ਮਹਿਲਾ ਹਾਕੀ ਏਸ਼ੀਆਈ ਚੈਂਪੀਅਨਜ਼ ਟਰਾਫੀ : ਖਿਤਾਬ ਬਰਕਰਾਰ ਰੱਖਣ ਉਤਰੇਗਾ ਭਾਰਤ

Monday, Nov 11, 2024 - 11:38 AM (IST)

ਰਾਜਗੀਰ (ਬਿਹਾਰ)– ਪੂਰੇ ਸਾਲ ਖਰਾਬ ਫਾਰਮ ਨਾਲ ਜੂਝਦੀ ਰਹੀ ਭਾਰਤੀ ਮਹਿਲਾ ਹਾਕੀ ਟੀਮ ਨਵੇਂ ਓਲੰਪਿਕ ਪੜਾਅ ਦੀ ਸ਼ੁਰੂਆਤ ਆਪਣੀ ਧਰਤੀ ’ਤੇ ਏਸ਼ੀਆਈ ਚੈਂਪੀਅਨਜ਼ ਟਰਾਫੀ (ਏ. ਸੀ. ਟੀ.) ਦਾ ਖਿਤਾਬ ਜਿੱਤ ਕੇ ਕਰਨਾ ਚਾਹੇਗੀ ਤੇ ਸੋਮਵਾਰ ਨੂੰ ਉਸਦਾ ਪਹਿਲਾ ਮੁਕਾਬਲਾ ਹੇਠਲੀ ਰੈਂਕਿੰਗ ਦੀ ਮਲੇਸ਼ੀਆਈ ਟੀਮ ਨਾਲ ਹੋਵੇਗਾ।

ਭਾਰਤ ਨੇ ਹੁਣ ਤੱਕ 7 ਵਾਰ ਹੋਏ ਟੂਰਨਾਮੈਂਟ ਵਿਚੋਂ ਸਿੰਗਾਪੁਰ (2016) ਤੇ ਰਾਂਚੀ (2023) ਵਿਚ ਖਿਤਾਬ ਜਿੱਤੇ ਹਨ। ਪੈਰਿਸ ਓਲੰਪਿਕ ਲਈ ਕੁਆਲੀਫਾਈ ਕਰਨ ਵਿਚ ਅਸਫਲ ਰਹਿਣ ਤੋਂ ਬਾਅਦ ਭਾਰਤੀ ਟੀਮ ਨੇ ਇਸ ਸਾਲ ਐੱਫ. ਆਈ. ਐੱਚ. ਪ੍ਰੋ ਲੀਗ ਵਿਚ 16 ’ਚੋਂ 13 ਮੈਚ ਗੁਆਏ ਤੇ ਸਿਰਫ 2 ਜਿੱਤੇ ਜਦਕਿ 1 ਡਰਾਅ ਰਿਹਾ। ਭਾਰਤ ਨੇ ਸਲੀਮਾ ਟੇਟੇ ਦੀ ਕਪਤਾਨੀ ਵਿਚ ਮਿਲੀ-ਜੁਲੀ ਟੀਮ ਉਤਾਰੀ ਹੈ ਜਿਸ ਵਿਚ ਨੌਜਵਾਨ ਤੇ ਤਜਰਬੇਕਾਰ ਖਿਡਾਰਨਾਂ ਦੋਵੇਂ ਹਨ। ਸਟ੍ਰਾਈਕਰ ਨਵਨੀਤ ਕੌਰ ਉਪ ਕਪਤਾਨ ਹੋਵੇਗੀ।

ਭਾਰਤ ਨੂੰ ਮੌਜੂਦਾ ਓਲੰਪਿਕ ਚਾਂਦੀ ਤਮਗਾ ਜੇਤੂ ਚੀਨ, ਜਾਪਾਨ , ਕੋਰੀਆ, ਮਲੇਸ਼ੀਆ ਤੇ ਥਾਈਲੈਂਡ ਤੋਂ ਚੁਣੌਤੀ ਮਿਲੇਗੀ। ਭਾਰਤੀ ਡਿਫੈਂਸ ਦੀ ਕਮਾਨ ਓਦਿਤਾ, ਜਯੋਤੀ, ਇਸ਼ਿਕਾ ਚੌਧਰੀ, ਸੁਸ਼ੀਲਾ ਚਾਨੂ ਤੇ ਵੈਸ਼ਣਵੀ ਵਿੱਠਲ ਫਾਲਕੇ ਦੇ ਹੱਥਾਂ ਵਿਚ ਹੋਵੇਗੀ।

ਮਿਡਫੀਲਡ ਵਿਚ ਕਪਤਾਨ ਟੇਟੇ ਤੋਂ ਇਲਾਵਾ ਨੇਹਾ, ਸ਼ਰਮੀਲਾ ਦੇਵੀ, ਮਨੀਸ਼ਾ ਚੌਹਾਨ, ਸੁਨੇਲਿਤਾ ਟੋਪੋ ਤੇ ਲਾਲਰੇਮਸਿਆਮੀ ਜ਼ਿੰਮਾ ਸੰਭਾਲਣਗੀਆਂ। ਫਾਰਵਰਡ ਲਾਈਨ ਵਿਚ ਨਵਨੀਤ, ਸੰਗੀਤਾ ਕੁਮਾਰੀ, ਦੀਪਿਕਾ, ਪ੍ਰੀਤੀ ਦੂਬੇ ਤੇ ਬਿਊਟੀ ਡੁੰਗਡੁੰਗ ’ਤੇ ਜ਼ਿੰਮੇਵਾਰੀ ਹੋਵੇਗੀ। ਗੋਲਕੀਪਿੰਗ ਵਿਚ ਸਾਬਕਾ ਕਪਤਾਨ ਸਵਿਤਾ ਤੇ ਨੌਜਵਾਨ ਖਿਡਾਰੀ ਬਿਸ਼ੂ ਦੇਵੀ ਖਾਰੀਬਮ ’ਤੇ ਨਜ਼ਰਾਂ ਰਹਿਣਗੀਆਂ।

ਭਾਰਤੀ ਟੀਮ ਰੈਂਕਿੰਗ ਵਿਚ 6ਵੇਂ ਸਥਾਨ ’ਤੇ ਕਾਬਜ਼ ਚੀਨ ਦੇ ਨਾਲ ਖਿਤਾਬ ਦੇ ਪ੍ਰਮੁੱਖ ਦਾਅਵੇਦਾਰ ਦੇ ਰੂਪ ਵਿਚ ਉਤਰੇਗੀ। ਦੱਖਣੀ ਕੋਰੀਆ ਨੇ ਤਿੰਨ ਵਾਰ ਤੇ ਜਾਪਾਨ ਨੇ ਦੋ ਵਾਰ ਖਿਤਾਬ ਜਿੱਤੇ ਹਨ। ਪੈਰਿਸ ਓਲੰਪਿਕ ਲਈ ਕੁਆਲੀਫਾਈ ਕਰਨ ਵਿਚ ਅਸਫਲ ਰਹੀ ਭਾਰਤੀ ਮਹਿਲਾ ਹਾਕੀ ਟੀਮ ਲਈ ਇਹ ਨਵੀਂ ਸ਼ੁਰੂਆਤ ਹੈ। ਸੋਮਵਾਰ ਨੂੰ ਬਾਕੀ ਮੈਚਾਂ ਵਿਚ ਜਾਪਾਨ ਦਾ ਸਾਹਮਣਾ ਦੱਖਣੀ ਕੋਰੀਆ ਨਾਲ ਤੇ ਚੀਨ ਦੀ ਟੱਕਰ ਥਾਈਲੈਂਡ ਨਾਲ ਹੋਵੇਗੀ।


Tarsem Singh

Content Editor

Related News