ ਟੀ-20 ਵਿਸ਼ਵ ਕੱਪ 2026 'ਚ ਪਾਕਿਸਤਾਨੀ ਮਹਿਲਾ ਟੀਮ ਨੇ ਆਪਣੇ ਆਖਰੀ ਗਰੁੱਪ ਮੈਚ 'ਚ ਨੀਦਰਲੈਂਡ ਨੂੰ 37 ਦੌੜਾਂ ਨਾਲ ਹਰਾ ਕੇ ਕੁਝ ਸਨਮਾਨ ਬਚਾਇਆ ਹੈ। ਹਾਲਾਂਕਿ, ਟੂਰਨਾਮੈਂਟ 'ਚ ਪਹਿਲੀ ਵਾਰ ਹਿੱਸਾ ਲੈ ਰਹੀ ਨੀਦਰਲੈਂਡ ਦੀ ਨਵੀਂ ਟੀਮ ਵਿਰੁੱਧ ਜਿੱਤ ਹਾਸਲ ਕਰਨ ਲਈ ਵੀ ਪਾਕਿਸਤਾਨੀ ਟੀਮ ਨੂੰ ਕਾਫੀ ਜੱਦੋ-ਜਹਿਦ ਕਰਨੀ ਪਈ।
ਸਨਾ ਫਾਤਿਮਾ ਦੀ ਅਗਵਾਈ ਵਾਲੀ ਪਾਕਿਸਤਾਨੀ ਟੀਮ ਤੋਂ ਇਸ ਵਿਸ਼ਵ ਕੱਪ 'ਚ ਸੈਮੀਫਾਈਨਲ ਤੱਕ ਪਹੁੰਚਣ ਦੀ ਉਮੀਦ ਬਹੁਤ ਘੱਟ ਸੀ। ਟੀਮ ਨੇ ਆਪਣੇ ਪਹਿਲੇ ਚਾਰੋਂ ਗਰੁੱਪ ਮੈਚ ਹਾਰੇ, ਜਿਸ ਕਾਰਨ ਉਹ ਪਹਿਲਾਂ ਹੀ ਟੂਰਨਾਮੈਂਟ ਤੋਂ ਬਾਹਰ ਹੋ ਚੁੱਕੀ ਸੀ। ਭਾਰਤ, ਆਸਟ੍ਰੇਲੀਆ ਅਤੇ ਦੱਖਣੀ ਅਫਰੀਕਾ ਤੋਂ ਇਲਾਵਾ ਟੀਮ ਨੂੰ ਬੰਗਲਾਦੇਸ਼ ਵਰਗੀ ਟੀਮ ਹੱਥੋਂ ਵੀ 23 ਦੌੜਾਂ ਨਾਲ ਸ਼ਿਕਸਤ ਝੱਲਣੀ ਪਈ ਸੀ।
ਆਪਣੇ ਆਖਰੀ ਮੈਚ 'ਚ ਪਹਿਲਾਂ ਬੱਲੇਬਾਜ਼ੀ ਕਰਦਿਆਂ ਪਾਕਿਸਤਾਨੀ ਟੀਮ 20 ਓਵਰਾਂ 'ਚ ਸਿਰਫ਼ 126 ਦੌੜਾਂ ਹੀ ਬਣਾ ਸਕੀ। ਸਲਾਮੀ ਬੱਲੇਬਾਜ਼ ਗੁਲ ਫਿਰੋਜ਼ਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 52 ਗੇਂਦਾਂ 'ਚ ਅਜੇਤੂ 63 ਦੌੜਾਂ ਬਣਾਈਆਂ। ਉਨ੍ਹਾਂ ਤੋਂ ਇਲਾਵਾ ਤੀਜੇ ਨੰਬਰ 'ਤੇ ਆਈ ਆਇਸ਼ਾ ਜ਼ਫਰ ਨੇ 32 ਦੌੜਾਂ ਦਾ ਯੋਗਦਾਨ ਪਾਇਆ। ਹੈਰਾਨੀ ਦੀ ਗੱਲ ਇਹ ਰਹੀ ਕਿ ਪਾਕਿਸਤਾਨ ਦੇ ਟਾਪ-3 ਬੱਲੇਬਾਜ਼ਾਂ ਤੋਂ ਇਲਾਵਾ ਅਗਲੇ ਪੰਜ ਬੱਲੇਬਾਜ਼ ਦਹਾਈ ਦਾ ਅੰਕੜਾ ਵੀ ਪਾਰ ਨਹੀਂ ਕਰ ਸਕੇ। ਨੀਦਰਲੈਂਡ ਵੱਲੋਂ 24 ਸਾਲਾ ਗੇਂਦਬਾਜ਼ ਆਇਰਿਸ ਜ਼ਵਿਲਿੰਗ ਨੇ 4 ਓਵਰਾਂ 'ਚ 17 ਦੌੜਾਂ ਦੇ ਕੇ 2 ਵਿਕਟਾਂ ਲਈਆਂ।
127 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਨੀਦਰਲੈਂਡ ਦੀ ਟੀਮ ਨੇ ਸ਼ੁਰੂਆਤੀ 10 ਓਵਰਾਂ 'ਚ 3 ਵਿਕਟਾਂ ਗੁਆ ਕੇ 54 ਦੌੜਾਂ ਬਣਾਈਆਂ ਸਨ, ਪਰ ਇਸ ਤੋਂ ਬਾਅਦ ਪਾਕਿਸਤਾਨੀ ਗੇਂਦਬਾਜ਼ਾਂ ਨੇ ਮੈਚ 'ਤੇ ਪੂਰੀ ਤਰ੍ਹਾਂ ਨਕੇਲ ਕੱਸ ਦਿੱਤੀ। ਕਪਤਾਨ ਫਾਤਿਮਾ ਅਤੇ ਹੋਰ ਗੇਂਦਬਾਜ਼ਾਂ ਦੇ ਦਬਾਅ ਕਾਰਨ ਨੀਦਰਲੈਂਡ ਦੀ ਪੂਰੀ ਟੀਮ 18 ਓਵਰਾਂ 'ਚ ਸਿਰਫ਼ 89 ਦੌੜਾਂ 'ਤੇ ਹੀ ਢੇਰ ਹੋ ਗਈ। ਪਾਕਿਸਤਾਨ ਨੇ ਇਸ ਜਿੱਤ ਨਾਲ ਟੂਰਨਾਮੈਂਟ ਦਾ ਅੰਤ ਕੀਤਾ, ਪਰ ਛੋਟੀਆਂ ਟੀਮਾਂ ਵਿਰੁੱਧ ਉਨ੍ਹਾਂ ਦੇ ਖਰਾਬ ਪ੍ਰਦਰਸ਼ਨ ਨੇ ਪਾਕਿਸਤਾਨੀ ਕ੍ਰਿਕਟ ਦੇ ਡਿੱਗਦੇ ਪੱਧਰ 'ਤੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ।
