ਭਵਿੱਖ ਦੇ ਸਿਤਾਰਿਆਂ ਨੂੰ ਤਿਆਰ ਕਰੇਗੀ ਮਹਿਲਾ ਹਾਕੀ ਲੀਗ : ਰਾਣੀ ਰਾਮਪਾਲ

Sunday, Jan 12, 2025 - 10:54 AM (IST)

ਭਵਿੱਖ ਦੇ ਸਿਤਾਰਿਆਂ ਨੂੰ ਤਿਆਰ ਕਰੇਗੀ ਮਹਿਲਾ ਹਾਕੀ ਲੀਗ : ਰਾਣੀ ਰਾਮਪਾਲ

ਨਵੀਂ ਦਿੱਲੀ– ਸਾਬਕਾ ਕਪਤਾਨ ਰਾਣੀ ਰਾਮਪਾਲ ਦਾ ਮੰਨਣਾ ਹੈ ਕਿ ਮਹਿਲਾ ਹਾਕੀ ਇੰਡੀਆ ਲੀਗ (ਡਬਲਯੂ. ਐੱਚ. ਆਈ. ਐੱਲ.) ਖੇਡ ’ਤੇ ਉਸੇ ਤਰ੍ਹਾਂ ਹੀ ਅਸਰ ਪਾ ਸਕਦੀ ਹੈ ਜਿਵੇਂ ਕਿ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਨੇ ਕ੍ਰਿਕਟ ’ਤੇ ਪਾਇਆ ਹੈ। ਰਾਂਚੀ ਵਿਚ 12 ਤੋਂ 26 ਜਨਵਰੀ ਤੱਕ ਹੋਣ ਵਾਲੀ ਪਹਿਲੀ ਡਬਲਯੂ. ਐੱਚ. ਆਈ. ਐੱਲ. ਵਿਚ ਚਾਰ ਟੀਮਾਂ ਦਿੱਲੀ ਐੱਸ. ਜੀ. ਪਾਈਪਰਸ, ਓਡਿਸ਼ਾ ਵਾਰੀਅਰਜ਼, ਸ਼੍ਰਾਚੀ ਰਾਰਹ ਬੰਗਾਲ ਟਾਈਗਰਜ਼ ਤੇ ਸੂਰਮਾ ਹਾਕੀ ਕਲੱਬ ਹਿੱਸਾ ਲੈਣਗੀਆਂ।

ਸੂਰਮਾ ਕਲੱਬ ਦੀ ਮੈਂਟਰ ਤੇ ਕੋਚ ਰਾਣੀ ਨੇ ਕਿਹਾ, ‘‘ਇਸ ਵਾਰ ਸਿਰਫ ਚਾਰ ਟੀਮਾਂ ਹੋ ਸਕਦੀਆਂ ਹਨ ਪਰ ਲੀਗ ਸ਼ੁਰੂ ਹੋਣ ਵਿਚ ਕਾਫੀ ਸਮਾਂ ਲੱਗ ਗਿਆ ਹੈ। ਇਸਦੇ ਲਈ ਹਾਕੀ ਇੰਡੀਆ ਦੀ ਸ਼ਲਾਘਾ ਕੀਤੀ ਜਾਣੀ ਚਾਹੀਦੀ ਹੈ।’’

ਭਾਰਤ ਦੀ ਸਾਬਕਾ ਕਪਤਾਨ ਨੇ ਕਿਹਾ,‘‘ਪੁਰਸ਼ ਹਾਕੀ ਟੀਮ ਨੇ ਟੋਕੀਓ ਤੇ ਪੈਰਿਸ ਓਲੰਪਿਕ ਵਿਚ ਕਾਂਸੀ ਤਮਗੇ ਜਿੱਤੇ। ਇਸਦੀ ਨੀਂਹ ਸਾਲਾਂ ਪਹਿਲਾਂ ਪੁਰਸ਼ ਹਾਕੀ ਇੰਡੀਆ ਲੀਗ ਨੇ ਰੱਖ ਦਿੱਤੀ ਸੀ।’’

ਉਸ ਨੇ ਕਿਹਾ,‘‘ਹੁਣ ਮਹਿਲਾ ਐੱਚ. ਆਈ. ਐੱਲ. ਦੀ ਸ਼ੁਰੂਆਤ ਲਈ ਧੰਨਵਾਦ। ਇਸ ਨਾਲ 2032 ਤੇ 2036 ਓਲੰਪਿਕ ਵਿਚ ਬਹੁਤ ਸਾਰੀਆਂ ਪ੍ਰਤਿਭਾਵਸ਼ਾਲੀ ਨੌਜਵਾਨ ਮਹਿਲਾ ਖਿਡਾਰੀਆਂ ਨੂੰ ਆਪਣੀ ਕਲਾ ਦਿਖਾਉਣ ਦਾ ਮੌਕਾ ਮਿਲੇਗਾ। ਇਹ ਮੰਚ ਬੇਹੱਦ ਉਪਯੋਗੀ ਸਾਬਤ ਹੋਵੇਗਾ।’’

ਇਸ ਸਬੰਧ ਵਿਚ ਮਹਿਲਾ ਕ੍ਰਿਕਟ ਦੀ ਉਦਾਹਰਨ ਦਿੰਦੇ ਹੋਏ ਰਾਣੀ ਨੇ ਕਿਹਾ,‘‘ਮਹਿਲਾ ਕ੍ਰਿਕਟ ਦੇ ਬਾਰੇ ਵਿਚ ਕੋਈ ਵੀ ਜ਼ਿਆਦਾ ਨਹੀਂ ਜਾਣਦਾ ਸੀ ਪਰ ਹੁਣ ਤੁਸੀਂ ਦੇਖ ਰਹੇ ਹੋ ਕਿ ਇਹ ਖੇਡ ਦੇਸ਼ ਵਿਚ ਇੰਨੀ ਪ੍ਰਸਿੱਧ ਕਿਵੇਂ ਹੋ ਗਈ ਹੈ। ਮਹਿਲਾ ਆਈ. ਪੀ. ਐੱਲ. (ਡਬਲਯੂ. ਪੀ. ਐੱਲ.) ਨਾਲ ਲੋਕਾਂ ਨੂੰ ਇਸ ਦੇ ਬਾਰੇ ਵਿਚ ਪਤਾ ਲੱਗਾ ਤੇ ਉਨ੍ਹਾਂ ਨੇ ਇਸ ਦੀ ਨਕਲ ਕਰਨੀ ਸ਼ੁਰੂ ਕਰ ਦਿੱਤੀ।’’


author

Tarsem Singh

Content Editor

Related News