ਮਹਿਲਾ ਏ. ਸੀ. ਟੀ. ਸੈਮੀਫਾਈਨਲ : ਜਾਪਾਨ ਵਿਰੁੱਧ ਭਾਰਤ ਦਾ ਪੱਲੜਾ ਭਾਰੀ

Tuesday, Nov 19, 2024 - 11:28 AM (IST)

ਮਹਿਲਾ ਏ. ਸੀ. ਟੀ. ਸੈਮੀਫਾਈਨਲ : ਜਾਪਾਨ ਵਿਰੁੱਧ ਭਾਰਤ ਦਾ ਪੱਲੜਾ ਭਾਰੀ

ਰਾਜਗੀਰ– ਆਤਮਵਿਸ਼ਵਾਸ ਨਾਲ ਭਰੀ ਅਜੇਤੂ ਭਾਰਤੀ ਟੀਮ ਮੰਗਲਵਾਰ ਨੂੰ ਮਹਿਲਾ ਏਸ਼ੀਆਈ ਚੈਂਪੀਅਨਜ਼ ਟਰਾਫੀ ਹਾਕੀ ਟੂਰਨਾਮੈਂਟ ਦੇ ਸੈਮੀਫਾਈਨਲ ਵਿਚ ਜਾਪਾਨ ਵਿਰੁੱਧ ਸਹੀ ਸਮੇਂ ’ਤੇ ਹਮਲਾਵਰ ਰਣਨੀਤੀ ਦੇ ਨਾਲ ਉਤਰੇਗੀ। ਮੌਜੂਦਾ ਪ੍ਰਦਰਸ਼ਨ ਨੂੰ ਦੇਖੋ ਤਾਂ ਸਾਬਕਾ ਚੈਂਪੀਅਨ ਭਾਰਤੀ ਟੀਮ ਦਾ ਪੱਲੜਾ ਭਾਰੀ ਲੱਗ ਰਿਹਾ ਹੈ, ਜਿਸ ਨੇ ਆਖਰੀ ਲੀਗ ਮੈਚ ਵਿਚ ਜਾਪਾਨ ਨੂੰ 3-0 ਨਾਲ ਹਰਾਇਆ ਸੀ। 

ਦੁਨੀਆ ਦੀ 9ਵੇਂ ਨੰਬਰ ਦੀ ਟੀਮ ਭਾਰਤ ਨੇ ਪੰਜੇ ਮੈਚ ਜਿੱਤੇ ਹਨ, ਜਿਨ੍ਹਾਂ ਵਿਚ ਓਲੰਪਿਕ ਚਾਂਦੀ ਤਮਗਾ ਜੇਤੂ ਤੇ ਦੁਨੀਆ ਦੀ 6ਵੇਂ ਨੰਬਰ ਦੀ ਟੀਮ ਚੀਨ ਵਿਰੁੱਧ 3-0 ਨਾਲ ਮਿਲੀ ਜਿੱਤ ਵੀ ਸ਼ਾਮਲ ਹੈ। ਭਾਰਤੀ ਟੀਮ ਨੂੰ ਓਵਰਕਾਨਫੀਡੈਂਸ ਤੋਂ ਬਚਣਾ ਪਵੇਗਾ ਕਿਉਂਕਿ ਇਕ ਗਲਤੀ ਭਾਰੀ ਪੈ ਸਕਦੀ ਹੈ। ਛੇ ਟੀਮਾਂ ਦੇ ਇਸ ਟੂਰਨਾਮੈਂਟ ਵਿਚ ਟਾਪ-4 ਟੀਮਾਂ ਸੈਮੀਫਾਈਨਲ ਵਿਚ ਪੁਹੰਚੀਆਂ ਹਨ। ਦੂਜੇ ਸੈਮੀਫਾਈਨਲ ਵਿਚ ਚੀਨ ਦਾ ਸਾਹਮਣਾ ਮਲੇਸ਼ੀਆ ਨਾਲ ਹੋਵੇਗਾ।

ਭਾਰਤ ਦੀ ਬੈਕਲਾਈਨ ਓਦਿਤਾ, ਸੁਸ਼ੀਲਾ ਚਾਨੂ ਤੇ ਵੈਸ਼ਣਵੀ ਵਿੱਠਲ ਫਾਲਕੇ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਗੋਲਕੀਪਰ ਸਵਿਤਾ ਪੂਨੀਆ ਤੇ ਬਿਸ਼ੂ ਦੇਵੀ ਖਾਰੀਬਮ ਨੂੰ ਅਜੇ ਤੱਕ ਚੁਣੌਤੀ ਨਹੀਂ ਮਿਲ ਸਕੀ ਹੈ। ਭਾਰਤੀ ਟੀਮ ਨੇ ਪਿਛਲੇ ਕੁਝ ਮੈਚਾਂ ਵਿਚ ਹਮਲਾਵਰਤਾ ਦੀ ਮਿਸਾਲ ਪੇਸ਼ ਕੀਤੀ ਹੈ ਤੇ ਸਰਕਲ ਦੇ ਅੰਦਰ ਫੈਸਲੇ ਲੈਣ ਵਿਚ ਵੀ ਮਹਾਰਤ ਸਾਬਤ ਕੀਤੀ ਹੈ, ਜਿਸ ਨਾਲ ਕੁਝ ਸ਼ਾਨਦਾਰ ਗੋਲ ਕੀਤੇ ਗਏ। ਭਾਰਤ ਨੂੰ ਦੀਪਿਕਾ ਦੇ ਰੂਪ ਵਿਚ ਬਿਹਤਰੀਨ ਸਟ੍ਰਾਈਕਰ ਤੇ ਡ੍ਰੈਗ ਫਲਿੱਕਰ ਮਿਲ ਗਈ ਹੈ, ਜਿਹੜੀ ਹੁਣ ਤੱਕ 10 ਗੋਲ ਕਰ ਚੁੱਕੀ ਹੈ। ਇਨ੍ਹਾਂ ਵਿਚ 5 ਪੈਨਲਟੀ ਕਾਰਨਰ ’ਤੇ, ਇਕ ਪੈਨਲਟੀ ਸਟ੍ਰੋਕ ’ਤੇ ਤੇ ਚਾਰ ਫੀਲਡ ਗੋਲ ਹੋਏ। ਕਪਤਾਨ ਸਲੀਮਾ ਟੇਟੇ ਨੇ ਮਿਡਫੀਲਡ ਵਿਚ ਨੇਹਾ ਗੋਇਲ, ਨਵਨੀਤ ਕੌਰ ਤੇ ਬਿਊਟੀ ਡੁੰਗਡੁੰਗ ਦੇ ਨਾਲ ਕਮਾਨ ਸੰਭਾਲ ਰੱਖੀ ਹੈ।


author

Tarsem Singh

Content Editor

Related News