ਆਪਣੀ ਕਾਬਲੀਅਤ ਸਾਬਤ ਕਰਾਂਗਾ : ਵਿਜੇ

Saturday, Mar 02, 2019 - 12:06 AM (IST)

ਆਪਣੀ ਕਾਬਲੀਅਤ ਸਾਬਤ ਕਰਾਂਗਾ : ਵਿਜੇ

ਨਵੀਂ ਦਿੱਲੀ— ਭਾਰਤੀ ਟੈਸਟ ਟੀਮ 'ਚੋਂ ਬਾਹਰ ਚੱਲ ਰਹੇ ਸਲਾਮੀ ਬੱਲੇਬਾਜ਼ ਮੁਰਲੀ ਵਿਜੇ ਨੇ ਸ਼ੁੱਕਰਵਾਰ ਕਿਹਾ ਕਿ ਟੀਮ ਵਿਚ ਨਵੇਂ ਖਿਡਾਰੀਆਂ ਦੇ ਆਉਣ ਨਾਲ ਉਸ ਨੂੰ ਕੋਈ ਫਰਕ ਨਹੀਂ ਪੈਂਦਾ ਤੇ ਉਹ ਆਪਣੀ ਕਾਬਲੀਅਤ ਦੇ ਦਮ 'ਤੇ ਟੀਮ ਵਿਚ ਵਾਪਸੀ ਕਰੇਗਾ।  ਜ਼ਿਕਰਯੋਗ ਹੈ ਕਿ ਵਿਜੇ ਪਿਛਲੇ ਸਾਲ ਆਸਟਰੇਲੀਆ ਦੌਰੇ ਵਿਚ ਪਹਿਲੇ ਦੋ ਟੈਸਟ ਮੈਚਾਂ ਤੋਂ ਬਾਅਦ ਟੀਮ 'ਚੋਂ ਬਾਹਰ ਚੱਲ ਰਿਹਾ ਹੈ। ਉਸ ਨੂੰ ਆਸਟਰੇਲੀਆ ਵਿਰੁੱਧ ਖੇਡੇ ਗਏ ਤੀਜੇ ਟੈਸਟ ਦੌਰਾਨ ਟੀਮ ਵਿਚ ਸ਼ਾਮਲ ਨਹੀਂ ਕੀਤਾ ਗਿਆ ਸੀ। ਉਸ ਦੀ ਜਗ੍ਹਾ ਨੌਜਵਾਨ ਬੱਲੇਬਾਜ਼ ਮਯੰਕ ਅਗਰਵਾਲ ਤੇ ਲੋਕੇਸ਼ ਰਾਹੁਲ ਨੂੰ ਟੀਮ ਵਿਚ ਸਥਾਨ ਮਿਲਿਆ ਸੀ।  ਵਿਜੇ ਨੇ ਕਿਹਾ, ''ਮੈਨੂੰ ਟੈਸਟ ਵਿਚ ਖੇਡਣ ਦੀ ਉਮੀਦ ਸੀ ਤੇ ਅਸਲ ਵਿਚ ਮੈਨੂੰ ਭਰੋਸਾ ਸੀ ਕਿ ਮੈਂ ਖੇਡਾਂਗਾ। ਮੈਂ ਪਰਥ ਟੈਸਟ ਦੌਰਾਨ ਦੂਜੀ ਪਾਰੀ ਵਿਚ ਚੰਗਾ ਪ੍ਰਦਰਸ਼ਨ ਕੀਤਾ ਸੀ। ਮੈਨੂੰ ਦੁੱਖ ਹੁੰਦਾ ਹੈ ਕਿ ਮੈਂ ਭਾਰਤੀ ਟੀਮ ਦਾ ਹਿੱਸਾ ਨਹੀਂ ਹਾਂ। ਮੈਂ ਨਿਰਾਸ਼ ਨਹੀਂ ਹਾਂ ਪਰ ਦੁਖੀ ਹਾਂ।''
ਭਾਰਤੀ ਸਲਾਮੀ ਬੱਲੇਬਾਜ਼ ਨੇ ਕਿਹਾ, ''ਲੋਕ ਮੈਨੂੰ ਜਾਣਦੇ ਤੇ ਸਮਝਦੇ ਨਹੀਂ ਹਨ। ਮੈਂ ਖੁਦ ਨਾਲ ਕੋਈ ਮੁਕਾਬਲੇਬਾਜ਼ੀ ਨਹੀਂ ਕਰ ਰਿਹਾ। ਮੈਂ ਟੀਮ 'ਚ ਨਵੇਂ ਖਿਡਾਰੀਆਂ ਨੂੰ ਮੌਕਾ ਮਿਲਣ ਤੋਂ ਪ੍ਰੇਸ਼ਾਨ ਨਹੀਂ ਹਾਂ। ਦੋ ਸਾਲ ਪਹਿਲਾਂ ਮੈਂ ਕਿਹਾ ਸੀ ਕਿ ਪ੍ਰਿਥਵੀ ਸ਼ਾਹ ਦੇਸ਼ ਲਈ ਖੇਡੇਗਾ ਤੇ ਮੈਂ ਉਸ ਦੇ ਲਈ ਕਾਫੀ ਖੁਸ਼ ਹਾਂ।''


author

Gurdeep Singh

Content Editor

Related News